Thursday, June 25, 2009

ਵਿਚਾਰ-1

ਨਵੀਂ ਪੰਜਾਬੀ ਕਵਿਤਾ ਦਾ ਆਤਮਿਕ ਰੰਗ
ਪਿਛਲੇ ਕੁੱਝ ਅਰਸੇ ਤੋਂ ਪੱਛਮ ਦੇ ਕਈ ਹਲਕਿਆਂ ਵਿੱਚ ਇਹ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਕਵਿਤਾ ਇੱਕ ਖਤਮ ਹੋ ਰਹੀ ਸਾਹਿਤਕ ਵਿਧਾ ਹੈ। ਇਸ ਗੱਲ ਨੂੰ ਸਿਧ ਕਰਨ ਲਈ ਜਿਥੇ ਤਰਾਂ ਤਰਾਂ ਦੀਆਂ ਦਲੀਲਾਂ ਆ ਰਹੀਆਂ ਹਨ, ਉਥੇ ਕਈ ਤਰਾਂ ਦੇ ਪਾਠਕ ਸਰਵੇਖਣਾਂ, ਕਵਿਤਾ ਦੀਆਂ ਕਿਤਾਬਾਂ ਦੀ ਵਿਕਰੀ ਦੇ ਅੰਕੜਿਆਂ ਤੇ ਕਵੀਆਂ ਦੀ ਆਰਥਿਕਤਾ ਦਾ ਹਵਾਲਾ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਅੱਸੀਵਿਆਂ ਤੋਂ ਕਵਿਤਾ ਦਾ ਇਹ ਨਿਘਾਰ ਸ਼ੁਰੂ ਹੋ ਗਿਆ ਹੈ ਤੇ ਲਗਾਤਾਰ ਜਾਰੀ ਹੈ। ਅਜਿਹੀਆਂ ਬਹਿਸਾਂ ਦੌਰਾਨ ਨਿਊਯਾਰਕ ਟਾਈਮਜ਼ ਵਿੱਚ 1979 ਵਿੱਚ ਛਪੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿਸ ਮੁਤਾਬਕ ਅਮਰੀਕਾ ਵਰਗੇ ਵੱਡੇ ਮੁਲਕ ਅੰਦਰ ਵੀ ਕਵਿਤਾ ਦੀ ਕਿਤਾਬ ਦਾ ਜਿਲਦ ਵਾਲਾ ਐਡੀਸ਼ਨ 900 ਤੋਂ ਨਹੀਂ ਟੱਪਦਾ ਅਤੇ ਪੇਪਰਬੈਕ ਜ਼ਿਆਦਾ ਤੋਂ ਜ਼ਿਆਦਾ 2500 ਦੀ ਗਿਣਤੀ ਵਿੱਚ ਵਿਕਦਾ ਹੈ। ਇਸੇ ਤਰਾਂ ਕੁੱਝ ਅਰਸਾ ਪਹਿਲਾਂ ਇੰਗਲੈਂਡ ਵਿੱਚ ਆਰਟਸ ਕੌਂਸਲ ਦੁਆਰਾ ਕਰਵਾਏ ਇੱਕ ਅਧਿਐਨ ਮੁਤਾਬਕ ਮੁਲਕ ਵਿੱਚ 1989-90 ਦੌਰਾਨ ਜਿਹੜੀਆਂ ਕਵਿਤਾ ਦੀਆਂ 1000 ਬੈਸਟ ਸੈਲਰ ਕਿਤਾਬਾਂ ਸਨ, ਉਨ੍ਹਾਂ ਵਿੱਚੋਂ ਸਿਰਫ 4 ਫੀਸਦੀ ਆਧੁਨਿਕ ਕਵਿਤਾ ਸੀ। ਇਸੇ ਸਰਵੇ ਮੁਤਾਬਕ ਇੰਗਲੈਂਡ ਅੰਦਰ ਕਵਿਤਾ ਦੀਆਂ ਜਿੰਨੀਆਂ ਕੁ ਵੀ ਕਿਤਾਬਾਂ ਵਿਕਦੀਆਂ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੁਆਰਾ ਖਰੀਦੀਆਂ ਜਾਂਦੀਆਂ ਹਨ। ਅਮਰੀਕਾ ਵਿੱਚ ਕਲਾ ਦੇ ਪਸਾਰ ਲਈ ਬਣੀ ਇੱਕ ਸੰਸਥਾ ਐਨਈਏ ਨੇ 2008 ਵਿੱਚ ਇੱਕ ਰਿਪੋਰਟ ਜਾਰੀ ਕੀਤੀ, ਜਿਸ ਮੁਤਾਬਕ ਅਮਰੀਕੀ ਪਾਠਕਾਂ ਵਿੱਚ ਕਵਿਤਾ ਪੜ੍ਹਨ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਸਰਵੇ ਦੌਰਾਨ ਲੋਕਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਪਿਛਲੇ ਸਾਲ ਦੌਰਾਨ ਉਨ੍ਹਾਂ ਨੇ ਕਿਹੜੀਆਂ ਕਿਹੜੀਆਂ ਕਿਤਾਬਾਂ ਪੜ੍ਹੀਆਂ। 1992 ਵਿੱਚ ਕਰੀਬ 17 ਫੀਸਦੀ ਅਜਿਹੇ ਲੋਕ ਸਨ ਜਿਨ੍ਹਾਂ ਨੇ ਕਵਿਤਾ ਦੀ ਕੋਈ ਕਿਤਾਬ ਪੜ੍ਹੀ ਸੀ। 2002 ਵਿੱਚ ਕਵਿਤਾ ਦੀ ਕੋਈ ਕਿਤਾਬ ਪੜ੍ਹਨ ਵਾਲਿਆਂ ਦੀ ਗਿਣਤੀ ਕਰੀਬ 12 ਫੀਸਦੀ ਸੀ ਅਤੇ 2008 ਵਿੱਚ ਇਹ ਗਿਣਤੀ ਸਿਰਫ 8.3 ਰਹਿ ਗਈ।
ਜਿਹੜੀਆਂ ਸੰਸਥਾਵਾਂ ਕਵਿਤਾ ਦੇ ਪ੍ਰਚਾਰ ਪ੍ਰਸਾਰ ਲਈ ਸਰਗਰਮ ਸਨ, ਉਨ੍ਹਾਂ ਨੇ ਇਸ ਸਥਿਤੀ ਦਾ ਟਾਕਰਾ ਕਰਨ ਲਈ ਕਈ ਤਰਾਂ ਦੇ ਪ੍ਰੋਗਰਾਮ ਉਲੀਕੇ, ਤਾਂ ਜੋ ਕਵਿਤਾ ਪ੍ਰਤੀ ਪਾਠਕਾਂ ਦੇ ਘਟ ਰਹੇ ਰੁਝਾਨ ਦੇ ਕਾਰਨਾਂ ਨੂੰ ਵੀ ਸਮਝਿਆ ਜਾਵੇ ਅਤੇ ਉਸ ਦੇ ਮੱਦੇਨਜ਼ਰ ਕਵਿਤਾ ਦੇ ਪਸਾਰ ਲਈ ਕਈ ਪੱਧਰ ਤੇ ਮੁਹਿੰਮ ਵੀ ਚਲਾਈ ਜਾਵੇ। ਇਸੇ ਮਕਸਦ ਨਾਲ ਕੁੱਝ ਕਵਿਤਾ ਸੰਸਥਾਵਾਂ ਨੇ ਵੱਖਰੇ ਨਜ਼ਰੀਏ ਤੋਂ ਸਰਵੇਖਣ ਵੀ ਕਰਵਾਏ। ਨੱਬੇਵਿਆਂ ਦੇ ਅਖੀਰ ਵਿੱਚ ਇੰਗਲੈਂਡ ਵਿੱਚ ਹੋਏ ਇੱਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਇੰਗਲੈਂਡ ਦੀ ਬਾਲਗ ਅਬਾਦੀ ਦਾ 8 ਫੀਸਦੀ ਲੋਕ ਅਜਿਹੇ ਹਨ, ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਕਵਿਤਾ ਲਿਖੀ ਹੈ। ਅਮਰੀਕਾ ਦੀ ਪੋਇਟਰੀ ਫਾਊਂਡੇਸ਼ਨ ਨੇ ਯੂਨੀਵਰਸਿਟੀ ਔਫ ਸ਼ਿਕਾਗੋ ਦੇ ਸਹਿਯੋਗ ਨਾਲ ਇੱਕ ਸਟੱਡੀ ਕਰਵਾਈ। ਇਸ ਸਰਵੇਖਣ ਦਾ ਮਕਸਦ ਕਵਿਤਾ ਬਾਰੇ ਅਮਰੀਕੀ ਪਾਠਕਾਂ ਦੇ ਵਿਚਾਰ ਜਾਣਨਾ ਸੀ। ਸਰਵੇਖਣ ਮੁਤਾਬਕ ਦੋ ਗੱਲਾਂ ਉਭਰਕੇ ਸਾਹਮਣੇ ਆਈਆਂ। ਪਹਿਲੀ ਲੱਭਤ ਮੁਤਾਬਕ 90 ਫੀਸਦੀ ਪਾਠਕਾਂ ਦਾ ਇਹ ਖਿਆਲ ਸੀ ਕਿ ਕਵਿਤਾ ਦੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ ਅਤੇ ਜਿਹੜੇ ਕਵਿਤਾ ਪੜ੍ਹਦੇ ਹਨ, ਉਨ੍ਹਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਵਿਸ਼ਾਲ ਹੁੰਦਾ ਹੈ। ਇਹ ਵੀ ਸਾਹਮਣੇ ਆਇਆ ਕਿ ਜਿਹੜੇ ਲੋਕ ਕਵਿਤਾ ਪੜ੍ਹਦੇ ਹਨ, ਉਨ੍ਹਾਂ ਦੇ ਸਮਾਜਕ ਜੀਵਨ ਵਿੱਚ ਮੁਕਾਬਲਤਨ ਜ਼ਿਆਦਾ ਸਕੂਨ ਤੇ ਸਹਿਜ ਹੈ। ਕਵਿਤਾ ਦੀਆਂ ਕਿਤਾਬਾਂ ਦੀ ਵਿਕਰੀ ਤੋਂ ਮਾਯੂਸ ਹੋਏ ਕਵਿਤਾ ਸੰਸਥਾਨਾਂ ਨੂੰ ਅਜਿਹੇ ਸਰਵੇਖਣਾਂ ਚੋਂ ਇੱਕ ਆਸ ਦੀ ਕਿਰਨ ਨਜ਼ਰ ਆਈ ਅਤੇ ਇਸੇ ਤੋਂ ਉਤਸ਼ਾਹਿਤ ਹੋਕੇ ਅਮਰੀਕਾ ਅਤੇ ਇੰਗਲੈਂਡ ਦੋਵੇਂ ਮੁਲਕਾਂ ਵਿੱਚ ਕਈ ਤਰਾਂ ਦੀਆਂ ਮੁਹਿੰਮਾਂ ਚਲਾਈਆਂ ਗਈਆਂ। 1996 ਵਿੱਚ ਅਮਰੀਕਾ ਵਿੱਚ 'ਨੈਸ਼ਨਲ ਕਵਿਤਾ ਮਹੀਨਾ' ਸਮਾਰੋਹ ਸ਼ੁਰੂ ਕੀਤੇ ਗਏ, ਜਿਸ ਤਹਿਤ ਮੁਲਕ ਭਰ ਅੰਦਰ ਹਜ਼ਾਰਾਂ ਸਕੂਲਾਂ ਤੇ ਹੋਰ ਕਮਿਊਨਿਟੀ ਸੰਸਥਾਨਾਂ ਵਿੱਚ ਕਵਿਤਾ ਸਮਾਗਮ ਤੇ ਮੁਕਾਬਲੇ ਕਰਵਾਏ ਜਾਂਦੇ ਹਨ। ਨਿਊਜ਼ਵੀਕ ਦੀ ਇੱਕ ਰਿਪੋਰਟ ਮੁਤਾਬਕ ਅਜਿਹੇ ਉਪਰਾਲਿਆਂ ਦਾ ਸਿੱਟਾ ਇਹ ਨਿਕਲਿਆ ਹੈ ਕਿ ਕਵਿਤਾ ਪ੍ਰਤੀ ਪਾਠਕਾਂ ਦਾ ਰੁਝਾਨ ਫੇਰ ਵਧਣ ਲੱਗਾ। 2001 ਵਿੱਚ ਕਵਿਤਾ ਨੂੰ ਸਮਰਪਿਤ ਇੱਕ ਵੈਬਸਾਈਟ www.poets.org ਦੀਆਂ ਹਿਟਸ 4.5 ਮਿਲੀਅਨ ਸਨ ਅਤੇ ਹੁਣ ਇਹ 10 ਮਿਲੀਅਨ ਨੂੰ ਟੱਪ ਗਈਆਂ ਹਨ। ਇਸੇ ਤਰਾਂ ਅਮਰੀਕਾ ਵਿੱਚ ਕਵਿਤਾ ਦੇ ਇੱਕ ਪੁਰਾਣੇ ਮੈਗਜ਼ੀਨ ਪੋਇਟਰੀ ਦੀ ਵਿਕਰੀ 30000 ਨੂੰ ਪਹੁੰਚ ਗਈ। ਅਮਰੀਕਾ ਦੀ ਪੋਇਟਰੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਐਨਈਏ ਦੁਆਰਾ ਹਾਈ ਸਕੂਲ ਵਿਦਿਆਰਥੀਆਂ ਲਈ ਪੋਇਟਰੀ ਆਊਟ ਲਾਊਡ ਨਾਂ ਦਾ ਇੱਕ ਰਾਸ਼ਟਰੀ ਕਵਿਤਾ ਉਚਾਰਨ ਮੁਕਾਬਲਾ ਸ਼ੁਰੂ ਕੀਤਾ ਗਿਆ, ਜਿਸ ਵਿੱਚ 2006 ਵਿੱਚ 40,000 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਤਾਜ਼ਾ ਰਿਪੋਰਟਾਂ ਮੁਤਾਬਕ ਇਹ ਗਿਣਤੀ 3 ਲੱਖ ਨੂੰ ਟੱਪ ਗਈ ਹੈ। ਇਸੇ ਤਰਾਂ ਦੇ ਕਈ ਪ੍ਰੋਗਰਾਮ ਕਵਿਤਾ ਸੁਸਾਇਟੀਆਂ, ਸਰਕਾਰੀ ਕਲਾ ਸੰਸਥਾਵਾਂ, ਪਬਲਿਸ਼ਰਾਂ ਤੇ ਕਵਿਤਾ ਮੈਗਜ਼ੀਨਾਂ ਦੁਆਰਾ ਇੰਗਲੈਂਡ ਵਿੱਚ ਉਲੀਕੇ ਗਏ, ਜਿਸ ਬਾਰੇ ਇਹ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਕਿ ਇੰਗਲੈਂਡ ਵਿੱਚ ਕਵਿਤਾ ਦੁਬਾਰਾ ਲੋਕਪ੍ਰਿਯ ਹੋ ਰਹੀ ਹੈ। ਜੇ ਕਵਿਤਾ ਦੀਆਂ ਕਿਤਾਬਾਂ ਦੀ ਆਮ ਵਿਕਰੀ ਘਟੀ ਹੈ ਤਾਂ ਉਸ ਦੀ ਥਾਂ ਕਰੀਏਟਿਵ ਰਾਈਟਿੰਗ ਕੋਰਸਾਂ ਦੇ ਵਿਦਿਆਰਥੀਆਂ ਦੁਆਰਾ ਟੈਕਸਟ ਬੁੱਕਾਂ ਦੇ ਰੂਪ ਵਿੱਚ ਲੱਗੀਆਂ ਕਵਿਤਾ ਕਿਤਾਬਾਂ ਦੀ ਗਿਣਤੀ ਕਾਫੀ ਵਧ ਗਈ। ਇੰਗਲੈਂਡ ਵਿੱਚ 40 ਦੇ ਕਰੀਬ ਪੋਸਟ ਗਰੈਜੂਏਟ ਕਰੀਏਟਿਵ ਰਾਈਟਿੰਗ ਡਿਗਰੀ ਕੋਰਸ ਹਨ। ਅਮਰੀਕਾ ਵਿੱਚ ਅਜਿਹੇ ਕੋਰਸਾਂ ਦੀ ਗਿਣਤੀ 300 ਹੈ। ਇਨ੍ਹਾਂ ਕੋਰਸਾਂ ਵਿੱਚ ਹਰ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਹੁੰਦੇ ਹਨ, ਜਿਹੜੇ ਕਵਿਤਾ ਜਾਂ ਸਾਹਿਤ ਦੀਆਂ ਕਿਤਾਬਾਂ ਦੇ ਪੱਕੇ ਪਾਠਕ ਹੁੰਦੇ ਹਨ।
ਇਸ ਪ੍ਰਸੰਗ ਵਿੱਚ ਜਦੋਂ ਅਸੀਂ ਨਵੀਂ ਪੰਜਾਬੀ ਕਵਿਤਾ ਤੇ ਨਜ਼ਰ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਸਾਡੀ ਹਾਲਤ ਵਿਕਸਤ ਮੁਲਕਾਂ ਨਾਲੋਂ ਬਹੁਤ ਵੱਖਰੀ ਨਹੀਂ ਹੈ। ਇੱਕ ਲਿਹਾਜ਼ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਹਾਲਤ ਉਨ੍ਹਾਂ ਨਾਲੋਂ ਕੁੱਝ ਪੱਖਾਂ ਤੋਂ ਸ਼ਾਇਦ ਬਿਹਤਰ ਹੈ। ਪੰਜਾਬੀ ਪ੍ਰਕਾਸ਼ਕ ਤੇ ਕਵੀ ਅਕਸਰ ਇਸ ਗੱਲ ਤੇ ਝੂਰਦੇ ਹਨ ਕਿ ਪੰਜਾਬੀ ਕਵਿਤਾ ਦੀ ਕਿਤਾਬ ਮੁਸ਼ਕਲ ਨਾਲ 500 ਤੋਂ ਲੈ ਕੇ 1000 ਤੱਕ ਛਪਦੀ ਹੈ। ਇਸ ਗੱਲ ਤੇ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਇੰਗਲੈਂਡ ਭਾਰਤ ਵਾਂਗ ਬਹੁਭਾਸ਼ੀ ਮੁਲਕ ਨਹੀਂ ਹੈ ਤੇ ਉਸ ਦੀ ਅਬਾਦੀ 6 ਕੁ ਕਰੋੜ ਦੇ ਕਰੀਬ ਹੈ। ਉਥੋਂ ਦੇ ਆਮ ਕਵੀਆਂ ਦੀ ਕਿਤਾਬ ਵੀ 500 ਜਾਂ 1000 ਕੁ ਹੀ ਛਪਦੀ ਹੈ। ਅਮਰੀਕਾ ਦੀ ਅਬਾਦੀ 30 ਕਰੋੜ ਤੋਂ ਜ਼ਿਆਦਾ ਹੈ। ਉਥੇ ਵੀ ਕਵਿਤਾ ਦੀ ਆਮ ਕਿਤਾਬ ਔਸਤ 2500 ਜਾਂ 3000 ਹੀ ਛਪਦੀ ਹੈ। ਗੁਰਮੁਖੀ ਵਿੱਚ ਪੰਜਾਬੀ ਪੜ੍ਹਨ ਲਿਖਣ ਵਾਲੇ ਭਾਰਤੀ ਪੰਜਾਬ ਦੀ ਅਬਾਦੀ ਢਾਈ ਕੁ ਕਰੋੜ ਹੈ। ਜੇ ਇਸ ਹਿਸਾਬ ਨਾ ਦੇਖੀਏ ਤਾਂ ਸਾਡੇ ਇੱਥੇ ਕਵਿਤਾ ਦੀ ਕਿਤਾਬ 500 ਦੀ ਗਿਣਤੀ ਵਿੱਚ ਛਪਣੀ ਕੋਈ ਘੱਟ ਗਿਣਤੀ ਨਹੀਂ ਹੈ। ਕਵਿਤਾ ਦੀਆਂ ਆਮ ਕਿਤਾਬਾਂ ਜੇ ਪੰਜਾਬੀ ਵਿੱਚ ਪਬਲਿਸ਼ਰਾਂ ਦੇ ਖਰਚੇ ਨਹੀਂ ਪੂਰੇ ਕਰਦੀਆਂ ਤਾਂ ਇਹੀ ਸਥਿਤੀ ਅਮਰੀਕਾ ਅਤੇ ਇੰਗਲੈਂਡ ਵਿੱਚ ਵੀ ਹੈ। ਕਵਿਤਾ ਦੇ ਸਿਰ ਤੇ ਜੇ ਪੰਜਾਬੀ ਕਵੀ ਆਪਣਾ ਗੁਜ਼ਾਰਾ ਨਹੀਂ ਕਰਦੇ ਤਾਂ ਇੰਗਲੈਂਡ ਜਾਂ ਅਮਰੀਕਾ ਵਿੱਚ ਵੀ ਅਜਿਹੇ ਥੋੜ੍ਹੇ ਕਵੀ ਹੀ ਹਨ, ਜਿਨ੍ਹਾਂ ਦਾ ਗੁਜ਼ਾਰਾ ਕਵਿਤਾ ਦੇ ਸਿਰ ਤੇ ਚੱਲਦਾ ਹੈ। ਇਸ ਮਾਮਲੇ ਵਿੱਚ ਕੁੱਝ ਕੁ ਮਸ਼ਹੂਰ ਤੇ ਸਥਾਪਤ ਕਵੀਆਂ ਨੂੰ ਮਿਸਾਲ ਨਹੀਂ ਬਣਾਇਆ ਜਾ ਸਕਦਾ। ਅਮਰੀਕਾ ਵਿੱਚ ਰਾਜ ਕਵੀ ਰਿਹਾ ਬਿਲ ਕੋਲਿਨਜ਼ ਸਮੁਚੇ ਅਮਰੀਕੀ ਕਵੀਆਂ ਦੀ ਹਾਲਤ ਦਾ ਨੁਮਾਇੰਦਾ ਨਹੀਂ ਹੋ ਸਕਦਾ। ਇਸ ਤਰਾਂ ਦੀਆਂ ਵਿਕੋਲਿਤਰੀਆਂ ਮਿਸਾਲਾਂ ਤਾਂ ਪੰਜਾਬੀ ਵਿੱਚ ਵੀ ਮਿਲ ਜਾਣਗੀਆਂ। ਸਾਡੇ ਅੰਮ੍ਰਿਤਾ ਪੀ੍ਰਤਮ ਨੇ ਨਾ ਸਿਰਫ ਕਵਿਤਾ/ਸਾਹਿਤ ਦੇ ਸਿਰ ਤੇ ਗੁਜ਼ਾਰਾ ਕੀਤਾ ਬਲਕਿ ਇਸੇ ਸਿਰ ਤੇ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ। ਜੇ ਚਾਹੁਣ ਤਾਂ ਸੁਰਜੀਤ ਪਾਤਰ ਵੀ ਕਵਿਤਾ ਦੇ ਸਿਰ ਤੇ ਗੁਜ਼ਾਰਾ ਕਰ ਸਕਦੇ ਸਨ। ਪਰ ਸਮੁਚੇ ਤੌਰ ਤੇ ਕਵਿਤਾ ਲਿਖਣਾ ਨਾ ਪੰਜਾਬੀ ਵਿੱਚ ਗੁਜ਼ਾਰੇ ਦਾ ਸਾਧਨ ਬਣਦਾ ਹੈ ਤੇ ਨਾ ਹੀ ਇਹ ਸਥਿਤੀ ਅਮਰੀਕਾ ਜਾਂ ਇੰਗਲੈਂਡ ਵਰਗੇ ਵਿਕਸਤ ਸਮਾਜਾਂ ਦੀ ਹੈ।
ਉਪਰੋਕਤ ਦਿੱਤੇ ਸਾਰੇ ਹਵਾਲੇ ਅਤੇ ਅੰਕੜੇ ਅਸਲ ਵਿੱਚ ਕਵਿਤਾ ਦੀ ਵਰਤਮਾਨ ਸਥਿਤੀ ਅਤੇ ਭਵਿਖ ਬਾਰੇ ਸਾਨੂੰ ਕਿਸੇ ਰਾਹੇ ਨਹੀਂ ਪਾਉਂਦੇ। ਇਨ੍ਹਾਂ ਅੰਕੜਿਆਂ ਦੇ ਅਧਾਰ ਤੇ ਕਵਿਤਾ ਦੇ ਭਵਿਖ ਬਾਰੇ ਕੁੱਝ ਵੀ ਕਹਿਣਾ ਸੰਭਵ ਨਹੀਂ। ਇਸਦਾ ਕਾਰਨ ਹੈ ਕਿ ਜਦੋਂ ਅਸੀਂ ਕਵਿਤਾ ਸ਼ਬਦ ਵਰਤਦੇ ਹਾਂ ਤਾਂ ਇਸ ਤਹਿਤ ਸਮੁਚੀ ਕਵਿਤਾ ਨੂੰ ਲੈ ਲੈਂਦੇ ਹਾਂ। ਅਸਲ ਵਿੱਚ ਸਾਰੀ ਕਵਿਤਾ ਇੱਕ ਕਵਿਤਾ ਨਹੀਂ ਹੈ। ਵਾਸਤਵ ਵਿੱਚ ਵੱਖ ਵੱਖ ਤਰਾਂ ਦੀ ਕਵਿਤਾ ਦਾ ਆਪੋ ਆਪਣਾ ਵੱਖਰਾ ਵਜੂਦ ਹੈ। ਪੁਰਾਤਨ ਕਵਿਤਾ ਤੇ ਆਧੁਨਿਕ ਕਵਿਤਾ ਨੂੰ ਇੱਕ ਖਾਨੇ ਵਿੱਚ ਨਹੀਂ ਰੱਖ ਸਕਦੇ। ਭਾਵੇਂ ਪੁਰਾਤਨ ਕਵਿਤਾ ਅੰਦਰ ਵੀ ਕਿੰਨੇ ਹੀ ਵਰਗ ਹਨ, ਪਰ ਸਹੂਲਤ ਲਈ ਮੋਟੇ ਜਿਹੇ ਤੌਰ ਤੇ ਸਾਰੀ ਪੁਰਾਤਨ ਕਵਿਤਾ ਨੂੰ ਇੱਕ ਵੱਖਰੇ ਵਰਗ ਵਿੱਚ ਰੱਖ ਸਕਦੇ ਹਾਂ। ਇਸ ਕਵਿਤਾ ਦਾ ਆਪਣਾ ਪਾਠਕ ਵੱਖਰਾ ਹੈ। ਇਸੇ ਤਰਾਂ ਆਧੁਨਿਕ ਦੌਰ ਦੀ ਕਵਿਤਾ ਵਿੱਚ ਵੀ ਕਿੰਨੇ ਹੀ ਵਰਗ ਅਤੇ ਧਾਰਾਵਾਂ ਹਨ। ਉਨ੍ਹਾਂ ਸਾਰਿਆਂ ਨੂੰ ਵੱਖੋ ਵੱਖਰਾ ਦੇਖਣ ਦੀ ਲੋੜ ਹੈ। ਮਿਸਾਲ ਦੇ ਤੌਰ ਤੇ ਗਜ਼ਲ, ਹਾਸਰਸੀ ਕਵਿਤਾ, ਤਰੰਨੁਮ ਵਿੱਚ ਪੇਸ਼ ਕੀਤੀ ਜਾ ਸਕਣ ਵਾਲੀ ਪ੍ਰਗੀਤਕ ਕਵਿਤਾ ਦਾ ਆਪਣਾ ਵੱਖੋ ਵੱਖਰਾ ਵਜੂਦ ਹੈ। ਸਿਆਸੀ ਲਹਿਰਾਂ ਨਾਲ ਜੁੜੀ ਕਵਿਤਾ ਦਾ ਵੱਖਰਾ ਖੇਤਰ ਹੈ। ਪੌਪੂਲਰ ਗੀਤ ਵੀ ਆਪਣੀ ਤਰਾਂ ਦੀ ਕਵਿਤਾ ਹੈ। ਜਦੋਂ ਆਮ ਕਰਕੇ ਅਸੀਂ ਕਵਿਤਾ ਸ਼ਬਦ ਵਰਤਦੇ ਹਾਂ ਅਤੇ ਸਮਾਜ ਵਿੱਚ ਕਵਿਤਾ ਦੀ ਥਾਂ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਵਰਗਾਂ ਨੂੰ ਇੱਕੋ ਖਾਨੇ ਵਿੱਚ ਰੱਖ ਲੈਂਦੇ ਹਾਂ। ਸਚਾਈ ਇਹ ਹੈ ਕਿ ਕਵਿਤਾ ਦੇ ਨਾਂ ਹੇਠ ਅਸਲ ਵਿੱਚ ਇਹ ਸਾਹਿਤ ਦੇ ਵੱਖੋ ਵੱਖਰੇ ਰੂਪ ਹਨ। ਜੇ ਇਸ ਸਾਰੀ ਕਵਿਤਾ ਨੂੰ ਇੱਕੋ ਖਾਨੇ ਵਿੱਚ ਰੱਖੀਏ ਤਾਂ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ। ਮਿਸਾਲ ਦੇ ਤੌਰ ਗੁਰਬਾਣੀ, ਸੂਫੀ ਕਾਵਿ ਤੇ ਕਿੱਸਾ ਕਾਵਿ ਵੀ ਕਵਿਤਾ ਦੇ ਘੇਰੇ ਵਿੱਚ ਹਨ। ਇਨ੍ਹਾਂ ਨੂੰ ਪੜ੍ਹਨ ਸੁਣਨ ਵਾਲੇ ਤਾਂ ਲੱਖਾਂ ਹਨ ਅਤੇ ਅੱਜ ਵੀ ਇਨ੍ਹਾਂ ਦੀਆਂ ਪੁਸਤਕਾਂ ਦੀ ਵਿਕਰੀ ਬਹੁਤ ਵੱਡੀ ਗਿਣਤੀ ਵਿੱਚ ਹੈ। ਇਸ ਦੇ ਅਧਾਰ ਤੇ ਕੋਈ ਕਿਵੇਂ ਕਹਿ ਸਕਦਾ ਹੈ ਕਿ ਕਵਿਤਾ ਪੜ੍ਹਨ ਵਾਲਿਆਂ ਦੀ ਗਿਣਤੀ ਘੱਟ ਹੈ। ਆਧੁਨਿਕ ਕਵਿਤਾ ਵਿੱਚੋਂ ਵੀ ਸ਼ਿਵ ਕੁਮਾਰ ਅਜਿਹਾ ਸ਼ਾਇਰ ਹੈ ਜਿਸ ਦੀਆਂ ਸਾਰੀਆਂ ਕਿਤਾਬਾਂ ਦੀ ਕੁਲ ਸਲਾਨਾ ਵਿਕਰੀ ਅੱਜ ਵੀ 15 ਤੋਂ 20 ਹਜ਼ਾਰ ਕਾਪੀਆਂ ਰਹਿੰਦੀ ਹੈ। ਸੁਰਜੀਤ ਪਾਤਰ ਦੀਆਂ ਸਾਰੀਆਂ ਕਿਤਾਬਾਂ ਦੀ ਕੁਲ ਸਲਾਨਾ ਵਿਕਰੀ 5 ਤੋਂ 6 ਹਜ਼ਾਰ ਕਾਪੀਆਂ ਤੱਕ ਚਲੇ ਜਾਂਦੀ ਹੈ। ਇਸ ਮਾਮਲੇ ਵਿੱਚ ਇੱਕ ਅਨੋਖੀ ਮਿਸਾਲ ਸੁਖਵਿੰਦਰ ਅੰਮ੍ਰਿਤ ਦੀ ਹੈ। ਉਹ ਨਵੀਂ ਸ਼ਾਇਰਾ ਹੈ, ਉਸਦੀਆਂ ਕਿਤਾਬਾਂ ਦੀ ਸਲਾਨਾ ਵਿਕਰੀ 5 ਹਜ਼ਾਰ ਕਾਪੀਆਂ ਨੂੰ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਰਾਜਨੀਤਕ ਲਹਿਰਾਂ ਨਾਲ ਜੁੜੇ ਸ਼ਾਇਰ ਆਉਂਦੇ ਹਨ। ਇਨ੍ਹਾਂ ਸ਼ਾਇਰਾਂ ਨੂੰ ਇਨ੍ਹਾਂ ਦੀਆਂ ਲਹਿਰਾਂ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਮਿਲਿਆ। ਪਾਸ਼ ਦੀਆਂ ਕਿਤਾਬਾਂ ਦੇ ਸਾਰੇ ਟਾਈਟਲਾਂ ਦੀ 4 ਤੋਂ 5 ਹਜ਼ਾਰ ਕਾਪੀ ਹਰ ਸਾਲ ਵਿਕਦੀ ਹੈ। ਦੂਜੇ ਪਾਸੇ ਪੌਪੂਲਰ ਗਾਇਕਾਂ ਦੇ ਗੀਤਾਂ ਦੀਆਂ ਕਿਤਾਬਾਂ ਹਨ। ਗੁਰਦਾਸ ਮਾਨ, ਅਮਰ ਸਿੰਘ ਚਮਕੀਲਾ ਜਾਂ ਬਾਬੂ ਸਿੰਘ ਮਾਨ ਦੇ ਗੀਤਾਂ ਦੀਆਂ ਕਿਤਾਬਾਂ ਦੀ ਗਿਣਤੀ ਲੱਖ ਦੇ ਅੰਕੜੇ ਨੂੰ ਵੀ ਛੁਹ ਜਾਂਦੀ ਸੀ। ਦੂਜੇ ਪਾਸੇ ਗੰਭੀਰ ਕਿਸਮ ਦੀ ਕਵਿਤਾ ਲਿਖਣ ਵਾਲੇ ਕਵੀਆਂ ਪ੍ਰੋ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੀਸ਼ਾ, ਦੇਵ, ਸਤੀ ਕੁਮਾਰ, ਹਰਨਾਮ ਵਰਗੇ ਸ਼ਾਇਰਾਂ ਦੀ ਕੁਲ ਮਿਲਾਕੇ 500 ਕਾਪੀ ਵੀ ਸਾਲ ਵਿੱਚ ਨਹੀਂ ਵਿਕਦੀ। ਕੁੱਝ ਲੋਕ ਕਵਿਤਾ ਦਾ ਮੁਲਾਂਕਣ ਨਿੱਜਮੁਖੀ ਜਿਹੀਆਂ ਧਾਰਨਾਵਾਂ ਦੇ ਅਧਾਰ ਤੇ ਵੀ ਕਰਦੇ ਹਨ। ਮਿਸਾਲ ਦੇ ਤੌਰ ਤੇ ਉਹ ਕਹਿੰਦੇ ਹਨ ਕਿ ਕੁੱਝ ਕਵੀ ਚੰਗੇ ਹਨ ਅਤੇ ਕੁੱਝ ਮਾੜੇ। ਅੱਗੇ ਫੇਰ ਉਹ ਆਪਣੀ ਇਸੇ ਧਾਰਨਾ ਦੇ ਅਧਾਰ ਤੇ ਇਹ ਦਲੀਲ ਕਢ ਲੈਂਦੇ ਹਨ ਕਿ ਚੰਗੀ ਕਵਿਤਾ ਵਿਕਦੀ ਹੈ ਮਾੜੀ ਨਹੀਂ। ਜਾਂ ਇਸ ਤੋਂ ਬਿਲਕੁਲ ਉਲਟ ਦਲੀਲ ਵੀ ਬਣਾ ਸਕਦੇ ਹਨ ਤੇ ਕਹਿ ਸਕਦੇ ਹਨ ਕਿ ਚੰਗੀ ਕਵਿਤਾ ਥੋੜ੍ਹੇ ਲੋਕ ਹੀ ਪੜ੍ਹਦੇ ਹੁੰਦੇ ਹਨ, ਹਲਕੀ ਕਵਿਤਾ ਜ਼ਿਆਦਾ ਪੌਪੂਲਰ ਹੁੰਦੀ ਹੈ। ਅਜਿਹਾ ਤਰਕ ਵੀ ਸਾਨੂੰ ਕਿਸੇ ਕੰਢੇ ਨਹੀਂ ਲਾਉਂਦਾ। ਪ੍ਰੋਫੈਸਰ ਪੂਰਨ ਸਿੰਘ ਜੇ ਘੱਟ ਪੜ੍ਹੇ ਜਾਂਦੇ ਹਨ ਤਾਂ ਇਸ ਨਾਲ ਉਹ ਛੋਟੇ ਸ਼ਾਇਰ ਨਹੀਂ ਬਣ ਜਾਂਦੇ। ਇਸੇ ਤਰਾਂ ਬਾਬੂ ਸਿੰਘ ਮਾਨ ਜੇ ਬਹੁਤ ਵਿਕ ਸਕਦੇ ਹਨ ਤਾਂ ਇਸ ਨਾਲ ਉਹ ਵੱਡੇ ਸ਼ਾਇਰ ਨਹੀਂ ਬਣ ਸਕਦੇ। ਇਸੇ ਤਰਾਂ ਸ਼ਿਵ ਕੁਮਾਰ ਇਸ ਕਰਕੇ ਪਾਤਰ ਨਾਲੋਂ ਵੱਡੇ ਸ਼ਾਇਰ ਨਹੀਂ ਹੋ ਸਕਦੇ ਕਿ ਉਹ ਜ਼ਿਆਦਾ ਵਿਕਦੇ ਹਨ।
ਸਾਡੇ ਸਾਹਿਤਕ ਦਾਇਰਿਆਂ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੇ ਇਸ ਬੁਨਿਆਦੀ ਤੱਥ ਨੂੰ ਸਵੀਕਾਰ ਨਹੀਂ ਕੀਤਾ ਕਿ ਪੜ੍ਹਨ ਵਾਲੀ ਕਵਿਤਾ ਤੇ ਸੁਣਨ ਵਾਲੀ ਕਵਿਤਾ ਦੋ ਵੱਖਰੀਆਂ ਵਿਧਾਵਾਂ ਬਣ ਚੁੱਕੀਆਂ ਹਨ। ਜਿਹੜੇ ਪੜ੍ਹੀ ਜਾਣ ਵਾਲੀ ਕਵਿਤਾ ਦੀ ਗੰਭੀਰਤਾ ਦੇ ਕਾਇਲ ਹਨ, ਉਹ ਸੁਣੀ ਜਾਣ ਵਾਲੀ ਕਵਿਤਾ ਨੂੰ ਕਵਿਤਾ ਮੰਨਣ ਲਈ ਤਿਆਰ ਨਹੀਂ ਹਨ ਅਤੇ ਜਿਹੜੇ ਪੜ੍ਹੀ/ ਸੁਣੀ ਜਾਣ ਵਾਲੀ ਕਵਿਤਾ ਦੇ ਵਿਆਪਕ ਅਸਰ ਤੇ ਪ੍ਰਗੀਤਕਤਾ ਦੇ ਪ੍ਰਸ਼ੰਸਕ ਹਨ, ਉਹ ਪੜ੍ਹੀ ਜਾਣ ਵਾਲੀ ਕਵਿਤਾ ਨੂੰ ਕਵਿਤਾ ਹੀ ਨਹੀਂ ਮੰਨਦੇ। ਉਹ ਅਜੇ ਵੀ ਖੁਲ੍ਹੀ ਕਵਿਤਾ ਜਾਂ ਛੰਦ ਬੱਧ ਕਵਿਤਾ ਦੀ ਬਹਿਸ ਵਿੱਚ ਉਲਝੇ ਹਨ।
ਇਸ ਸਮੁਚੀ ਚਰਚਾ ਤੋਂ ਪ੍ਰਤੱਖ ਹੁੰਦਾ ਹੈ ਕਿ ਵਾਸਤਵ ਵਿੱਚ ਹਰ ਤਰਾਂ ਦੀ ਕਵਿਤਾ ਦਾ ਆਪਣਾ ਪਾਠਕ ਵਰਗ, ਸਥਾਨ ਤੇ ਮਹੱਤਵ ਹੈ। ਕਿਸ ਤਰਾਂ ਦੇ ਕਵੀ ਜ਼ਿਆਦਾ ਪੌਪੂਲਰ ਹੋ ਜਾਂਦੇ ਹਨ ਜਾਂ ਕਿਸ ਤਰਾਂ ਦੇ ਕਵੀਆਂ ਦੀਆਂ ਕਿਤਾਬਾਂ ਜ਼ਿਆਦਾ ਵਿਕਦੀਆਂ ਹਨ, ਉਸ ਦਾ ਸਬੰਧ ਉਸ ਸਮਾਜ ਦੇ ਸਮੁਚੇ ਮਹੌਲ ਨਾਲ ਹੈ। ਮਿਸਾਲ ਦੇ ਤੌਰ ਤੇ ਜੇ ਪੰਜਾਬੀ ਵਿੱਚ ਨਕਸਲੀ ਲਹਿਰ ਦਾ ਅਸਰ ਨਾ ਰਿਹਾ ਹੁੰਦਾ ਤਾਂ ਪਾਸ਼ ਨੇ ਐਨਾ ਮਸ਼ਹੂਰ ਨਹੀਂ ਸੀ ਹੋਣਾ, ਬਾਵਜੂਦ ਇਸਦੇ ਕਿ ਉਹ ਉੱਚ ਪਾਏ ਦਾ ਕਵੀ ਸੀ। ਇਸੇ ਤਰਾਂ ਦੇ ਕਿੰਨੇ ਹੀ ਪਹਿਲੂ ਹਰ ਕਵੀ ਦੀ ਕਵਿਤਾ ਜਾਂ ਹਰ ਤਰਾਂ ਦੀ ਕਵਿਤਾ ਤੇ ਲਾਗੂ ਹੁੰਦੇ ਹਨ। ਕਵਿਤਾ ਦੇ ਮੁਲਾਂਕਣ ਲਈ ਅਸੀਂ ਆਮ ਕਰਕੇ ਜਿਹੜੇ ਪੈਮਾਨੇ ਅਪਣਾ ਰਹੇ ਹਾਂ, ਉਹ ਸਾਨੂੰ ਕਿਸੇ ਕੰਢੇ ਨਹੀਂ ਲਾ ਰਹੇ। ਕਵਿਤਾ ਦੀ ਤਾਕਤ ਜਾਂ ਮਹੱਤਵ ਨਾ ਅਸੀਂ ਕਵਿਤਾ ਦੀਆਂ ਕਿਤਾਬਾਂ ਦੀ ਵਿੱਕਰੀ ਤੋਂ ਲਾ ਸਕਦੇ ਹਾਂ ਅਤੇ ਨਾ ਹੀ ਇਸ ਗੱਲ ਤੋਂ ਕਿ ਕਵਿਤਾ ਕਵੀਆਂ ਦੇ ਗੁਜ਼ਾਰੇ ਦਾ ਸਾਧਨ ਬਣਦੀ ਹੈ ਜਾਂ ਨਹੀਂ। ਕਵਿਤਾ ਦੇ ਸਿਰ ਤੇ ਗੁਜ਼ਾਰਾ ਤਾਂ ਅਮਰੀਕਾ ਜਾਂ ਇੰਗਲੈਂਡ ਦੇ ਇੰਗਲਿਸ਼ ਕਵੀਆਂ ਦਾ ਵੀ ਨਹੀਂ ਚੱਲਦਾ, ਪੰਜਾਬੀ ਕਵੀਆਂ ਦੀ ਮਾਰਕੀਟ ਤਾਂ ਉਸ ਮੁਕਾਬਲੇ ਬਹੁਤ ਹੀ ਥੋੜ੍ਹੀ ਹੈ। ਨਾ ਹੀ ਲੋਕਪ੍ਰਿਯਤਾ ਜਾਂ ਮਸ਼ਹੂਰੀ ਕਿਸੇ ਕਵਿਤਾ ਦੀ ਤਾਕਤ ਦਾ ਪ੍ਰਮਾਣ ਹੈ। ਕਵਿਤਾ ਦੀ ਤਾਕਤ ਅਸਲ ਵਿੱਚ ਕਿਤੇ ਹੋਰ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਕਵਿਤਾ ਦੀ ਤਾਕਤ ਕਵਿਤਾ ਦੇ ਅੰਦਰ ਹੀ ਹੈ। ਉਸ ਨੂੰ ਪਛਾਣੇ ਬਗੈਰ ਸਮਾਜ ਅਤੇ ਜ਼ਿੰਦਗੀ ਵਿੱਚ ਕਵਿਤਾ ਦਾ ਸਥਾਨ ਤੇ ਮਹੱਤਵ ਸਮਝ ਨਹੀਂ ਆ ਸਕਦਾ। ਇੱਕ ਗੱਲ ਮੰਨਕੇ ਚੱਲਣੀ ਚਾਹੀਦੀ ਹੈ ਕਿ ਗੰਭੀਰ ਕਵਿਤਾ, ਗੰਭੀਰ ਕਲਾ ਤੇ ਦਰਸ਼ਨ ਦਾ ਘੇਰਾ ਹਰ ਸਮਾਜ ਵਿੱਚ ਹੀ ਸੀਮਤ ਹੁੰਦਾ ਹੈ। ਇਨ੍ਹਾਂ ਦੀ ਤੁਲਨਾ ਪੌਪ ਕਲਚਰ ਦੇ ਮਾਧਿਅਮਾਂ ਨਾਲ ਨਹੀਂ ਕੀਤੀ ਜਾ ਸਕਦੀ। ਭਗਵਤ ਗੀਤਾ ਨੂੰ ਵੀ ਸਿਰਫ ਗਿਆਨ ਦੀ ਭੁਖ ਕਾਰਨ ਐਨੇ ਲੋਕ ਕਦੇ ਨਾ ਪੜ੍ਹਦੇ, ਜੇ ਉਸ ਦਾ ਸਬੰਧ ਕ੍ਰਿਸ਼ਨ ਜਿਹੇ ਪੈਗੰਬਰ ਨਾਲ ਨਾ ਹੁੰਦਾ। ਗਿਆਨ ਪੱਖੋਂ ਅਸ਼ਟਵਕਰ ਗੀਤਾ ਵੀ ਦੁਨੀਆ ਦੇ ਸਭ ਤੋਂ ਉਚੇ ਗ੍ਰੰਥਾਂ ਵਿੱਚ ਗਿਣੀ ਜਾਂਦੀ ਹੈ। ਪਰ ਉਸ ਨੂੰ ਪੜ੍ਹਨ ਵਾਲੇ ਬਹੁਤ ਥੋੜ੍ਹੇ ਹਨ। ਵੇਦ ਮਾਨਵੀ ਗਿਆਨ ਦਾ ਸਿਖਰ ਹਨ, ਪਰ ਉਨ੍ਹਾਂ ਦੀ ਕੋਈ ਪੌਪੂਲਰ ਮਾਰਕੀਟ ਨਹੀਂ ਹੈ।
ਕਵਿਤਾ ਬਾਰੇ ਇੱਕ ਆਮ ਗੱਲ ਇਹ ਕਹੀ ਜਾਂਦੀ ਹੈ ਕਿ ਇਹ ਇਸ ਕਰਕੇ ਲੋਕਪ੍ਰਿਯ ਨਹੀਂ ਹੁੰਦੀ ਕਿਉਂਕਿ ਇਹ ਸਮਝ ਨਹੀਂ ਆਉਂਦੀ ਜਾਂ ਸਮਝਣੀ ਔਖੀ ਹੈ। ਕਵਿਤਾ ਦਾ ਸਮਝ ਆਉਣਾ ਜਾਂ ਨਾ ਆਉਣਾ ਇੱਕ ਅਜੀਬ ਬੁਝਾਰਤ ਹੈ। ਇਹ ਬੁਝਾਰਤ ਵੀ ਅਸਲ ਵਿੱਚ ਕੁੱਝ ਗਲਤ ਧਾਰਨਾਵਾਂ ਦੇ ਅਧਾਰ ਤੇ ਹੀ ਬਣੀ ਹੈ। ਇਸ ਗੱਲ ਨੂੰ ਸਮਝਣ ਲਈ ਮੈਂ ਕੁੱਝ ਲੋਕਾਂ ਤੇ ਇੱਕ ਛੋਟਾ ਸਰਵੇਖਣ ਕੀਤਾ। ਇਹ ਸਾਰੇ ਲੋਕ ਸਾਹਿਤ ਦੇ ਸਧਾਰਨ ਪਾਠਕ ਸਨ। ਕੁੱਝ ਥੋੜ੍ਹਾ ਬਹੁਤ ਲਿਖਦੇ ਵੀ ਸਨ। ਮੈਂ ਆਪਣੇ ਕੋਲ ਕਵਿਤਾ ਦੇ ਕੁੱਝ ਨਮੂਨੇ ਲੈ ਲਏ। ਇਨ੍ਹਾਂ ਵਿੱਚ ਕੁਝ ਸਤਰਾਂ ਗੁਰਬਾਣੀ ਵਿੱਚੋਂ ਸਨ। ਕੁੱਝ ਸਤਰਾਂ ਭਗਵਤ ਗੀਤਾ ਦੀਆਂ ਸਨ। ਕੁੱਝ ਗਾਲਿਬ ਦੇ ਸ਼ੇਅਰ ਸਨ। ਕੁੱਝ ਸਤਰਾਂ ਸ਼ਿਵ ਕੁਮਾਰ, ਪਾਸ਼ ਤੇ ਪਾਤਰ ਦੀਆਂ ਸਨ। ਇਸੇ ਤਰਾਂ ਕੁੱਝ ਸਤਰਾਂ ਗੁਲਜ਼ਾਰ ਦੀਆਂ ਵੀ ਲਈਆਂ। ਗੁਰਬਾਣੀ ਤੇ ਭਗਤਵ ਗੀਤਾ ਧਾਰਮਿਕ ਗ੍ਰੰਥ ਹਨ। ਇਨ੍ਹਾਂ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਦਾ ਕੋਈ ਅੰਤ ਨਹੀਂ। ਭਾਰਤ ਦੀ ਉਰਦੂ ਸ਼ਾਇਰੀ ਵਿੱਚ ਗਾਲਿਬ ਤੋਂ ਵੱਡਾ ਹੋਰ ਕੋਈ ਨਾਂ ਨਹੀਂ। ਜਿਹੜੇ ਲੋਕਾਂ ਨੇ ਸ਼ਾਇਦ ਸ਼ਾਇਰੀ ਦੀ ਕੋਈ ਇੱਕ ਕਿਤਾਬ ਵੀ ਪੜ੍ਹੀ ਨਹੀਂ ਹੁੰਦੀ, ਉਹ ਵੀ ਗਾਲਿਬ ਦਾ ਨਾਂ ਜਾਣਦੇ ਹੁੰਦੇ ਹਨ। ਸ਼ਿਵ ਕੁਮਾਰ ਤੇ ਪਾਤਰ ਸਾਡੇ ਬਹੁਤ ਚਰਚਿਤ ਤੇ ਮਸ਼ਹੂਰ ਨਾਂ ਹਨ। ਗੁਲਜ਼ਾਰ ਫਿਲਮਾਂ ਲਈ ਗੀਤ ਲਿਖਦੇ ਹਨ। ਉਨ੍ਹਾਂ ਦੇ ਨਾਂ ਤੋਂ ਬੱਚਾ ਬੱਚਾ ਵਾਕਫ ਹੈ। ਜਿਹੜੀਆਂ ਸਤਰਾਂ ਮੈਂ ਚੁਣੀਆਂ ਸਨ, ਉਹ ਜ਼ਰਾ ਕੁ ਗੰਭੀਰ ਕਿਸਮ ਦੀਆਂ ਸਨ। ਮੈਂ ਇਸ ਸਬੰਧੀ ਕੋਈ ਵੀਹ ਕੁ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵੀਹਾਂ ਵਿੱਚੋਂ ਮੁਸ਼ਕਲ ਨਾਲ ਦੋ ਚਾਰ ਕੁ ਹੀ ਅਜਿਹੇ ਸੱਜਣ ਸਨ, ਜਿਨ੍ਹਾਂ ਨੇ ਇਨ੍ਹਾਂ ਸਾਰੀਆਂ ਸਤਰਾਂ ਦੀ ਕੁੱਝ ਨਾ ਕੁਝ ਤਸੱਲੀਬਖਸ਼ ਵਿਆਖਿਆ ਦਿੱਤੀ ਹੋਵੇ। ਚਾਹੇ ਗੁਰਬਾਣੀ ਤੇ ਭਗਤਵ ਗੀਤਾ ਜਿਹੇ ਗ੍ਰੰਥ ਹੋਣ ਅਤੇ ਚਾਹੇ ਦੂਸਰੇ ਆਧੁਨਿਕ ਸ਼ਾਇਰ, ਇਨ੍ਹਾਂ ਸਭ ਦੀਆਂ ਕੁੱਝ ਕੁੱਝ ਸਤਰਾਂ ਹੀ ਹੁੰਦੀਆਂ ਹਨ, ਜਿਹੜੀਆਂ ਸਾਰੇ ਲੋਕਾਂ ਨੂੰ ਐਨੀ ਕੁ ਚੰਗੀ ਤਰਾਂ ਸਮਝ ਆਉਂਦੀਆਂ ਹਨ ਕਿ ਉਹ ਉਸ ਦੀ ਕੋਈ ਵਿਆਖਿਆ ਕਰ ਸਕਦੇ ਹਨ। ਬਹੁਤ ਹਿੱਸਾ ਅਜਿਹਾ ਹੁੰਦਾ ਹੈ, ਜਿਸ ਬਾਰੇ ਸਾਹਿਤ ਦੇ ਗੰਭੀਰ ਪਾਠਕ ਵੀ ਭੰਬਲਭੂਸੇ ਵਿੱਚ ਹੁੰਦੇ ਹਨ। ਕਾਫੀ ਹਿੱਸਾ ਅਜਿਹਾ ਵੀ ਹੁੰਦਾ ਹੈ, ਜਿਸ ਦੀ ਵਿਆਖਿਆ ਬਾਰੇ ਸਾਹਿਤ ਅਲੋਚਕ ਵੀ ਇਕਮਤ ਨਹੀਂ ਹੁੰਦੇ। ਜਿਸ ਅਰਥ ਵਿੱਚ ਕਵਿਤਾ ਦੇ ਸਮਝ ਆਉਣ ਜਾਂ ਨਾ ਆਉਣ ਦੀ ਗੱਲ ਸਾਹਿਤ ਦੇ ਸਧਾਰਨ ਪਾਠਕ ਕਰਦੇ ਹਨ, ਉਸ ਅਰਥ ਵਿੱਚ ਪ੍ਰੋ ਪੂਰਨ ਸਿੰਘ ਦੀ 'ਪੰਜਾਬ ਵਸਦਾ ਗੁਰਾਂ ਦੇ ਨਾਂ ਤੇ' ਵਾਲੀ ਸਤਰ ਹੀ ਜਿਆਦਾ ਲੋਕਾਂ ਨੂੰ ਸਮਝ ਆਈ ਹੁੰਦੀ ਹੈ। ਇਸੇ ਤਰਾਂ ਅੰਮ੍ਰਿਤਾ ਪ੍ਰੀਤਮ ਦੀ 'ਅੱਜ ਆਖਾਂ ਵਾਰਸ਼ ਸ਼ਾਹ ਨੂੰ' ਤੇ ਪਾਤਰ ਦੀ 'ਲੱਗੀ ਨਜ਼ਰ ਪੰਜਾਬ ਨੂੰ' ਸਾਰਿਆਂ ਦੇ ਸਮਝ ਆਈ ਹੁੰਦੀ ਹੈ। ਸ਼ਿਵ ਕੁਮਾਰ ਦੇ ਗੀਤਾਂ ਦੀਆਂ ਵੀ ਕੁੱਝ ਗਿਣੀਆ ਚੁਣੀਆਂ ਸਤਰਾਂ ਹਨ, ਜਿਹੜੀਆਂ ਹਰ ਕਿਸੇ ਨੂੰ ਸਮਝ ਆਉਂਦੀਆਂ ਹਨ। ਕਵਿਤਾ ਨੂੰ ਸਮਝਣਾ ਇੱਕ ਨਿਰੰਤਰ ਸਿਲਸਿਲਾ ਹੈ। ਕਵਿਤਾ ਨੂੰ ਸਮਝਣਾ ਅਸਲ ਵਿੱਚ ਉਸੇ ਤਰਾਂ ਹੈ ਜਿਵੇਂ ਕਲਾਸੀਕਲ ਸੰਗੀਤ ਜਾਂ ਗੰਭੀਰ ਚਿੱਤਰਕਾਰੀ ਨੂੰ ਸਮਝਣਾ ਹੈ। ਗੰਭੀਰ ਕਲਾ ਜਾਂ ਦਰਸ਼ਨ ਰਸਗੁੱਲੇ ਖਾਣ ਵਰਗੀ ਪ੍ਰਕਿਰਿਆ ਨਹੀਂ ਹੋ ਸਕਦੀ। ਇਨ੍ਹਾਂ ਲਈ ਇੱਕ ਕਲਚਰਲ ਟਰੇਨਿੰਗ ਦੀ ਲੋੜ ਰਹੇਗੀ। ਜਿਸ ਤਰੀਕੇ ਨਾਲ ਵਾਰਤਕ ਦੇ ਫਿਕਰੇ ਸਮਝੇ ਜਾਂਦੇ ਹਨ, ਉਸ ਤਰੀਕੇ ਨਾਲ ਕਵਿਤਾ ਨੂੰ ਸਮਝਣ ਦੀ ਗੱਲ ਕਰਨਾ ਇੱਕ ਬਹੁਤ ਵੱਡੀ ਭ੍ਰਾਂਤੀ ਹੈ। ਇਹ ਉਸੇ ਤਰਾਂ ਦੀ ਗੱਲ ਹੈ, ਜਿਵੇਂ ਕੋਈ ਵਾਦਨ ਸੰਗੀਤ ਦੀ ਵਿਆਖਿਆ ਪੁੱਛੇ।
ਕਵਿਤਾ ਬਾਰੇ ਭੰਬਲਭੂਸਾ ਇਸ ਕਰਕੇ ਪੈ ਜਾਂਦਾ ਹੈ ਕਿਉਂਕਿ ਇਸ ਦਾ ਮਾਧਿਅਮ ਆਮ ਸ਼ਬਦ ਹੀ ਹਨ। ਪਰ ਵਾਸਤਵ ਵਿੱਚ ਕਵਿਤਾ ਇੱਕ ਵੱਖਰੀ ਭਾਸ਼ਾ ਹੈ। ਫਰੈਂਚ ਕਵੀ ਪਾਲ ਵਲੇਰੀ ਨੇ ਕਵਿਤਾ ਦੀ ਪਰਿਭਾਸ਼ਾ ਦਿੰਦਿਆਂ ਕਿਤੇ ਲਿਖਿਆ ਹੈ ਕਿ ਕਵਿਤਾ ਭਾਸ਼ਾ ਅੰਦਰ ਇਕ ਹੋਰ ਭਾਸ਼ਾ ਹੁੰਦੀ ਹੈ। ਕਵਿਤਾ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ। ਇਹ ਵਾਸਤਵ ਵਿੱਚ ਕਿਵੇਂ ਅਸਰ ਕਰਦੀ ਹੈ, ਉਸ ਦੇ ਸਾਰੇ ਰਹੱਸ ਖੋਲ੍ਹਣੇ ਸੰਭਵ ਨਹੀਂ ਹਨ। ਕੁੱਝ ਲੋਕਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਚੁਟਕਲਾ ਕਿਵੇਂ ਕੰਮ ਕਰਦਾ ਹੈ। ਚੁਟਕਲੇ ਨਾਲ ਹਾਸਾ ਕਿਉਂ ਆਉਂਦਾ ਹੈ। ਭਾਵੇਂ ਇਸ ਦੀ ਕੁੱਝ ਵਿਆਖਿਆ ਕੀਤੀ ਜਾਂਦੀ ਹੈ। ਪਰ ਅਸਲ ਵਿੱਚ ਇਸ ਰਹੱਸ ਨੂੰ ਵੀ ਕੋਈ ਪੂਰੀ ਤਰਾਂ ਨਹੀਂ ਖੋਲ੍ਹ ਸਕਿਆ। ਕਵਿਤਾ ਦਾ ਰਹੱਸ ਇਸ ਤੋਂ ਕਿਤੇ ਗਹਿਰਾ ਹੈ। ਸ੍ਰੀ ਸ੍ਰੀ ਰਵੀ ਸ਼ੰਕਰ ਕਹਿੰਦੇ ਹਨ ਕਿ ਇਹ ਰਹੱਸ ਕਦੇ ਵੀ ਨਹੀਂ ਖੁਲ੍ਹੇਗਾ ਕਿ ਮੰਤਰ ਕਿਵੇਂ ਅਸਰ ਕਰਦੇ ਹਨ। ਕਵਿਤਾ ਦਾ ਰਹੱਸ ਕੁੱਝ ਅਜਿਹਾ ਹੀ ਹੈ। ਕਵਿਤਾ ਦੇ ਸਰੀਰ ਦੀ ਜੋ ਮੂਲ ਸਮੱਗਰੀ ਹੈ, ਉਹ ਹੋਂਦ ਦੇ ਕਿਸੇ ਦੂਸਰੇ ਪਸਾਰ ਜਾਂ ਅਯਾਮ ਦੇ ਪਦਾਰਥ ਹਨ। ਕੁੱਝ ਲੋਕ ਇਨ੍ਹਾਂ ਨੂੰ ਚੌਥੇ, ਪੰਜਵੇਂ ਜਾਂ ਛੇਵੇਂ ਪਸਾਰ ਕਹਿੰਦੇ ਹਨ। ਇਨਸਾਨ ਹੋਂਦ ਦੇ ਜਿਸ ਪੱਧਰ ਤੇ ਰਹਿੰਦਾ ਹੈ, ਉਸਦਾ ਅਨੁਭਵ ਸਿਰਫ ਤਿੰਨ ਪਸਾਰੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਨਸਾਨੀ ਅਨੁਭਵ ਵਿੱਚ ਇਸੇ ਕਰਕੇ ਇਲਹਾਮ ਦਾ ਸੰਕਲਪ ਆਇਆ। ਦੂਸਰੇ ਪਸਾਰਾਂ ਤੋਂ ਆਇਆ ਗਿਆਨ ਹੀ ਇਲਹਾਮ ਕਿਹਾ ਜਾਂਦਾ ਹੈ। ਇਹ ਸਿਰਫ ਕਵਿਤਾ ਵਿੱਚ ਨਹੀਂ ਹੁੰਦਾ ਬਲਕਿ ਸਮੁਚੇ ਆਰਟ ਵਿੱਚ ਮੌਜੂਦ ਰਹਿੰਦਾ ਹੈ। ਇਹ ਪਹਿਲੂ ਰਹੱਸਮਈ ਬਣਿਆ ਰਹੇਗਾ। ਇਸੇ ਕਰਕੇ ਕਵਿਤਾ ਲਿਖਣਾ ਜਾਂ ਸੱਚੀ ਕਲਾ ਪੈਦਾ ਕਰਨਾ ਸਾਧਨਾ ਵਰਗੀ ਪ੍ਰਕਿਰਿਆ ਰਹਿੰਦਾ ਹੈ। ਕਵੀਆਂ ਲਈ ਕਵਿਤਾ ਲਿਖਣਾ ਜੇ ਪ੍ਰੋਫੈਸ਼ਨ ਨਹੀਂ ਬਣਦਾ ਤਾਂ ਇਸ ਨੂੰ ਸਰਾਪ ਨਹੀਂ ਸਮਝਣਾ ਚਾਹੀਦਾ ਬਲਕਿ ਇਹ ਇੱਕ ਨੇਅਮਤ ਹੈ। ਅਸਲੀਅਤ ਇਹ ਹੈ ਕਿ ਕਸਬੀ ਹੋਕੇ ਸੁਹਿਰਦ ਕਵਿਤਾ ਲਿਖੀ ਹੀ ਨਹੀਂ ਜਾ ਸਕੇਗੀ। ਇਹ ਮੁਹੱਬਤ ਜਾਂ ਸਾਧਨਾ ਕਰਨ ਵਾਲੀ ਗੱਲ ਹੈ। ਮੁਹੱਬਤ ਤੇ ਸਾਧਨਾ ਪ੍ਰੋਫੈਸ਼ਨ ਨਹੀਂ ਹੋ ਸਕਦੇ। ਕਵਿਤਾ ਇਨਸਾਨੀ ਮਨ ਜਾਂ ਵਜੂਦ ਅੰਦਰਲੀਆਂ ਖੁਬਸੂਰਤ ਤਹਿਆਂ ਦੀ ਤਲਾਸ਼ ਹੈ। ਇਹ ਜਿੰਦਗੀ ਦੇ ਲੁਪਤ ਹੋਏ ਜਾਂ ਦੱਬੇ ਹੋਏ ਖੁਬਸੂਰਤ ਬਿੰਦੂਆਂ ਨੂੰ ਹਿਲਾਉਣਾ, ਸਹਿਲਾਉਣਾ ਤੇ ਜਗਾਉਣਾ ਹੈ, ਜਿਵੇਂ ਐਕਯੂਪੈਸ਼ਰ ਬਿੰਦੂਆਂ ਨੂੰ ਦਬਾਇਆ ਜਾਂਦਾ ਹੈ। ਵਾਸਤਵ ਵਿੱਚ ਸਮੁਚੀ ਕਲਾ ਹੀ ਸਾਧਨਾ ਦੀ ਤਰਾਂ ਆਤਮਿਕ ਵਿਕਾਸ ਦਾ ਮਾਧਿਅਮ ਹੈ। ਕਵਿਤਾ ਵੀ ਇਸੇ ਤਰਾਂ ਦਾ ਇੱਕ ਅਤਿ ਸੰਵੇਦਨਸ਼ੀਲ ਮਾਧਿਅਮ ਹੈ। (ਇਹ ਵੱਖਰੀ ਗੱਲ ਹੈ ਕਿ ਆਧੁਨਿਕ ਆਰਟ ਆਤਮਿਕ ਵਿਕਾਸ ਦੀ ਉਸ ਤਰਾਂ ਦੀ ਸਾਇੰਸ ਨਹੀਂ ਰਹੀ, ਜਿਸ ਤਰਾਂ ਦੀ ਪੁਰਾਤਨ ਯੁੱਗ ਵਿੱਚ ਸੀ। ਉਹ ਇੱਕ ਵੱਖਰਾ ਪਹਿਲੂ ਹੈ, ਜਿਸ ਦੀ ਚਰਚਾ ਕਿਤਾਬ ਦੇ ਆਖਰੀ ਭਾਗ ਵਿੱਚ ਕੀਤੀ ਗਈ ਹੈ )
ਇਹ ਦੇਖਿਆ ਗਿਆ ਹੈ ਕਿ ਸਾਰੇ ਵੱਡੇ ਆਧੁਨਿਕ ਕਵੀਆਂ, ਕਲਾਕਾਰਾਂ ਅੰਦਰ ਹਲਕਾ ਜਿਹਾ ਰਹੱਸਮਈ ਅੰਸ਼ ਆ ਜਾਂਦਾ ਹੈ। ਗਲਪ ਲੇਖਕਾਂ ਜਾਂ ਵਾਰਤਕ ਲੇਖਕਾਂ ਦੇ ਮੁਕਾਬਲੇ ਕਵੀਆਂ ਅੰਦਰ ਅਜਿਹੀ ਸੂਖਮਤਾ ਜਾਂ ਰਹੱਸਮਈ ਪਹਿਲੂ ਪ੍ਰਤੀ ਅਜਿਹੀ ਸੰਵੇਦਨਸ਼ੀਲਤਾ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਪ੍ਰਗਟਾਵੇ ਦਾ ਮਾਧਿਅਮ ਹੀ ਅਜਿਹਾ ਹੈ, ਜਿਹੜਾ ਲਗਾਤਾਰ ਉਨ੍ਹਾਂ ਨੂੰ ਉਨ੍ਹਾਂ ਪਸਾਰਾਂ ਵੱਲ ਖਿੱਚਦਾ ਜਾਂਦਾ ਹੈ, ਜਿਨ੍ਹਾਂ ਦੀ ਤਾਰ ਕਿਸੇ 'ਪਾਰਲੇ' ਸੰਸਾਰ ਨਾਲ ਜੁੜਦੀ ਹੈ। ਵਿਲੀਅਮ ਵਰਡਜ਼ਬਰਥ ਦੀ ਇੱਕ ਕਵਿਤਾ ਹੈ:
ਸਾਡੀ ਜ਼ਿੰਦਗੀ ਦਾ ਸਿਤਾਰਾ, ਸਾਡੀ ਆਤਮਾ
ਜੋ ਸਾਡੇ ਨਾਲ ਚੜ੍ਹਦੀ ਹੈ
ਇਸ ਦਾ ਟਿਕਾਣਾ ਕਿਤੇ ਹੋਰ ਹੈ
ਇਹ ਕਿਤੇ ਦੂਰੋਂ ਆਉਂਦੀ ਹੈ
ਸਾਨੂੰ ਨਾ ਸਾਰਾ ਕੁੱਝ ਭੁਲਿਆ ਹੈ
ਨਾ ਚੰਗੀ ਤਰਾਂ ਯਾਦ ਹੈ
ਬੱਸ ਨੂਰੀ ਬੱਦਲਾਂ ਦਾ ਪਿੱਛਾ ਕਰਦੇ ਹੋਏ
ਰੱਬ ਕੋਲੋਂ ਅਸੀਂ ਚਲੇ ਆਉਂਦੇ ਹਾਂ
ਜਿਹੜਾ ਕਿ ਸਾਡਾ ਘਰ ਹੈ।
ਜ਼ਿਆਦਾਤਰ ਪੁਰਾਤਨ ਸਾਹਿਤ ਅਤੇ ਦਰਸ਼ਨ ਇਨਸਾਨੀ ਜੀਵਨ ਨੂੰ ਬ੍ਰਹਿਮੰਡ ਦੇ ਅਨੰਤ ਪਸਾਰੇ ਦੀ ਸਮੁਚਤਾ ਵਿੱਚ ਦੇਖਦਾ ਹੈ। ਇਹ ਆਧੁਨਿਕ ਦੌਰ ਦੇ ਗਿਆਨ ਤੇ ਕਲਾ ਦੀ ਸਮੱਸਿਆ ਹੈ ਕਿ ਅਸੀਂ ਆਪਣੇ ਅਨੁਭਵ ਤੇ ਸੋਚ ਨੂੰ ਆਪਣੇ ਸੀਮਤ ਜਿਹੇ ਦੁਨਿਆਵੀ ਅਨੁਭਵ ਤੱਕ ਸੀਮਤ ਕਰ ਲਿਆ ਹੈ। ਪਰ ਇਨਸਾਨ ਦੀ ਰੂਹ ਉਸ ਸਮੁਚੀ ਬ੍ਰਹਿਮੰਡੀ ਹੋਂਦ ਦਾ ਅੰਗ ਹੈ। ਜਿਸ ਵੀ ਸੂਖਮ ਮਾਧਿਅਮ ਰਾਹੀਂ ਇਸ ਨੂੰ ਬਾਹਰ ਝਾਕਣ ਦਾ ਮੌਕਾ ਮਿਲਦਾ ਹੈ, ਇਹ ਆਪਣੇ ਸਾਰੇ ਰੰਗਾਂ ਰਾਹੀਂ ਪ੍ਰਗਟ ਹੁੰਦੀ ਹੈ। ਸਾਨੂੰ ਸ਼ਾਇਦ ਇਹ ਪਹਿਲੂ ਹੀ ਰਹੱਸਮਈ ਲੱਗਦਾ ਹੈ।
...........
ਨਵੀਂ ਪੰਜਾਬੀ ਕਵਿਤਾ ਵਿੱਚ ਇੱਕ ਖੁਬਸੂਰਤ ਮੋੜ ਅਚੇਤੇ ਹੀ ਆ ਰਿਹਾ ਹੈ। ਇਸ ਵਿੱਚ ਜ਼ਿੰਦਗੀ ਦੇ ਰਹੱਸਮਈ ਪਹਿਲੂਆਂ ਤੇ ਖੂਬਸੂਰਤ ਪੁਰਾਤਨਤਾ ਪ੍ਰਤੀ ਇੱਕ ਸੰਵੇਦਨਸ਼ੀਲਤਾ ਜਾਗਣ ਲੱਗੀ ਹੈ। ਆਧੁਨਿਕ ਪੰਜਾਬੀ ਕਵਿਤਾ ਦੇ ਇੱਕ ਸੰਗ੍ਰਹਿ 'ਸਦੀ ਦੀਆਂ ਤਰਕਾਲਾਂ' ਦੀ ਭੂਮਿਕਾ ਵਿੱਚ ਸੁਰਜੀਤ ਪਾਤਰ ਹੋਰਾਂ ਨੇ ਇਸ ਰੁਝਾਨ ਦੀ ਨਿਸ਼ਾਨਦੇਹੀ ਕਰਦਿਆਂ ਲਿਖਿਆ ਹੈ:
ੌ''ਵੀਹਵੀਂ ਸਦੀ ਦੀਆਂ ਤਰਕਾਲਾਂ ਤੇ ਸ਼ਾਇਦ ਅਸੀਂ ਕੁੱਝ ਸਹਿਜ, ਨਿਰਉਚੇਚ, ਪ੍ਰਾਕਿਰਤਕ, ਸੁਪਨਮਈ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ਾਇਦ ਅਸੀਂ ਘਰਾਂ ਵੱਲ, ਜੜ੍ਹਾਂ ਨੂੰ ਮੁੜ ਰਹੇ ਹਾਂ। ਸ਼ਾਇਦ ਅਸੀਂ ਤਰਕ ਨੂੰ ਸਭ ਕੁੱਝ ਮੰਨਣ ਦੀ ਰੁਚੀ ਨੂੰ ਤਰਕ ਕਰ ਰਹੇ ਹਾਂ।" ਇਹ ਕੋਈ ਅਜਿਹਾ ਰੁਝਾਨ ਨਹੀਂ ਹੈ ਜਿਹੜਾ ਵਿਕੋਲਿਤਰੇ ਰੂਪ ਵਿੱਚ ਕਿਸੇ ਇੱਕ ਦੋ ਸ਼ਾਇਰਾਂ ਦੀ ਕਵਿਤਾ ਵਿੱਚ ਨਜ਼ਰ ਆ ਰਿਹਾ ਹੋਵੇ ਬਲਕਿ ਨਵੇਂ ਆ ਰਹੇ ਤਕਰੀਬਨ ਸਾਰੇ ਹੀ ਸ਼ਾਇਰਾਂ ਚ ਕਿਤੇ ਨਾ ਕਿਤੇ ਅਜਿਹੀਆਂ ਝਲਕਾਂ ਮਿਲ ਜਾਂਦੀਆਂ ਹਨ। ਫਰਕ ਸਿਰਫ ਐਨਾ ਕੁ ਹੈ ਕਿ ਕਿਤੇ ਅਜਿਹੀਆਂ ਝਲਕਾਂ ਜ਼ਿਆਦਾ ਹਨ ਅਤੇ ਕਿਤੇ ਘੱਟ। ਕਿਤੇ ਅਜਿਹਾ ਰੁਝਾਨ ਕਾਫੀ ਪ੍ਰਤੱਖ ਰੂਪ ਵਿੱਚ ਨਜ਼ਰ ਆ ਜਾਂਦਾ ਹੈ ਅਤੇ ਕਿਤੇ ਇਹ ਸੂਖਮ ਤੇ ਜਟਿਲ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਅਜਿਹੇ ਅੰਸ਼ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ ਜਿਹੇ ਸ਼ਾਇਰਾਂ ਅੰਦਰ ਪਹਿਲਾਂ ਹੀ ਸਨ ਅਤੇ ਜਸਵੰਤ ਸਿੰਘ ਨੇਕੀ, ਸੋਹਣ ਕਾਦਰੀ, ਨਵਤੇਜ ਭਾਰਤੀ ਤੇ ਹਰਿੰਦਰ ਸਿੰਘ ਮਹਿਬੂਬ ਵਰਗੇ ਸ਼ਾਇਰ ਦੇਰ ਤੋਂ ਚੁਪ ਚੁਪੀਤੇ ਅਜਿਹੀ ਸ਼ਾਇਰੀ ਕਰਦੇ ਆ ਰਹੇ ਸਨ। ਪਰ ਉਹ ਦੌਰ ਅਜਿਹਾ ਸੀ, ਜਦੋਂ ਅਜਿਹੀ ਸ਼ਾਇਰੀ ਹਾਸ਼ੀਏ ਤੇ ਹੀ ਰਹਿੰਦੀ ਸੀ। ਕੁੱਝ ਅਰਸੇ ਤੋਂ ਇਸ ਤਰਾਂ ਦਾ ਅੰਸ਼ ਨਵੇਂ ਸ਼ਾਇਰਾਂ ਵਿੱਚ ਵੀ ਪ੍ਰਤੱਖ ਦਿਸਣ ਲੱਗਾ ਹੈ। ਸੁਰਜੀਤ ਪਾਤਰ, ਅੰਬਰੀਸ਼, ਅਜਮੇਰ ਰੋਡੇ, ਜਸਵੰਤ ਦੀਦ, ਵਰਿੰਦਰ ਪਰਿਹਾਰ, ਸੁਰੋਦ ਸੁਦੀਪ, ਪਰਮਜੀਤ ਸੋਹਲ, ਵਿਜੇ ਵਿਵੇਕ, ਸੁਖਪਾਲ, ਸਵਰਨਜੀਤ ਸਵੀ, ਸ਼ੀਰੀਨ ਅਨੰਦਿਤਾ, ਨੀਰੂ ਅਸੀਮ, ਅਮਰਜੀਤ ਘੁੰਮਣ, ਗੁਰਪ੍ਰੀਤ, ਦੇਵਨੀਤ, ਦਰਸ਼ਨ ਬੁੱਟਰ, ਸੇਵਾ ਸਿੰਘ ਭਾਸ਼ੋ, ਸੁਖਦੇਵ ਨਡਾਲੋਂ, ਨਵਦੀਪ ਚਹਿਲ ਦੀ ਕਵਿਤਾ ਵਿੱਚ ਬਹੁਤ ਸੂਖਮ ਰੂਪ ਵਿੱਚ ਇਸ ਤਰਾਂ ਦੇ ਝਲਕਾਰੇ ਮਿਲ ਜਾਂਦੇ ਹਨ। ਇਸ ਤਰਾਂ ਦੀ ਨਵੀਂ ਕਵਿਤਾ ਦੇ ਕੁੱਝ ਨਮੂਨੇ ਦੇਖਦੇ ਹਾਂ:
ਪਤਾ ਨਾ ਲੱਗੇ ਇਹ ਚੰਨ ਤਾਰੇ
ਬਦਨ ਹੈ ਜਾਂ ਕਿ ਲਿਬਾਸ ਤੇਰਾ
ਤੂੰ ਅਪਣੀ ਕੁਦਰਤ ਤੇ ਅਪਣੇ ਵਿਚਲਾ
ਇਹ ਪਰਦਾ ਇਉਂ ਹੀ ਮਹੀਨ ਰੱਖੀਂ
......
ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ ਚ ਪਰਤੀਏ
ਕੱਲ੍ਹ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿੱਚ ਤਜ਼ਕਰੇ
.......
ਜੋ ਜਾਣਦੇ ਨ ਉਸ ਨੂੰ
ਉਹ ਖਾਕ ਜਾਣਦੇ ਨੇ
ਜੋ ਜਾਣਦੇ ਉਨ੍ਹਾਂ ਲਈ
ਉਹ ਤਾਰਿਆਂ ਦੀ ਲੋਅ ਹੈ ( ਪਾਤਰ)
.........
ਮੈਂ ਕਵਿਤਾ ਜੋੜਦਾ ਨਹੀਂ
ਬਸ ਸ਼ਬਦਾਂ ਉਤੋਂ ਕਰਮ ਧਰਮ
ਤੇ ਕਾਲ ਅਕਾਲ ਦੀ
ਸੁਆਹ ਹੀ ਝਾੜਦਾ ਹਾਂ
ਉਹ ਆਪੇ ਹੀ ਆਪਣੀ ਲੋਅ ਵਿੱਚ
ਦਗ ਉਠਦੇ ਹਨ
........
ਤੂੰ ਸ੍ਰਿਸ਼ਟੀ ਦੇ ਪਸਾਰ ਵਿੱਚ
ਥਾਂ ਥਾਂ ਮੋਤੀਆਂ ਵਾਂਗ ਬਿਖਰੀ ਪਈ ਹੈਂ
ਬਨਸਪਤੀ ਦੀ ਤਰਲਤਾ ਵਿੱਚ
ਜੀਵ ਜੰਤੂਆਂ ਦੀ ਮਿੱਟੀ ਵਿੱਚ
ਤੇਰੀ ਲੋਅ ਹੈ ( ਨਵਤੇਜ ਭਾਰਤੀ)
ਸਾਰੀਆਂ ਬਨਸਪਤੀਆਂ ਸ਼ਬਦ ਨੇ
ਸਾਰੇ ਜੀਅ ਜੰਤ ਅਲੰਕਾਰ
ਕੁਦਰਤ ਲੈਅ ਹੈ
ਸਮਾਂ ਤਾਲ ਹੈ
ਦਸੇ ਦਿਸ਼ਾਵਾਂ ਨੇ ਛੰਦ ਬੰਦੀਆਂ
........
ਸ਼ਾਹਰਗ ਤੀਕ ਲਰਜ਼ਦੇ ਪਾਣੀ
ਚੰਨ ਸੂਰਜ ਦੀ ਖੇਡ ਵਿਡਾਣੀ
ਜੋਤ ਨੂਰਾਨੀ, ਝਾਲ ਝਲਾਣੀ
ਦਿਸਦੀ ਦਸਵੇਂ ਦੁਆਰ ( ਪਰਮਜੀਤ ਸੋਹਲ)
ਅੰਬਰ ਥਾਲੀ ਚੰਨ ਦਾ ਟਿੱਕਾ
ਤਾਰੇ ਚਿੱਟੇ ਚੌਲ
ਸੂਰਜ ਮੁੱਕਰੇ ਨਿੱਤ ਦਿਹਾੜੀ
ਕਰਕੇ ਮਿਲਣ ਦਾ ਕੌਲ
ਤੇ ਅੱਲਾ ਸੌਂ ਰਿਹਾ ( ਜਸਵੰਤ ਦੀਦ)
ਸ੍ਰਿਸ਼ਟੀ ਦੇ ਗ੍ਰਹਿ, ਉਪ ਗ੍ਰਹਿ
ਸਭ ਦੇ ਸਭ
ਪਿਆਰ ਚ ਆਏ
ਬੱਚਿਆਂ ਦੇ ਸਿਰਾਂ ਤੇ
ਟਿਕ ਗਏ ਨੇ ਖਿੱਲਾਂ ਵਾਂਗ
ਮਾਰਗ ਜੋ ਕੱਲ੍ਹ
ਸੁੰਨਮ ਸੁੰਨਾ ਸੀ
ਭਰ ਗਿਆ ਹੈ
ਫੁੱਲਾਂ ਨਾਲ, ਫਲਾਂ ਨਾਲ ( ਸੁਰੋਦ ਸੁਦੀਪ)
ਮੈਨੂੰ ਭਾਲ ਨਾ ਮਹਿਸੂਸ ਕਰ
ਮੇਰਾ ਸੇਕ ਸਹਿ, ਮੇਰ ਦਰਦ ਜਰ
ਤੇਰੇ ਐਨ ਦਿਲ ਵਿੱਚ ਧੜਕਦੀ
ਕੋਈ ਰਗ ਮੈਂ ਬਹੁਤ ਮਹੀਨ ਹਾਂ। ( ਸੁਖਵਿੰਦਰ ਅੰਮ੍ਰਿਤ)
ਸ਼ਬਦਾਂ ਚ ਛੁਪਕੇ ਬੈਠਦਾ ਹੈ ਵਿਸਫੋਟ
ਕਿ ਜਿਵੇਂ ਬੱਦਲਾਂ ਤੇ ਪੱਥਰਾਂ ਚ
ਛੁਪੇ ਰਹਿੰਦੇ ਨੇ ਅਨੇਕਾਂ ਅਕਾਰ
ਮੈਂ ਤੇਰੇ ਵਿੱਚ ਇੰਜ ਵਸਣਾ ਚਾਹੁੰਦਾ ਹਾਂ
ਕਿ ਜਿਵੇਂ ਖਲਾਅ ਚ ਵਸਿਆ ਹੁੰਦਾ ਹੈ
ਸ਼ਬਦ ਬ੍ਰਹਿਮੰਡ ਤੇ ਧੁਨੀਆਂ ਦਾ ਸੰਸਾਰ ( ਸਵਰਨਜੀਤ ਸਵੀ)

ਮੈਂ ਧਰਤੀ ਨੂੰ ਪਿਆਰ ਕਰਦਾ ਹਾਂ
ਜਾਂ ਧਰਤੀ ਕਰਦੀ ਹੈ ਮੈਨੂੰ
ਕੀ ਇਸੇ ਦਾ ਨਾਂ ਹੈ ਪਿਆਰ
ਮੈਂ ਕਿਤੇ ਵੀ ਜਾਵਾਂ
ਮੇਰੇ ਸਿਰ ਤੇ ਤਣਿਆ ਹੁੰਦਾ ਹੈ
ਅਕਾਸ਼
ਮੈਂ ਅਕਾਸ਼ ਨੂੰ ਪਿਆਰ ਕਰਦਾ ਹਾਂ
ਜਾਂ ਅਕਾਸ਼ ਕਰਦਾ ਹੈ ਮੈਨੂੰ
ਕੀ ਇਸੇ ਦਾ ਨਾਂ ਹੈ ਪਿਆਰ ( ਗੁਰਪ੍ਰੀਤ)
ਸ਼ਬਦ
ਹਾਜੀ ਸਾਰੇ ਦੇ ਸਾਰੇ
ਕਿਹੜੇ ਹੱਜਾਂ ਨੂੰ ਤੁਰਦੇ
ਕਿਹੜੇ ਮੱਕਿਆਂ ਨੂੰ ਤੁਰਦੇ
ਹੱਜ ਹਾਜੀ ਮੱਕੇ
ਤੁਰਨ ਲੱਗਦੇ
ਤੁਰਦੇ ਤੁਰਦੇ ਜਾਂਦੇ
ਆਪਣੇ ਤੋਂ ਬਾਹਰ
ਆਪਣੇ ਹੀ ਅੰਦਰ
ਇੱਕ ਦੂਜੇ ਵੱਲ
ਇੱਕ ਦੂਜੇ ਦੇ ਨਾਲ ਨਾਲ
ਹੱਜ ਫੈਲਣ ਲੱਗਦੇ
ਫੈਲਦੇ ਜਾਂਦੇ
ਧਰਤ ਦੀਆਂ ਕੰਨੀਆਂ ਮੇਲਦੇ ( ਦੇਵਨੀਤ)

ਤੇ ਪਾਰ ਜਾਕੇ ਤਾਂ ਰਾਹ ਹੀ ਸਿਧਾ ਹੈ
ਨਾ ਹਨੇਰਾ ਹੈ ਨਾ ਦੁਚਿਤੀ
ਨਾ ਸਿਰ ਤੇ ਤੇਰੇ ਅਕਾਸ਼ ਡੋਲੇ
ਨਾ ਪੈਰਾਂ ਹੇਠੋਂ ਜ਼ਮੀਨ ਸਰਕੇ
.......
ਪੂਰਨ ਹੈ ਤੇਰੇ ਨਾਲ ਕਾਇਨਾਤ ਦਾ ਜ਼ਹੂਰ
ਖੁਦ ਨੂੰ ਕਦੀ ਪਹਿਚਾਣ ਵੇ ਅੱਧਿਆ ਅਧੂਰਿਆ
........
ਭਲਾ ਹੈ ਪਾਣੀਆਂ ਹੇਠਾਂ ਹਮੇਸ਼ਾ ਰੇਤ ਰਹੀ
ਭਲਾ ਹੈ ਭੇਤ ਦੀ ਇਹ ਗੱਲ ਹਮੇਸ਼ਾ ਭੇਤ ਰਹੀ
ਕਿ ਤੇਰਾ ਜ਼ਿਕਰ ਜੇ ਲਫਜ਼ਾਂ ਦੇ ਵਿੱਚ ਸਮਾ ਸਕਦਾ
ਤਾਂ ਹੁਣ ਨੂੰ ਕਹਿ ਲਿਆ ਹੁੰਦਾ, ਸੁਣਾ ਲਿਆ ਹੁੰਦਾ ।
ਭਲਾ ਹੈ ਰੇਤ ਦੇ ਹੇਠਾਂ ਲਰਜ਼ਦੇ ਪਾਣੀ ਸਨ
ਸੁਣਦੀਆਂ, ਦਿਸਦੀਆਂ ਚੀਜ਼ਾਂ ਮਹਿਜ਼ ਕਹਾਣੀ ਸਨ
ਨਹੀਂ ਤਾਂ ਪਾਠੀਆਂ ਪੁਸਤਕ ਚੋਂ ਪੜ੍ਹ ਲਿਆ ਹੁੰਦਾ
ਨਹੀਂ ਤਾਂ ਰਾਗੀਆਂ ਸਾਜ਼ਾਂ ਤੇ ਗਾ ਲਿਆ ਹੁੰਦਾ। ( ਵਿਜੇ ਵਿਵੇਕ)
ਕਿੰਨੀਆਂ ਹੀ ਧਿਆਨ ਵਿਧੀਆਂ ਨੇ
ਆਪਣੇ ਅੰਦਰ ਪ੍ਰਵੇਸ਼ਣ ਲਈ
ਕੂੜਾ ਕਰਕਟ
ਬਾਹਰ ਸੁੱਟਣ ਲਈ
ਆਪਣਾ ਆਪਾ
ਖਾਲੀ ਦੇਖਣ ਲਈ
ਪਰ
ਮੈਂ ਤੇ
ਕਲਮ ਫੜੀ
ਕਵਿਤਾ ਦੀ ਆਮਦ ਨੁੰ ਤੱਕਦਾਂ
ਕਵਿਤਾ ਮੈਨੂੰ ਧਿਆਨ ਬਖਸ਼ਦੀ
ਸਮਾਧੀ ਦਾ ਅਹਿਸਾਸ ਬਖਸ਼ਦੀ
...........
ਉਹ ਚਾਹੁੰਦੀ ਹੈ
ਉਸ ਨੂੰ ਹੀ ਪੜ੍ਹਾਂ
ਉਸਦਾ ਹੀ ਚਿੰਤਨ ਕਰਾਂ
ਉਸ ਵਿੱਚ ਹੀ ਡੁੱਬਾਂ
ਉਸ ਵਿੱਚ ਹੀ ਮਰਾਂ
ਪਰ ਮੈਂ ਕਹਿੰਦਾਂ
ਉਹ ਮਾਧਿਅਮ ਹੋਵੇ
ਮੈਂ ਵਹਿ ਜਾਵਾਂ
ਉਸ ਤੋਂ ਵੀ ਪਰਾਂ ( ਸੁਖਦੇਵ ਨਡਾਲੋ)
ਮਨੁਖ ਦੇ ਵੀ ਅੰਦਰ ਹੁੰਦਾ ਹੈ
ਧੁੱਪ ਦਾ ਇੱਕ ਹਿੱਸਾ
ਧੁੱਪ ਦਾ ਇੱਕ ਟੋਟਾ
ਸਫਰ ਸ਼ਬਦਾਂ ਦਾ ਵੀ
ਤੇ ਸ਼ਬਦ ਸੰਸਾਰ ਦਾ ਕੋਈ ਕੋਸ਼
ਸਿਮਟਿਆ ਹੁੰਦਾ
ਛੁਪਿਆ ਹੁੰਦਾ
ਇਕੋ ਹੀ ਬਿੰਦੂ ਚ....... ( ਸੇਵਾ ਸਿੰਘ ਭਾਸ਼ੋ)
ਤੂੰ ਸਾਗਰ ਹੈਂ
ਮੈਂ ਦਰਿਆ
ਮੈਂ ਜੋ ਕਦੀ
ਪਾਗਲ ਵੇਗ ਸਾਂ ਪਹਾੜਾਂ ਦਾ
ਖੌਰੂ ਸਾਂ ਝਰਨਿਆਂ ਦਾ
ਹੜ੍ਹ ਸਾਂ ਬਿਫਰਿਆ
ਹੁਣ ਠਹਿਰ ਗਿਆ ਹਾਂ
ਬਸ ਕਦਮ ਕਦਮ ਟੁਰਦਾ ਤੇਰੇ ਵੱਲ
.......
ਤੇਰੇ ਵਿੱਚ ਹੁਣੇ ਹੀ ਨਹੀਂ ਸਮਾਅ ਸਕਦਾ ਮੈਂ
ਹਾਲੇ ਮੈਂ ਨਿਤਰਨਾ ਹੈ
ਤੇਰੇ ਵਿੱਚ ਸਮਾਉਣ ਜੋਗਾ ਹੋਣਾ ਹੈ
'ਮੈਂ' ਤੋਂ ਬਦਲ ਕੇ 'ਆਪਣਾ ਆਪ' ਹੋਣਾ ਹੈ ( ਸੁਖਪਾਲ )

ਰੱਬ ਨੂੰ ਲੱਭਣ ਲਈ
ਦਾਨਿਸ਼ਮੰਦਾਂ ਨੇ
ਕੁੱਝ ਬਾਰੀਆਂ ਬੂਹੇ ਬਣਾ ਦਿੱਤੇ
ਤਾਂ ਕਿ ਜੋ ਵੀ ਚਾਹੇ
ਰੱਬ ਨੂੰ ਲੱਭ ਲਵੇ-
ਬਿਨਾਂ ਕੋਈ ਸਵਾਲ ਪੁੱਛੇ
ਇੱਕ ਚੁਪ ਦਾ ਮੁਹਤਾਜ
ਹੱਥ ਫੜਕੇ ਕੋਈ ਨਹੀਂ ਲੈ ਜਾਵੇਗਾ
ਕਿ ਵੇਖ, ਉਹ ਰੱਬ ਬੈਠਾ ਹੈ-
ਖੁਦ ਹੀ ਵੇਖਣਾ ਸਮਝਣਾ ਪਵੇਗਾ
ਹੋ ਸਕਦਾ ਹੈ, ਰੱਬ ਨਾ ਵੀ ਮਿਲੇ
ਤੇ ਤੇਰੇ ਲੱਭਣ ਵਿੱਚ
ਕੋਈ ਕਸਰ ਰਹਿ ਜਾਵੇ
ਸ਼ਾਇਦ ਤੂੰ
ਵੇਖ ਕੇ ਪਛਾਣ ਨਾ ਸਕੇਂ
ਕਿਉਂਕਿ ਇਨ੍ਹਾਂ ਬੂਹੇ ਬਾਰੀਆਂ ਦੇ
ਬਿਲਕੁਲ ਵਿਚਾਲੇ
ਕੁੱਝ ਜਗ੍ਹਾ ਖਾਲੀ ਹੈ ( ਸ਼ੀਰੀਨ ਅਨੰਦਿਤਾ)
ਮੇਰੇ ਮਨ ਚੋਂ ਸਮੀਖਿਆਵਾਂ
ਮਿਟ ਰਹੀਆਂ ਨੇ
ਮਿਟ ਰਹੀਆਂ ਨੇ ਤਸਵੀਰਾਂ
ਮੇਲਿਆਂ ਚ
ਛੜੱਪੇ ਮਾਰਦੇ
ਘੋੜਿਆਂ ਤੇ ਬੈਠਿਆਂ ਦੀਆਂ
ਤਲੀਆਂ ਤੇ ਉਕਰੇ ਨਾਵਾਂ ਦੀ
ਸਿਆਹੀ ਘੁਲ ਰਹੀ ਹੈ
ਅਸਤਦੇ ਜਾ ਰਹੇ ਨੇ
ਇਕੋ ਵੇਲੇ
ਚੜ੍ਹੇ ਹੋਏ ਹਜ਼ਾਰਾਂ ਸੂਰਜ
ਘੁਪ ਹਨੇਰੇ ਚ
ਸਹਿਜਤਾ ਦੀ
ਅੱਖ ਖੁਲ੍ਹ ਰਹੀ ਹੈ

ਦਰਸ਼ਨ ਹੋਏ ਨੇ......
ਸਮੀਖਿਆਵਾਂ ਰਹਿਤ
ਸੁਜਾਖੇ ਦਰਸ਼ਨ.... ( ਨੀਰੂ ਅਸੀਮ)
ਮਹਾਂ ਅਕਾਸ਼
ਮਹਾਂ ਇਕਾਂਤ
ਮਹਾ ਮੌਨ
ਮਹਾ ਅਨੰਦ
ਮੇਰੀ ਮੰਜ਼ਿਲ ਦੇ ਕੁੱਝ ਨਿਸ਼ਾਨ ਹਨ
ਸੰਕੇਤ ਹਨ ( ਨਵਦੀਪ ਚਹਿਲ)
ਨਹੀਂ ਨਾਸ਼ਮਾਨ
ਦੇਹੀ ਤੇਰੀ ਮੇਰੀ
ਛੋਹ ਲਿਆ ਤੂੰ ਇਸ ਨੂੰ
ਨਾਲ ਅਣਛੋਹੀ ਛੋਹ
ਅਮੋੜ ਮਨ
ਹੋਇਆ ਨਤਮਸਤਕ
ਖੁਲ੍ਹਾ ਤੀਸਰਾ ਨੇਤਰ
ਵਹਿ ਤੁਰੀ ਅਦਿਖ
ਦਿੱਬ ਸ਼ਕਤੀ
ਟੁੱਟ ਨਾਭੀ ਬੰਧਨ ( ਦਲਵੀਰ ਕੌਰ)
ਇੱਕ ਸੱਚ ਜੋ ਸੱਚਮੁਚ
ਹਰ ਤਰਕ ਤੋਂ ਪਰ੍ਹੇ
ਹਰ ਦਲੀਲ ਤੋਂ ਮੁਕਤ
ਤੇ ਹਰ ਪਰਵਾਜ਼ ਤੋਂ ਉੱਚਾ ਹੈ
ਉਹ ਮੇਰੀ ਭਾਵਨਾ ਦਾ ਸੱਚ ਹੈ
ਹਾਂ ਮੈਂ ਬਿੰਦੂ ਹਾਂ
ਸਭ ਤੋਂ ਮਹੀਨ ਬਿੰਦੂ
ਜਿਹਦੀ ਚਾਹਤ
ਜਿਹਦਾ ਸਕੂਨ
ਸਿਰਫ ਤੂੰ
ਤੇ ਉਹ ਵੀ ਪੂਰਾ
ਟੁਕੜਿਆਂ ਚ ਨਹੀਂ। ( ਜਸਲੀਨ ਕੌਰ)
ਲੱਗਦਾ ਹੈ ਕਿ ਅਸੀਂ ਸਹਿਜ ਰੂਪ ਵਿੱਚ ਹੀ, ਹੌਲੀ ਹੌਲੀ ਆਪਣੇ ਗੁਆਚੇ ਹੋਏ ਖਜ਼ਾਨੇ ਵੱਲ ਮੁੜ ਰਹੇ ਹਾਂ। ਕਿਸੇ ਨੇ ਰੂਹਾਨੀ ਜਾਂ ਬ੍ਰਹਿਮੰਡੀ ਚੇਤਨਾ ਦੀ ਬੜੀ ਸਰਲ ਵਿਆਖਿਆ ਕੀਤੀ ਹੈ। ਉਹ ਕਹਿੰਦੇ ਹਨ ਕਿ ਜਦੋਂ ਅਸੀਂ ਆਪਣੇ ਆਪ ਨੂੰ ਆਪਣਾ ਸਰੀਰ ਸਮਝਦੇ ਹਾਂ ਅਤੇ ਬਾਕੀ ਬ੍ਰਹਿਮੰਡ ਤੋਂ ਆਪਣੀ ਵੱਖਰੀ ਹੋਂਦ ਸਮਝਦੇ ਹਾਂ, ਉਹ ਹੇਠਲੇ ਪੱਧਰ ਦੀ ਦੁਨਿਆਵੀ ਚੇਤਨਾ ਹੈ। ਜਦੋਂ ਅਸੀਂ ਇਹ ਗੱਲ ਸਿਰਫ ਸਮਝਦੇ ਨਹੀਂ ਬਲਕਿ ਮਹਿਸੂਸ ਕਰਨ ਲੱਗਦੇ ਹਾਂ ਕਿ ਅਸੀਂ ਸਮੁਚੇ ਬ੍ਰਹਿਮੰਡ ਨਾਲ ਬਹੁਤ ਅਖੰਡ ਰੂਪ ਵਿੱਚ ਜੁੜੇ ਹੋਏ ਹਾਂ ਅਤੇ ਉਸ ਤੋਂ ਕਿਸੇ ਵੀ ਤਰਾਂ ਵੱਖ ਨਹੀਂ ਹਾਂ, ਉਦੋਂ ਬ੍ਰਹਿਮੰਡੀ ਚੇਤਨਾ ਵਾਪਰਦੀ ਹੈ। ਨਵੀਂ ਪੰਜਾਬੀ ਸ਼ਾਇਰੀ ਵਿੱਚ ਅਜਿਹੀ ਸੋਝੀ ਅਤੇ ਸੰਵੇਦਨਾ ਵਿਕਸਤ ਹੋ ਰਹੀ ਹੈ ਅਤੇ ਇਹ ਸਾਰੇ ਨਵੇਂ ਸ਼ਾਇਰਾਂ ਵਿੱਚ ਦੇਖੀ ਜਾ ਸਕਦੀ ਹੈ। ਅਜਿਹਾ ਅਨੁਭਵ ਉਨ੍ਹਾਂ ਕੋਲ ਸਹਿਜ ਰੂਪ ਵਿੱਚ ਹੀ ਆ ਰਿਹਾ ਹੈ। ਹੋ ਸਕਦਾ ਹੈ ਕਿ ਅਸੀਂ ਫੇਰ ਤੋਂ ਆਪਣੇ ਉਸ ਗੁਆਚ ਚੁੱਕੇ ਗਿਆਨ ਅਤੇ ਅਨੁਭਵ ਵੱਲ ਦੁਬਾਰਾ ਤੋਂ ਪਰਤ ਰਹੇ ਹੋਈਏ। ਜੋ ਕੁੱਝ ਹਵਾਲੇ ਅਸੀਂ ਨਵੇਂ ਸ਼ਾਇਰਾਂ ਦੀ ਕਵਿਤਾ ਵਿੱਚੋਂ ਲਏ ਹਨ, ਸ਼ਾਇਦ ਇਹ ਉਸ ਆ ਰਹੇ ਯੁਗ ਦੀ ਮਹਿਜ਼ ਇੱਕ ਹਲਕੀ ਜਿਹੀ ਮੁਢਲੀ ਝਲਕ ਹਨ। ਸ਼ਾਇਦ ਇਸੇ ਕਰਕੇ ਕਵੀਆਂ ਨੂੰ ਯੁਗ ਦ੍ਰਿਸ਼ਟਾ ਵੀ ਕਿਹਾ ਜਾਂਦਾ ਹੈ।
..............
ਇਸ ਸੰਗ੍ਰਹਿ ਵਿੱਚ ਸ਼ਾਮਲ ਕਵਿਤਾਵਾਂ 1990 ਤੋਂ ਲੈ ਕੇ 2009 ਤੱਕ ਦੇ ਲੰਬੇ ਅਰਸੇ ਦੌਰਾਨ ਲਿਖੀਆਂ ਗਈਆਂ ਹਨ। ਇਹ ਕਵਿਤਾਵਾਂ ਕਿਸੇ ਵੀ ਤਰਾਂ ਉਸ ਸਾਹਿਤ ਜਾਂ ਕਲਾ ਦੇ ਵਰਗ ਵਿੱਚ ਨਹੀਂ ਰੱਖੀਆਂ ਜਾ ਸਕਦੀਆਂ, ਜਿਸ ਨੂੰ ਕੁੱਝ ਲੋਕਾਂ ਨੇ ਔਬਜੈਕਟਿਵ ਕਲਾ ( ਦੇਖੋ ਲੇਖ ' ਆਦਿ ਕਲਾ ਦੀ ਤਲਾਸ਼' ) ਕਿਹਾ ਹੈ। ਬਾਕੀ ਆਧੁਨਿਕ ਕਵਿਤਾ ਦੀ ਤਰਾਂ ਇਹ ਵੀ ਸਬਜੈਕਟਿਵ ਕਵਿਤਾ ਹੈ। ਕੁੱਝ ਲੋਕ ਅਜਿਹੇ ਸਾਹਿਤ ਨੂੰ ਭਾਵਨਾਵਾਂ ਦੀ ਖਲਾਸੀ ਦਾ ਸਾਹਿਤ ਵੀ ਕਹਿੰਦੇ ਹਨ। ਮੇਰਾ ਇਹ ਅਕੀਦਾ ਤੇ ਸਮਝ ਹੈ ਕਿ ਆਧੁਨਿਕ ਦੌਰ ਤੇ ਅਸੀਂ ਲੋਕ ਚੇਤਨਾ ਦੇ ਜਿਸ ਪੱਧਰ ਤੇ ਜਿਊਂਦੇ ਹਾਂ, ਇਸ ਵਿੱਚ ਰਹਿ ਕੇ ਅਸੀਂ ਉਸ ਕਲਾ ਜਾਂ ਸਾਹਿਤ ਦੀ ਸਿਰਜਣਾ ਨਹੀਂ ਕਰ ਸਕਦੇ, ਜਿਸ ਨੂੰ ਔਬਜੈਕਟਿਵ ਕਲਾ ਕਿਹਾ ਜਾਂਦਾ ਹੈ। ਸਾਡੀ ਸਭਿਅਤਾ ਦੇ ਲੋਕ ਚੇਤਨਾ ਦੀ ਉਸ ਬੁਲੰਦੀ ਤੋਂ ਕਦੋਂ ਦੇ ਡਿੱਗ ਚੁੱਕੇ ਹਨ। ਕਾਫੀ ਦੇਰ ਤਾਂ ਸਾਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਅਸੀਂ ਡਿੱਗੇ ਹੋਏ ਹਾਂ। ਹੁਣ ਕੁ ਜਾਕੇ ਸਾਨੂੰ ਇਸ ਦਾ ਕੁੱਝ ਅਹਿਸਾਸ ਹੋਣ ਲੱਗਾ ਹੈ। ਉਸ ਉਚਾਈ ਨੂੰ ਛੂਹਣ ਦੀ ਤਾਂਘ ਸਾਡੇ ਵਿੱਚ ਫਿਰ ਜਾਗ ਪਈ ਹੈ। ਇਸ ਸੰਗ੍ਰਹਿ ਦੀ ਕਵਿਤਾ ਸਿਰਫ ਇਸ ਤਰਾਂ ਦੇ ਅਹਿਸਾਸ ਦੀ ਕਵਿਤਾ ਹੈ। ਇਹ ਕਵਿਤਾ ਚੇਤਨਾ ਦੇ ਉਸ ਪੱਧਰ ਲਈ ਤੜਫ ਦੀ ਕਵਿਤਾ ਹੈ। ਇਹ ਗੁਆਚ ਚੁੱਕੇ ਦੀ ਭਾਲ ਦੀ ਕਵਿਤਾ ਹੈ। ਇਹ ਉਪਰ ਉਠਣ ਦੀ ਕੋਸ਼ਿਸ਼ ਦੀ ਕਵਿਤਾ ਹੈ। ਇਹ ਇਸ ਤੋਂ ਜ਼ਿਆਦਾ ਹੋਰ ਕੁੱਝ ਨਹੀਂ ਹੈ। ਇਸ ਕਿਤਾਬ ਨੂੰ ਛਪਵਾਉਣ ਦਾ ਮਕਸਦ ਇਸ ਅਨੁਭਵ ਦੀਆਂ ਕੁੱਝ ਝਲਕਾਂ ਉਨ੍ਹਾਂ ਆਤਮਿਕ ਖੋਜੀਆਂ ਨਾਲ ਸਾਂਝੀਆਂ ਕਰਨਾ ਹੈ, ਜਿਹੜੇ ਪਹਿਲਾਂ ਹੀ ਇਸ ਰਾਹ ਤੇ ਪੈ ਚੁੱਕੇ ਹਨ। ਅਨੁਭਵਾਂ ਨੂੰ ਸਾਂਝਾ ਕਰਨਾ ਵੀ ਤੜਫ ਨੂੰ ਤਿੱਖਾ ਕਰਨ ਵਿੱਚ ਮਦਦ ਕਰਦਾ ਹੈ। ਜਿੰਨੀ ਕੁ ਤੜਫ ਮੇਰੇ ਅੰਦਰ ਇਸ ਵੇਲੇ ਹੈ, ਇਹ ਆਤਮਿਕ ਖੋਜ ਦੇ ਪੰਧ ਲਈ ਕਾਫੀ ਨਹੀਂ ਹੈ। ਗੁਰਤੇਜ ਕੋਹਾਰਵਾਲਾ ਦਾ ਇੱਕ ਸ਼ੇਅਰ ਹੈ:
ਕੁੱਝ ਹੋਰ ਤੇਜ਼ ਕਰ ਧੁਪ ਆਪਣੀ ਉਡੀਕ ਦੀ
ਐਨੇ ਕੁ ਸੇਕ ਨਾਲ ਸ਼ਾਇਦ ਨਾ ਪਿਘਲ ਸਕਾਂ।

ਸ਼ਮੀਲ
20 ਮਈ, 2009

2 comments:

  1. ਸ਼ਮੀਲ ਪਿਆਰੇ
    ਨਵੀਂ ਪੰਜਾਬੀ ਕਵਿਤਾ ਬਾਰੇ ਬਹੁਤ ਬੱਝਵੇਂ ਵਿਚਾਰ ਨੇ- ਮੁਬਾਰਕ ਹੋਵੇ..ਓ ਮੀਆਂ !

    ReplyDelete
  2. ਬਹੁਤ ਬਹੁਤ ਮੁਬਾਰਕ 🌹. ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

    ReplyDelete