Thursday, June 25, 2009

ਭਾਗ ਪਹਿਲਾ

ਇਸ ਸੰਗ੍ਰਹਿ ਦੀ ਛਪੀ ਹੋਈ ਕਿਤਾਬ ਵਿੱਚ ਪਹਿਲਾ ਭਾਗ ਵੀ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਅਰਦਾਸ ਨਾਂ ਦੇ ਭਾਗ ਵਿੱਚ ਓ ਮੀਆਂ ਤੇ ਹੈਰਾਨ ਕਰ ਦੇ ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਹਿੱਸੇ ਦੀਆਂ ਕਵਿਤਾਵਾਂ ਵਿੱਚ ਮੁਰਸ਼ਦ ਦੀ ਖਿੱਚ ਤੇ ਕਾਇਨਾਤੀ ਮੁਹੱਬਤ ਦਾ ਰੰਗ ਭਾਰੂ ਹੈ। ਇਹ ਸਾਰੀਆਂ ਕਵਿਤਾਵਾਂ ਰਚਨਾ ਕਾਲ ਦੇ ਹਿਸਾਬ ਨਾਲ ਮੇਰੀਆਂ ਸਭ ਤੋਂ ਨਵੀਆਂ ਕਵਿਤਾਵਾਂ ਹਨ।

ਓ ਮੀਆਂ

ਮੈਂ ਬਜ਼ਾਰਾਂ ਵਿੱਚ ਰੁਲਦਾ
ਜੰਗਲ ਦਾ ਬਾਂਸ ਹਾਂ
ਤੂੰ ਮੈਨੂੰ ਬੰਸਰੀ ਬਣਾ ਦੇ

ਮੇਰੀ ਬੰਜਰ ਹੋਂਦ ਵਿੱਚ
ਸੁਰ ਉਗਾ ਦੇ
ਇੱਕ ਵਾਰੀ
ਤੂੰ ਮੈਨੂੰ ਹੱਥ ਲਾ ਦੇ

ਮੈਨੂੰ ਬਾਂਸ ਨੂੰ
ਤੂੰ ਬੰਸਰੀ ਬਣਾ ਦੇ

ਮੇਰੇ ਸੱਤੇ ਛੇਕ
ਬੱਸ ਖਾਲੀ ਸੁਰਾਖ ਹਨ ਜਿਵੇਂ
ਇਨ੍ਹਾਂ ਚੋਂ ਸੁਰ ਨਹੀਂ ਨਿਕਲਦੀ
ਜਿਵੇਂ ਕੋਈ ਕੁੱਖ
ਬਾਂਝ ਹੁੰਦੀ ਹੈ
ਜਿਵੇਂ ਸੰਖ ਕੋਈ ਵੱਜਦਾ ਨਹੀਂ ਹੈ

ਮੈਂ ਸਭ ਕੋਲ ਜਾ ਆਇਆ ਹਾਂ
ਆਤਮਾ ਦੇ ਰੇਗਿਸਤਾਨ ਵਿੱਚ
ਭਟਕ ਰਿਹਾ ਹਾਂ

ਇਸ ਪਿਆਸੇ ਨੂੰ
ਕੋਈ ਖੂਹ ਨਜ਼ਰ ਆਇਆ ਹੈ
ਮੈਨੂੰ ਹੁਣ ਤ੍ਰਿਪਤ ਕਰਦੇ

ਮਨ ਦੀਆਂ ਸਭ ਦਿਸ਼ਾਵਾਂ ਵਿੱਚ
ਮੈਂ ਉਦਾਸੀਆਂ ਕੀਤੀਆਂ ਨੇ
ਡਰਾਉਣੇ ਜੰਗਲਾਂ
ਰਾਤਾਂ
ਠੰਡੀਆਂ ਚੋਟੀਆਂ
ਕੰਦਰਾਂ
ਤੇ ਭੂਲ ਭਲਈਆਂ ਵਿੱਚ
ਭਟਕ ਆਇਆ ਹਾਂ

ਤੂੰ ਮੈਨੂੰ ਹੁਣ ਹੱਥ ਲਾ ਦੇ
ਤੇ ਸ਼ਾਂਤ ਕਰਦੇ

ਦੁਨੀਆ ਨੂੰ ਮੈਂ
ਉਸ ਤਰਾਂ ਵੀ ਦੇਖਿਆ ਹੈ
ਜਿਵੇਂ ਮਰ ਗਿਆ ਕੋਈ
ਅਸਮਾਨ ਤੋਂ ਆਪਣਾ
ਪਰਿਵਾਰ ਦੇਖਦਾ ਹੈ

ਮੁਹੱਬਤ ਦੀ ਇੱਕ ਨਦੀ ਦੇਖੀ
ਸਾਰਾ ਡੁੱਬਕੇ
ਜਿਵੇਂ ਕੋਈ ਜਲ- ਟੁੱਭੀ ਲਾਉਂਦਾ ਹੈ
ਤਲ ਨਾਲ ਟਕਰਾ ਕੇ
ਵਾਪਸ ਆ ਗਿਆ ਹਾਂ

ਕਿਨਾਰੇ ਤੇ ਬੈਠਾ ਮੈਂ ਹੁਣ
ਕਦੇ ਨਦੀ ਨੂੰ ਦੇਖਦਾਂ
ਕਦੇ ਆਪਣੇ ਆਪ ਨੂੰ

ਕਦੇ ਮਛੇਰਿਆਂ ਨੂੰ

ਇਨਸਾਨੀ ਮੁਹੱਬਤ
ਇੱਕ ਬੇਸੁਆਦੀ ਚਿੰਗਮ ਹੈ

ਗਿਆਨ
ਅੰਤ ਹੀਣ ਤੈਹਾਂ ਵਾਲਾ
ਕੋਈ ਫਲ ਹੈ
ਜਿਸ ਨੂੰ ਖੋਲ੍ਹਦਿਆਂ ਖੋਲ੍ਹਦਿਆਂ
ਤੁਸੀਂ ਸ਼ੂਨਯ ਤੇ ਪਹੁੰਚ ਜਾਂਦੇ ਹੋ
ਜਿਵੇਂ ਪਹਾੜੀਆਂ ਉਲੰਘਕੇ ਕੋਈ ਯਾਤਰੀ
ਖਾਲੀ ਥਾਂ ਤੇ ਪਹੁੰਚ ਜਾਵੇ

ਜੀਵਨ ਜੇ ਨੇਕੀ ਦੀ ਪੌੜੀ ਹੈ
ਤਾਂ ਬੰਦੇ ਕੋਲ ਸਿਰਫ ਦੋ ਕਦਮ ਹਨ
ਇੱਕ ਗਲਤ, ਇੱਕ ਠੀਕ
ਮੈਂ ਇੱਕ ਕਦਮ ਨਾਲ
ਇਸ ਨੂੰ ਚੜ੍ਹਨ ਦੀ ਕੋਸ਼ਿਸ ਕੀਤੀ
ਜਿਵੇਂ ਯੋਗੀ ਕੋਈ
ਇੱਕ ਪੈਰ ਤੇ ਖਲੋਕੇ ਤਪੱਸਿਆ ਕਰਦਾ ਹੈ
ਵਾਰ ਵਾਰ ਡਿਗਦਾ ਰਿਹਾ

ਤੇਰੇ ਚਰਨਾਂ ਦੇ ਐਨ ਥੱਲੇ
ਮੈਂ ਡਿਗਿਆ ਪਿਆ ਹਾਂ
ਤੂੰ ਮੈਨੂੰ ਉਠਾ ਲੈ

ਧਿਆਨ ਦੀ ਹਰ ਕੋਸ਼ਿਸ ਦੇ ਬਾਵਜੂਦ
ਮੈਂ ਬੇਧਿਆਨਾ ਹਾਂ
ਚੁੱਪ ਤੇ ਬੰਦ ਅੱਖਾਂ ਪਿੱਛੇ
ਮਨ ਸਮੁੰਦਰੀ ਤੁਫਾਨ ਦੀ ਤਰਾਂ
ਬਿਹਬਲ ਹੈ

ਤੂੰ ਇਸ ਨੂੰ ਸਾਂਭ

ਮਨ ਦੀ ਇੱਕ ਦਿਸ਼ਾ ਵਿੱਚ
ਸਿਰਫ ਚਟਾਨੀ ਵਾਦੀਆਂ ਹਨ
ਨਾ ਕੋਈ ਜੀਵ
ਨਾ ਬਨਸਪਤੀ
ਸਿਰਫ ਖੁਸ਼ਕ ਹਵਾਵਾਂ ਦੇ
ਸਰਕਣ ਦੀ ਅਵਾਜ਼ ਆਉਂਦੀ ਹੈ
ਇਸ ਵਿੱਚ
ਗਿਆਨ, ਮਹੱਬਤ ਤੇ ਨੈਤਿਕਤਾ ਦੀਆਂ
ਸਭ ਨਦੀਆਂ ਸੁੱਕ ਜਾਂਦੀਆਂ ਹਨ

ਮੇਰੇ ਮੂੰਹ ਵਿੱਚ ਮੁਹੱਬਤ ਦੀ ਚਿੰਗਮ ਹੈ
ਅੱਖਾਂ ਵਿੱਚ ਅਰਥਾਂ ਦਾ ਸ਼ੂਨਯਪਣ
ਇੱਕ ਕਦਮ ਤੇ ਖਲੋਣ ਦੀ ਕੋਸ਼ਿਸ਼ ਵਿੱਚ
ਮੈਂ ਡਿਗ ਪਿਆ ਹਾਂ

ਮੁੜ ਆਇਆ ਹਾਂ ਸਭ ਉਦਾਸੀਆਂ ਤੋਂ
ਮਨ ਦੇ ਰੇਗਿਸਤਾਨ ਵਿਚ ਭਟਕਦਾ
ਮੈਂ ਨਿਹੱਥਾ ਯਾਤਰੀ
ਮੇਰੇ ਕੋਲ ਕੁੱਝ ਵੀ ਨਹੀਂ ਹੈ
ਸਿਵਾ ਧਾਰਨਾਵਾਂ ਦੀਆਂ ਕੁੱਝ ਫੌੜੀਆਂ ਦੇ

ਇਹ ਫੌੜੀਆਂ ਵੀ ਮੈਂ
ਤੇਰੇ ਕਦਮਾਂ ਵਿੱਚ ਰੱਖ ਰਿਹਾ ਹਾਂ
ਤੂੰ ਮੇਰਾ ਹੱਥ ਪਕੜ ਲੈ

ਇਨਸਾਨ ਦੇ ਅੰਦਰ
ਉਤੇਜਨਾ ਦੇ ਕੁੱਝ ਫੋੜੇ ਹਨ-
ਮੁਹੱਬਤ
ਗਿਆਨ
ਨੈਤਿਕਤਾ

ਉਤੇਜਨਾ ਦੇ ਇਹ ਸਭ ਫੋੜੇ
ਹੁਣ ਫੁਟ ਚੁੱਕੇ ਹਨ
ਤੂੰ ਮੈਨੂੰ ਧੋ ਦੇ
ਧੁਰ ਅੰਦਰ ਤੱਕ

ਤੂੰ ਮੈਨੂੰ ਜਗਾ ਦੇ
ਜਿਵੇਂ ਕ੍ਰਿਸ਼ਨ ਦੇ ਹੱਥਾਂ ਵਿੱਚ
ਬੰਸਰੀ ਜਗਦੀ ਸੀ

ਮੇਰੇ ਛੇਦਾਂ ਨੂੰ
ਤੂੰ ਸੁਰ ਬਣਾ ਦੇ ਹੁਣ

ਮੁਰਸ਼ਦ

ਕੋਈ ਛਾਂ ਤੁਰਦੀ ਹੈ ਨਾਲ ਨਾਲ
ਕੋਈ ਮੇਰੀਆਂ ਅੱਖਾਂ ਚੋਂ ਦੇਖਦਾ ਹੈ

ਮੈਂ ਅੰਨ੍ਹੇਵਾਹ ਦੌੜ ਰਿਹਾ ਸਾਂ
ਕੁੱਝ ਕਦਮ ਅੱਗੇ ਮੌਤ ਸੀ
ਐਨ੍ਹ ਕੰਢੇ ਤੋਂ ਮੁੜ ਆਇਆ
ਇਹ ਕੌਣ ਸੀ
ਜੋ ਮੈਨੂੰ ਮੋੜ ਲਿਆਇਆ

ਮੈਂ ਜੀਵਨ ਦਾ ਅਣਜਾਣ ਸਿਪਾਹੀ
ਘਿਰ ਗਿਆ ਸਾਂ ਚੱਕਰਵਿਊ ਚ
ਉਹ ਕੌਣ ਸੀ
ਜੋ ਮੈਨੂੰ ਬਾਹਰ ਕੱਢ ਲਿਆਇਆ

ਬਹੁਤ ਸਾਰੇ ਮੋੜ
ਜੋ ਮੈਂ ਲੰਘ ਆਇਆ
ਜਿਵੇਂ ਕੋਈ ਅੱਖਾਂ ਮੀਚਕੇ
ਪਰਚੀ ਚੁੱਕਦਾ ਹੈ
ਇਹ ਮੋੜ
ਹੁਣ ਮੈਂ ਪਿੱਛੇ ਮੁੜਕੇ ਦੇਖਦਾਂ
ਕੋਈ ਹੋਰ ਸੀ
ਜੋ ਮੇਰੀਆਂ ਅੱਖਾਂ ਚੋਂ ਸੋਚ ਰਿਹਾ ਸੀ
ਜੋ ਮੈਨੂੰ ਲੈ ਆਇਆ

ਉਹ ਅੰਦਰ ਹੈ
ਜਿਵੇਂ ਜ਼ਮੀਰ ਬੋਲਦੀ ਹੈ
ਜਿਵੇਂ ਚੁਪ ਗੂੰਜਦੀ ਹੈ
ਜਿਵੇਂ ਆਪਣੀਆਂ ਅੱਖਾਂ ਨਾਲ ਮੈਂ
ਖੁਦ ਨੂੰ ਹੀ ਦੇਖਦਾ ਹਾਂ

ਉਹ ਮੈਨੂੰ ਵੱਡਾ ਕਰਦਾ ਹੈ
ਜਿਵੇਂ ਬੱਚਾ ਕੋਈ ਤੁਰਨਾ ਸਿਖਦਾ ਹੈ
ਜਿਵੇਂ ਵੱਡਾ ਕੋਈ ਤੈਰਨਾ ਸਿੱਖਦਾ ਹੈ
ਜਿਵੇਂ ਰੰਗਰੂਟ ਕੋਈ
ਲੜਨਾ ਸਿੱਖਦਾ ਹੈ
ਜਿਵੇਂ ਲੜਕੀ ਕੋਈ ਮਾਂ ਬਣਦੀ ਹੈ
ਜਿਵੇਂ ਬਿਰਧ ਕੋਈ ਸਿਖਦਾ ਹੈ
ਹੰਝੂਆਂ ਨੂੰ ਥੰਮਣਾ

ਮੈਂ ਉਸਦੀ ਉਂਗਲ ਫੜੀ ਹੈ


ਅਰਦਾਸ

ਮੈਂ ਕੀ ਅਰਦਾਸ ਕਰਾਂ
ਕੁੱਝ ਵੀ ਤਾਂ ਕਮੀ ਨਹੀਂ ਹੈ
ਹਰ ਸ਼ੈਅ ਸੰਪੂਰਨ
ਹਰ ਪਲ
ਹਰ ਕਣ
ਤੇਰੇ ਨਾਲ ਭਰਭੂਰ
ਹਰ ਉਡੀਕ
ਹਰ ਦਰਦ
ਹਰ ਮਿਲਣੀ
ਤੇਰੇ ਸੇਕ ਨਾਲ ਮਘ ਰਹੀ ਹੈ
ਤੂੰ ਮਹਾਂ ਕਲਾਕਾਰ ਹੈਂ
ਐਨਾ ਗੁਸਤਾਖ ਕਿਵੇਂ ਹੋਵਾਂ
ਕਿ ਤੈਨੂੰ ਸਲਾਹ ਦੇਵਾਂ
ਇਸ ਚਿੱਤਰ ਵਿੱਚ
ਇਸ ਸੰਗੀਤ ਵਿੱਚ
ਕਾਵਿ ਵਿੱਚ
ਮੇਰੀ ਅਰਦਾਸ ਵਿਘਨ ਪਾ ਦੇਵੇਗੀ


ਹੈਰਾਨ ਕਰ ਦੇ

ਜਿਵੇਂ ਡਿਗਦੇ ਸੇਬ ਨੂੰ ਦੇਖਕੇ
ਨਿਊਟਨ ਹੈਰਾਨ ਹੋਇਆ ਸੀ ਨਾ
ਤੂੰ ਮੈਨੂੰ
ਹਰ ਲਮਹੇ
ਹਰ ਹਰਕਤ
ਹਰ ਦ੍ਰਿਸ਼ ਤੋਂ
ਉਸੇ ਤਰਾਂ ਹੈਰਾਨ ਕਰਦੇ

ਤੇਰੀ ਹਰ ਹਰਕਤ ਵਿੱਚ ਮੁਕਤੀ ਹੈ
ਹਰ ਦ੍ਰਿਸ਼ ਵਿੱਚ ਨਿਰਵਾਣ
ਹਰ ਸੁਰ ਵਿੱਚ ਗਿਆਨ

ਬੱਚੇ ਵੱਡੇ ਹੁੰਦੇ ਹਨ
ਬੀਜ ਪੁੰਗਰਦੇ ਹਨ
ਪੰਛੀ ਡਰਦੇ ਹਨ
ਪਸ਼ੂ ਮੋਹ ਕਰਦੇ ਹਨ
ਬੰਦੇ ਗਾਉਂਦੇ ਹਨ
ਔਰਤਾਂ ਨ੍ਰਿਤ ਕਰਦੀਆਂ ਹਨ
ਮੈਂ ਇਸ ਨੂੰ
ਬਿਨ੍ਹਾਂ ਹੈਰਾਨ ਹੋਏ ਦੇਖਦਾਂ

ਹਰ ਪੱਤੇ ਦਾ ਚਿਹਰਾ ਹੈ
ਹਰ ਚਿਹਰਾ ਵੱਖਰਾ ਹੈ
ਹਰ ਅਵਾਜ਼ ਪਛਾਣੀ ਜਾ ਸਕਦੀ ਹੈ
ਹਰ ਗੰਧ ਵੱਖਰੀ ਹੈ
ਤੇ ਬ੍ਰਹਿਮੰਡ ਦਾ
ਕੋਈ ਅੰਤ ਨਹੀਂ ਹੈ
ਮੈਂ ਇਸ ਤੇ ਵੀ ਹੈਰਾਨ ਨਹੀਂ ਹੁੰਦਾ

ਬਾਲ ਰੋਂਦੇ ਹਨ
ਮਾਵਾਂ ਜੋਤ ਜਗਾਉਂਦੀਆਂ ਹਨ
ਬਾਪੂ ਦੀਆਂ ਅੱਖਾਂ ਵਿੱਚ ਹੰਝੂ ਨੇ
ਧੀਆਂ ਵਿਦਾ ਹੁੰਦੀਆਂ ਹਨ
ਮੈਂ ਇਸ ਤੋਂ ਵੀ ਅਚੰਭਿਤ ਨਹੀਂ ਹੁੰਦਾ

ਜਹਾਜ਼ ਉਡਦੇ ਹਨ
ਲੋਕਾਂ ਕੋਲ ਸੈੱਲ ਫੋਨ ਹਨ
ਮੇਰੇ ਟੇਬਲ ਤੇ ਕੰਪਿਊਟਰ ਹੈ
ਘਰ ਵਿੱਚ ਟੀਵੀ ਹੈ
ਮੈਂ ਕਿਸੇ ਤੋਂ ਵੀ ਹੈਰਾਨ ਨਹੀਂ ਹੁੰਦਾ

ਕੋਈ ਮਿਲਦਾ ਹੈ ਅਚਨਚੇਤੇ
ਫਕੀਰ ਦੁਆ ਕਰਦੇ ਹਨ
ਦਿਲ ਚ ਦਰਦ ਉਠਦਾ ਹੈ
ਕੋਈ ਚਲੇ ਜਾਂਦਾ ਹੈ
ਹਮੇਸ਼ਾ ਲਈ
ਮੈਂ ਫੇਰ ਵੀ ਹੈਰਾਨ ਨਹੀਂ ਹੁੰਦਾ

ਜੇ ਤੂੰ ਦਿਆਲ ਹੈਂ ਮੇਰੇ ਤੇ
ਤਾਂ ਮੈਨੂੰ
ਹਰ ਜ਼ਰੇ
ਹਰ ਪਲ ਤੇ
ਹੈਰਾਨ ਕਰਦੇ
ਸਮੁਚੀ ਕਾਇਨਾਤ ਜਿਵੇਂ
ਹੈਰਾਨਗੀ ਦਾ ਨ੍ਰਿਤ ਹੋਵੇ
ਤੇ ਜੀਵਨ
ਹੈਰਾਨੀ ਦੀ ਨਦੀ

ਦੁਨੀਆ

ਮੈਂ ਤੇਰੇ ਚ ਛਾਲ ਮਾਰੀ
ਅੱਖਾਂ ਬੰਦ ਕਰਕੇ
ਤਲ ਨਾਲ ਟਕਰਾਕੇ
ਉਪਰ ਆ ਗਿਆ
ਮੇਰਾ ਤਾਂ ਬੱਸ
ਐਨਾ ਹੀ ਮਹਾਂਭਾਰਤ ਹੈ

ਦੇਖ ਮੈਂ ਕਿੰਨਾ ਸੰਖੇਪ ਹਾਂ

ਉਪਰੋਂ ਤੂੰ ਬਹੁਤ ਸਾਦੀ
ਅੰਦਰੋਂ ਬਹੁਤ ਗਹਿਰੀ
ਜਿਵੇਂ ਸਮੁੰਦਰ ਹੁੰਦਾ ਹੈ
ਕਿਸੇ ਦੇ ਮਨ ਦਾ।
ਮੈਂ ਨੀਚੇ ਜਾ ਰਿਹਾ ਸਾਂ
ਅੱਖਾਂ ਬੰਦ ਕਰਕੇ
ਲਗਦਾ ਸੀ ਉਪਰ ਉਠ ਰਿਹਾ ਹਾਂ
ਉਡ ਰਿਹਾ ਹਾਂ
ਥੱਲੇ ਵੱਲ

ਬੰਦ ਅੱਖਾਂ ਨਾਲ ਕੋਈ
ਮਨਚਾਹੇ ਦ੍ਰਿਸ਼ ਦੇਖ ਸਕਦਾ ਹੈ

ਗਿਆਨ ਪ੍ਰਾਪਤੀ ਦਾ ਮਤਲਬ
ਜੀਵਨ ਦੇ ਤਲ ਨਾਲ
ਸਿਰ ਵੱਜਣਾ ਹੁੰਦਾ ਹੈ
ਇਹ ਮੈਨੂੰ ਪਤਾ ਨਹੀਂ ਸੀ
ਤਲ ਇਹ ਐਨਾ ਠੋਸ ਹੈ
ਮੈਨੂੰ ਪਤਾ ਨਹੀਂ ਸੀ
ਤੇ ਮਨਾਂ ਦੇ ਵੀ ਤਲ ਹੁੰਦੇ ਹਨ
ਇਹ ਵੀ ਮੈਨੂੰ ਪਤਾ ਨਹੀਂ ਸੀ
ਮੈਂ ਤੇਰੇ ਤਲ ਨੂੰ ਸਿਰ ਮਾਰਿਆ ਹੈ
ਮੈਂ ਵੀ ਕੈਸਾ ਖੋਜੀ ਹਾਂ

ਤਲ ਨਾਲ ਸਿਰ ਵੱਜਣ ਤੋ
ਉਪਰ ਕੰਢੇ ਤੱਕ ਆਉਣ ਦਾ ਸਫਰ
ਜ਼ਿਆਦਾ ਭਿਆਨਕ ਹੈ
ਅੰਦਰ ਤੇਰਾ
ਬਿਲਕੁਲ ਪੁਰਾਣੇ ਕਿਲੇ ਵਰਗਾ ਹੈ
ਜਾਲੇ ਹੀ ਜਾਲੇ
ਕਮਰੇ ਹੀ ਕਮਰੇ
ਗੁਪਤ ਤਹਿਖਾਨੇ
ਰਿਸ਼ਤਿਆਂ ਦੀਆਂ ਬੰਦ ਅਲਮਾਰੀਆਂ
ਕਿੰਨਾ ਕੁੱਝ ਹੀ
ਮਨ ਦੇ ਸਮੁੰਦਰ ਵਿੱਚ ਤੈਰ ਰਿਹਾ ਸੀ

ਰਿਸ਼ਤੇ
ਜਾਲਿਆਂ ਵਾਂਗ ਲਟਕ ਰਹੇ ਸਨ
ਚਿਹਰੇ ਕਿੰਨੇ ਹੀ
ਪੁਰਾਣੀਆਂ ਫਰੇਮਾਂ ਚ ਜੜੇ ਸਨ
ਬੰਦੇ ਜੋ ਬੀਤ ਗਏ
ਉਨ੍ਹਾਂ ਦੇ ਭੂਤ ਘੁੰਮ ਰਹੇ ਸਨ
ਜੋ ਵੀ ਰਹਿ ਗਏ
ਇਸ ਕਿਲ੍ਹੇ ਵਿੱਚ
ਉਨ੍ਹਾਂ ਸਭ ਦੀਆਂ ਪੈੜਾਂ
ਨਿਸ਼ਾਨ
ਜਗ੍ਹਾ ਜਗ੍ਹਾ ਭਿਣਕ ਰਹੇ ਸਨ
ਸ਼ਬਦਾਂ ਤੇ ਚਿਹਰਿਆਂ ਦਾ
ਅੰਦਰਲਾ ਪਾਸਾ ਦਿਸਦਾ ਸੀ

ਮਨ ਤੇਰਾ ਇਸ ਤਰਾਂ ਹੈ
ਜਿਵੇਂ ਸਮੁੰਦਰ ਵਿੱਚ
ਮੱਛੀਆਂ ਦੀ ਸੰਖਿਆ
ਬਹੁਤ ਵਧ ਗਈ ਹੋਵੇ
ਭੀੜ ਹੀ ਭੀੜ
ਖਿਆਲਾਂ ਦੀ
ਬੰਦਿਆਂ ਦੀ
ਪ੍ਰਭਾਵਾਂ ਦੀ

ਜੀਵਨ ਸਾਰੇ ਦਾ ਸਾਰਾ
ਥੱਲੇ ਹੈ ਸਤਹਿ ਦੇ
ਉਪਰ ਸਿਰਫ ਚਿਹਰੇ ਹਨ
ਸ਼ਬਦ ਹਨ
ਇਮਾਰਤਾਂ ਹਨ

ਕੰਢੇ ਤੇ ਬੈਠਾ
ਹੁਣ ਮੈਂ ਸੋਚ ਰਿਹਾਂ
ਦੁਨੀਆ ਕਿੰਨੀ ਛੋਟੀ ਹੈ
ਬੰਦੇ ਦੇ ਮਨ ਜਿੰਨੀ
ਮਨ ਦੀ ਟੁਭੀ ਮਾਰਕੇ
ਤੁਸੀਂ ਦੁਨੀਆ ਦਾ ਤਲ ਵੇਖ ਸਕਦੇ ਹੋ

ਮਨ ਦੀ ਤਾਰ

ਇਹ ਦਰਦ
ਮੇਰੇ ਮਨ ਦੀ ਕੱਸੀ ਹੋਈ ਤਾਰ ਹੈ
ਇਸ ਚੋਂ ਸੁਰ ਨਿਕਲਦੇ ਹਨ
ਸਤਰੰਗੇ
ਇਹ ਜੋ ਖਿੱਚ ਹੈ
ਅਦਿੱਖ
ਅਬੁੱਝ
ਧੂਹ ਜਿਹੀ
ਇਸੇ ਨੇ ਮੈਨੂੰ ਸੁਰ ਚ ਰੱਖਿਆ ਹੈ

ਮੈਂ ਵੱਜਦਾ ਹਾਂ
ਇਸੇ ਦਰਦ ਨਾਲ
ਇਸੇ ਨਾਲ ਸਿਤਾਰ ਵੱਜਦਾ ਹੈ
ਮੇਰੇ ਮਨ ਦੀ ਇਸ ਤਾਰ ਦਾ
ਇੱਕ ਸਿਰਾ ਅਸਮਾਨ ਵਿੱਚ ਹੈ
ਇੱਕ ਪਤਾਲ ਵਿੱਚ
ਮੈਂ ਤਾਂ
ਉਹ ਥੋੜ੍ਹੀ ਜਿਹੀ ਥਾਂ ਹਾਂ
ਜਿਥੇ ਤੇਰੀ ਉਂਗਲ ਛੁੰਹਦੀ ਹੈ

ਤੇਰੀ ਇਸ ਖਿੱਚ ਬਿਨਾਂ
ਮੈਂ ਸੁਰ ਚ ਨਹੀਂ ਆਉਂਦਾ


ਸਾਗਰ ਵੱਲ

ਸਾਰੀਆਂ ਨਦੀਆਂ
ਸਾਗਰ ਵੱਲ ਜਾਂਦੀਆਂ ਹਨ
ਸਾਰੇ ਦਰਦ ਰੱਬ ਵੱਲ

ਮੈਂ ਵਹਿਣ ਲੱਗਾ ਹਾਂ
ਜਿਵੇਂ ਕੋਈ ਨਦੀ
ਪਹਿਲੀ ਵਾਰ
ਪਹਾੜੋਂ ਉਤਰੀ ਹੋਵੇ
ਮੇਰਾ ਇਹ ਤਰਲ ਦਰਦ
ਸਾਗਰ ਤੋਂ ਉਰ੍ਹੇ
ਕਿੱਥੇ ਰੁਕੇ

ਮੁਹੱਬਤ
ਇਸ ਧਰਤੀ ਦਾ ਪਾਣੀ
ਅਸਮਾਨ ਤੋਂ ਆਇਆ
ਅਸਮਾਨ ਵੱਲ ਚਲੇ ਜਾਏਗਾ

ਕੁੱਝ ਦਰਦ
ਰਹਿ ਜਾਏਗਾ ਸੀਨੇ ਚ
ਧਰਤੀ ਹੇਠਲੇ ਪਾਣੀ ਵਾਂਗ
ਕਦੇ ਕਦੇ ਫੁੱਟੇਗਾ

ਮੈਂ ਪਿਘਲਿਆ ਬੰਦਾ
ਤੇਰੇ ਬਿਨਾਂ
ਕਿਥੇ ਰੁਕਾਂ ਮੇਰੇ ਸਾਗਰ
ਸਾਰੇ ਪਾਣੀ
ਸਾਗਰ ਕੋਲ ਹੀ ਤਾਂ ਜਾਂਦੇ ਹਨ
ਜਿਵੇਂ ਸਾਰੀ ਮੁਹੱਬਤ ਰੱਬ ਕੋਲ
ਸਾਰੇ ਦਰਦ ਅਸਮਾਨ ਕੋਲ
ਸਾਰੇ ਅੱਖਰ ਚੁਪ ਕੋਲ


ਵਸਲ ਤੇ ਹਿਜਰ

ਵਸਲ ਤੇ ਹਿਜਰ
ਘੁਲੇ ਹਨ ਇੱਕ ਦੂਜੇ ਚ
ਜਿਵੇਂ ਸ਼ਾਮ ਵੇਲੇ
ਦਿਨ ਤੇ ਰਾਤ ਮਿਲੇ ਹੁੰਦੇ ਹਨ
ਨਾ ਕੋਈ ਵਸਲ ਪੂਰਾ ਹੈ
ਨਾ ਹਿਜਰ
ਜ਼ਿੰਦਗੀ
ਕਿੰਨੀ ਸ਼ਾਮ ਜਿਹੀ ਹੈ

ਹਰ ਅਹਿਸਾਸ ਅਧੂਰਾ ਹੈ
ਜਾਂ ਸਾਰੇ ਅਹਿਸਾਸ
ਰਲੇ ਹਨ ਇੱਕ ਦੂਜੇ ਚ
ਕੁੱਝ ਵੀ ਪਤਾ ਨਹੀਂ ਲੱਗਦਾ

ਜ਼ਿੰਦਗੀ ਸ਼ਾਇਦ
ਵਿਛੋੜੇ ਤੇ ਮਿਲਾਪ ਵਿਚਾਲੇ ਲਟਕਦੀ
ਪੀੜ ਹੈ ਕੋਈ
ਸ਼ਾਮ ਨਾਲ
ਇਸ ਦੀ ਸੁਰ ਮਿਲਦੀ ਹੈ
ਜਾਗ ਪੈਂਦੀ ਹੈ
ਸ਼ਾਮ ਵੇਲੇ
ਕਵੀਆਂ ਨੂੰ ਸ਼ਾਮ ਵੇਲੇ
ਵੈਰਾਗ ਉਠਦਾ ਹੈ

ਨਾ ਤੂੰ ਦੂਰ ਹੈਂ
ਨਾ ਨੇੜੇ
ਕਿਤੇ ਵਿਚਾਲੇ ਜਿਹੇ ਹੈਂ
ਜਿਥੇ ਹੱਥ ਨਹੀਂ ਪਹੁੰਚਦਾ ਅਜੇ
ਇੱਕ ਪੀੜ ਜਿਹੀ ਹੈ

ਲਕੀਰ ਦੇ ਪਾਰ

ਖਿੱਚ ਲੈ ਮੈਨੂੰ ਬਾਹੋਂ ਫੜਕੇ
ਲਕੀਰ ਦੇ ਉਸ ਪਾਰ
ਜਿਸ ਪਾਸੇ ਸਿਰਫ ਤੂੰ ਹੀ ਤੂੰ ਹੈਂ
ਤੜਫ ਹੁਣ ਹੋਰ ਸਹਿ ਨਹੀਂ ਹੁੰਦੀ

ਇਸ ਪਾਸੇ ਬੋਝਲ ਦੁਨੀਆ ਹੈ
ਜਿਸ ਦੇ ਸਭ ਅਕਾਰ
ਸਭ ਨਾਂ
ਦਿਲੋਂ ਲਹਿ ਗਏ ਨੇ

ਇਸ ਪਾਸੇ
ਉਪਰਾਮਤਾ ਦਾ ਜੰਗਲ
ਉੱਗ ਆਇਆ ਹੈ
ਹੁੰਮਸ ਦੀ ਹਵਾ ਵਗਦੀ ਹੈ
ਕਿਸੇ ਦ੍ਰਿਸ਼ ਵਿੱਚ ਰੌਸ਼ਨੀ ਨਹੀਂ
ਕਿਸੇ ਛੁਹ ਵਿੱਚ ਧੜਕਣ ਨਹੀਂ
ਹਰ ਕਿਣਕੇ ਵਿੱਚ
ਤੇਰੀ ਕਮੀ ਹੈ

ਤੂੰ ਮੈਨੂੰ ਇਸ ਵੀਰਾਨ ਦੁਨੀਆ ਵਿੱਚ ਨਾ ਰੱਖ

ਮੈਂ ਇਸ ਲਕੀਰ ਨੂੰ
ਟੱਪ ਰਿਹਾ ਹਾਂ
ਜਿਵੇਂ ਗ੍ਰਹਿ ਪੰਧ ਤੇ ਪੈਣ ਤੋਂ ਪਹਿਲਾਂ
ਕੋਈ ਉਪਗ੍ਰਹਿ
ਗੁਰੂਤਾ ਦਾ ਘੇਰਾ ਤੋੜਦਾ ਹੈ

ਮੈਂ ਦੌੜ ਰਿਹਾ ਹਾਂ ਤੇਰੇ ਵੱਲ
ਤੂੰ ਮੈਨੂੰ ਖਿੱਚ ਲੈ ਜੋਰ ਨਾਲ
ਹੋਰ ਜੋਰ ਨਾਲ
ਜਿਵੇਂ ਕੋਈ ਡੁੱਬਦੇ ਨੂੰ ਬਚਾਉਂਦਾ ਹੈ

ਖਿੱਚ ਲੈ ਮੈਨੂੰ ਉਸ ਪਾਰ
ਜਿੱਥੇ ਸਿਰਫ ਤੂੰ ਹੀ ਤੂੰ ਹੈਂ
ਜਿਥੇ ਤੇਰੇ ਸਾਹ ਦੀ ਹਵਾ ਹੈ
ਤੇ ਤੇਰੀ ਨਜ਼ਰ ਦੀ ਰੌਸ਼ਨੀ

ਵਸਾ ਲੈ ਆਪਣੇ ਵਿੱਚ
ਦੂਰ ਉੱਡਦੀ ਉਸ ਇੱਲ੍ਹ ਦੀ ਤਰਾਂ
ਜਿਹੜੀ ਗਹਿਰੇ ਅਸਮਾਨ ਵਿੱਚ
ਨਿਰਉਚੇਚ ਉਡਦੀ ਹੈ

ਤਪੀ ਨਹੀਂ

ਮੁਕਤੀ ਜੇ ਮਰਕੇ ਮਿਲਦੀ,
ਮਰ ਜਾਂਦਾ
ਚੈਨ ਜੇ ਜਿਊਣ ਵਿੱਚ ਹੁੰਦਾ,
ਜਿਊਂ ਲੈਂਦਾ
ਇਹ ਜੋ ਮਰ ਮਰ ਕੇ ਜਿਊਣਾ ਹੈ
ਇਹ ਜੋ ਡੁੱਬ ਡੁੱਬ ਕੇ ਤਰਨਾ ਹੈ
ਇਸ ਦਾ ਕੀ ਕਰਾਂ

ਕੋਈ ਤਾਂ ਰਾਹ ਹੋਵੇ
ਛੱਡਣ ਦਾ ਜਾਂ ਪਕੜਨ ਦਾ
ਤੱਤੇ ਥਮਲਿਆਂ ਨੂੰ
ਜੱਫੀਆਂ ਤਾਂ ਨਾ ਪੁਆ
ਸਿਰ ਦੇ ਭਾਰ ਤੁਰਨ ਲਈ ਤਾਂ ਨਾ ਕਹਿ

ਮੈਂ ਕਿੱਥੇ ਖੁੰਝ ਗਿਆ ਸਾਂ
ਮੈਨੂੰ ਨਹੀਂ ਪਤਾ
ਇਸ ਜਨਮ ਵਿੱਚ
ਜਾਂ ਪਹਿਲਾਂ ਕਿਤੇ
ਚਾਹ ਕੇ ਵੀ
ਤੇਰੇ ਮੇਚ ਦਾ ਨਹੀਂ ਹੋ ਸਕਦਾ
ਮੈਂ ਮਾਂ ਨਹੀਂ ਹਾਂ
ਮੈਂ ਐਨੀ ਵਫਾ ਕਿਥੋਂ ਲਿਆਵਾਂ

ਮੈਂ ਸਿਰਫ ਤੁਰਨਾ ਜਾਣਦਾ ਹਾਂ
ਰਾਹਾਂ ਦੀ ਮੈਨੂੰ ਕੋਈ ਖਬਰ ਨਹੀਂ
ਜਿਥੇ ਵੀ ਪਹੁੰਚ ਗਿਆ
ਕਬੂਲ ਕਰ ਲਈਂ
ਮੈਂ ਕੋਈ ਤਪੀ ਨਹੀਂ ਹਾਂ
ਤੇਰਾ ਆਮ ਜਿਹਾ ਬੰਦਾ ਹਾਂ ਪ੍ਰਭੂ


ਅਕਾਸ਼ ਦੇਖਦਾ ਹੈ

ਅਕਾਸ਼ ਦੇਖਦਾ ਹੈ ਬਿਨਾਂ ਅੱਖਾਂ ਤੋਂ
ਬਿਨਾਂ ਅੱਖਾਂ ਦੇ ਮੈਨੂੰ ਅਕਾਸ਼ ਦੇਖਦਾ ਹੈ

ਅਕਾਸ਼ ਹਰ ਜਗ੍ਹਾ ਮੌਜੂਦ ਹੈ
ਹਰ ਦਿਸ਼ਾ ਵਿਚ
ਹਰ ਦ੍ਰਿਸ਼ ਵਿਚ
ਮੈਂ ਹਰ ਦ੍ਰਿਸ਼ ਅਤੇ ਦਿਸ਼ਾ ਵਿਚ ਅਕਾਸ਼ ਦੇਖਦਾ ਹਾਂ

ਮੇਰੇ ਕੋਲ ਤੇਰੀ ਕੋਈ ਤਸਵੀਰ ਨਹੀਂ ਹੈ
ਮੈਂ ਤੈਨੂੰ ਬਿਨਾਂ ਤਸਵੀਰ ਦੇ ਦੇਖਦਾ ਹਾਂ
ਸਾਰੇ ਅਕਾਸ਼ ਵਿਚੋਂ

ਅਕਾਸ਼ ਦੀ ਕੋਈ ਤਸਵੀਰ ਨਹੀਂ ਹੁੰਦੀ
ਸਿਰਫ ਇਕ ਝਲਕ ਹੁੰਦੀ ਹੈ
ਅਕਾਸ਼ ਦਿਸਦਾ ਹੈ
ਨਿੱਕੀਆਂ ਨਿੱਕੀਆਂ ਝਲਕੀਆਂ ਵਿਚ
ਕਿਤੇ ਧੁੰਧਲਾ, ਕਿਤੇ ਰੌਸ਼ਨੀ ਦੀ ਕੋਈ ਕਣੀ

ਮੈਂ ਅੱਖਾਂ ਵਾਲਾ ਇਨਸਾਨ
ਤੈਨੂੰ ਕਿਵੇਂ ਚਿਤਰਾਂ
ਮੈਂ ਤੇਰੀ ਕੀ ਤਸਵੀਰ ਬਣਾਵਾਂ
ਮੇਰੇ ਕੋਲ ਤੇਰੀ ਕੋਈ ਤਸਵੀਰ ਨਹੀਂ ਹੈ

ਪਿਆਰ ਦੀ ਕੋਈ ਤਸਵੀਰ ਨਹੀਂ ਬਣਦੀ
ਇਕ ਨਾਦ
ਇਕ ਅਵਾਜ਼ ਵਜਦੀ ਹੈ ਨਿਰੰਤਰ
ਨਬਜ਼ ਦੀ ਤਰਾਂ
ਸਾਹਾਂ ਵਿਚ ਰਾਤ ਦੀ ਰਾਣੀ ਫੈਲੀ ਹੈ

ਦਰਦ ਬਹੁਤ ਹੈ

ਮੈਨੂੰ ਨਹੀਂ ਪਤਾ
ਇਹ ਦਰਦ ਕਿਸ ਦਾ ਹੈ
ਯੋਗ ਦਾ
ਵਿਯੋਗ ਦਾ
ਜਾਂ ਭਰਮਾਂ ਦੇ ਤਿੜਕਣ ਦਾ
ਪਰ ਇਹ ਦਰਦ ਬਹੁਤ ਹੈ

ਭਰਮ ਜੇ ਬਣਿਆ ਰਹਿੰਦਾ
ਤੇਰੀ ਮਾਇਆ ਦਾ
ਸੁੱਤਿਆਂ ਸਫਰ ਲੰਘ ਜਾਣਾ ਸੀ
ਜ਼ਿੰਦਗੀ ਇੰਝ ਹੀ ਤਾਂ ਕੱਟਦੀ ਹੈ

ਭੇਤ ਜਦ ਖੁਲ੍ਹ ਗਏ ਨੇ ਹੁਣ
ਹੁਣ ਕੋਈ ਚਾਰਾ ਨਹੀਂ ਹੈ

ਵਜੂਦ ਬੰਦੇ ਦਾ
ਹੋਰ ਕੁੱਝ ਵੀ ਨਹੀਂ ਹੈ
ਸਾਬਣ ਦੀ ਟਿੱਕੀ ਵਾਂਗ
ਬੱਸ ਘਸਦੇ ਜਾਣਾ ਹੈ
ਜਾਂ ਬੁਝ ਜਾਣਾ ਹੈ
ਦੀਵੇ ਵਾਂਗ

ਸਭ ਮਿਲਾਪ
ਗੁਬਾਰਿਆਂ ਵਰਗੇ ਹਨ
ਫੁੱਟਦਿਆਂ ਪਤਾ ਨਹੀਂ ਲੱਗਦਾ
ਰਿਸ਼ਤੇ ਸਭ ਮਿੱਟੀ ਦੇ ਖਿਡੌਣੇ ਹਨ
ਖੁਰਦਿਆਂ ਦੇਰ ਨਹੀਂ ਲਾਉਂਦੇ
ਤੇ ਅਰਥ ਸਭ ਆਈਸਕਰੀਮ ਵਰਗੇ
ਹੱਥਾਂ ਚ ਹੀ ਪਿਘਲ ਜਾਂਦੇ ਹਨ

ਭੇਤਾਂ ਦਾ ਖੁਲ੍ਹਣਾ ਵੀ ਕਿੰਨਾ ਪੀੜਾਦਾਇਕ ਹੈ

ਪੁਕਾਰ

ਨਾ ਪੌਣ ਇਹ ਸੁਨੇਹਾ ਲਿਜਾਂਦੀ ਹੈ
ਨਾ ਪੰਛੀ
ਨਾ ਝੱਲੇ ਬੱਦਲ

ਕਦੇ ਕਦੇ
ਮੇਰਾ ਸੁਨੇਹਾ ਤੇਰੇ ਤੱਕ
ਕੋਈ ਨਹੀਂ ਪਹੁੰਚਾਉਂਦਾ

ਉਦੋਂ ਮੈਂ ਤੈਨੂੰ ਕਿਵੇਂ ਪੁਕਾਰਾਂ

ਭਾਵ ਇਹ ਬੋਝਲ ਜਿਹੇ ਨੇ
ਸ਼ਾਮ ਜਦ ਢਲਦੀ ਹੈ ਤਾਂ
ਪੂਰੀ ਕਾਇਨਾਤ
ਇੱਕ ਬੰਦ ਕੋਠੜੀ ਬਣ ਜਾਂਦੀ ਹੈ
ਜੀ ਕਰਦਾ ਹੈ ਕਿ ਕੋਈ ਆਵੇ
ਤੇ ਤੇਰੇ ਵੱਲ ਖੁਲ੍ਹਦੀ ਕੋਈ ਬਾਰੀ
ਖੋਲ੍ਹ ਦੇਵੇ
ਅਚਾਨਕ ਤੇਰੀ ਮਹਿਕ
ਘੁਲ ਜਾਵੇ
ਜਿਵੇਂ ਦਮ ਘੁੱਟਦੇ ਇਨਸਾਨ ਨੂੰ
ਸਾਹ ਆਉਂਦਾ ਹੈ

ਰਾਤ ਜਦ ਸੌਂਦੀ ਹੈ ਤੇਰੇ ਨਾਲ
ਨੀਂਦਰਾਈ ਪੌਣ
ਹੌਲੀ ਹੌਲੀ ਚੱਲਦੀ ਹੈ
ਨਬਜ਼ ਮੇਰੀ ਨਾਲ
ਤਾਲ ਮਿਲਾਉਂਦੀ ਹੈ
ਤੇਰੇ ਤੇ ਮੇਰੇ ਵਿਚਕਾਰਲੀ ਦੂਰੀ
ਪੂਰੇ ਅਸਮਾਨ ਨੂੰ
ਘੇਰ ਲੈਂਦੀ ਹੈ
ਉਸ ਪਲ
ਧਰਤੀ ਤੇ ਮਨ ਨਹੀਂ ਲੱਗਦਾ

ਸੋਚਦਾਂ ਤੈਨੂੰ ਪੁਕਾਰ ਲਵਾਂ
ਪਰ ਅਵਾਜ਼ਾਂ ਵੀ ਜਜ਼ਬਿਆਂ ਨੂੰ
ਨਹੀਂ ਚੁੱਕ ਸਕਦੀਆਂ ਸ਼ਾਇਦ
ਬੋਲ ਚੁੱਪ ਨੂੰ ਨਹੀਂ ਬੋਲ ਸਕਦੇ
ਉਦਾਸੀ ਸ਼ਬਦਾਂ ਚ ਵੀ ਸਮਾਈ ਨਹੀਂ ਜਾਂਦੀ

ਪਰ ਮੈਂ ਤੈਨੂੰ ਪੁਕਾਰਨਾ ਚਾਹੁੰਦਾ
ਉਹ ਪੁਕਾਰ
ਜਿਹੜੀ ਬਿਨਾ੍ਹਂ ਪੁਕਾਰਿਆਂ ਸੁਣਦੀ ਹੈ
ਜਿਹੜੀ ਬੋਲਾਂ, ਅਵਾਜ਼ਾਂ ਦੇ
ਵਿਚਕਾਰੋਂ ਲੰਘ ਜਾਂਦੀ ਹੈ
ਜਿਹੜੀ ਪੁਕਾਰ ਰੱਬ ਨੂੰ ਸੁਣਦੀ ਹੈ
ਦਰਵੇਸ਼ ਜਿਸ ਪੁਕਾਰ ਦੇ
ਗਵਾਹ ਹੋਣ

ਕੋਈ ਐਸੀ ਪੁਕਾਰ ਮੈਂ ਕਿਵੇਂ ਪੁਕਾਰਾਂ


ਬੇਨਾਮ

ਕਵਿਤਾ ਜੇ ਚਿਤਰ ਸਕਦੇ
ਸੰਗੀਤ ਜੇ ਲਿਖ ਹੁੰਦਾ
ਪੇਂਟਿੰਗ ਜੇ ਗਾ ਸਕਦੇ
ਤਾਂ ਮੈਂ ਤੈਨੂੰ ਕੋਈ ਨਾਂ ਦਿੰਦਾ

ਸ਼ਬਦ ਤਾਂ ਇੰਝ ਹਨ
ਜਿਵੇਂ ਚਿਮਟੀ ਨਾਲ ਮਨ ਪਕੜਨ ਲੱਗੀਏ
ਜਾਂ ਪਾਣੀ ਚ ਤੇਰਾ ਨਾਂ ਲਿਖੀਏ
ਮੁੱਠੀਆਂ ਨਾਲ ਹਵਾ ਢੋਣ ਲੱਗੀਏ
ਸ਼ਬਦ ਤਾਂ ਮੇਰੇ ਮਨ ਦਾ ਸਹਾਰਾ ਹਨ ਬੱਸ

ਤੂੰ ਇੰਝ ਹੀ ਰਹਿ
ਨਿਰਾਕਾਰ
ਬੇਨਾਮ
ਗੁੰਮਨਾਮ

ਜੀਵਨ ਅਸਲ ਵਿੱਚ ਸਾਗਰ ਹੈ
ਸ਼ਬਦ ਛੋਟੀਆਂ ਛੋਟੀਆਂ ਹੌਦੀਆਂ
ਇਨ੍ਹਾਂ ਵਿੱਚ ਅਸੀਂ
ਵੁਜ਼ੂ ਕਰਦੇ ਹਾਂ

ਚੱਲ ਫੇਰ ਮੈਂ ਅੱਜ ਤੈਨੂੰ ਕੋਈ ਨਾਂ ਨਹੀਂ ਦਿੰਦਾਂ
ਇੰਝ ਹੀ ਰਹਿ ਮੇਰੇ ਸਾਹਮਣੇ
ਨਿਰਾ ਚਿਹਰਾ
ਜਿਸ ਦਾ ਕੋਈ ਅਕਾਰ ਨਹੀਂ ਹੈ


ਨੰਗਾ ਸੱਚ

ਭਰਮ ਜਦ ਟੁੱਟ ਗਿਆ ਹੈ
ਮਨ ਜਦ ਮੁੜ ਹੀ ਗਿਆ ਹੈ
ਮੈਨੂੰ ਹੁਣ ਕਿਸੇ ਸੱਚ ਤੋਂ
ਡਰ ਨਹੀਂ ਲੱਗਦਾ

ਜਿੰਨੀ ਦੇਰ ਇਹ
ਝੂਠ ਵਿੱਚ ਲਿਪਟਿਆ ਸੀ
ਡਰਾਉਂਦਾ ਸੀ

ਡਰ ਸਿਰਫ ਓਹਲਿਆਂ ਦਾ ਹੀ ਤਾਂ ਹੈ-

ਓਹਲਿਆਂ ਦੇ ਹਟ ਜਾਣ ਦਾ ਡਰ
ਨੰਗੀ ਅੱਖ ਨਾਲ
ਸੂਰਜ ਨੂੰ ਦੇਖ ਸਕਣ ਦਾ ਡਰ

ਜ਼ਿੰਦਗੀ ਸ਼ਾਇਦ ਓਹਲਿਆਂ ਦਾ ਹੀ
ਦੂਸਰਾ ਨਾਮ ਹੈ
ਜਿਵੇਂ ਰਿਸ਼ਤੇ ਲਿਪਟੇ ਹਨ
ਮੁਹੱਬਤ ਦੇ ਗਿਫਟ ਰੈਪ ਵਿੱਚ
ਅਰਥ ਲਿਪਟੇ ਹਨ
ਸ਼ਬਦਾਂ ਵਿੱਚ
ਨੰਗਾ ਜੀਵਨ ਲਿਪਟਿਆ ਹੈ
ਬੁਲੰਦ ਖਿਆਲਾਂ ਵਿੱਚ
ਮੌਤ ਲਿਪਟੀ ਹੈ
ਜ਼ਿੰਦਗੀ ਵਿੱਚ

ਪਰਦੇ ਹੁਣ ਹਟ ਗਏ ਹਨ
ਤਾਂ ਮੈਨੂੰ ਡਰ ਕੋਈ ਨਹੀਂ ਹੈ
ਰਿਸ਼ਤੇ
ਅਰਥ
ਜੀਵਨ
ਤੇ ਮੌਤ
ਸਾਰੇ ਹੀ ਤਾਂ ਬੇਪਰਦ ਹੋ ਚੁੱਕੇ ਹਨ

ਮੈਨੂੰ ਤੈਨੂੰ ਦੇਖ ਲਿਆ ਹੈ
ਹਰ ਤਰਾਂ ਦੇ ਕੱਜਣਾਂ ਤੋਂ ਬਗੈਰ
ਹੁਣ ਮੈਂ ਕੁੱਝ ਵੀ ਦੇਖ ਸਕਦਾ ਹਾਂ

ਸਭ ਅੰਦਰ

ਸੱਚ ਸਭ ਦੇ ਅੰਦਰ ਹੈ
ਹਿੰਮਤ ਕਿਸੇ ਕਿਸੇ ਦੇ

ਸਭ ਦੇ ਅੰਦਰ ਰੱਬ ਹੈ
ਡਾਕੂਆਂ ਅੰਦਰ ਕਵਿਤਾ
ਲੀਡਰਾਂ ਅੰਦਰ ਧਰਮ
ਬੇਈਮਾਨਾਂ ਅੰਦਰ ਇਮਾਨਦਾਰੀ
ਕਾਤਲਾਂ ਅੰਦਰ ਰਹਿਮ
ਮੇਰੇ ਅੰਦਰ ਮੁਹੱਬਤ
ਤੇਰੇ ਅੰਦਰ ਵਫਾਦਾਰੀ

ਕੋਈ ਵੀ ਅਜਿਹਾ ਨਹੀਂ ਹੈ
ਜਿਸ ਅੰਦਰ ਸੱਚ ਮੌਜੂਦ ਨਾ ਹੋਵੇ
ਸਿਰਫ ਹਿੰਮਤ ਨਹੀਂ ਹੈ
ਦੇਖ ਸਕਣ ਦੀ
ਪਛਾਣ ਸਕਣ ਦੀ
ਫੜ ਸਕਣ ਦੀ
ਜਿਊ ਸਕਣ ਦੀ

ਸੱਚ ਹੋਣ
ਤੇ ਸੱਚ ਜਿਊ ਸਕਣ ਵਿੱਚਕਾਰ
ਇੱਕ ਡੂੰਘੀ ਖਾਈ ਹੈ
ਜਿਵੇਂ ਵਫਾ ਤੇ ਬੇਵਫਾਈ ਵਿਚਕਾਰ ਹੁੰਦੀ ਹੈ

ਇਹ ਖਾਈ ਤੰਗ ਕਰਦੀ ਹੈ
ਕਦੇ ਥੋੜ੍ਹੀ
ਕਦੇ ਬਹੁਤੀ
ਜਿਵੇਂ ਕਾਤਲਾਂ ਨੂੰ ਪਛਤਾਵਾ ਹੁੰਦਾ ਹੈ
ਜਿਵੇਂ ਬੇਈਮਾਨ
ਆਪਣੇ ਬੱਚਿਆਂ ਬਾਰੇ ਸੋਚਦੇ ਹਨ
ਜਿਵੇਂ ਬੇਵਫਾ ਨੂੰ ਉਬਾਲ ਉਠਦਾ ਹੈ
ਕਦੇ ਕਦੇ
ਰੱਬ ਜਿਵੇਂ ਯਾਦ ਆਉਂਦਾ ਹੈ
ਦੁਖ ਵੇਲੇ

ਸੱਚ ਸੁੱਕਦਾ ਨਹੀਂ ਹੈ
ਜ਼ਮੀਨ ਹੇਠ ਪਾਣੀ ਨਹੀਂ ਮੁੱਕਦਾ
ਅਸਮਾਨ ਅੰਦਰ
ਬਾਰਸ਼ ਨਹੀਂ ਮੁੱਕਦੀ
ਰਾਤਾਂ ਅੰਦਰ ਪ੍ਰਕਾਸ਼ ਨਹੀਂ ਮੁੱਕਦਾ
ਬੰਦਿਆਂ ਅੰਦਰ ਮੁਹੱਬਤ ਨਹੀਂ ਮੁੱਕਦੀ
ਮੁਹੱਬਤਾਂ ਅੰਦਰ
ਵਫਾ ਨਹੀਂ ਮੁੱਕਦੀ

ਹਿੰਮਤ ਵਿਰਲਿਆਂ ਕੋਲ ਹੈ
ਬੇਵਫਾਈਆਂ ਛੱਡ ਸਕਣ ਦੀ
ਮਨਾਂ ਨੂੰ ਮਾਰ ਸਕਣ ਦੀ
ਪਿੱਛੇ ਮੁੜ ਸਕਣ ਦੀ
ਵਿਦਾਇਗੀ ਲੈ ਸਕਣ ਦੀ
ਮੁਹੱਬਤ ਨਿਭਾ ਸਕਣ ਦੀ
ਕਵਿਤਾ ਜਿਊ ਸਕਣ ਦੀ

ਸਚਾਈ ਦੀ ਝਲਕ
ਸਭ ਦੇਖਦੇ ਹਨ ਆਪਣੇ ਅੰਦਰ
ਕਦੇ ਕਦੇ
ਕਦੇ ਕਦੇ ਜਿਵੇਂ ਕੋਈ ਯਾਦ ਆਉਂਦਾ ਹੈ


ਰੱਬ ਦਾ ਤੋਹਫਾ

ਦੁਖ ਮੇਰੇ ਮਨ ਵਿੱਚ
ਸੁਰਾਖ ਕਰਦੇ ਹਨ
ਦੁਖ ਮੇਰੀ ਆਤਮਾ ਤੱਕ ਪਹੁੰਚਦੇ ਹਨ
ਦੁਖ ਜਦ ਦੁਖਦੇ ਹਨ
ਮੈਂ ਆਪਣੇ ਧੁਰ ਅੰਦਰ ਤੱਕ ਜਾਗਦਾ ਹਾਂ
ਇਹ ਮੇਰੇ ਮਨ ਦੀ ਚੀੜ੍ਹੀ ਦੀਵਾਰ ਨੂੰ
ਚੀਰਦੇ ਹਨ ਹੌਲੇ ਹੌਲੇ

ਰੱਬ ਨੇ ਜਦ ਬੰਦਾ ਸਾਜਿਆ
ਤਾਂ ਇੱਕ ਤੋਹਫਾ ਦਿੱਤਾ
ਦੁਖਾਂ ਵਿਚ ਲਪੇਟ ਕੇ
ਬੰਦਾ ਇਸ ਤੋਹਫੇ ਨੂੰ
ਖੋਲ੍ਹਣ ਤੋਂ ਡਰਦਾ ਹੈ
ਦਿਲ ਜਿਵੇਂ ਪਿਘਲਣ ਤੋਂ ਡਰਦਾ ਹੈ
ਅੱਖਾਂ ਜਿਵੇਂ ਹੰਝੂਆਂ ਤੋਂ ਡਰਦੀਆਂ ਹਨ
ਬੱਚੇ ਜਿਵੇਂ ਟੀਕੇ ਤੋਂ ਡਰਦੇ ਹਨ

ਦੁਖਾਂ ਦੀ ਖੁਰਦਰੀ ਪਰਤ ਅੰਦਰ
ਇੱਕ ਸ਼ੀਸ਼ਾ ਲੁਕਿਆ ਹੈ
ਜਿਸ ਸ਼ੀਸ਼ੇ ਚੋਂ ਆਤਮਾ ਦਿਸਦੀ ਹੈ
ਜਿਸ ਵਿਚੋਂ
ਮਨ ਦੇ ਆਰ ਪਾਰ ਦਿਸਦਾ ਹੈ

ਹਰ ਦੁਖ ਕੋਈ ਸੁਨੇਹਾ ਹੈ ਸ਼ਾਇਦ
ਕਿ ਦੁਖਾਂ ਦੀ ਇਸ ਪਰਤ ਅੰਦਰ
ਰੱਬ ਦਾ ਕੋਈ ਤੋਹਫਾ ਲੁਕਿਆ ਹੈ
ਜਿਨ੍ਹਾਂ ਨੂੰ ਇਹ ਤੋਹਫਾ ਲੱਭ ਜਾਂਦਾ ਹੈ
ਉਹ ਦੁਨੀਆ ਨੂੰ ਇਸ ਤਰਾਂ ਦੇਖਦੇ ਹਨ
ਜਿਵੇਂ ਰੋਣ ਤੋਂ ਬਾਅਦ ਕੋਈ
ਮਹਿਬੂਬ ਨੂੰ ਦੇਖਦਾ ਹੈ

ਪਰਦਾ

ਐਨੀ ਬੇਪਰਦ ਜ਼ਿੰਦਗੀ ਕਿਵੇਂ ਦੇਖਾਂ
ਥੋੜ੍ਹੀ ਜਿਹੀ ਢਕੀ ਰਹਿਣ ਦੇ

ਇਹ ਮਹਿਜ਼ ਇੱਕ ਪਰਦਾ ਹੈ
ਤੇ ਅਸੀਂ ਪਾਤਰ
ਜਿਨ੍ਹਾਂ ਦੀ ਯਾਦਾਸ਼ਤ ਗੁਆਚ ਗਈ ਹੈ

ਨਾਟਕ ਜੇ ਚਲਦਾ ਰੱਖਣਾ ਹੈ
ਤਾਂ ਇਸ ਨੂੰ ਢਕੀ ਰਹਿਣ ਦੇ
ਮੈਂ ਕਿਵੇਂ ਦੇਖਾਂਗਾ
ਇਸ ਦਾ ਅਸਲ ਰੂਪ

ਪਰਦੇ ਓਹਲੇ ਸਭ ਕੁੱਝ ਡਰਾਉਣਾ ਹੈ-
ਚਿਹਰਿਆਂ ਪਿੱਛੇ ਮਨ
ਸ਼ਬਦਾਂ ਓਹਲੇ ਸੱਚ
ਰਿਸ਼ਤਿਆਂ ਓਹਲੇ ਬੇਵਫਾਈ

ਨੰਗੀ ਅੱਖ ਨਾਲ ਕੀ ਕੀ ਦੇਖਾਂ
-ਦਹੀਂ ਵਿੱਚ ਚੱਲਦੇ ਜੀਵ ਦਿਸਦੇ ਹਨ
-ਚਿਹਰਿਆਂ ਤੇ ਵਸੀ ਬੈਕਟੀਰੀਆ ਸਭਿਅਤਾ
-ਆਪਣੇ ਹੀ ਹੱਥਾਂ ਤੋਂ ਡਰ ਆਉਂਦਾ ਹੈ

ਚਿਹਰੇ ਹਟਾਵਾਂ
ਤਾਂ ਮਨ ਦਿਸਦੇ ਹਨ
ਕੁਰਬਲ ਕੁਰਬਲ ਕਰਦੇ
ਸ਼ਬਦ ਛੂਹਾਂ ਤਾਂ ਨਿਰੇ ਚਿਪਸ ਦੇ ਪੈਕਟ ਹਨ
ਸਿਰਫ ਹਵਾ ਨਾਲ ਭਰੇ ਹਨ
ਤੇ ਰਿਸ਼ਤੇ ਸਿਰਫ ਭ੍ਰਾਂਤੀ ਹੈ

ਮੈਂ ਰਿਸ਼ਤਿਆਂ ਦੇ ਅੰਦਰ ਝਾਕਿਆ
ਤੇ ਡਰ ਕੇ ਦੌੜ ਆਇਆ
ਕਿਸੇ ਨੂੰ ਕੀ ਦੱਸਾਂ
ਪਰਦਿਆਂ ਓਹਲੇ ਕੀ ਹੈ

ਸਭ ਪਾਰਦਰਸ਼ੀ ਹੋ ਗਿਆ ਹੈ
ਚਿਹਰੇ, ਸ਼ਬਦ, ਰਿਸ਼ਤੇ

ਮਨਾਂ ਦੀ ਕੁਰਬਲ
ਭਿਣਕਦੇ ਰਿਸ਼ਤੇ
ਫਟੇ ਹੋਏ ਸ਼ਬਦ

ਹਿੰਮਤ ਨਹੀਂ ਹੈ ਇਸ ਨੂੰ ਦੇਖਣ ਦੀ
ਜੀਵਨ ਦੀ ਇਸ ਲੀ੍ਹਲਾ ਨੂੰ
ਢਕੀ ਰਹਿਣ ਦੇ ਮੌਲਾ

ਮਨ ਤੇ ਜ਼ਿੰਦਗੀ

ਜ਼ਿੰਦਗੀ ਅਜੀਬ ਸ਼ੈਅ ਹੈ
ਬੰਦੇ ਦੇ ਮਨ ਵਾਂਗ
ਕਿਸੇ ਵੀ ਪਾਸਿਓਂ
ਪਕੜੀ ਨਹੀਂ ਜਾ ਸਕਦੀ
ਕਿਸੇ ਪ੍ਰੀਭਾਸ਼ਾ ਚ ਨਹੀਂ ਟਿਕਦੀ

ਅਸਥਿਰ ਤੇ ਤਰਲ
ਰਿਸ਼ਤਿਆਂ ਵਾਂਗ,
ਬੇਵਫਾ
ਬੰਦਿਆਂ ਵਾਂਗ,
ਘੁਟੀ ਜਿਹੀ
ਘਰਾਂ ਵਾਂਗ,
ਡਰੀ ਜਿਹੀ
ਮੁਹੱਬਤ ਵਾਂਗ,
ਨਿੱਤ ਬਦਲਦੀ
ਖਿਆਲਾਂ ਵਾਂਗ,
ਜ਼ਿੰਦਗੀ ਕੋਈ ਨਦੀ ਹੋਣੀ ਹੈ

ਫਿਰ ਵੀ ਕੁੱਝ ਹੈ
ਜੋ ਇਸਦੇ ਪਿੱਛੇ ਹੈ
ਕੋਈ ਧਾਗਾ
ਜਿਸ ਚ ਤਾਰੇ ਪਿਰੋਏ ਹਨ
ਜਿਸ ਤੇ ਧਰਤੀ ਖੜ੍ਹੀ ਹੈ
ਜਿਸ ਦੁਆਲੇ
ਸੂਰਜ ਘੁੰਮਦਾ ਹੈ

ਕੁੱਝ ਤਾਂ ਹੈ

ਮਨ ਵੀ ਤਾਂ ਬੰਦੇ ਦਾ
ਅਜੀਬ ਹੈ
ਜਿੰਦਗੀ ਵਾਂਗ

ਲਾਈਟ ਐਂਡ ਸਾਊਂਡ

ਜ਼ਿੰਦਗੀ ਵੀ ਅਜੀਬ ਮਾਇਆ ਹੈ
ਝੂਠੀ ਮੁਹੱਬਤ ਵਰਗੀ
ਜਿਸ ਨੂੰ ਤੁਸੀਂ ਰੱਬ ਸਮਝਦੇ ਹੋ
ਉਹ ਬੰਦਾ ਨਿਕਲਦਾ ਹੈ
ਜਿਸ ਨੂੰ ਮਨ ਸਮਝਦੇ ਹੋ
ਉਹ ਨਿਰਾ ਜਿਸਮ

ਵਿਸ਼ਵਾਸ਼
ਸਾਡੀਆਂ ਅੱਖਾਂ ਦੀ ਰੌਸ਼ਨੀ ਹੈ ਸ਼ਾਇਦ
ਇਸ ਅਦਿਖ ਰੌਸ਼ਨੀ ਨਾਲ
ਅਸੀਂ ਰੰਗ ਦਿੰਦੇ ਹਾਂ
ਚਿਹਰਿਆਂ ਨੂੰ
ਬੰਦਿਆਂ ਨੂੰ ਖੁਦਾ ਬਣਾ ਲੈਂਦੇ ਹਾਂ
ਰਾਤ ਦੀਆਂ ਰੌਸ਼ਨੀਆਂ ਵਿੱਚ
ਸ਼ਹਿਰ ਜਿਵੇਂ ਚਮਕਦੇ ਹਨ

ਦਿਨ ਚੜ੍ਹਦਾ ਹੈ ਤਾਂ
ਦਿਸਦਾ ਹੈ
ਕੂੜਾ
ਨਾਲੀਆਂ
ਤੇ ਬਦਬੂਦਾਰ ਗਲੀਆਂ

ਜ਼ਿੰਦਗੀ
ਲਾਈਟ ਐਂਡ ਸਾਊਂਡ ਦਾ
ਡਰਾਮਾ ਹੀ ਤਾਂ ਹੈ ਸ਼ਾਇਦ

ਥੋੜ੍ਹੀ ਥੋੜ੍ਹੀ ਨਮੀ

ਜ਼ਿੰਦਗੀ
ਥੋੜ੍ਹੀ ਥੋੜ੍ਹੀ ਨਮੀ ਹੈ
ਥੋੜ੍ਹਾ ਥੋੜ੍ਹ ਸੇਕ

ਕਿਸੇ ਵੀ ਸ਼ੈਅ ਨੂੰ ਪਲਟ ਕੇ ਦੇਖੋ
ਕਿਸੇ ਵੀ ਦ੍ਰਿਸ਼ ਦੇ
ਗਹਿਰੇ ਉਤਰ ਜਾਓ

ਕਾਹਲੀ ਵਿੱਚ ਦੌੜਦੇ ਲੋਕ
ਤੇਜ਼ ਰਫਤਾਰ ਕਾਰਾਂ
ਸੜਕਾਂ ਤੇ ਚੱਲਦੀਆਂ ਰੌਸ਼ਨੀਆਂ
ਸਾਰਿਆਂ ਦੇ ਪਿੱਛੇ
ਥੋੜ੍ਹਾ ਥੋੜ੍ਹਾ ਦਰਦ ਧੜਕ ਰਿਹਾ ਹੈ

ਖੂਬਸੂਰਤ ਜਿਸਮ
ਚਮਕਦੇ ਮੇਕਅੱਪ
ਖੁਸ਼ਬੂਆਂ
ਕਿਸੇ ਦੀ ਵੀ ਗੁੱਝੀ ਸੱਟ ਨੂੰ ਹੱਥ ਲਾਓ
ਫਿਸ ਪਏਗਾ

ਇਹ ਤੇਰੀ ਮੌਜੂਦਗੀ ਹੈ ਜਾਂ ਗੈਰ ਮੌਜੂਦਗੀ
ਜੋ ਹਰ ਸ਼ੈਅ ਵਿੱਚ ਖਟਕ ਰਹੀ ਹੈ?
ਜੋ ਮੇਰੇ ਨਾਲ ਨਾਲ ਤੁਰਦੀ ਹੈ

ਜਿਸਮ ਦੀ ਮਿੱਟੀ

ਜਿਸਮ ਇਹ ਮੇਰਾ
ਨਿਰੀ ਮਿੱਟੀ
ਮੈਂ ਇਸ ਨੂੰ ਕਿਵੇਂ ਧੋਵਾਂ?
ਧੋਂਦਾ ਹਾਂ
ਤਾਂ ਹੋਰ ਖੁਰਦਾ ਹੈ

ਇਹ ਰੋਜ਼ ਮੁੱਕ ਰਿਹਾ ਹੈ
ਪਰ ਇਸ ਦੀ
ਮੈਲ ਨਹੀਂ ਮੁੱਕਦੀ
ਸ਼ਾਇਦ
ਇਹ ਮੁੱਕ ਕੇ ਹੀ ਮੁਕਤ ਹੁੰਦਾ ਹੈ

ਆਪਣੇ ਆਪ ਨੂੰ
ਰੋਜ਼ ਖੋਰਦੇ ਜਾਣਾ
ਸ਼ਾਇਦ ਇਹੀ ਜੀਵਨ ਹੈ
ਨਿੱਤ ਦਾ ਖੁਰਨਾ ਹੀ
ਅਸਲ ਕਹਾਣੀ ਹੈ

ਮੈਂ ਹੁਣ ਕੁੱਝ ਲੱਭ ਨਹੀਂ ਰਿਹਾ
ਮੈਲ ਦੀਆਂ ਪਰਤਾਂ ਥੱਲੇ
ਜਿਸਮ ਦੀਆਂ ਤੈਹਾਂ ਥੱਲੇ
ਮਨ ਦੇ ਦਰਪਣ ਪਿੱਛੇ
ਭਾਸ਼ਾ ਦੀ ਗਣਿਤ ਪਿੱਛੇ
ਅਰਥਾਂ ਦੇ ਮੂਲ ਵੱਲ
ਮੁਹੱਬਤ ਦੇ ਰੰਗਾਂ ਪਿੱਛੇ
ਮੈਂ ਕਿਸੇ ਤਲਾਸ਼ ਵਿੱਚ ਨਹੀਂ ਹਾਂ
ਸਿਰਫ ਘਿਸ ਰਿਹਾ ਹਾਂ

ਇਹ ਕੋਈ ਤ੍ਰਾਸਦੀ ਨਹੀਂ
ਤਕਦੀਰ ਹੈ
ਜਿਵੇਂ ਕੱਚਾ ਘੜਾ
ਖੁਰਦਾ ਹੈ
ਜਿਵੇਂ ਮੋਮਬੱਤੀ ਪਿਘਲਦੀ ਹੈ

ਦਿਲ ਅੰਦਰ

ਸਿਤਾਰ ਵਜਦਾ ਹੈ
ਹੌਲੀ ਹੌਲੀ
ਦਰਦ ਚੱਲਦਾ ਹੈ
ਹੌਲੀ ਹੌਲੀ
ਕੋਈ ਗੈਰ ਹਾਜ਼ਰੀ
ਗੁਨਗੁਨਾ ਰਹੀ ਹੈ
ਹੌਲੀ ਹੌਲੀ

ਦਿਲ ਵੀ ਅਜੀਬ ਵਾਦੀਆਂ ਹਨ
ਬਾਹਰੋਂ ਦਿਸਦੇ ਨਹੀਂ
ਅੰਦਰੋਂ ਕਿੰਨੇ ਗਹਿਰੇ
ਬਾਹਰ ਕਿੰਨਾ ਹੰਗਾਮਾ ਹੈ
ਅੰਦਰ ਕਿੰਨੀ ਚੁਪ
ਬਾਹਰ ਰੌਣਕਾਂ ਨੇ
ਅੰਦਰ ਇਕੱਲ

ਇਕੱਲ ਜਦ ਬਹੁਤ ਗੂੰਜਦੀ ਹੈ
ਮੈਂ ਦੁਨੀਆਂ ਦਾ ਵੌਲਯੂਮ
ਤੇਜ਼ ਕਰ ਦਿੰਦਾਂ
ਧੁਨਾਂ ਜਦ ਅਸਹਿ ਹੁੰਦੀਆਂ ਹਨ
ਮੈਂ ਸ਼ੋਰ ਸੁਣਨ ਲੱਗਦਾਂ
ਦਰਦ ਜਦ ਵਧ ਜਾਂਦਾ ਹੈ
ਮੈਂ ਬਾਹਰ ਦੌੜ ਆਉਂਦਾਂ

ਸਿਤਾਰ ਜੋ ਵੱਜਦਾ ਰਹਿੰਦਾ ਹੈ
ਦਰਦ ਜੋ ਪਿਘਲਦਾ ਰਹਿੰਦਾ ਹੈ
ਮੈਂ ਇਸ ਤੋਂ ਡਰ ਜਾਂਦਾਂ

ਅਦਿਖ ਤੀਰ

ਕੁੱਝ ਤਾਂ ਦੁਖਦਾ ਹੀ ਰਹੇਗਾ
ਇਸ ਦੀ ਕੋਈ ਦਵਾਈ ਨਹੀਂ ਹੈ
ਜਿਵੇਂ ਹੱਡਾਂ ਦੀ ਸੱਟ ਹੁੰਦੀ ਹੈ
ਠੰਡੀ ਹਵਾ ਚੱਲੇ ਤਾਂ ਦੁਖਣ ਲੱਗਦੀ ਹੈ
ਜਿਸਮ ਵਿੱਚ ਜਿਵੇਂ ਕੁੱਝ ਪੁੜਿਆ ਹੋਵੇ
ਜਿਵੇਂ ਬੇਵਫਾਈ ਚੁਭਦੀ ਰਹਿੰਦੀ ਹੈ
ਸਾਰੀ ਉਮਰ
ਜਿਵੇਂ ਕੋਈ ਯਾਦ
ਕਾਇਮ ਰਹਿੰਦੀ ਹੈ ਪਿਰਾਮਿਡਾਂ ਦੀ ਤਰਾਂ
ਦਿਲ ਦੇ ਮਾਰੂਥਲਾਂ ਵਿੱਚ

ਇਸਦਾ ਕੋਈ ਇਲਾਜ ਨਹੀਂ ਹੈ
ਇਹ ਅੰਦਰ ਰਿਹਾ
ਗੋਲੀ ਦਾ ਕੋਈ ਛੱਰਾ ਨਹੀਂ
ਇਸ ਦਾ ਅਪਰੇਸ਼ਨ ਨਹੀਂ ਹੋ ਸਕਦਾ
ਕੋਈ ਅਦਿੱਖ ਤੀਰ ਹੈ
ਜੋ ਦਿਲ ਵਿੱਚ ਪੁੜਿਆ ਹੈ
ਹਵਾ ਚਲਦੀ ਹੈ ਤਾਂ ਦੁਖ ਦਿੰਦਾ ਹੈ
ਜਾਗ ਪੈਂਦਾ ਹੈ
ਕਿਸੇ ਦ੍ਰਿਸ਼ ਤੋਂ
ਕਿਸੇ ਚਿਹਰੇ ਤੋਂ
ਕਿਸੇ ਸ਼ਬਦ ਤੋਂ
ੋਕਿਸੇ ਗੱਲ ਤੋਂ

ਸੀਨੇ ਵਿੱਚ ਖੁਭੇ ਅਦਿਖ ਤੀਰ
ਦੁਖਦੇ ਰਹਿੰਦੇ ਹਨ ਲਗਤਾਰ
ਇਨ੍ਹਾਂ ਦਾ ਕੋਈ ਇਲਾਜ ਨਹੀਂ ਹੈ


ਇੱਕ ਦਿਨ

ਕੁੱਝ ਯਾਦ ਆਏਗਾ ਤੈਨੂੰ
ਇੱਕ ਦਿਨ
ਜਿਸਮ ਜਦ ਥੱਕ ਗਿਆ
ਮਨ ਜਦ ਮੁੱਕ ਗਿਆ
ਤੈਨੂੰ ਕੁਝ ਯਾਦ ਆਏਗਾ

ਘੁੰਮ ਲੈ ਜਿਸਮ ਦਰ ਜਿਸਮ
ਸੋਚ ਦੀ ਹਰ ਗਲੀ
ਰਸਾਂ ਦੀ ਅਮੁਕ ਦਾਅਵਤ
ਚਿਹਰਾ ਦਰ ਚਿਹਰਾ
ਤੂੰ ਦੁਨੀਆ ਜਿੱਤ ਲੈ
ਪਰ ਕੁੱਝ ਹੈ
ਜੋ ਅੰਦਰ ਮੌਜੂਦ ਰਹੇਗਾ
ਨਾਲ ਨਾਲ ਤੁਰੇਗਾ
ਜਿਵੇਂ ਹਵਾ ਵਿੱਚ ਧੁਨੀਆਂ ਹਨ
ਅਕਾਸ਼ ਵਿੱਚ ਚਿੱਤਰ ਹਨ ਜਿਵੇਂ
ਸਭ ਪ੍ਰਗਟ ਹੋ ਜਾਏਗਾ ਇਕ ਦਿਨ

ਯਾਦ ਜੋ ਯਾਦ ਨਹੀਂ ਹੈ ਤੈਨੂੰ
ਯਾਦ ਆ ਜਾਏਗੀ
ਮੁਲਾਕਾਤ ਦੀਆਂ ਸਭ ਥਾਵਾਂ
ਸਭ ਘੜੀਆਂ
ਕਹਾਣੀ ਜਿਥੋਂ ਸ਼ੁਰੂ ਹੋਈ ਸੀ

ਯਾਦ ਇਹ ਤੇਰੇ ਅੰਦਰ ਲੁਪਤ ਹੈ
ਸੰਸਾਰ ਵਿੱਚ ਜਿਵੇਂ ਨਿਰਵਾਣ ਲੁਪਤ ਹੈ
ਮਨ ਵਿੱਚ ਜਿਵੇਂ ਗਿਆਨ ਲੁਪਤ ਹੈ
ਦਿਲਾਂ ਵਿੱਚ ਜਿਵੇਂ
ਮੁਹੱਬਤ ਲੁਪਤ ਹੈ
ਮੇਰੇ ਵਿੱਚ ਜਿਵੇਂ ਤੂੰ
ਉਵੇਂ ਹੀ
ਮੈਂ ਤੇਰੇ ਵਿੱਚ ਲੁਪਤ ਹਾਂ

ਅਸਲ ਵਿੱਚ
ਕਹਾਣੀ ਇਹ
ਰੁਕਣ ਤੋਂ ਬਾਅਦ ਸ਼ੁਰੂ ਹੁੰਦੀ ਹੈ
ਤਲਾਸ਼ ਜਦ ਹਾਰ ਜਾਂਦੀ ਹੈ
ਜਦ ਅਸੀਂ ਖੜ੍ਹ ਜਾਂਦੇ ਹਾਂ ਨਾ
ਇਹ ਸਫਰ ਉਦੋਂ ਸ਼ੁਰੂ ਹੁੰਦਾ ਹੈ

ਦਰਦ ਜੋ ਧੀਮਾ ਧੀਮਾ ਹੈ
ਤੇਜ਼ ਹੋ ਜਾਵੇਗਾ ਇੱਕ ਦਿਨ
ਸੰਭਾਲਿਆ ਨਹੀਂ ਜਾਏਗਾ ਤੈਥੋਂ
ਜਿਸਮ ਹੰਢ ਜਾਏਗਾ
ਮਨ ਹਾਰ ਜਾਵੇਗਾ
ਜਿਸ ਦਿਨ
ਕੁੱਝ ਨਾ ਹੋਇਆ ਤੇਰੇ ਕੋਲ
ਉਸ ਦਿਨ
ਇਹ ਖਜ਼ਾਨਾ ਨਿਕਲੇਗਾ

ਇੱਕ ਦਿਨ
ਕੁੱਝ ਯਾਦ ਆਏਗਾ ਤੈਨੂੰ

ਖਿੱਚ

ਮੈਂ ਟੁੱਟੀ ਪਤੰਗ ਦੀ ਤਰਾਂ
ਡੋਲ ਰਿਹਾ ਹਾਂ
ਤੂੰ ਮੇਰੀ ਡੋਰ ਪਕੜ ਲੈ
ਮੈਨੂੰ ਖਿੱਚ ਲੈ

ਖਿੱਚ ਬਿਨਾਂ ਮੈਂ ਡੋਲ ਜਾਵਾਂਗਾ
ਅਟਕ ਜਾਵਾਂਗਾ ਟਾਹਣੀਆਂ ਵਿੱਚ
ਹਵਾ ਵਿੱਚ ਲਟਕ ਜਾਵਾਂਗਾ

ਤੂੰ ਮੈਨੂੰ ਆਪਣੀ ਖਿਚ ਨਾਲ ਤਣ ਦੇ
ਮੇਰੇ ਪੂਰੇ ਵਜੂਦ ਨੂੰ
ਇੱਕ ਬਿੰਦੂ ਵੱਲ ਖਿੱਚ ਲੈ
ਇਸ ਖਿੱਚ ਬਿਨ੍ਹਾਂ ਮੈਂ
ਭਟਕ ਰਿਹਾ ਹਾਂ

ਇਸ ਖਿੱਚ ਬਿਨ੍ਹਾਂ
ਮੈਂ ਬੇਦਿਸ਼ਾ ਹਾਂ
ਜਿਵੇਂ ਮੁਹੱਬਤ ਬਿਨ੍ਹਾਂ ਜ਼ਿੰਦਗੀ ਹੁੰਦੀ ਹੈ
ਜਿਵੇਂ ਮਰਦ ਬਿਨ੍ਹਾਂ ਔਰਤ
ਮਾਂ ਬਿਨਾਂ ਬੱਚੇ
ਔਰਤ ਬਿਨਾਂ ਘਰ
ਸ਼ਿੱਦਤ ਬਿਨਾਂ ਰਿਸ਼ਤੇ
ਮੌਤ ਬਿਨਾਂ ਜ਼ਿੰਦਗੀ
ਜਿਵੇਂ ਮੇਰੇ ਬਿਨਾਂ ਤੂੰ

ਮੈਨੂੰ ਖਿੱਚ ਲੈ ਆਪਣੇ ਵੱਲ
ਇਸ ਤੋਂ ਪਹਿਲਾਂ ਕਿ ਮੈਂ ਡਿੱਗ ਪਵਾਂ

ਵਿਦਾਇਗੀ ਤੋਂ ਪਹਿਲਾਂ

ਕੀ ਫਰਕ ਪਏਗਾ
ਜੇ ਖਾਲੀ ਹੱਥ ਜਾਵਾਂਗਾ
ਮਨ ਤਾਂ ਭਰਿਆ ਹੈ
ਵਾਸਨਾਵਾਂ ਨਾਲ,
ਅਪੂਰਨ ਇੱਛਾਵਾਂ ਨਾਲ
ਦੱਬੀਆਂ ਖਾਹਸ਼ਾਂ ਨਾਲ
ਟੁੱਟੇ ਸੁਪਨਿਆਂ ਨਾਲ
ਅਧੂਰੇ ਰਿਸ਼ਤਿਆਂ ਨਾਲ
ਐਨੇ ਭਾਰੀ ਮਨ ਨਾਲ
ਮੈਂ ਭਵਜਲ ਕਿਵੇਂ ਲੰਘਾਂਗਾਂ?

ਖਾਲੀ ਹੱਥ ਤਾਂ ਸਭ ਜਾਂਦੇ ਹਨ
ਮੈਂ ਖਾਲੀ ਮਨ ਨਾਲ ਜਾਣਾ ਚਾਹੁੰਦਾਂ
ਕਰਮਾਂ ਦਾ ਸਭ ਹਿਸਾਬ ਨਬੇੜ ਕੇ
ਸਭ ਕੁੱਝ ਸਮੇਟ ਕੇ
ਤੇਰੀ ਦੁਨੀਆ ਤੋਂ ਰੁਖਸਤ ਹੋਣਾ ਚਾਹੁੰਦਾਂ

ਹੱਥ ਤਾਂ ਬਹੁਤ ਛੋਟੇ ਹਨ
ਮਨ ਕਿਤੇ ਜ਼ਿਆਦਾ ਭਾਰੀ ਹੈ
ਮਨ ਦਾ ਭਾਰ ਚੁੱਕ ਕੇ
ਮੌਤ ਨੂੰ ਲੰਘਣਾ
ਇਸ ਤਰਾਂ ਹੈ ਜਿਵੇਂ
ਕਿਸੇ ਉਪਗ੍ਰਹਿ ਨੇ
ਗੁਰੂਤਾ ਦੀ ਦੀਵਾਰ ਲੰਘਣੀ ਹੋਵੇ

ਤੂੰ ਮੇਰੇ ਮਨ ਨੂੰ ਖਾਲੀ ਕਰ ਦੇ
ਵਾਸਨਾਵਾਂ ਦੀ ਭੀੜ
ਖਾਹਸ਼ਾਂ ਦੀ ਭਿਨਭਿਨਾਹਟ
ਅਧੂਰੇ ਰਿਸ਼ਤਿਆਂ ਦੀ ਟਸ ਟਸ
ਅਪੂਰੇ ਸੁਪਨਿਆਂ ਦੀ ਰੜਕਣ
ਸਭ ਧੋ ਦੇ
ਤੂੰ ਮੈਨੂੰ ਖਾਲੀ ਮਨ ਨਾਲ ਵਿਦਾ ਕਰੀਂ
ਖਾਲੀ ਹੱਥ ਤਾਂ ਸਭ ਜਾਂਦੇ ਹਨ

ਬੇਬਸੀ

ਇਹ ਜੋ ਵੀ ਹੈ
ਬੇਬਸੀ ਦਾ ਆਲਮ
ਜੀਵਨ ਇਹੀ ਤਾਂ ਹੈ
ਇਹ ਜੋ ਕੁੱਝ ਛੂਹ ਨਹੀਂ ਹੋ ਰਿਹਾ
ਜੋ ਫਾਸਲ ਬਚ ਜਾਂਦਾ ਹੈ ਹਮੇਸ਼ਾ
ਜ਼ਿੰਦਗੀ ਇਹੀ ਤਾਂ ਹੈ

ਮੈਂ ਤੈਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹਾਂ
ਵਾਰ ਵਾਰ
ਪਰ ਕੁੱਝ ਹੈ
ਜੋ ਪਕੜਿਆ ਨਹੀਂ ਜਾਂਦਾ
ਕੁੱਝ,
ਜੋ ਬੱਦਲਾਂ ਦੀ ਤਰਾਂ ਦਿਸਦਾ ਹੈ
ਪਰ ਫੜ ਨਹੀਂ ਹੁੰਦਾ
ਕਈ ਵਾਰ ਲੱਗਦਾ ਹੈ
ਕਿ ਮੈਂ ਤੈਨੂੰ ਛੁਹ ਲਿਆ ਹੈ
ਪਰ ਉਹ ਤਾਂ ਇੱਕ ਫਾਸਲਾ ਹੀ ਹੁੰਦਾ ਹੈ
ਫਾਸਲਾ ਇਹ ਮਿਟਦਾ ਨਹੀਂ
ਇਹ ਫਾਸਲਾ
ਮੇਰੇ ਹੱਥਾਂ ਤੇ
ਦਸਤਾਨਿਆਂ ਦੀ ਤਰਾਂ ਚਿਪਕਿਆ ਹੈ
ਸ਼ਾਇਦ ਇਹ ਪੂਰਾ ਜਿਸਮ ਮੇਰਾ
ਇੱਕ ਦਸਤਾਨਾ ਹੀ ਹੈ

ਮੈਂ ਆਪਣੇ ਆਪ ਵਿੱਚ ਕੈਦ ਹਾਂ
ਮੈਂ ਤੈਨੂੰ ਕਿਵੇਂ ਪਕੜਾਂ

1 comment:

 1. ਕਮਲਿਆ ਸ਼ਾਇਰਾ

  ਕਮਲਿਆ ਸ਼ਾਇਰਾ ਗੱਲ ਦਿਲ ਤੇ ਨਾ ਲਾਇਆ ਕਰ ।
  ਬਦਲੇ ਜਦ ਮੌਸਮ, ਤੂੰ ਵੀ ਬਦਲ ਜਾਇਆ ਕਰ ।

  ਪਾਸੇ ਹੋ ਕੇ ਲੋਕਾਂ ਵਾਂਗੂੰ ਦੇਖੀ ਜਾਇਆ ਕਰ ਹਾਦਸੇ,
  ਐਵੇਂ ਨਾ ਹਰ ਹਾਦਸੇ ਵਿੱਚੋਂ ਗੁਜ਼ਰ ਜਾਇਆ ਕਰ ।

  ਜਦ ਆਪਣੀ ਗੁਲਾਮੀ ਦਾ ਪਰਿੰਦੇ ਨੂੰ ਹੀ ਰੰਜ ਨਹੀਂ,
  ਨਾ ਜੰਗਲ ਨੂੰ, ਮੁਕਤੀ ਦੇ ਗੀਤ ਸੁਣਾਇਆ ਕਰ ।

  ਹੋਵੇ ਜੇ ਵਖਤ ਬੁਰਾ, ਜਖ਼ਮ ਫੁੱਲ ਵੀ ਦੇ ਜਾਂਦੇ ਨੇ ,
  ਸੰਭਲ ਕੇ ਮਹਿਕਾਂ ਦੀ ਨਗਰੀ ਪੈਰ ਪਾਇਆ ਕਰ ।

  ਜੋ ਠੋਕਰ ਦੇ ਕਾਬਲ ਨਹੀਂ ਸੀ, ਦੇਵਤਾ ਹੋ ਗਿਆ,
  ਨਾ ਪੱਥਰ ਤਰਾਸ਼ ਕੇ, ਮੰਦਰੀਂ ਸਜਾਇਆ ਕਰ ।

  ਜੋ ਟਿਮਟਿਮਾਵੇ, ਐਵੇਂ ਭੁਲੇਖਾ ਜੁਗਨੂੰਆਂ ਦਾ ਪਾਵੇ ,
  ਐਸੇ ਖੋਟੇ ਖ਼ਰੇ ਦੀ, ਨਾ ਤਾਸੀਰ ਅਜਮਾਇਆ ਕਰ ।

  ਯਾਰ ਤੇਰੇ ਸ਼ਹਿਰ ਵਿੱਚ, ਹੈ ਨਜ਼ਰਬੰਦ ਰੌਸ਼ਨੀ,
  ਨਾ ਖੁਦ ਜਲਿਆ ਕਰ, ਨਾ ਦੀਪ ਜਲਾਇਆ ਕਰ ।

  ਮਨਜੀਤ ਕੋਟੜਾ ।
  www.manjitkotra.blogspot.com

  ReplyDelete