Thursday, June 25, 2009

ਭਾਗ ਦੂਜਾ

ਇਸ ਭਾਗ ਵਿੱਚ ਸ਼ਾਮਲ ਕਵਿਤਾਵਾਂ ਦੀ ਮੁਖ ਸੁਰ ਬੌਧਿਕ ਪ੍ਰਸ਼ਨ ਹਨ। ਇਹ ਨਿੱਕੇ ਨਿੱਕੇ ਸੁਆਲਾਂ ਤੇ ਆਤਮਿਕ ਸੁਆਲਾਂ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਵੱਖ ਵੱਖ ਮੌਕਿਆਂ ਤੇ ਲਿਖੀਆਂ ਗਈਆਂ। ਮਿਸਾਲ ਦੇ ਤੌਰ ਤੇ ਪਹਿਲੀ ਕਵਿਤਾ ਚਿੰਤਨ ਦੀ ਤਕਦੀਰ 1992-93 ਦੀ ਲਿਖੀ ਹੋਈ ਹੈ ਅਤੇ ਜ਼ਿਆਦਾਤਰ ਕਵਿਤਾਵਾਂ 2008-09 ਵਿੱਚ ਲਿਖੀਆਂ ਗਈਆਂ ਹਨ।

ਚਿੰਤਨ ਦੀ ਤਕਦੀਰ

ਸ਼ਾਮੀ ਨਜ਼ਰ ਨਾਲ ਦਿਨ ਨੂੰ ਤੋਰਨ ਬਾਅਦ
ਮੈਂ ਅੰਬਰ ਦੇ ਪੇਸ਼ ਹੁੰਦਾ ਹਾਂ
ਹਾਰੀਆਂ ਅੱਖਾਂ ਤੇ ਕਸੈਲਾ ਨ੍ਹੇਰਾ ਡੁੱਲ੍ਹਣ ਲੱਗਦਾ ਹੈ
ਤੇ ਮੈਂ
ਕਾਲੇ ਅਸਮਾਨ ਨੂੰ ਦੁਰਾਸੀਸ ਦੇ ਦਿੰਦਾਂ......

ਕਾਲੀ ਉਡੀਕ ਚ
ਅੰਬਰ ਦੇ ਮਾਤਾ ਨਿਕਲਦੀ ਵੇਖਦਾ ਹਾਂ
ਹੌਲੀ ਹੌਲੀ ਮਾਤਾ ਦੇ ਦਾਣੇ
ਤਾਰੇ ਬਣਨ ਲੱਗਦੇ ਹਨ
ਮੈਂ ਤਾਰਿਆਂ ਵਿੱਚੀਂ
ਪਾਰਲੇ ਚਾਨਣ ਨਾਲ ਗੱਲਾਂ ਕਰਦਾ
ਤਾਰਿਆਂ ਦੇ
ਪੂਰੇ ਅਸਮਾਨ ਚ ਫੈਲ ਜਾਣ ਦੇ ਸੁਪਨੇ ਚ
ਸੌਂ ਜਾਂਦਾ ਹਾਂ......

ਬੀਬੀ ਹਾਕ ਮਾਰਦੀ ਹੈ

ਗੋਡੇ ਗੋਡੇ ਦਿਨ ਨੂੰ ਨਰਾਜ਼ਗੀ ਨਾਲ ਵੇਖਦਾਂ
ਮੇਰੀ ਉਡੀਕ ਦੇ ਰਾਹਾਂ ਤੋਂ ਬਿਨਾਂ
ਧੁੱਪ ਕਿੱਧਰੋਂ ਆਈ ਹੈ?
ਕਿਉਂ ਆਈ ਹੈ?
ਆਪੇ ਚੜ੍ਹੇ ਦਿਨ ਨੂੰ
ਅਸਵੀਕਾਰ ਕਰ ਦਿੰਦਾਂ

ਤੇ ਫੇਰ
ਓਪਰੇ ਪ੍ਰਾਹੁਣੇ ਵਾਂਗ ਆਏ ਦਿਨ ਨਾਲ
ਹੌਲੀ ਹੌਲੀ ਪਰਚਣ ਲੱਗਦਾਂ
ਕਿ ਦਿਨ ਦੀ ਹਥੇਲੀ ਤੋਂ ਤਿਲ੍ਹਕ ਜਾਂਦਾ ਹੈ ਸੂਰਜ

ਸ਼ਾਮੀ ਨਜ਼ਰ ਨਾਲ
ਕਾਲੀ ਉਡੀਕ ਦੇ ਸੇਕ ਵਿੱਚ
ਫੇਰ ਤਪਣ ਲੱਗ ਜਾਂਦਾਂ.........

ਅਰਥਾਂ ਤੋਂ ਪਾਰ

ਅਰਥਾਂ ਦੀ ਤਲਾਸ਼ ਨਾ ਕਰ
ਇਸ ਦੇ ਅਰਥ ਕੋਈ ਨਹੀਂ ਹਨ
ਐਵੇਂ ਰੱਬ ਨੇ ਲਕੀਰ ਜਿਹੀ ਮਾਰੀ ਹੈ ਇੱਕ
ਵਿੰਗੀ ਜਾਂ ਟੇਢੀ

ਤੂੰ ਜੀਵਨ ਦੇ ਅਰਥ ਨਾ ਖੋਜ

ਕਿਤੇ ਵੀ ਪਹੁੰਚਦੀ ਨਹੀਂ ਹੈ ਇਹ ਲਕੀਰ
ਗੋਲ ਚੱਕਰ ਵਿੱਚ ਘੁੰਮਦੀ ਹੈ

ਸੁਣ ਇਸ ਨੂੰ,
ਜਿਵੇਂ ਕੋਈ ਅਲਾਪ ਹੋਵੇ
ਅੰਬਰ ਨੂੰ ਛੁੰਹਦਾ ਹੋਇਆ
ਜਿਵੇਂ ਮੰਦਰ ਵਿੱਚ ਕਿਸੇ ਨੇ
ਸੰਖ ਵਜਾਇਆ ਹੋਵੇ
ਜਾਂ ਪੰਛੀ ਕੋਈ
ਸਿਰ ਤੋਂ ਲੰਘ ਗਿਆ ਹੋਵੇ

ਵੈਰਾਗ ਕਰਨ ਵਾਲਾ
ਕੁੱਝ ਨਹੀਂ ਹੈ ਇਸ ਵਿੱਚ
ਵੈਰਾਗ ਤੇਰੇ ਮਨ ਦੀ ਰਚਨਾ ਹੈ
ਅਰਥਾਂ ਦੀ ਹਾਰ ਦਾ ਨਾਂ ਹੈ

ਅਰਥਾਂ ਦੇ ਪਿੱਛੇ ਨਾ ਜਾਹ
ਇਹ ਨਜ਼ਰ ਤੇਰੀ ਦਾ ਭੁਲਾਂਦਰਾ ਹੈ

ਵੈਰਾਗ ਦੀ ਸਪਾਪਤੀ ਤੇ ਸ਼ੁਰੂ ਹੁੰਦਾ ਹੈ ਇਹ ਸਫਰ
ਉਦਾਸ ਨਾ ਹੋ
ਬਸ ਦੇਖ।

ਦੇਖ ਤਾਂ ਸਹੀ
ਇੱਕ ਖਾਲੀ ਅਨੰਤਤਾ

ਮਹਾਂਯੁਧ


ਜੇ ਮੇਰੇ ਕੋਲ ਕਵਿਤਾ ਨਾ ਹੁੰਦੀ
ਤਾਂ ਮੈਂ ਕਿਵੇਂ ਲੜਦਾ
ਤੇਰੇ ਅਦਿੱਖ ਹਥਿਆਰਾਂ ਨਾਲ

ਜੋ ਲੜਾਈਆਂ ਮੈਂ ਲੜ ਨਹੀਂ ਸਕਦਾ
ਪ੍ਰਤੱਖ ਦੇ ਮੰਡਲਾਂ ਵਿੱਚ
ਜੋ ਲੜਾਈਆਂ ਮੈਂ ਇਕੱਲਿਆਂ ਲੜਨੀਆਂ ਹਨ
ਪਰਛਾਵਿਆਂ ਨਾਲ
ਅਦਿੱਖ ਅਕਾਰਾਂ ਨਾਲ
ਅਰਥਾਂ ਨਾਲ
ਬਜ਼ਾਰਾਂ ਵਿੱਚ ਉਨ੍ਹਾਂ ਲਈ
ਹਥਿਆਰ ਨਹੀਂ ਹਨ

ਮੈਂ ਲੜ ਰਿਹਾ ਹਾਂ
ਜਿਵੇਂ ਆਪਣੀ ਸਤਹ ਦੇ ਥੱਲੇ
ਸਮੁੰਦਰ ਲੜਦਾ ਹੈ
ਜਿਵੇਂ ਹਰ ਦਿਸਦੇ ਪਿੱਛੇ
ਕੁੱਝ ਸੂਖਮ ਹੁੰਦਾ ਹੈ
ਜਿਵੇਂ ਚੁਪ ਦੇ ਪਿੱਛੇ
ਕੋਈ ਖਲਬਲੀ ਹੁੰਦੀ ਹੈ

ਮੇਰਾ ਇਹ ਅਮੁਕ ਯੁੱਧ
ਕਵਿਤਾ ਵਿੱਚ ਛੁਪਿਆ ਹੈ
ਮਿੱਥਾਂ ਵਿੱਚ ਜਿਵੇਂ ਸੱਚ ਲੁਪਤ ਹੈ
ਧਰਤੀ ਵਿੱਚ ਜਿਵੇਂ
ਬੋਲ ਛੁਪੇ ਹਨ
ਅਸਮਾਨਾਂ ਵਿੱਚ ਜਿਵੇਂ
ਅਸੀਸਾਂ ਗੁੰਮ ਹਨ

ਮੇਰੀ ਗਲੋਬ ਯਾਤਰਾ

ਤੇਰਾ ਇਹ ਜੀਵਨ
ਬਿਲਕੁਲ ਗੋਲ ਹੈ ਮੇਰੇ ਮੌਲਾ
ਮੈਂ ਇਸ ਦਾ ਕੀ ਕਰਾਂ?

ਜਿਥੋਂ ਵੀ ਤੁਰਾਂ
ਜਿਸ ਵੀ ਪਾਸੇ ਤੁਰਾਂ
ਵਾਪਸ ਉਸੇ ਥਾਂ ਪਹੁੰਚ ਜਾਂਦਾ ਹਾਂ
ਕਿੰਨਾ ਵੀ ਤੁਰਾਂ ਚਾਹੇ
ਮੈਂ ਕਿਤੇ ਵੀ ਨਹੀਂ ਪਹੁੰਚਦਾ

ਇਹ ਤੂੰ ਕੀ ਸਫਰ ਬਣਾਇਆ ਹੈ
ਇਹ ਨਾ ਸ਼ੁਰੂ ਹੁੰਦਾ ਹੈ
ਨਾ ਮੁਕਦਾ ਹੈ
ਟਰੈੱਡ ਮਿੱਲ ਦੀ ਤਰਾਂ
ਸਿਰਫ ਪੈਰ ਚੱਲਦੇ ਦਿਸਦੇ ਹਨ

ਮੈਂ ਪ੍ਰੈਕਟਿਸ ਕਰਦਾਂ
ਇਸ ਨੂੰ ਜਿਊਣ ਦੀ
ਮੈਂ ਕਿਤੇ ਵੀ ਨਹੀਂ ਪਹੁੰਚਦਾ

ਹੁਣ ਹੰਭ ਗਿਆ ਹਾਂ ਬੱਸ
ਹੋਰ ਨਾ ਪਰਖ

ਮੈਨੂੰ ਪਰਖਕੇ ਵੀ ਕੀ ਕਰੇਂਗਾ
ਫੇਲ੍ਹ ਪਾਸ ਸਭ ਤੇਰੀ ਰਜ਼ਾ ਹੈ
ਮੈਂ ਤਾਂ ਸਿਰਫ ਦੌੜਨ ਦਾ ਸਮਾਨ ਹਾਂ

ਥੱਕ ਗਿਆ ਹਾਂ
ਇਹ ਦੌੜ ਮੇਰੇ ਵੱਸ ਦੀ ਨਹੀਂ

ਆਹ ਲੈ ਮੈਂ ਬੈਠਣ ਲੱਗਾਂ
ਅੱਗੇ ਤੇਰੀਆਂ ਤੂੰ ਜਾਣੇਂ

ਮੁਹੱਬਤ

ਦੁਨੀਆ ਸਾਜਣ ਵੇਲੇ
ਰੱਬ ਨੇ ਸ਼ਾਇਦ ਬੰਦੇ ਨੂੰ
ਸਰਾਪ ਦਿੱਤਾ -
ਹਰ ਇਨਸਾਨੀ ਪਿਆਰ
ਇੱਕ ਤਰਫਾ ਹੋਵੇਗਾ
ਨਦੀ ਦੀ ਤਰਾਂ
ਪੌਣ ਵਾਂਗ
ਜਾਂ ਨੂਰ ਦੀ ਬਾਰਿਸ਼ ਵਾਂਗ

ਇਨਸਾਨਾਂ ਦੀ ਮੁਹੱਬਤ ਕਦੇ
ਦੋ ਤਰਫਾ ਨਹੀਂ ਹੋ ਸਕਦੀ

ਦੋ ਤਰਫਾ ਮੁਹੱਬਤ ਨੂੰ ਪ੍ਰਾਪਤ ਹੋਣਾ
ਇਨਸਾਨੀ ਵਜੂਦ ਦੀਆਂ ਸੀਮਾਵਾਂ ਨੂੰ
ਉਲੰਘ ਜਾਣਾ ਹੈ ਸ਼ਾਇਦ
ਨਿਰਵਾਣ ਨੂੰ ਪ੍ਰਾਪਤ ਹੋਣਾ ਹੈ

ਮੁਹੱਬਤ ਦੇ ਇਸ ਇਕਹਿਰੇਪਣ ਦਾ ਨਾਂ ਹੀ
ਬਿਰਹਾ ਜਾਂ ਹਿਜਰ ਹੈ
ਤੜਫ ਦਾ ਨਿਰੰਤਰ ਵਹਿਣਾ ਹੀ
ਮਹੱਬਤ ਹੈ ਸ਼ਾਇਦ

ਵਸਲ ਇੱਕ ਭ੍ਰਾਂਤੀ ਹੈ

ਨਦੀ ਦੇ ਰੇਗਿਸਤਾਨ ਵਿੱਚ ਰਮ ਜਾਣ ਵਾਂਗ
ਹਵਾ ਦੇ ਲੰਘ ਜਾਣ ਵਾਂਗ
ਜਾਂ ਰੌਸ਼ਨੀ ਨੂੰ ਪਕੜ ਲੈਣ ਵਾਂਗ
ਇਸ ਦਾ ਕੋਈ ਵਜੂਦ ਨਹੀਂ ਹੈ

ਨਦੀ ਜਿਵੇਂ ਪੱਥਰਾਂ ਨੂੰ ਮਿਲਦੀ ਹੈ
ਹਵਾ ਜਿਵੇਂ ਦਰਖਤਾਂ ਨੂੰ ਹਿਲਾਉਂਦੀ ਹੈ
ਰੌਸ਼ਨੀ ਜਿਵੇਂ ਕੰਦਰਾਂ ਨੂੰ ਜਗਾਉਂਦੀ ਹੈ
ਮੁਹੱਬਤ ਵੀ ਬੱਸ ਇੰਝ ਹੀ ਆਉਂਦੀ ਹੈ
ਇਸ ਵਿੱਚ ਮਿਲਨ ਨਹੀਂ ਹੈ

ਜੋਤ ਨਾਲ ਜੋਤ ਕਿਤੇ ਨਹੀਂ ਜਗਦੀ

ਮੁਹੱਬਤ ਮਹਿਜ਼ ਇੱਕ ਸਿਜਦਾ ਹੈ
ਪਰਿਕਰਮਾ
ਕਿਸੇ ਪਿੱਪਲ ਦੀ ਜੜ੍ਹ ਤੇ ਦੀਵੇ ਜਗਾਉਣਾ
ਇਹ ਮੂਕ ਮੂਰਤੀਆਂ ਦੀ ਆਰਤੀ ਹੈ ਬੱਸ

ਇਕੋ ਜਿਹੇ ਦੋ ਇਨਸਾਨ
ਇੱਕੋ ਵੇਲੇ ਕਦੇ ਇਕੱਠੇ ਨਹੀਂ ਹੁੰਦੇ
ਰੱਬ ਨੇ ਬੰਦੇ ਨੂੰ ਇਹ
ਸਰਾਪ ਦਿੱਤਾ ਹੈ

ਜ਼ਿੰਦਗੀ

ਜਿੰਦਗੀ ਨੂੰ
ਕਿਤਾਬ ਵਾਂਗ ਫੇਰ ਤੋਂ ਨਹੀਂ ਪੜ੍ਹਿਆ ਜਾ ਸਕਦਾ
ਚੰਗੀ ਤਰਾਂ ਪੜ੍ਹਨ ਤੋਂ ਪਹਿਲਾਂ
ਨਜ਼ਰ ਨਹੀਂ ਮਾਰ ਸਕਦੇ ਮੋਟੀ ਮੋਟੀ
ਕੁੱਝ ਪੈਰ੍ਹੇ, ਕੁੱਝ ਫਿਕਰੇ
ਬਿਨਾਂ ਸਮਝਿਆਂ
ਨਹੀਂ ਨਿਕਲ ਸਕਦੇ
ਇਸ ਉਮੀਦ ਨਾਲ
ਕਿ ਜੋ ਗੱਲਾਂ ਇੱਕ ਵਾਰ ਪੜ੍ਹਦਿਆਂ
ਸਮਝ ਨਹੀਂ ਆਈਆਂ
ਉਹ ਅਗਲੀ ਵਾਰ ਸਮਝ ਆ ਜਾਣਗੀਆਂ

ਨਾ ਹੀ ਇਸ ਨੂੰ ਸੰਭਾਲ ਕੇ ਰੱਖ ਸਕਦੇ ਹਾਂ
ਕਿਸੇ ਹੋਰ ਵਕਤ ਪੜ੍ਹਨ ਲਈ
ਤਸੱਲੀ ਨਾਲ, ਅਰਾਮ ਨਾਲ
ਹੌਲੋ ਹੌਲੇ

ਇਸ ਕਿਤਾਬ ਦਾ ਕੋਈ ਵੀ ਪਲਟਿਆ ਵਰਕਾ
ਵਾਪਿਸ ਨਹੀਂ ਖੋਲ੍ਹਿਆ ਜਾ ਸਕਦਾ
ਪੜ੍ਹਿਆ ਜਾ ਚੁੱਕਾ ਇੱਕ ਅੱਖਰ ਵੀ
ਦੁਬਾਰਾ ਤੋਂ ਨਹੀਂ ਪੜ੍ਹਿਆ ਜਾ ਸਕਦਾ

ਕੋਈ ਹੋਰ ਰਸਤਾ ਨਹੀਂ ਹੈ ਮੇਰੇ ਕੋਲ
ਕਿ ਹਰ ਵਰਕੇ, ਹਰ ਸਤਰ, ਹਰ ਅੱਖਰ ਨੂੰ
ਆਖਰੀ ਵਾਰ ਮਿਲਾਂ

ਆਖਰੀ ਵਾਰ
ਹਰ ਸਫੇ ਦੀ ਖੁਸ਼ਬੂ ਨੂੰ ਮਹਿਸੂਸ ਕਰਾਂ
ਹਰ ਸਤਰ ਦਾ ਰਿਦਮ ਸੁਣਾਂ
ਹਰ ਅੱਖਰ ਦੀਆਂ ਗੋਲਾਈਆਂ ਤੇ ਕੋਨਿਆਂ ਨੂੰ
ਨੀਝ ਨਾਲ ਦੇਖਾਂ
ਜਿਵੇਂ ਵਿਛੜਨ ਵੇਲੇ
ਕਿਸੇ ਆਪਣੇ ਨੂੰ ਦੇਖੀਦਾ ਹੈ
ਜਿਵੇਂ ਫਾਂਸੀ ਚੜ੍ਹਨ ਤੋਂ ਪਹਿਲਾਂ
ਪਰਿਵਾਰ ਨਾਲ ਆਖਰੀ ਮੁਲਾਕਾਤ ਹੁੰਦੀ ਹੈ

ਪਾਸਵਰਡ

ਰੱਬ ਭੇਜਦਾ ਹੈ ਕਿ ਹਰ ਜੀਵ ਨੂੰ
ਲੌਕ ਕੀਤੇ ਦਿਲ ਨਾਲ
ਇਸ ਦਾ ਪਾਸਵਰਡ
ਕਿਸੇ ਇੱਕ ਕੋਲ ਛੱਡ ਦਿੰਦਾ ਹੈ

ਤੇ ਫੇਰ
ਰੱਬ ਇੱਕ ਖੇਡ ਖਿਡਾਉਂਦਾ ਹੈ
ਲੋਕ ਜਿਸ ਨੂੰ ਮੁਹੱਬਤ ਕਹਿੰਦੇ ਹਨ

ਜਿਨ੍ਹਾਂ ਦੇ ਪਾਸਵਰਡ ਲੱਭ ਜਾਂਦੇ ਹਨ
ਉਹ ਮੁਕਤ ਹੋ ਜਾਂਦੇ ਹਨ
ਬਾਕੀ ਭਟਕਦੇ ਹਨ
ਵਾਰ ਵਾਰ ਜਨਮਦੇ ਹਨ
ਆਪਣੇ ਪਾਸਵਰਡ ਲੱਭਣ ਲਈ

ਜਿਸ ਇੱਕ ਕੋਲ
ਤੁਹਾਡਾ ਪਾਸਵਰਡ ਹੁੰਦਾ ਹੈ
ਉਸ ਦੇ ਕਦਮਾਂ ਦੀ ਆਹਟ
ਦੂਰ ਤੋਂ ਸੁਣ ਜਾਂਦੀ ਹੈ।

ਜਿਸਮ ਦੇ ਬ੍ਰਹਿਮੰਡ ਵਿੱਚ ਵਸਦੀਆਂ
ਹਜ਼ਾਰਾਂ ਰੰਗ ਬਰੰਗੀਆਂ ਚਿੜੀਆਂ
ਚਹਿਚਹਾਉਣ ਲੱਗਦੀਆਂ ਹਨ,
ਜਦ ਉਸ ਦੇ ਔਣ ਦੀ ਖਬਰ ਹੁੰਦੀ ਹੈ।

ਉਸ ਦੇ ਆਉਣ ਤੋਂ ਪਹਿਲਾਂ
ਉਸ ਦੀ ਅਦਿੱਖ ਦੇਹ ਤੁਹਾਡੇ ਕੋਲ ਆਉਂਦੀ ਹੈ
ਚਿੜੀਆਂ ਜਿਸ ਨੂੰ ਦੇਖ ਸਕਦੀਆਂ ਹਨ

ਕੋਈ ਇੱਕ
ਤੁਹਾਡੇ ਕੋਲ ਰਹਿੰਦਾ ਹੈ ਹਮੇਸ਼ਾ
ਜਿਵੇਂ ਜਿਸਮ ਵਿੱਚ ਆਤਮਾ ਰਹਿੰਦੀ ਹੈ
ਜਿਵੇਂ ਬੋਲਾਂ ਵਿੱਚ ਮਿਠਾਸ ਰਹਿੰਦੀ ਹੈ
ਜਿਵੇਂ ਅੱਖਾਂ ਵਿੱਚ ਨਮੀ ਰਹਿੰਦੀ ਹੈ

ਇਸ ਇੱਕ ਦੀ ਅਨੋਖੀ ਗਣਿਤ ਹੈ
ਇਸ ਇੱਕ ਨਾਲ ਮਿਲਕੇ ਤੁਸੀਂ ਦੋ ਨਹੀਂ ਹੁੰਦੇ
ਸਿਰਫ ਇੱਕ ਹੁੰਦੇ ਹੋ
ਜਿਵੇਂ ਜ਼ੀਰੋ ਨਾਲ ਜ਼ੀਰੋ ਮਿਲਦੀ ਹੈ
ਜਾਂ ਅਨੰਤ ਨਾਲ ਅਨੰਤ

ਇਹ ਇੱਕ
ਜੋ ਕਦੇ ਗੁਆਚਦਾ ਨਹੀਂ
ਕਦੇ ਛੁੱਟਦਾ ਨਹੀਂ
ਵਸਦਾ ਹੈ ਹਮੇਸ਼ਾ ਲਈ
ਜਿਵੇਂ ਜ਼ਿਹਨ ਵਿੱਚ ਕੋਈ ਯਾਦ ਰਹਿੰਦੀ ਹੈ
ਜਿਵੇਂ ਜਿਸਮ ਅੰਦਰ ਅਰਾਮ ਹੁੰਦਾ ਹੈ
ਜਿਵੇਂ ਗਲੇ ਅੰਦਰ ਹੁੰਦੀ ਹੈ ਮਾਂ ਬੋਲੀ
ਜਿਵੇਂ ਸਾਹਾਂ ਦਾ ਹਲਟ ਗਿੜਦਾ ਹੈ

ਲਗਨ

ਕੀ ਤੂੰ ਕੁੱਝ ਨਵਾਂ ਉਸਾਰਨਾ ਹੈ?
ਕੋਈ ਰਿਸ਼ਤਾ
ਕੋਈ ਘਰ
ਜਾਂ ਕਵਿਤਾ ਕੋਈ
ਤਾਂ ਸ਼ਬਦ ਕਾਫੀ ਨਹੀਂ ਹਨ
ਕੁੱਝ ਹੋਰ ਚਾਹੀਦਾ ਹੈ
ਲਗਨ ਵਰਗਾ
ਤੜਫ ਵਰਗਾ
ਇਸ਼ਕ ਵਰਗਾ
ਜੋ ਦਿਸਦਾ ਨਹੀਂ ਹੈ
ਜਿਸ ਨੂੰ ਛੁਹ ਵੀ ਨਹੀਂ ਸਕਦੇ
ਪਰ ਜਿਹੜਾ ਤੁਹਾਨੂੰ ਛੁਹ ਸਕਦਾ ਹੈ
ਹਵਾ ਵਾਂਗ
ਜੋ ਤੁਹਾਡੇ ਇਰਦ ਗਿਰਦ
ਮੌਜੂਦ ਰਹਿੰਦਾ ਹੈ
ਫਰਿਸ਼ਤਿਆਂ ਦੇ ਪਹਿਰੇ ਦੀ ਤਰਾਂ


ਸ਼ਬਦ ਬਹੁਤ ਪੋਲੇ ਹਨ
ਇਹ ਤਾਂ ਇੱਟਾਂ ਵੀ ਨਹੀਂ ਹਨ
ਜਿਨ੍ਹਾਂ ਤੇ ਕੁੱਝ ਉਸਾਰ ਸਕੀਏ
ਇੱਕ ਲਗਨ ਚਾਹੀਦੀ ਹੈ
ਬੇਪਰਦ
ਬੇਖੌਫ
ਜਿਵੇਂ ਕੋਈ ਕਤਲ ਕਰਕੇ ਆਵੇ
ਤੇ ਸਾਫ ਦੱਸ ਦੇਵੇ
ਜਾਂ ਬੀਵੀ ਕਿਸੇ ਦੀ
ਸੌਂ ਕੇ ਆਵੇ ਕਿਸੇ ਨਾਲ
ਤੇ ਸਭ ਦੱਸ ਦੇਵੇ

ਕੀ ਤੇਰੇ ਕੋਲ ਐਨਾ ਸੱਚ ਹੈ?
ਲਗਨ ਹੈ ਐਸੀ?

ਵਚਨਾਂ ਨੂੰ ਰਹਿਣ ਦੇ
ਤਰਕਾਂ ਨੂੰ ਛੱਡ ਦੇ
ਰੇਤ ਨਾਲ ਘਰ ਨਹੀਂ ਉਸਰਦੇ
ਸ਼ਬਦਾਂ ਨਾਲ
ਕਵਿਤਾ ਨਹੀਂ ਬਣਦੀ

ਰੱਬ ਦੀ ਲੀਲ੍ਹਾ

ਅਸਟਰੀਆ ਵਿੱਚ ਇੱਕ ਪਿਓ ਨੇ
ਆਪਣੀ ਹੀ ਬੇਟੀ ਨੂੰ
24 ਸਾਲ ਭੋਰੇ ਵਿੱਚ ਕੈਦ ਰੱਖਿਆ
ਛੇ ਬੱਚੇ ਪੈਦਾ ਕੀਤੇ

ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ
ਇਹ ਸੀਨ ਕੱਟ ਦੇ

ਅਰਬ ਦੇ ਸ਼ੇਖ
ਭਾਰਤ ਵਿੱਚੋਂ
ਛੋਟੇ ਬੱਚੇ ਮੰਗਵਾਉਂਦੇ ਹਨ
ਊਠਾਂ ਤੇ ਬਿਠਾਕੇ ਬੰਨ੍ਹ ਦਿੰਦੇ ਹਨ
ਬੱਚੇ ਚੀਕਾਂ ਮਾਰਦੇ ਹਨ
ਊਠ ਦੌੜਦੇ ਹਨ।
ਊਠ ਹੋਰ ਦੌੜਦੇ ਹਨ
ਬੱਚੇ ਹੋਰ ਚੀਕਦੇ ਹਨ

ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ
ਤੂੰ ਇਹ ਸੀਨ ਵੀ ਕੱਟ ਦੇ

ਬਾਰਡਰ ਤੇ ਤਾਇਨਾਤ
ਕੋਈ ਟੱਬਰਦਾਰ ਸਿਪਾਹੀ
ਦੂਜੇ ਮੁਲਕ ਦੀ
ਜੇਲ੍ਹ ਵਿੱਚ ਪਹੁੰਚ ਜਾਂਦਾ ਹੈ
ਪੱਚੀ ਸਾਲ ਜੇਲ੍ਹ ਵਿੱਚ ਸੜਦਾ ਹੈ
ਕੋਈ ਉਸ ਨੂੰ ਮਿਲਣ ਨਹੀਂ ਆਉਂਦਾ
ਰੋਜ਼ ਆਪਣੇ ਬੱਚਿਆਂ ਨੂੰ ਯਾਦ ਕਰਦਾ
ਪਾਗਲ ਹੋ ਜਾਂਦਾ ਹੈ

ਮੈਂ ਤੇਰੀ ਇਹ ਲੀਲ੍ਹਾ ਦੇਖ ਨਹੀਂ ਸਕਦਾ ਪ੍ਰਭੂ
ਇਹ ਸੀਨ ਵੀ ਕੱਟਦੇ

ਨਿੱਕੀ ਬੇਟੀ ਨੂੰ ਕੋਈ ਗਰੀਬ ਪਿਓ
ਵੇਚ ਦਿੰਦਾ ਹੈ
ਜੁਆਨ ਹੋਣ ਤੋਂ ਪਹਿਲਾਂ
ਧੰਦਾ ਸ਼ੁਰੂ ਕਰ ਲੈਂਦੀ ਹੈ
ਮਾਂ ਨੂੰ ਯਾਦ ਕਰਕੇ ਰੋਂਦੀ ਹੈ
ਆਪਣੇ ਘਰ ਵਾਪਸ ਨਹੀਂ ਜਾ ਸਕਦੀ

ਤੇਰੀ ਇਹ ਲੀਲ੍ਹਾ ਮੈਂ ਦੇਖ ਨਹੀਂ ਸਕਦਾ ਪ੍ਰਭੂ
ਤੂੰ ਇਹ ਸੀਨ ਵੀ ਕੱਟਦੇ

ਤੂੰ ਸਰਬ ਸਮਰੱਥ ਹੈਂ ਮਾਲਕ
ਇਹ ਲੀਲ੍ਹਾ ਨਵੇਂ ਸਿਰੇ ਤੋਂ ਸ਼ੁਰੂ ਕਰ

ਪਰੀਖਿਆ

ਸਾਨੂੰ ਦਿਸਦਾ ਨਹੀਂ ਹੈ ਅਗਲਾ ਸੰਸਾਰ
ਉਸਦੀ ਆਸ ਵਿੱਚ
ਕਿਵੇਂ ਬੈਠੀਏ ਮੌਲਾ
ਕੁੱਝ ਤਾਂ ਉਮੀਦ ਦੇਹ

ਬਦੀ ਵਾਲੇ ਰਾਜ ਭੋਗਦੇ ਨੇ
ਨੇਕ ਬੰਦੇ ਦੁਖ ਭੋਗਦੇ ਨੇ
ਤੇ ਮੌਤ ਤੋਂ ਪਰ੍ਹੇ ਸਾਨੂੰ ਦਿਸਦਾ ਨਹੀਂ ਹੈ

ਕਹਿੰਦੇ ਹਨ:

ਤੂੰ ਬਦੀ ਵਾਲਿਆਂ ਨੂੰ ਸਜ਼ਾਵਾਂ ਦਿੰਦਾ ਹੈਂ
ਅਗਲੇ ਸੰਸਾਰ ਵਿੱਚ

ਨੇਕੀ ਵਾਲਿਆਂ ਨੂੰ
ਆਪਣੀ ਰਹਿਮਤ ਨਾਲ ਨਿਵਾਜ਼ਦਾ ਹੈਂ
ਅਗਲੇ ਸੰਸਾਰ ਵਿੱਚ

ਤੇ ਸੁਣਿਆ ਹੈ ਇਹ ਦੁਨੀਆ
ਤੇਰੀ ਲੈਬਾਰਟਰੀ ਹੈ
ਜਿਸ ਚ ਤੂੰ ਨੇਕੀ ਵਾਲਿਆਂ ਦੀ
ਨੇਕੀ ਪਰਖਦਾ ਹੈਂ

ਬਦੀਆਂ ਵਾਲੇ ਮਸਤ ਨੇ
ਵਰਤਮਾਨ ਵਿੱਚ ਜਿਊਂਦੇ ਨੇ
ਨੇਕੀ ਵਾਲੇ ਭਵਿਖ ਦੀ ਉਮੀਦ ਵਿੱਚ ਬੈਠੇ ਨੇ
ਭਵਿਖ ਜੋ ਮੌਤ ਤੋਂ ਪਰ੍ਹੇ ਹੈ
ਮੌਤ ਤੋਂ ਪਰ੍ਹੇ ਅਸੀਂ ਦੇਖ ਨਹੀਂ ਸਕਦੇ

ਇਹ ਤੇਰੀ ਕੈਸੀ ਪਰਖਿਆ ਹੈ ਰੱਬਾ
ਅੰਨ੍ਹਿਆਂ ਨੂੰ ਦੇਖਣ ਲਈ ਕਹਿ ਰਿਹਾ ਹੈਂ


ਬੰਦਾ

ਦੋ ਸਾਲਾਂ ਦੇ ਐਰੀ ਨੂੰ
ਮੈਂ ਲੈਨਜ਼ ਚੋਂ ਦੇਖਦਾਂ- ਵੱਡਾ ਕਰਕੇ
ਪੂਰੇ ਆਦਮੀ ਦੀ ਸ਼ਕਲ ਵਿੱਚ

ਵਾਰ ਵਾਰ ਪੌੜੀਆਂ ਚੜ੍ਹਦਾ ਹੈ
ਉਤਰ ਜਾਂਦਾ ਹੈ
ਚੜ੍ਹਦਾ ਹੈ, ਉਤਰ ਜਾਂਦਾ ਹੈ
ਤਿੰਨ ਪਹੀਆਂ ਵਾਲੀ ਗੱਡੀ ਦੇ
ਚੱਕਰ ਲਵਾਉਂਦਾ ਹੈ

ਨਿੱਕੀ ਜਿਹੀ ਗੱਲ ਤੇ ਰੁੱਸ ਜਾਂਦਾ ਹੈ

ਐਵੇਂ ਜਿਹੇ ਹੱਸ ਪੈਂਦਾ ਹੈ

ਆਪਣੇ ਆਪ ਨਾਲ ਗੱਲਾਂ ਕਰਦਾ ਹੈ

ਗੰਨ ਨਾਲ ਫਾਇਰ ਕਰਦਾ ਹੈ

ਉਹ ਆਪਣੀ ਦੁਨੀਆ ਦਾ
ਸੁਤੰਤਰ ਬਾਦਸ਼ਾਹ ਹੈ
ਕੁੱਤੇ ਅਤੇ ਬਿੱਲੀਆਂ ਨੂੰ ਦੇਖਣਾ
ਉਸਦਾ ਸ਼ੌਕ ਹੈ
ਉਹ ਸੜਕ ਤੋਂ ਲੰਘਦੇ
ਹਰ ਟਰੱਕ ਨੂੰ ਦੇਖਕੇ
ਹੈਰਾਨ ਹੁੰਦਾ ਹੈ
ਤੇ ਮੁੜ ਮੁੜ ਦੇਖਦਾ ਹੈ
ਉਸ ਨੂੰ ਗੁਬਾਰੇ ਅੱਛੇ ਲੱਗਦੇ ਹਨ
ਉਹ ਆਪਣੀ ਤਰਾਂ ਦਾ
ਪੁਲਾੜ ਖੋਜੀ ਹੈ

ਦੂਰ ਅਸਮਾਨ ਵਿੱਚ ਬੈਠਾ ਕੋਈ ਦੇਵਤਾ
ਮੈਨੂੰ ਦੇਖ ਰਿਹਾ ਹੈ
ਟੈਲੀਸਕੋਪ ਰਾਹੀਂ
ਜਿਸ ਵਿੱਚ ਮੈਂ ਦੋ ਸਾਲ ਦੇ ਐਰੀ ਜਿੰਨਾ ਲੱਗਦਾ ਹਾਂ
ਰੋਜ਼
ਘਰ ਦੀਆਂ ਪੌੜੀਆਂ ਉਤਰਦਾ ਹਾਂ
ਦਫਤਰ ਦੀਆਂ ਚੜ੍ਹਦਾ ਹਾਂ
ਕੰਪਿਊਟਰ ਨਾਲ ਖੇਡਦਾ ਹਾਂ
ਭੰਬੀਰੀ ਵਾਂਗ ਕਾਰ ਚਲਾਉਂਦਾ ਹਾਂ
ਰਿਸ਼ਤਿਆਂ ਨਾਲ ਖੇਡਦਾ ਹਾਂ
ਖਿਡੌਣਿਆਂ ਵਾਂਗ

ਕੋਈ ਖਬਰ ਸੁਣਕੇ ਖੁਸ਼ ਹੋ ਜਾਂਦਾ ਹਾਂ
ਕੋਈ ਬੋਲ ਸੁਣਕੇ ਉਦਾਸ
ਨਵੇਂ ਲੋਕਾਂ ਨੂੰ ਮਿਲਣ ਵੇਲੇ
ਉਤੇਜਿਤ ਹੋ ਜਾਂਦਾ ਹਾਂ
ਰੱਬ ਦੇ ਖਿਡੌਣਿਆਂ ਨੂੰ ਖੋਲ੍ਹ ਖੋਲ੍ਹ ਕੇ
ਮੈਂ ਗਿਆਨ ਲੱਭ ਰਿਹਾ ਹਾਂ
ਭਾਵਨਾਵਾਂ ਨੂੰ ਚੌਕਲੇਟ ਵਾਂਗ ਖਾਂਦਾ ਹਾਂ
ਤ੍ਰਿਪਤ ਹੋਣ ਦੀ ਕੋਸ਼ਿਸ਼ ਕਰਦਾਂ

ਕੋਕ ਦੀ ਬੋਤਲ ਦੇਖਕੇ
ਐਰੀ ਨੂੰ ਵੀ ਕੁੱਝ ਹੁੰਦਾ ਹੈ ਤੇ ਮੈਨੂੰ ਵੀ
ਐਰੀ ਵੀ ਖੇਡਾਂ ਦੇਖਦਾ ਹੈ
ਮੈਂ ਵੀ

ਮੇਰੇ ਤੇ ਦੋ ਸਾਲ ਦੇ ਐਰੀ ਵਿੱਚ
ਕੀ ਫਰਕ ਹੈ ਭਲਾ?
ਸਿਰਫ ਸਾਈਜ਼ ਦਾ

ਕੀ ਅਸੀਂ ਸੱਚਮੁੱਚ ਵੱਡੇ ਹੁੰਦੇ ਹਾਂ?

ਹੇ ਮੌਲਾ

ਜੇ ਬੱਚਿਆਂ ਦੀਆਂ ਸਹੁੰਆਂ ਖਾਂਦੀਆਂ
ਮਾਵਾਂ ਵੀ ਝੂਠੀਆਂ ਹਨ
ਤਾਂ ਮੈਂ ਤੇਰੀ ਇਸ ਦੁਨੀਆ ਦਾ ਕੀ ਕਰਨਾ ਹੈ ਮੌਲਾ
ਦੁਨੀਆ ਇਹ ਆਪਣੀ ਤੂੰ ਵਾਪਸ ਲੈ ਲੈ

ਜੇ ਹਰ ਸ਼ੈਅ ਖਾਲੀ ਹੈ
ਸਾਰੇ ਸ਼ਬਦ ਮਹਿਜ਼ ਪਰਦੇ ਹਨ
ਹੰਝੂ ਸਿਰਫ ਖਾਰਾ ਪਾਣੀ ਹੈ
ਜੇ ਸਾਰੀ ਧਰਤੀ ਪੋਲੀ ਹੈ
ਤਾਂ ਮੈਂ ਕਿਸ ਥਾਂ ਖਲੋਵਾਂ
ਕਿਨ੍ਹਾਂ ਹੰਝੂਆਂ ਤੇ ਯਕੀਨ ਕਰਾਂ

ਮੈਨੂੰ ਕੋਈ ਹੱਥ ਚਾਹੀਦਾ ਹੈ
ਪਾਰ ਜਾਣ ਲਈ
ਕਦਮ ਰੱਖਣ ਲਈ ਕੋਈ ਥਾਂ ਚਾਹੀਦੀ ਹੈ
ਸਿਜਦਾ ਕਰਨ ਲਈ
ਦੋ ਸੁੱਚੇ ਹੰਝੂ

ਨੀਮ ਰੌਸ਼ਨੀਆਂ ਦੇ ਸੰਸਾਰ ਨੂੰ
ਜਦ ਦਿਨ ਚੜ੍ਹੇ ਤੋਂ ਦੇਖੀਦਾ ਹੈ
ਸ਼ਬਦ ਜਦ ਡਿਗ ਪੈਂਦੇ ਹਨ
ਕੱਚੀ ਦੀਵਾਰ ਦੀ ਤਰਾਂ
ਤੇ ਧਰਤੀ ਜਦ ਪਾਟ ਜਾਂਦੀ ਹੈ
ਤਾਂ ਬੰਦਾ ਤੇਰੇ ਵੱਲ ਦੇਖਦਾ ਹੈ

ਕੋਈ ਹੱਥ ਦੇਹ
ਪਾਰ ਲਾਉਣ ਵਾਲਾ
ਨਹੀਂ ਤਾਂ ਦੁਨੀਆ ਆਪਣੀ ਇਹ
ਵਾਪਸ ਮੋੜ ਲੈ

ਕਿਤਾਬਾਂ

ਮੈਂ ਕਿਤਾਬਾਂ ਨਹੀਂ ਪੜ੍ਹਦਾ
ਕਿਤਾਬਾਂ ਮੈਨੂੰ ਪੜ੍ਹਦੀਆਂ ਹਨ

ਜਿਉਂ ਜਿਉਂ ਕਿਤਾਬਾਂ ਮੈਨੂੰ ਪੜ੍ਹਦੀਆਂ ਹਨ
ਮੇਰੇ ਵਿੱਚ ਲੁਪਤ ਅਦਿੱਖ ਅੱਖਰ
ਪ੍ਰਗਟ ਹੋਣ ਲੱਗਦੇ ਹਨ
ਜੋ ਮੇਰੇ ਅੰਦਰ ਲੁਪਤ ਨਹੀਂ ਹੈ
ਕਿਤਾਬਾਂ ਉਸ ਨੂੰ ਪੜ੍ਹ ਨਹੀਂ ਸਕਦੀਆਂ

ਕਿਤਾਬਾਂ ਲਿਖਣਾ ਨਹੀਂ ਜਾਣਦੀਆਂ
ਸਿਰਫ ਗੁਪਤ ਅੱਖਰਾਂ ਨੂੰ
ਪੜ੍ਹਨਾ ਜਾਣਦੀਆਂ ਹਨ

ਕਿਤਾਬਾਂ ਮੈਨੂੰ ਲੱਭ ਲੈਂਦੀਆਂ ਹਨ
ਦੂਰੋਂ ਦੂਰੋਂ
ਸੱਤ ਸਮੁੰਦਰੋਂ ਪਾਰ
ਯੁਗਾਂ ਦੀ ਦੂਰੀ ਤੋਂ
ਉਹ ਮੇਰੇ ਕੋਲ ਆ ਜਾਂਦੀਆਂ ਹਨ
ਜਦ ਮੈਨੂੰ ਉਨ੍ਹਾਂ ਦੀ ਲੋੜ ਹੁੰਦੀ ਹੈ

ਉਹ ਮੈਨੂੰ ਹੌਲੀ ਹੌਲੀ ਵੱਡਾ ਕਰਦੀਆਂ ਹਨ
ਕੋਈ ਪਿਓ ਜਿਵੇਂ ਪੁੱਤ ਨੂੰ ਵੱਡਾ ਕਰਦਾ ਹੈ
ਉਹ ਮੇਰੇ ਕੋਲ ਆਉਂਦੀਆਂ ਹਨ
ਕਦਮ ਕਦਮ
ਪੌੜੀ ਪੌੜੀ
ਉਹ ਮੇਰੀ ਅਵਸਥਾ ਨੂੰ ਜਾਣਦੀਆਂ ਹਨ

ਸ਼ਾਇਦ ਕੁੱਝ ਵੀ ਅਚਨਚੇਤਾ ਨਹੀਂ ਹੈ
ਉਹ ਮੇਰੇ ਕੋਲ ਆਉਂਦੀਆਂ ਹਨ
ਮੌਕੇ ਮੁਤਾਬਕ
ਲੋੜ ਮੁਤਾਬਕ
ਅਗਵਾਈ ਦੇਣ
ਦਿਸ਼ਾ ਦੇਣ
ਜਿਵੇਂ ਮੇਰੇ ਗੁਰੂ ਨੇ ਭੇਜੀਆਂ ਹੋਣ

ਧਰਤੀ ਤੇ ਬੇਅੰਤ ਕਿਤਾਬਾਂ ਹਨ
ਜਿਵੇਂ ਹਵਾ ਵਿੱਚ ਬੇਅੰਤ ਅਵਾਜ਼ਾਂ ਹਨ
ਬੇਅੰਤ ਅਵਾਜ਼ਾਂ ਦੀ ਭੀੜ ਵਿੱਚ
ਕੋਈ ਅਵਾਜ਼ ਹੈ ਮੇਰੇ ਲਈ
ਬੇਅੰਤ ਕਿਤਾਬਾਂ ਵਿੱਚ
ਕੋਈ ਸੁਨੇਹਾ ਹੈ ਮੇਰੇ ਲਈ
ਮੈਂ ਰੋਜ਼ ਉਸ ਅਵਾਜ ਨਾਲ
ਇਕ ਸੁਰ ਹੁੰਦਾਂ
ਉਸ ਸੁਨੇਹੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾਂ

ਕਿਤਾਬਾਂ ਵਿੱਚ ਰੱਬ ਦੇ ਸੁਨੇਹੇ ਹਨ

ਰੱਬ ਦੀ ਮਸ਼ੀਨ

ਹਵਾ ਸਭ ਸੁਣਦੀ ਹੈ
ਤਾਰੇ ਸਭ ਦੇਖਦੇ ਹਨ
ਜਿਸਮ ਤੇ
ਸਭ ਉਕਰਿਆ ਜਾਂਦਾ ਹੈ

ਤੇਰੇ ਚੋਂ ਜੋ ਲੋਕ ਲੰਘੇ
ਰਿਸ਼ਤੇ ਜੋ ਜੀਏ
ਯਾਤਰੀ ਜੋ ਪੈੜਾਂ ਛੱਡ ਗਏ
ਤੇਰੇ ਵਜੂਦ ਵਿੱਚ
ਸਭ ਕੁੱਝ ਦਰਜ ਹੈ

ਸਭ ਮੁਲਾਕਾਤਾਂ
ਸਭ ਰਾਤਾਂ
ਤਾਰਿਆਂ ਨੇ ਦੇਖੀਆਂ ਹਨ
ਸਭ ਬਾਤਾਂ
ਹਵਾ ਨੇ ਸੁਣੀਆਂ ਹਨ
ਸਭ ਛੁਹਾਂ
ਜਿਸਮ ਨੇ ਸਾਂਭੀਆਂ ਹਨ
ਕੁੱਝ ਵੀ ਮਿਟਦਾ ਨਹੀਂ ਹੈ
ਕੁੱਝ ਵੀ ਛੁਪਦਾ ਨਹੀਂ ਹੈ
ਅਕਾਸ਼ ਦੇ ਡੇਟਾ ਬੈਂਕ ਵਿੱਚ
ਸੰਭਾਲਿਆ ਜਾਂਦਾ ਹੈ

ਕੁਝ ਵੀ ਲੁਕਾ ਨਹੀਂ ਸਕਦੇ
ਅਕਾਸ਼ ਕੋਲੋਂ
ਤਾਰਿਆਂ ਕੋਲੋਂ
ਜਿਸਮ ਦੀ ਸਲੇਟ ਕੋਲੋਂ
ਮਨ ਦੀ ਫਿਲਮ ਕੋਲੋਂ

ਤੇਰੇ ਚੋਂ ਸਭ ਦਿਸਦਾ ਹੈ
ਤੇਰੇ ਅੰਦਰ ਸਭ ਦਿਸਦਾ ਹੈ
ਹਰ ਪੈੜ

ਜੀਵਨ ਵੀ ਕੈਸੀ ਖੇਡ ਹੈ
ਕੁੱਝ ਵੀ ਛੁਪਾ ਨਹੀਂ ਸਕਦੇ
ਦਿਲ ਵੀ ਲੁਕਾ ਨਹੀਂ ਸਕਦੇ
ਤਨਾਂ ਤੇ ਉਕਰਿਆ
ਕੁਝ ਵੀ ਮਿਟਾ ਨਹੀਂ ਸਕਦੇ

ਰੱਬ ਨੇ ਇਹ ਕੈਸੀ ਮਸ਼ੀਨ ਬਣਾਈ ਹੈ


ਲਗਨ

ਮੇਰੇ ਕੋਲ ਲਗਨ ਹੀ ਤਾਂ ਹੈ ਇਕੱਲੀ
ਤੈਨੂੰ ਮੇਰੀ ਲਗਨ ਤੇ ਵੀ ਗਿਲਾ ਹੈ

ਜੇ ਮੇਰੇ ਕੋਲ ਲਗਨ ਨਾ ਹੁੰਦੀ
ਤਾਂ ਮੈਂ ਇਥੇ ਨਹੀਂ ਸਾਂ ਹੋਣਾ
ਇਸ ਪਲ
ਤੇਰੇ ਇਸ ਸੁਆਲ ਦਾ ਜੁਆਬ ਦੇਣ ਲਈ
ਮੈਂ ਮਨ ਦੇ ਖੂਹ ਵਿੱਚ
ਨਹੀਂ ਸੀ ਉਤਰਨਾ
ਨਾ ਹੀ ਨਿਕਲ ਸਕਣਾ ਸੀ
ਰਿਸ਼ਤਿਆਂ ਦੇ ਚੱਕਰਵਿਊ ਚੋਂ

ਮੈਂ ਜਿਥੋਂ ਤੁਰਿਆ ਸਾਂ
ਉਥੇ ਸੜਕ ਨਹੀਂ ਸੀ ਕੋਈ
ਚਾਰੇ ਤਰਫ ਅਦਿੱਖ ਕੰਧਾਂ ਸਨ
ਕੰਧਾਂ ਦੇ ਉਤੋਂ
ਕੋਈ ਕੋਈ ਅਵਾਜ਼ ਸੁਣਦੀ ਸੀ
ਕਦੇ ਕੋਈ ਪੰਛੀ ਸੁਟ ਜਾਂਦਾ ਸੀ
ਕੋਈ ਦ੍ਰਿਸ਼, ਕੋਈ ਅਕਾਰ

ਬਾਹਰ ਦੇ ਸਭ ਰਸਤੇ ਬੰਦ ਸਨ
ਮੈਂ ਆਪਣੇ ਮਨ ਵਿੱਚ ਸੁਰੰਗ ਕਰ ਲਈ
ਕੁਰਦੇਦਾ ਕੁਰੇਦਦਾ
ਮੈਂ ਬਾਹਰ ਨਿਕਲ ਆਇਆ
ਧਰਤੀ ਦੇ ਦੂਸਰੇ ਪਾਸੇ

ਬਾਹਰੋਂ ਰਾਹ ਨਾ ਮਿਲਿਆ
ਅੰਦਰੋਂ ਘੁੰਮ ਆਇਆ

ਮੇਰੇ ਨਹੁੰਆਂ ਵਿੱਚ ਲਗਨ ਫਸੀ ਹੈ
ਤੇ ਤੈਨੂੰ ਮੇਰੀ ਲਗਨ ਤੇ ਇਤਰਾਜ਼ ਹੈ

ਤੈਨੂੰ ਦਿਸਦੇ ਹੋਣਗੇ
ਮੇਰੇ ਖੁਰਦਰੇ ਪੈਰ
ਮੇਰੇ ਮੈਲੇ ਹੱਥ
ਮੇਰਾ ਖੁਸ਼ਕ ਚਿਹਰਾ

ਤੂੰ ਮੇਰੀ ਲਗਨ ਨਹੀਂ ਦੇਖੀ
ਮੈਂ ਆਪਣੇ ਹੀ ਅੰਦਰ
ਡੁੱਬਕੇ ਆਇਆ ਹਾਂ


ਦਿਲ ਦੀਆਂ ਅੱਖਾਂ

ਦਿਲ ਦੀਆਂ ਹੋਰ ਅੱਖਾਂ ਹਨ
ਦਿਲ ਵੀ ਦੇਖਦਾ ਹੈ
ਮੈਂ ਜਿਸ ਨੂੰ ਦੇਖ ਨਹੀਂ ਸਕਦਾ
ਦਿਲ ਉਸ ਨੂੰ ਪਛਾਣ ਲੈਂਦਾ ਹੈ

ਦਿਲ ਦੇਖ ਸਕਦਾ ਹੈ
ਜਨਮਾਂ ਦੇ ਆਰ ਪਾਰ
ਦਿਲ ਪਛਾਣ ਲੈਂਦਾ ਹੈ
ਵਿਛੜੇ ਹੋਏ
ਜਨਮਾਂ ਪਹਿਲਾਂ

ਜਦ ਇਹ ਪਛਾਣਦਾ ਹੈ
ਕੋਈ ਚਿਹਰਾ, ਕੋਈ ਅਵਾਜ਼
ਸਾਇਰਨ ਵਜਾ ਦਿੰਦਾ ਹੈ
ਕਿਸੇ ਹੋਰ ਸੁਰ ਤੇ
ਵੱਜਣ ਲੱਗਦਾ ਹੈ

ਦਿਲ ਮੈਟਲ ਡਿਟੈਕਟਰ ਦੀ ਤਰਾਂ ਦੇਖਦਾ ਹੈ


ਮਾਇਆ

ਦੁਨੀਆ ਭਰ ਵਿੱਚ ਭਟਕ ਕੇ ਆਏ ਨੋਟ
ਉਸਦੇ ਹੱਥਾਂ ਵਿੱਚ ਕੀਮਤੀ ਬਲੌਰਾਂ ਦੀ ਤਰਾਂ
ਅਟਕ ਜਾਂਦੇ ਹਨ

ਜਦ ਮਹੀਨੇ ਦੇ ਪਹਿਲੇ ਹਫਤੇ
ਤਨਖਾਹ ਆਉਂਦੀ ਹੈ ਤਾਂ
ਉਹ ਉਸ ਨੂੰ
ਅਲੱਗ ਅਲੱਗ ਥੱਦੀਆਂ ਵਿੱਚ ਵੰਡ ਦਿੰਦੀ ਹੈ-

ਇਹ ਕਿਰਾਏ ਦੇ
ਇਹ ਦੁਧ ਵਾਸਤੇ
ਇਹ ਮਹੀਨੇ ਦਾ ਸਮਾਨ ਖਰੀਦਣ ਵਾਸਤੇ
ਇਹ ਕਾਰ ਦੇ ਤੇਲ ਵਾਸਤੇ
ਬਿਜਲੀ ਦਾ ਕਿਰਾਇਆ
ਇਹ ਟੈਲੀਫੋਨ ਦਾ
ਇਹ ਫੁਟਕਲ, ਹੋਰ ਖਰਚਿਆਂ ਵਾਸਤੇ

ਇਹ ਥੱਦੀਆਂ ਅਲੱਗ ਵਜੂਦ ਬਣ ਜਾਂਦੀਆਂ ਹਨ
ਕਿਰਾਏ ਦੇ ਥੱਦੀ ਚੋਂ
ਤੇਲ ਨਹੀਂ ਪੁਆਇਆ ਜਾ ਸਕਦਾ
ਟੈਲੀਫੋਨ ਬਿਲ ਵਾਲੀ ਥੱਦੀ ਵਿੱਚੋਂ
ਦੁਧ ਨਹੀਂ ਲਿਆ ਜਾ ਸਕਦਾ
ਕਿਸ ਇੱਕ ਥੱਦੀ ਵਿੱਚੋਂ ਨੋਟ ਕਢਕੇ
ਕਿਸੇ ਹੋਰ ਕੰਮ ਤੇ ਖਰਚਣਾ
ਉਸ ਨੂੰ ਇਨ੍ਹਾਂ ਨੋਟਾਂ ਦੀ ਬੇਅਦਬੀ ਲੱਗਦੀ ਹੈ

ਭਟਕਦੇ ਨੋਟ ਉਸਦੇ ਹੱਥਾਂ ਵਿੱਚ ਪਹੁੰਚ
ਸ਼ਾਂਤ ਹੋ ਜਾਂਦੇ ਹਨ
ਮੇਰੇ ਹੱਥਾਂ ਵਿੱਚ ਆ
ਨਹੀਂ ਟਿਕਦੇ, ਛੋਟੇ ਬੱਚਿਆਂ ਦੀ ਤਰਾਂ

ਨੋਟ ਵੀ ਬੱਚਿਆਂ ਦੀ ਤਰਾਂ
ਹੱਥਾਂ ਤੇ ਬੁਕਲਾਂ ਦੀ ਛੋਹ ਨੂੰ
ਮਹਿਸੂਸ ਕਰਦੇ ਹਨ
ਨੋਟ ਵੀ ਮੋਹ ਦੇ ਭੁੱਖੇ ਹਨ
ਉਹ ਖਿੱਚੇ ਚਲੇ ਆਉਂਦੇ ਹਨ,
ਉਨ੍ਹਾਂ ਹੱਥਾਂ ਵੱਲ
ਜਿਹੜੇ ਉਨ੍ਹਾਂ ਨੂੰ ਮੋਹ ਕਰਦੇ ਹਨ
ਸ਼ਾਇਦ ਇਸੇ ਲਈ ਕਹਿੰਦੇ ਹਨ
ਮਾਇਆ ਨੂੰ ਮਾਇਆ ਖਿਚਦੀ ਹੈ
ਨੋਟ ਵੀ ਬੰਦਿਆਂ ਵਰਗੇ ਹਨ, ਜਿਊਂਦੇ ਜਾਗਦੇ

ਨੋਟਾਂ ਦੀਆਂ ਵੀ ਕਿਸਮਾਂ ਹਨ
ਨੇਕੀ ਦੇ ਨੋਟ,
ਬੁਰਾਈ ਦੇ ਨੋਟ
ਮਿਹਨਤ ਦੇ ਨੋਟ,
ਬੇਈਮਾਨੀ ਦੇ ਨੋਟ

ਅਲੱਗ ਅਲੱਗ ਕਿਸਮਾਂ ਦੇ ਨੋਟ
ਅਲੱਗ ਅਲੱਗ ਥਾਵਾਂ ਵੱਲ ਦੌੜਦੇ ਹਨ

ਮੇਰੀ ਬੀਵੀ ਕੋਲ ਨੋਟ ਇੰਝ ਆਉਂਦੇ ਹਨ
ਜਿਵੇਂ ਛੋਟੀ ਜਿਹੀ ਸ਼ੀਸ਼ੀ ਵਿੱਚ
ਗੰਗਾਜਲ ਹੁੰਦਾ ਹੈ।
ਜਿਸ ਨੂੰ ਸਾਂਭ ਸਾਂਭ ਰੱਖਿਆ ਜਾਂਦਾ ਹੈ
ਥੋੜ੍ਹਾ ਥੋੜ੍ਹਾ ਵਰਤਿਆ ਜਾਂਦਾ ਹੈ
ਗੰਗਾਜਲ ਥੋੜ੍ਹਾ ਹੀ ਬਹੁਤ ਹੁੰਦਾ ਹੈ

ਮੇਰੇ ਹੱਥਾਂ ਵਿੱਚ ਨੋਟ ਨਹੀਂ ਟਿਕਦੇ
ਜਿਵੇਂ ਕਿਸੇ ਕਿਸੇ ਤੋਂ
ਬੱਚੇ ਨਹੀਂ ਵਿਰਦੇ
ਉਹ ਮੇਰੇ ਕੋਲ
ਭੱਜੇ ਭੱਜੇ ਆਉਂਦੇ ਹਨ
ਜਿਵੇਂ ਕਾਹਲੀ ਕਾਹਲੀ ਖਾਣ ਵਾਲੇ ਦੇ ਮੂੰਹ ਵਿੱਚ
ਬੁਰਕੀ ਆਉਂਦੀ ਹੈ
ਜਿਸ ਦੇ ਸਾਰੇ ਕੋਨਿਆਂ ਨੂੰ
ਛੋਹਿਆ ਵੀ ਨਹੀਂ ਜਾਂਦਾ

ਮਾਇਆ ਵੀ ਕੋਈ ਤੱਤ ਜੂਨ ਹੈ ਸ਼ਾਇਦ
ਜਿਊਂਦੀ, ਸਾਹ ਲੈਂਦੀ
ਭਾਵਾਂ ਦੀ, ਛੁਹਾਂ ਦੀ ਬੋਲੀ ਸਮਝਦੀ

ਮੇਰੇ ਕੋਲ ਮਾਇਆ ਕਿਉਂ ਨਹੀਂ ਟਿਕਦੀ
ਇਹ ਸਬਕ ਮੈਂ ਆਪਣੀ ਬੀਵੀ ਤੋਂ ਸਿਖਿਆ ਹੈ


ਰਿਸ਼ਤੇ

ਰਿਸ਼ਤੇ ਜੇ ਪਿੰਜਰੇ ਨਾ ਹੁੰਦੇ
ਤਾਂ ਅਸੀਂ ਦੂਰੋਂ ਦੂਰੋਂ
ਉਡਕੇ ਆਉਂਦੇ
ਆਲ੍ਹਣੇ ਫੇਰ ਕਿੰਨੇ ਅੱਛੇ ਲਗਣੇ ਸਨ


ਜੇ ਰਿਸ਼ਤੇ ਟਾਹਣੀਆਂ ਵਰਗੇ ਹੁੰਦੇ
ਅਸੀਂ ਉਨ੍ਹਾਂ ਤੇ ਆਲ੍ਹਣੇ ਪਾ ਸਕਦੇ
ਜੀ ਕਰਦਾ ਉਡ ਜਾਂਦੇ
ਜੀ ਕਰਦਾ ਮੁੜ ਆਉਂਦੇ

ਟਾਹਣੀਆਂ ਦਾ ਸੁਖ ਅਸੀਂ ਜਾਣ ਸਕਦੇ
ਜੇ ਅਸੀਂ ਉਡਕੇ ਆਉਂਦੇ
ਜੇ ਅਸੀਂ ਉਡ ਸਕਦੇ

ਅਸੀਂ ਲੋਟਣੀਆਂ ਲਾਉਂਦੇ
ਦੂਰ ਅਸਮਾਨਾਂ ਵਿੱਚ
ਕਦੇ ਕਦੇ ਗੁੰਮ ਜਾਂਦੇ
ਫੇਰ ਲੱਭਦੇ ਆਪਣੀਆਂ ਟਾਹਣੀਆਂ ਨੂੰ
ਆਲ੍ਹਣਿਆਂ ਨੂੰ
ਅਸੀਂ ਬਹੁਤ ਦੂਰ ਜਾ ਕੇ ਵੀ
ਮੁੜ ਆਉਂਦੇ

ਹੁਣ ਅਸੀਂ ਉਡਦੇ ਨਹੀਂ ਹਾਂ
ਪੂਰੇ ਖੰਭਾਂ ਨਾਲ

ਖਿਆਲਾਂ ਨਾਲ ਉਡਦੇ ਹਾਂ
ਪਿੰਜਰੇ ਦੀਆਂ ਵਿਰਲਾਂ ਨੂੰ
ਪਿਆਰ ਕਰਦੇ ਹਾਂ

ਵਿਰਲਾਂ ਚੋਂ ਝਾਕਦੇ
ਸਾਡੇ ਤਨ ਤੇ ਮਨ ਪਾਟ ਗਏ ਹਨ
ਅਸੀਂ ਆਪਣੇ ਆਪ ਤੋਂ
ਜੁਦਾ ਹੋ ਗਏ ਹਾਂ

ਰਿਸ਼ਤੇ ਜੇ ਪਿੰਜਰੇ ਨਾ ਹੁੰਦੇ
ਅਸੀਂ ਪੂਰੇ ਖੰਭਾਂ ਨਾਲ ਉਡਦੇ

ਪਰਮਜੀਤ

ਉਹ ਸਾਈਕਲਾਂ ਦੇ ਜ਼ਮਾਨਿਆਂ ਤੋਂ ਮੇਰਾ ਦੋਸਤ ਹੈ

ਜਦ ਉਸ ਨੇ ਪਹਿਲੀ ਵਾਰ ਮੋਬਾਇਲ ਫੋਨ ਖਰੀਦਿਆ
ਫੋਨ ਤੇ ਕਹਿੰਦਾ
''ਮੈਂ ਮੋਬਾਇਲ ਫੋਨ ਲੈ ਲਿਆ ਹੈ,
ਮੋਟਰੋਲਾ ਦਾ ਸੈਟ ਹੈ
ਮਦਨਦੀਪ ਨੂੰ ਦੱਸ ਦਈਂ "
ਉਸ ਦਿਨ ਪਹਿਲੀ ਵਾਰ ਮੈਂ ਮਹਿਸੂਸ ਕੀਤਾ
ਇਹ ਬੰਦਾ ਅਜੇ ਪੁਰਾਣਾ ਨਹੀਂ ਹੋਇਆ


ਵਿਆਹ ਹੋਇਆ ਤਾਂ
ਅਸੀਂ ਸੋਚਦੇ
ਵਿਆਹ ਇਸ ਨੂੰ ਪੁਰਾਣਾ ਕਰ ਦਏਗਾ
ਸਿਆਣਾ ਕਰ ਦਏਗਾ
ਇਸ ਦੀ ਤਾਜ਼ੀ ਮੁਸਕਾਨ
ਗੰਭੀਰ ਹੋ ਜਾਏਗੀ
ਕੁੱਝ ਦਿਨ ਲੰਘੇ ਤਾਂ ਮੈਂ ਪੁੱਛਿਆ
ਭਾਬੀ ਕਿਸ ਤਰਾਂ ਹੈ
''ਉਹ ਤਾਂ ਰੱਬ ਵਰਗੀ ਹੈ"
ਜੁਆਬ ਸੁਣਕੇ ਮੈਂ ਹੈਰਾਨ ਹੋ ਗਿਆ-
ਇਹ ਤਾਂ ਹੋਰ ਨਵਾਂ ਹੋ ਗਿਆ ਹੈ
ਪਹਿਲਾਂ ਖੁਲ੍ਹੀ ਕਵਿਤਾ ਲਿਖਦਾ ਸੀ
ਹੁਣ ਟੱਪੇ ਲਿਖਣ ਲੱਗਾ ਹੈ

ਪਿਛਲੇ ਦਿਨੀਂ ਮੁੱਦਤ ਬਾਦ
ਫੇਰ ਉਸ ਨਾਲ ਗੱਲ ਹੋਈ
ਕਹਿੰਦਾ '' ਮੈਂ ਕਾਰ ਲੈ ਲਈ ਹੈ ਆਲਟੋ,
ਮਦਨਦੀਪ ਨੂੰ ਦੱਸ ਦਈਂ,
ਚਲਾਉਣੀ ਸਿੱਖ ਰਿਹਾ ਹਾਂ"

ਜ਼ੈਨ ਫਕੀਰਾਂ ਦੀ ਤਰਾਂ
ਉਸਦੇ ਇਨ੍ਹਾਂ ਤਿੰਨ ਫਿਕਰਿਆਂ ਨਾਲ ਹੀ
ਮੈਂ ਮੁਕਤ ਹੋ ਗਿਆ
ਜਿਵੇਂ ਨਿਊਟਨ ਦੇ ਸਿਰ ਵਿੱਚ
ਸੇਬ ਵੱਜਾ ਹੋਵੇ
ਜਿਵੇਂ ਡਾ ਗੁਰਭਗਤ ਸਿੰਘ ਦੇ
ਪੋਤਾ ਹੋ ਗਿਆ ਹੋਵੇ


ਸਾਈਕਲ, ਮੋਬਾਇਲ ਫੋਨ ਤੇ ਆਲਟੋ ਗੱਡੀ
ਉਸ ਨਾਲ ਖਲੋਤੇ ਇਸ ਤਰਾਂ ਲੱਗਦੇ ਹਨ
ਜਿਵੇਂ ਮਾਂ ਕੋਈ
ਆਪਣੇ ਬੱਚਿਆਂ ਨਾਲ ਫੋਟੋ ਖਿਚਵਾਉਂਦੀ ਹੈ

ਨਿੱਕੇ ਨਿੱਕੇ ਚਾਅ
ਉਸ ਦੇ ਮਨ ਤੇ
ਰੋਮਾਂ ਦੀ ਤਰਾਂ ਖੜ੍ਹਦੇ ਹਨ
ਜਿਵੇਂ ਨਵੀਂ ਗੱਡੀ ਤੇ ਕਿਸੇ ਨੇ
ਫੁਲਾਂ ਦੀ ਮਾਲਾ ਪਾਈ ਹੋਵੇ
ਜਾਂ ਟਰੱਕ ਵਾਲੇ ਸ਼ੌਕੀਨ ਕਿਸੇ ਨੇ
ਤਰਾਂ ਤਰਾਂ ਦੀਆਂ ਸਤਰਾਂ ਲਿਖੀਆਂ ਹੋਣ


ਉਹ ਇੱਕ ਪਿੰਡ ਹੈ
ਜਿਥੇ ਅਜੇ ਸੜ੍ਹਕ ਨਹੀਂ ਗਈ

ਸੋਚਦਾਂ ਉਸ ਦੀ ਇੱਕ ਫੋਟੋ ਖਿੱਚਾਂ
ਜਿਸ ਵਿੱਚ ਚਾਵਾਂ ਦੇ ਸਾਰੇ ਰੰਗ
ਬਹੁਤ ਗੂੜ੍ਹੇ ਹੋਣ
ਬੱਚਿਆਂ ਦੇ ਕਮਰੇ ਦੀ ਤਰਾਂ
ਹਰ ਕੋਨਾ ਸਜਿਆ ਹੋਵੇ

ਕੋਲ ਬੀਵੀ ਖੜ੍ਹੀ ਹੋਵੇ, ਪਿੱਛੇ ਗੱਡੀ,
ਇੱਕ ਕੋਨੇ ਵਿੱਚ ਸਕੂਟਰ,
ਬੀਵੀ ਦੀ ਗੋਦ ਵਿੱਚ ਬੱਚਾ
ਹੱਥ ਵਿੱਚ ਮੋਬਾਇਲ ਫੋਨ
ਸਮਾਈਲ ਕਹਿਣ ਤੋਂ ਪਹਿਲਾਂ ਉਸ ਨੂੰ ਆਖਾਂ
ਘੜੀ ਵਾਲਾ ਗੁੱਟ ਉਪਰ ਕਰ ਲੈ
ਤੇ ਕਲਿੱਕ

ਇੱਕੋ ਫੋਟੋ ਵਿੱਚ ਉਸ ਦੀ ਪੂਰੀ ਰਚਨਾ
ਸੰਭਾਲ ਲਵਾਂ

ਇਹ ਫੋਟੋ ਮੈਂ ਚਾਹੁੰਦਾਂ
ਆਪਣੀਆਂ ਕਿਤਾਬਾਂ ਵਿੱਚ ਰੱਖ ਦੇਵਾਂ
ਜਿਵੇਂ ਆਲੇ ਵਿੱਚ ਧੂਫ ਲਾਈ ਹੁੰਦੀ ਹੈ


ਮਿਲਾਵਟ
ਕਵਿਤਾ ਮੇਰੇ ਅੰਦਰ
ਥੋੜ੍ਹੀ ਥੋੜ੍ਹੀ ਉਤਰਦੀ ਹੈ
ਮੁਲ ਦੇ ਦੁਧ ਤੇ
ਜਿੰਨੀ ਕੁ ਮਲਾਈ ਆਉਂਦੀ ਹੈ
ਮਿਲਾਵਟੀ ਜ਼ਿੰਦਗੀ ਜਿਊਂਦਿਆਂ
ਪੇਤਲਾ ਹੋ ਗਿਆ ਹਾਂ
ਪਾਣੀ ਜ਼ਿਆਦਾ
ਦੁੱਧ ਥੋੜ੍ਹਾ ਹੈ

ਰੱਬ ਜਦ ਚਲਾਏਗਾ
ਫੈਟ ਵਾਲੀ ਮਸ਼ੀਨ
ਕੀ ਮੂੰਹ ਦਿਖਾਵਾਂਗਾ
ਪਾਣੀ ਪਾਣੀ ਹੋ ਜਾਵਾਂਗਾ

ਜਵਾਰਭਾਟਾ

ਅਕਾਸ਼ ਡੋਲਦਾ ਹੈ ਸਮੁੰਦਰ ਵਾਂਗ
ਸਮੁੰਦਰ ਚ ਮੇਰਾ ਦਿਲ ਡੋਲਦਾ ਹੈ
ਚੰਨ ਦੇ ਪ੍ਰਛਾਵੇਂ ਵਾਂਗ

ਅਕਾਸ਼ ਤੇਰੀ ਚਾਨਣੀ ਨਾਲ ਭਰਿਆ ਹੈ
ਦਿਲ ਮੇਰਾ ਤੇਰੇ ਨਾਲ

ਅੱਜਕਲ੍ਹ ਜਵਾਰਭਾਟਿਆਂ ਨਾਲ ਰਹਿਣ ਦੀ
ਜਾਚ ਸਿੱਖ ਰਿਹਾ ਹਾਂ

ਸ਼ਬਦਾਂ ਦੀ ਮੁਕਤੀ

ਅਕਾਸ਼ ਜੇ ਡੋਲਦਾ ਹੈ ਸਮੁੰਦਰ ਵਾਂਗ
ਤਾਂ ਡੋਲਦਾ ਰਹੇ
ਮੈਂ ਨਿਰੰਤਰ ਸੁੱਟਦਾ ਰਹਾਂਗਾ ਇਸ ਵੱਲ
ਸ਼ਬਦਾਂ ਦੇ ਤੀਰ
ਜਦ ਤੱਕ ਇਹ ਆਪਣੇ ਕਿਨਾਰਿਆਂ ਤੇ
ਉਂਝ ਨਾ ਹਿੱਲਣ ਲਗ ਪਏ
ਜਿਵੇਂ ਸਿਖਰ ਤੇ ਪਹੁੰਚੇ
ਜੋ ਜਿਸਮ ਹਿੱਲਦੇ ਹਨ

ਫੇਰ ਇਸ ਵਿੱਚ ਜਵਾਰ ਆ ਜਾਏ
ਮੈਂ ਇਸ ਵਿੱਚ ਭਿੱਜ ਜਾਵਾਂ
ਸ਼ਬਦ ਠੰਡੇ ਹੋ ਜਾਣ

ਸ਼ਬਦ ਇੰਝ ਹੀ
ਨਿਰਵਾਣ ਪ੍ਰਾਪਤ ਕਰਦੇ ਹਨ


ਖੇਡਾਂ

ਮੈਂ ਤਣ ਦਿੰਦਾਂ ਸ਼ਬਦਾਂ ਨੂੰ
ਤੇਰੇ ਲਈ
ਕਮਾਨ ਵਾਂਗ
ਵਿੰਨ੍ਹ ਦਿੰਦਾਂ ਅਕਾਸ਼ ਨੂੰ
ਕਿ ਬੱਦਲ ਫੜਫੜਾਉਂਦੇ
ਤੇਰੇ ਸਿਰ ਤੇ ਆ ਬੈਠਣ
ਮੈਂ ਇਨ੍ਹਾਂ ਕਬੂਤਰਾਂ ਨੂੰ ਛੇੜਾਂ
ਹਵਾ ਦੀ ਇਕ ਲਹਿਰ ਛਿੜ ਪਏ
ਤੇ ਤੂੰ
ਵਾਦੀਆਂ ਵਿੱਚ ਉਡਦੀ ਚੁੰਨੀ ਵਾਂਗ
ਮੇਰੇ ਮੂੰਹ ਤੇ ਆ ਪਏਂ
ਤੇ ਮੈਂ ਇੰਝ ਹੀ
ਰੱਬ ਨਾਲ ਖੇਡਦਾ ਹੋਇਆ
ਸੌਂ ਜਾਵਾਂ.......


ਅਨੰਦ ਤੋਂ ਅੱਗੇ
ਤੂੰ ਫੇਰ ਆ ਗਈ ਏਂ, ਹੌਲ ਦੀ ਤਰਾਂ

ਇੱਕ ਹੌਲ ਪੂਰੇ ਅਕਾਸ਼ ਤੇ ਤਣਿਆ ਹੈ
ਹੌਲ, ਜਿਵੇਂ ਰੱਬ ਨੂੰ ਮਿਲ ਰਹੇ ਹੋਈਏ
ਸੁੰਨ ਦੀ ਝਰਨਾਹਟ ਜਿਵੇਂ ਰਗਾਂ ਚੋਂ ਗੁਜ਼ਰਦੀ ਹੈ

ਸਭ ਸਿਮਟ ਗਿਆ ਹੈ ਤੇਰੇ ਤੇ
ਸੁੰਨੇ ਅਕਾਸ਼ ਵਿੱਚ ਜਿਵੇਂ
ਕੱਲਾ ਚੰਨ ਲਟਕਦਾ ਹੋਵੇ
ਤੇ ਧਰਤੀ ਸੌਂ ਜਾਵੇ

ਕਾਇਨਾਤ ਨੂੰ ਐਨੀ ਇਕਟਕ ਹੁੰਦਿਆਂ
ਮੈਂ ਕਦੇ ਨਹੀਂ ਦੇਖਿਆ

ਹਵਾ ਚਾਹੇ ਗੌਣ ਲੱਗੀ ਹੈ, ਸਾਰੀ ਕਵਿਤਾ
ਰੌਸ਼ਨੀ ਥਿਰਕ ਪਈ ਹੈ ਪੁਰਾਣੀਆਂ ਧੁਨਾਂ ਨਾਲ
ਤੇ ਗਹਿਰੀਆਂ ਸ਼ਾਮਾਂ ਨੂੰ
ਸ਼ਾਇਰ ਬੋਲਣ ਲੱਗਦੇ ਹਨ ਬੀਂਡਿਆਂ ਵਾਂਗ

ਪਰ ਇੱਕ ਹੌਲ ਹੈ
ਸਾਰੇ ਇਸ ਹੌਲ ਨੂੰ ਨਹੀਂ ਜਾਣਦੇ

ਅਨੰਦ ਤੇ ਦਰਦ ਬਹੁਤ ਰਲਗਡ ਹੋਏ ਹਨ

ਇੱਕ ਟਿਕਟਿਕੀ ਹੈ
ਅਨੰਤ ਨੂੰ ਮੇਧ ਰਹੀਆਂ ਕਿਰਨਾਂ ਵਰਗੀ
ਦੂਰ ਖਲਾਅ ਵਿੱਚ
ਧਰਤੀ ਜਿਵੇਂ ਇੱਕ ਤੁਪਕੇ ਵਾਂਗ ਡਿਗ ਪਏ
ਧਿਆਨ ਦੀ ਐਸੀ ਨੋਕ ਚੋਂ
ਇਕ ਹੌਲ ਨਿਕਲਦਾ ਹੈ
ਕਿਰਨਾਂ ਦੀ ਤਰਾਂ

ਮੈਂ ਸ਼ਬਦਾਂ ਵਿੱਚ ਰਿੱਝ ਰਿਹਾ ਹਾਂ
ਤੇ ਭਾਸ਼ਾ ਦੀਆਂ
ਉਨ੍ਹਾਂ ਸਭ ਤਰਤੀਬਾਂ ਨਾਲ ਲੜਦਾ ਹਾਂ
ਜਿਹੜੀਆਂ ਬੰਦੇ ਨੂੰ ਪਾਗਲ ਨਹੀਂ ਹੋਣ ਦਿੰਦੀਆਂ।

ਮਾਂ

ਬੀਬੀ ਮੈਨੂੰ ਅਕਾਸ਼ ਚੋਂ ਦੇਖਦੀ ਹੈ
ਮੈਨੂੰ ਥਿੜ੍ਹਕਣ ਤੋਂ ਬਚਾਈ ਰੱਖਦੀ ਹੈ

ਮੈਂ ਡੋਲ ਜਾਂਦਾ ਕਦੇ
ਜੀਵਨ ਦੀਆਂ ਬੇਯਕੀਨੀਆਂ ਤੋਂ
ਮਨ ਦੇ ਵੇਗਾਂ ਤੋਂ
ਜੀਅ ਕਰਦਾ ਹੈ ਗਰਕ ਜਾਵਾਂ
ਗਰਕਣ ਲੱਗਦਾਂ
ਤਾਂ ਉਹ ਮੈਨੂੰ ਰੋਕ ਲੈਂਦੀ ਹੈ
ਉਹ ਮੈਨੂੰ ਦੇਖਦੀ ਰਹਿੰਦੀ ਹੈ

ਜਿਊਂਦੀ ਸੀ ਤਾਂ ਚੋਰੀ ਕਰ ਸਕਦਾ ਸਾਂ
ਮਰਕੇ ਤਾਂ ਉਹ ਦੇਖ ਸਕਦੀ ਹੈ
ਅਕਾਸ਼ ਤੋਂ
ਹੁਣ ਮੈਂ ਉਸ ਤੋਂ ਚੋਰੀ ਨਹੀਂ ਕਰ ਸਕਦਾ
ਹਮੇਸ਼ਾ ਦੇਖਦੀ ਰਹਿੰਦੀ ਹੈ

ਦੇਖਦੇ ਤਾਂ ਦੇਵਤੇ ਵੀ ਹਨ
ਰੱਬ ਵੀ
ਪਰ ਉਨ੍ਹਾਂ ਨੂੰ ਮੈਂ ਪਛਾਣਦਾ ਨਹੀਂ
ਉਨ੍ਹਾਂ ਤੋਂ ਮੈਂ ਸੰਗਦਾ ਨਹੀਂ
ਅਸਮਾਨ ਵਿੱਚ
ਮੈਂ ਇਕੱਲੀ ਬੀਬੀ ਨੂੰ ਹੀ ਜਾਣਦਾਂ

ਪੂਰਾ ਅਸਮਾਨ ਮਾਵਾਂ ਨਾਲ ਭਰਿਆ ਹੈ
ਮਾਂ
ਮਾਂ ਦੀ ਮਾਂ
ਫੇਰ ਉਸ ਦੀ ਮਾਂ
ਅਨੰਤ ਤੱਕ ਮਾਵਾਂ ਹੀ ਮਾਵਾਂ ਹਨ
ਬੱਚਿਆਂ ਨੂੰ ਦੇਖ ਰਹੀਆਂ ਹਨ

ਪੁੱਤਰ ਗੁਨਾਹ ਕਰਦੇ ਹਨ
ਤਾਂ ਤੜਫਦੀਆਂ ਹਨ
ਦੁਖੀ ਹੁੰਦੀਆਂ ਹਨ
ਪੂਰਾ ਅਸਮਾਨ ਤੜਫਦਾ ਹੈ
ਅਨੰਤ ਤੱਕ

ਪੁੱਤਰ ਦੁਖੀ ਹੁੰਦੇ ਹਨ
ਤਾਂ ਦੁਖੀ ਹੁੰਦੀਆਂ ਹਨ
ਪੂਰਾ ਅਸਮਾਨ ਦੁਖ ਨਾਲ ਭਰ ਜਾਂਦਾ ਹੈ

ਦੁਖ ਉਹ ਸਾਰੇ ਨਾਲ ਲੈ ਗਈਆਂ
ਸਬਰ ਵਿੱਚ ਬੰਨ੍ਹ ਕੇ
ਤੰਗੀਆਂ ਦੇ
ਪਿਓਆਂ ਦੇ
ਘਰਾਂ ਦੇ
ਬੱਚਿਆਂ ਦੇ

ਪਿੱਛੇ ਅਰਦਾਸਾਂ ਛੱਡ ਗਈਆਂ
ਸੁਖਾਂ ਬਹੁਤ ਸਾਰੀਆਂ
ਜੋਤ ਵਾਲੇ ਆਲੇ
ਪਾਠ ਦੀਆਂ ਧੁਨਾਂ
ਧੂਫ, ਜੋ ਹਵਾ ਵਿੱਚ ਘੁਲ ਗਈ

ਮਾਵਾਂ ਵੀ ਅਜੀਬ ਦੇਵੀਆਂ ਨੇ
ਮੈਂ ਹੁਣ ਕੋਈ
ਹੇਰਾਫੇਰੀ ਨਹੀਂ ਕਰ ਸਕਦਾ
ਆਪਣੇ ਆਪ ਨਾਲ ਵੀ ਨਹੀਂ
ਸਭ ਦੇਖਦੀਆਂ ਹਨ

ਮੁੜ ਆਉਂਦਾ ਗੁਨਾਹਾਂ ਤੋਂ
ਗਲਤੀਆਂ ਠੀਕ ਕਰਦਾਂ
ਡਿਗਣ ਤੋਂ ਬਚਾਕੇ ਰੱਖਦਾਂ ਖੁਦ ਨੂੰ
ਬੀਬੀ ਮੈਨੂੰ ਦੇਖੀ ਜਾ ਰਹੀ ਹੈ
ਅਕਾਸ਼ ਤੋਂ
ਉਹ ਮੈਨੂੰ ਬਚਾਈ ਰੱਖਦੀ ਹੈ


ਰੱਬੀ ਨਿਜ਼ਾਮ

ਧਰਤੀ ਦਾ ਵੀ ਅਜੀਬ ਸਫਰ ਹੈ
ਜਿਵੇਂ ਸਰਕਾਰੀ ਬੱਸ ਦੀ ਸੁਆਰੀ ਹੋਏ
ਖੜਕਦਿਆਂ ਦਿਨ ਗੁਜ਼ਰਦੇ ਹਨ
ਟੋਏ ਪਾਰ ਕਰਦਿਆਂ
ਉਮਰ ਲੰਘ ਜਾਂਦੀ ਹੈ

ਇਹ ਵੀ ਕੀ ਸਫਰ ਹੋਇਆ
ਹਰ ਕਦਮ ਨਾਲ
ਦਿਲ ਨੂੰ ਡੋਲ ਪੈਂਦਾ ਹੈ
ਰੂਹ ਦੇ ਟਾਂਕੇ ਦੁਖਦੇ ਹਨ
ਨਾ ਤੁਰਕੇ ਜੀਣਾ ਹੋਇਆ
ਨਾ ਖੜ੍ਹਕੇ

ਰੱਬ ਵੀ ਤਾਂ ਸੱਚੀ ਸਰਕਾਰ ਹੈ
ਉਸਦਾ ਨਿਜ਼ਾਮ ਵੀ ਸਰਕਾਰੀ ਹੈ
ਸਭ ਕੁੱਝ ਖੜਕਦਾ ਹੈ
ਬਹੁਤ ਕੁੱਝ ਰੜਕਦਾ ਹੈ
ਵੀਰਾਨ ਰੂਹਾਂ ਤੇ
ਰਿਸ਼ਤੇ ਭਿਣਕਦੇ ਹਨ

ਕੋਈ ਕਰੇ ਤਾਂ ਕੀ ਕਰੇ
ਬਿਨਾਂ ਦੁਖਿਆਂ
ਇਹ ਯਾਤਰਾ ਪੂਰੀ ਨਹੀਂ ਹੁੰਦੀ
ਸਭ ਪਾਸੇ
ਅਨੋਖੀਆਂ ਬਸਤੀਆਂ ਹਨ

ਇਕ ਬਸਤੀ ਰਿਸ਼ਤਿਆਂ ਦੀ
ਮੱਕੜੀ ਦੇ ਜਾਲੇ ਵਾਂਗ ਲਟਕਦੀ
ਆਪੇ ਸਿਰਜਿਆ
ਖੁਦਕੁਸ਼ੀ ਦਾ ਸਮਾਨ

ਇੱਕ ਬਸਤੀ ਖਾਹਸ਼ਾਂ ਦੀ
ਜਿਹੜੀ ਚੰਡੋਲ ਵਾਂਗ
ਉਪਰ ਲਿਜਾਂਦੀ ਹੈ
ਪਰ ਵਾਪਸ ਨਹੀਂ ਲਿਆਂਦੀ
ਸਿਧਾ ਥੱਲੇ ਡੇਗ ਦਿੰਦੀ ਹੈ

ਮੁਹੱਬਤ ਦਾ
ਇੱਕ ਰੇਗਿਸਤਾਨ ਹੈ
ਚਮਕਦੀ ਧੁਪ ਵਿੱਚ
ਪਾਣੀ ਦਾ ਭਰਮ ਪੈਂਦਾ ਹੈ
ਪਾਣੀ ਤੱਕ ਹੱਥ ਨਹੀਂ ਪਹੁੰਚਦਾ
ਭਰਮ ਅੱਗੇ ਅੱਗੇ
ਤੁਰਦਾ ਜਾਂਦਾ ਹੈ

ਰੱਬ ਦੀ ਵਿਸ਼ਾਲ ਕਾਇਨਾਤ ਵਿੱਚ
ਧਰਤੀ ਕੋਈ ਜੇਲ੍ਹਖਾਨਾ ਹੈ ਸ਼ਾਇਦ
ਇਨਸਾਨ ਇਸ ਦਾ ਕੈਦੀ ਹੈ
ਇਨ੍ਹਾਂ ਦੀਵਾਰਾਂ ਦੇ ਅੰਦਰ
ਮੁਕਤੀ ਕਿੱਥੋਂ

ਜੀਵਨ ਵਫਾ ਵਰਗਾ ਕੋਈ ਸ਼ਬਦ ਹੈ
ਇਸ ਦੇ ਅਰਥ ਬਦਲ ਜਾਂਦੇ ਹਨ
ਸਚਾਈ ਹਵਾ ਵਾਂਗ ਹੈ
ਇਸ ਨੂੰ ਪਕੜ ਨਹੀਂ ਸਕਦੇ
ਮੁਹੱਬਤ ਕੋਈ ਅਸਮਾਨੀ ਬਿਜਲੀ ਹੈ
ਇੱਕ ਵਾਰ ਪੈਂਦੀ ਹੈ
ਸਾੜ ਜਾਂਦੀ ਹੈ

ਚੱਲ ਮਨਾ, ਵਾਪਸ ਚੱਲੀਏ
ਦੁਨੀਆ ਇਹ ਦੇਖ ਲਈ ਹੈ


ਕਿਨਾਰੇ ਦੇ ਦੀਪਾਂ ਵੱਲ ਪਰਤਦਿਆਂ

ਤੇਰਾ ਨੰਗਾ ਸਰੂਪ ਨਹੀਂ ਝੱਲ ਸਕਦਾ ਜ਼ਿੰਦਗੀ
ਬਸਤਰਾਂ ਦੀ ਚਮਕ ਵਿੱਚ
ਚੁੰਧਿਆਕੇ ਮਿਲਦਾ ਹਾਂ

ਚੁਫੇਰਿਓਂ ਵਰ੍ਹਦੀ
ਸੱਖਣੇਪਣ ਦੀ ਮਾਰ ਤੋਂ ਬਚਣ ਲਈ
ਮੈਂ ਤਾਣ ਦਿੱਤੇ ਹਨ
ਰੰਗ ਬਰੰਗੇ ਪਰਦੇ
ਬੇਰੰਗ ਤੇਜ ਨੂੰ
ਰੰਗ ਰੰਗ ਕੇ ਦੇਖਣ ਵਿੱਚ ਰੁਝਿਆ ਹਾਂ

ਤੇਰੇ ਮਹਾਂ ਵਿਸਫੋਟ ਤੇ ਮਹਾਂ ਮਿਲਨ ਦੇ
ਆਰ ਪਾਰ ਬਿਖਰੀ
ਅਰਥਹੀਣਤਾ ਦੀ ਤਿੱਖੀ ਧਾਰ ਤੇ ਚੱਲਦੇ ਹੋਏ
ਜੁਗਾਦੀ ਇਕੱਲਤਾ ਦੀ ਘੁਟਣ ਤੋਂ ਬਚਣ ਲਈ
ਮੈਂ ਕਰ ਲਿਆ ਸਭਿਅਤਾ ਦਾ ਜਸ਼ਨ
ਤੇ ਰੱਬ ਦੇ ਖਿਆਲ ਨਾਲ ਪਰਚ ਗਿਆ
ਅਰਥ ਵਿਹੂਣੀ ਇਕੱਲਤਾ ਨੂੰ ਅਰਥ ਦੇਣ ਲਈ
ਮੈਂ ਸਫਰ ਕੀਤੇ
ਅਧਿਆਤਮ ਦੇ ਬੱਦਲਾਂ ਵਿੱਚੋਂ
ਸ਼ਾਇਰੀ ਦੇ ਧੁੰਧੀਲੇ ਪੰਧਾਂ ਰਾਹੀਂ
ਮੁਹੱਬਤ ਦੀਆਂ ਪਹਾੜੀ ਪਗਡੰਡੀਆਂ ਉਤੇ
ਤਰਕ ਦੀਆਂ ਕੜੀਆਂ ਜੋੜਦਾ ਜੋੜਦਾ
ਮੈਂ ਆ ਪਹੁੰਚਾ ਹਾਂ ਜਿਥੇ
ਸਭ ਮਾਰਗਾਂ ਦੇ ਆਖਰੀ ਸਿਰੇ ਤੇ
ਉਥੇ ਬੇਨਾਮ ਦਿਸ਼ਾਵਾਂ ਚੋਂ
ਅਰਥਹੀਣਤਾ ਟਪਕ ਰਹੀ ਹੈ
ਨਿਰਵਾਣ ਤੇ ਕਾਇਨਾਤੀ ਮਿਲਾਪ ਦੀਆਂ
ਨੂਰਾਨੀ ਤਸਵੀਰਾਂ ਦਾ
ਇਹ ਪਿਛਲਾ ਪਾਸਾ ਹੈ
-ਪਾਰ ਨਿਰਵਾਣ ਦੀ ਮਹਾਂ ਸੁਰੰਗ

ਆਖਰੀ ਸਚਾਈ ਦੀ ਭਾਲ ਚ
ਮੈਂ ਨਿਕਲ ਆਇਆ ਹਾਂ ਜਿਥੇ
ਨਾ ਅੱਗੇ ਕੁੱਝ ਹੈ ਨਾ ਪਿੱਛੇ
ਖਲਾਅ ਚ ਲਟਕਦੇ ਵਜੂਦ ਅੰਦਰ
ਭਾਫ ਵਾਂਗ ਫੈਲ ਰਹੀ
ਇਕੱਲਤਾ ਤੋਂ ਸਿਵਾ
ਇੱਕ ਨੁਕਤੇ ਚ ਡਿਗਦੀ ਹੋਈ
ਪੂਰੀ ਕਾਇਨਾਤ
- ਸੂਖਮ ਤੇ ਵਿਰਾਟ
- ਭੂਤ ਤੇ ਭਵਿਖ
- ਪ੍ਰਕਾਸ਼ ਤੇ ਹਨੇਰਾ
-ਚੇਤਨ ਤੇ ਜੜ੍ਹ

ਕੁੱਲ ਵਜੂਦ ਤੇਰਾ ਦਿਸ਼ਾਹੀਣਤਾ ਚ ਡੋਲ ਰਿਹਾ ਹੈ


ਟਿਕਾ ਦੇ ਰੂਹ ਦੀ ਹਥੇਲੀ ਤੇ
ਇਸ ਬਿੰਦੂ ਦੀ ਤਿੱਖੀ ਧਾਰ ਨੂੰ
ਮੈਂ ਚੱਲ ਰਿਹਾ ਹਾਂ..........
ਕਦਮ ਕਦਮ ਤੇ ਧਸ ਰਿਹਾ ਹੈ ਅੰਦਰ
ਤੇਰਾ ਆਖਰੀ ਸੱਚ
ਪੀੜ ਦਾ ਜਸ਼ਨ ਹੋ ਰਿਹਾ ਹੈ


ਮੈਂ ਭੱਜ ਆਇਆ ਹਾਂ
ਤੇਰੇ ਆਖਰੀ ਨੰਗੇਜ ਨੂੰ ਹੱਥ ਲਾ ਕੇ
ਕੁੱਝ ਨਹੀਂ ਹੈ ਤੇਰੇ ਕੋਲ ਜ਼ਿੰਦਗੀ
ਜਨਮ ਦੇ ਬੰਧਨਾਂ ਬਿਨਾਂ

ਅਹੁ ਦੂਰ, ਮਜਬੂਰ ਆਦਮੀ
ਤੇਰੀ ਆਖਰੀ ਸਚਾਈ ਵੱਲ ਪਿੱਠ ਕਰੀਂ
ਸਭਿਅਤਾ ਦੇ ਨਸ਼ੇ ਚ ਗੁਆਚਿਆ ਹੈ
ਤੇਰੀ ਅਰਥਹੀਣਤਾ ਦੇ ਖਿਲਾਫ
ਬੇਅਰਥ ਹੋਂਦ ਨੂੰ ਅਰਥ ਦੇਣ ਲਈ

ਵੇਖ ਆਦਮੀ ਨੇ ਕੀ ਕੀ ਰਚ ਲਿਆ
ਆਪਣੀ ਧਰਤੀ ਦੇ ਟਾਪੂ ਤੇ ਦੇਖ-
ਸਭਿਅਤਾ ਦੇ ਸ਼ਾਮਿਆਨੇ
ਰੂਹਾਨੀਅਤ ਦੇ ਸਤਰੰਗੀ ਦ੍ਰਿਸ਼ਾਂ ਚ
ਸੰਮੋਹਿਤ ਆਦਮੀ
ਰਿਸ਼ਤਿਆਂ ਦੇ ਚਕਰਵਿਊ ਚ
ਉਲਝਿਆ ਬੰਦਾ
ਅਚੇਤ ਦੇ ਥਲਾਂ ਚ ਰਚਾਕੇ
ਅਰਥਹੀਣਤਾ ਦੀ ਪੀੜ
ਸਾਡੇ ਮੱਥਿਆਂ ਤੇ ਉਗਾਈਆਂ ਫਸਲਾਂ ਦੇਖ


ਫੇਰ ਮਾਰਦਾ ਹਾਂ ਨਜ਼ਰ
ਤੇਰੇ ਅਖੀਰਲੇ ਸੱਚ ਤੇ
ਬੇਚੈਨ ਅਨੰਤਤਾ ਚ ......

ਕੁਝ ਨਹੀਂ ਹੈ
ਵਿਸ਼ਵਾਸ਼ ਦੇ ਲਗਾਤਾਰ ਮੱਧਮ ਪੈਂਦੇ ਜਾਣ ਤੋਂ ਸਿਵਾ
ਤੇਰੇ ਆਖਰੀ ਸਿਰੇ ਦੀ ਪੀੜ ਚ
ਹਲਾਲ ਹੁੰਦਿਆਂ
ਮੈਂ ਭੱਜ ਨਿਕਲਿਆ ਹਾਂ
ਕਿਨਾਰੇ ਦੀਆਂ ਰੌਸ਼ਨੀਆਂ ਵੱਲ
ਗਹਿਰਾਈਆਂ ਦੀ ਪੀੜ ਤੋਂ ਡਰਦਿਆਂ
ਮੈਂ ਸਤਹ ਦੇ ਨਸ਼ੇ ਚ ਗੁੰਮ ਹਾਂ

6 ਦਸੰਬਰ, 1994

No comments:

Post a Comment