Thursday, June 25, 2009

ਵਿਚਾਰ

ਆਦਿ ਕਲਾ ਦੀ ਤਲਾਸ਼

ਕਵਿਤਾ ਦੀ ਮੇਰੀ ਪਹਿਲੀ ਕਿਤਾਬ 'ਇੱਕ ਛਿਣ ਦੀ ਵਾਰਤਾ' 1989-90 ਵਿੱਚ ਛਪੀ ਸੀ। ਤਕਰੀਬਨ ਪੂਰੇ ਦੋ ਦਹਾਕਿਆਂ ਬਾਅਦ ਇਹ ਦੂਸਰੀ ਕਿਤਾਬ ਛਪੀ ਹੈ। ਦੋ ਦਹਾਕੇ ਦਾ ਇਹ ਸਮਾਂ ਇੱਕ ਲਿਹਾਜ਼ ਨਾਲ ਮੇਰੇ ਆਂਤਰਿਕ ਭ੍ਰਮਣ ਦਾ ਦੌਰ ਸੀ। ਇਸ ਸਾਰੇ ਸਮੇਂ ਦੌਰਾਨ ਨਾਮਾਤਰ ਕਵਿਤਾ ਲਿਖੀ। ਪਹਿਲੀ ਕਿਤਾਬ ਛਪਣ ਤੋਂ ਤੁਰੰਤ ਬਾਅਦ ਹੀ ਮੈਂ ਕਵਿਤਾ ਦੀ ਸਮਾਜਕ ਜਾਂ ਮਾਨਵੀ ਪ੍ਰਸੰਗਿਕਤਾ ਨੂੰ ਲੈ ਕੇ ਕਈ ਤਰਾਂ ਦੇ ਸੁਆਲਾਂ ਵਿੱਚ ਉਲਝ ਗਿਆ। ਕਵਿਤਾ ਕੀ ਹੈ? ਕਵਿਤਾ ਲਿਖਣ ਦਾ ਕੀ ਮਕਸਦ ਹੈ? ਸਮਾਜ ਜਾਂ ਜ਼ਿੰਦਗੀ ਵਿੱਚ ਕਵਿਤਾ ਦਾ ਕੀ ਸਥਾਨ ਜਾਂ ਮਹੱਤਵ ਹੈ? ਕੀ ਕਵਿਤਾ ਦਾ ਕੋਈ ਭਵਿਖ ਹੈ ਜਾਂ ਇਹ ਪੁਰਾਤਨ ਦੌਰ ਦੀ ਖਤਮ ਹੋ ਰਹੀ ਸਾਹਿਤਕ ਵਿਧਾ ਹੈ? ਆਦਿ। ਪਰ ਹੁਣ ਇਹ ਮਹਿਸੂਸ ਕਰ ਰਿਹਾ ਹਾਂ ਕਿ ਲਿਖਦੇ ਰਹਿਣਾ ਚਾਹੀਦਾ ਸੀ। ਸਵਾਲਾਂ ਦਾ ਕੋਈ ਵੀ ਅੰਤਮ ਸਿਰਾ ਨਹੀਂ ਹੈ। 1994 ਤੋਂ ਲਗਾਤਾਰ ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਰਿਹਾ ਹਾਂ, ਇਸ ਕਰਕੇ ਮੇਰੇ ਦੋਸਤਾਂ ਦੇ ਸਰਕਲ ਵਿੱਚ ਇਹ ਸਮਝਿਆ ਗਿਆ ਕਿ ਪੱਤਰਕਾਰੀ ਵਿੱਚ ਰੁਝ ਜਾਣ ਕਾਰਨ ਮੈਂ ਕਵਿਤਾ ਲਿਖਣੀ ਛੱਡ ਦਿੱਤੀ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਪੱਤਰਕਾਰੀ ਕਵਿਤਾ ਨੂੰ ਖਾ ਜਾਂਦੀ ਹੈ। ਮੈਂ ਅਕਸਰ ਅਜਿਹੀਆਂ ਗੱਲਾਂ ਨੂੰ ਟਾਲਦਾ ਰਿਹਾ। ਕਿਉਂਕਿ ਖੁਦ ਸਪਸ਼ਟ ਨਹੀਂ ਸਾਂ, ਇਸ ਕਰਕੇ ਕੁੱਝ ਕਹਿਣ ਦੀ ਵੀ ਕੋਈ ਤੁਕ ਨਹੀਂ ਸੀ। ਆਪਣੇ ਅੰਦਰ ਕਈ ਤਰਾਂ ਦੇ ਸੁਆਲਾਂ ਵਿੱਚ ਘਿਰਿਆ ਹੋਇਆ ਸਾਂ।
...............

ਸਕੂਲ ਵਿੱਚ ਪੜ੍ਹਨ ਦੇ ਦਿਨਾਂ ਦੌਰਾਨ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰੀ ਲਿਖਣ ਪ੍ਰਕਿਰਿਆ ਹੁਣ ਨਾਲੋਂ ਬਿਲਕੁਲ ਵੱਖਰੀ ਸੀ। ਮੈਂ ਹਰ ਰੋਜ਼ ਇੱਕ ਕਵਿਤਾ ਲਿਖਦਾ ਸਾਂ। ਰੋਜ਼ ਕੋਈ ਨਵਾਂ ਵਿਸ਼ਾ ਲੱਭਦਾ ਤੇ ਫੇਰ ਉਸ ਤੇ ਲਿਖਣ ਬੈਠ ਜਾਂਦਾ। ਕਈ ਵਾਰ ਟੇਬਲ ਤੇ ਬੈਠਣ ਤੋਂ ਬਾਅਦ ਹੀ ਕੋਈ ਵਿਸ਼ਾ ਸੁਝਦਾ। ਲਿਖਣ ਦੀ ਸ਼ਾਇਦ ਇਹ ਮੁਢਲੀ ਰਿਹਰਸਲ ਸੀ। ਇਹ ਸਿਲਸਿਲਾ ਕੁੱਝ ਦੇਰ ਚੱਲਿਆ ਤੇ ਕਾਲਜ ਪਹੁੰਚਣ ਤੋਂ ਬਾਅਦ ਕਵਿਤਾਵਾਂ ਦਾ ਰੰਗ ਜ਼ਰਾ ਕੁ ਗਹਿਰਾ ਹੋਇਆ। 1987-88 ਵਿੱਚ ਜੋ ਕਵਿਤਾਵਾਂ ਲਿਖੀਆਂ, ਉਹ ਸਾਰੀਆਂ ਕਵਿਤਾਵਾਂ ਹੀ ਇਸ ਤਰਾਂ ਲਿਖੀਆਂ ਗਈਆਂ। ਇੱਕ ਇੱਕ ਕਵਿਤਾ ਕਈ ਕਈ ਦਿਨ ਵਿੱਚ ਪੂਰੀ ਕੀਤੀ ਅਤੇ ਫੇਰ ਕਈ ਵਾਰ ਸੋਧੀ ਗਈ। ਕਹਿਣ ਨੂੰ ਇਹ ਖੁਲ੍ਹੀ ਕਵਿਤਾ ਸੀ, ਪਰ ਮੈਂ ਇਸ ਦੇ ਫਿਕਰਿਆਂ ਦਾ ਵਜ਼ਨ ਪੂਰਾ ਕਰਨ ਲਈ ਗਜ਼ਲਕਾਰਾਂ ਦੀ ਤਰਾਂ ਮਿਹਨਤ ਕਰਦਾ ਸਾਂ। ਇਸ ਦੌਰ ਦੀਆਂ ਇਹ ਕਵਿਤਾਵਾਂ ਹੀ ਪਹਿਲੇ ਸੰਗ੍ਰਹਿ ਵਿੱਚ ਸ਼ਾਮਲ ਹਨ। ਮੇਰੀ ਰਚਨਾ ਪ੍ਰਕਿਰਿਆ ਚਿੱਤਰਕਾਰਾਂ ਵਰਗੀ ਸੀ। ਕਵਿਤਾ ਵੀ ਚਿਤਰ ਬਣਾਉਣ ਵਾਂਗ ਲਿਖਦਾ ਸਾਂ। ਇਹ ਮਹਿਸੂਸ ਕਰਦਾ ਸਾਂ ਕਿ ਕਵਿਤਾ ਖਿਆਲਾਂ, ਅਕਾਰਾਂ ਤੇ ਧੁਨਾਂ ਨਾਲ ਕੀਤੀ ਜਾਣ ਵਾਲੀ ਇੱਕ ਵੱਖਰੀ ਤਰਾਂ ਦੀ ਚਿਤਰਕਾਰੀ ਹੈ। ਜਾਂ ਇਹ ਲੱਗਦਾ ਸੀ ਕਿ ਕਵਿਤਾ ਅਜਿਹੀ ਵਿਧੀ ਹੈ, ਜਿਸ ਵਿੱਚ ਧੁਨਾਂ ਰਾਹੀਂ ਅਰਥ ਪੈਦਾ ਕੀਤੇ ਜਾਂਦੇ ਹਨ। ਕਿਸੇ ਕਵਿਤਾ ਵਿੱਚ ਸ਼ਬਦ ਦੀ ਥਾਂ ਬਦਲਣ ਨਾਲ ਉਸ ਦੀ ਧੁਨ ਵੀ ਬਦਲ ਜਾਂਦੀ ਹੈ ਅਤੇ ਅਰਥ ਵੀ। ਇਸ ਕਰਕੇ ਚੁਣ ਚੁਣਕੇ ਸ਼ਬਦਾਂ ਨੂੰ ਅੱਗੇ ਪਿੱਛੇ ਕਰਦਾ ਸਾਂ। ਮੇਰੇ ਲਈ ਕਵਿਤਾ ਇੱਕ ਸੁਚੇਤ ਰਚਨਾ ਸੀ। ਕਵਿਤਾ ਦੀ ਮੇਰੀ ਇਹ ਰਚਨਾ ਪ੍ਰਕਿਰਿਆ ਜਾਂ ਰਚਨਾ ਪ੍ਰਕਿਰਿਆ ਬਾਰੇ ਮੇਰੀ ਇਹ ਸਮਝ ਉਸ ਨਾਲੋਂ ਬਿਲਕੁਲ ਵੱਖਰੀ ਸੀ, ਜਿਸ ਤਰਾਂ ਦੀ ਆਪਣੇ ਆਲੇ ਦੁਆਲੇ ਦੇ ਸਾਹਿਤਕ ਹਲਕਿਆਂ ਵਿੱਚ ਸੁਣਦਾ ਸਾਂ ਜਾਂ ਪੜ੍ਹਦਾ ਸਾਂ। ਜੋ ਸੁਣਦਾ ਪੜ੍ਹਦਾ ਸਾਂ, ਉਹ ਇਹ ਸੀ ਕਿ ਕਵਿਤਾ ਲਿਖੀ ਨਹੀਂ ਜਾਂਦੀ, ਬਲਕਿ ਲਿਖ ਹੋ ਜਾਂਦੀ ਹੈ। ਇਹ ਇਲਹਾਮ ਦੀ ਤਰਾਂ ਉਤਰਦੀ ਹੈ। ਜ਼ਿਆਦਾਤਰ ਕਵੀ ਪਹਿਲਾਂ ਮਨੋ ਮਨੀ ਪੂਰੀ ਕਵਿਤਾ ਸਿਰਜ ਲੈਂਦੇ ਹਨ ਅਤੇ ਫੇਰ ਉਸ ਨੂੰ ਕਾਗਜ਼ ਤੇ ਉਤਾਰਦੇ ਸਨ। ਪਰ ਮੇਰਾ ਅਨੁਭਵ ਬਿਲਕੁਲ ਉਲਟ ਸੀ। ਮੇਰੇ ਕੋਲ ਸਿਰਫ ਕੋਈ ਖਿਆਲ ਹੁੰਦਾ ਸੀ ਤੇ ਉਸ ਖਿਆਲ ਨੂੰ ਕਵਿਤਾ ਦੇ ਰੂਪ ਵਿੱਚ ਸਿਰਜਦਾ ਸਾਂ ਜਾਂ ਪੇਸ਼ ਕਰਦਾ ਸਾਂ। ਇਸੇ ਖਿਆਲ ਨੂੰ ਕਿਸੇ ਹੋਰ ਵਿਧਾ ਰਾਹੀਂ ਵੀ ਪੇਸ਼ ਕੀਤਾ ਜਾ ਸਕਦਾ ਸੀ। ਪਰ ਸੁਣਦਾ ਇਹ ਸਾਂ ਕਿ ਕਵਿਤਾ ਅਜਿਹੀ ਚੀਜ਼ ਹੈ, ਜਿਹੜੀ ਕੋਸ਼ਿਸ ਕਰਕੇ ਨਹੀਂ ਲਿਖੀ ਜਾ ਸਕਦੀ, ਇਹ ਤਾਂ ਬਸ ਲਿਖ ਹੋ ਜਾਂਦੀ ਹੈ। ਇੱਥੋਂ ਹੀ ਮੇਰੇ ਪਹਿਲੇ ਸੁਆਲ ਸ਼ੁਰੂ ਹੋਏ। ਇਹ ਸੁਆਲ ਆਪਣੇ ਬਾਰੇ ਵੀ ਸਨ। ਕਵਿਤਾ ਬਾਰੇ ਵੀ। ਕਵਿਤਾ ਕੀ ਹੈ? ਕਵਿਤਾ ਦੀ ਰਚਨਾ ਪ੍ਰਕਿਰਿਆ ਕਿਹੋ ਜਿਹੀ ਹੁੰਦੀ ਹੈ? ਕਵਿਤਾ ਨੂੰ ਕਿਹੜੀ ਚੀਜ਼ ਕਵਿਤਾ ਬਣਾਉਂਦੀ ਹੈ? ਕਵਿਤਾ ਕਿਵੇਂ ਅਸਰ ਕਰਦੀ ਹੈ? ਕਵਿਤਾ ਦਾ ਮਕਸਦ ਕੀ ਹੈ? ਕਵਿਤਾ ਕਿਸ ਵਾਸਤੇ ਲਿਖੀ ਜਾਂਦੀ ਹੈ? ਆਦਿ। ਹੌਲੀ ਹੌਲੀ ਇਹ ਸੁਆਲ ਵਧਦੇ ਗਏ ਅਤੇ ਮੇਰੇ ਸਾਹਮਣੇ ਸੁਆਲਾਂ ਦਾ ਇੱਕ ਪੂਰਾ ਜੰਗਲ ਉਗ ਆਇਆ। ਮੈਂ ਸਹਿਜ ਸੁਭਾਅ ਹੀ ਇਸ ਜੰਗਲ ਵਿੱਚ ਵੜ ਗਿਆ ਤੇ ਪੰਜਾਬੀ ਦੇ ਸਾਹਿਤਕ ਦ੍ਰਿਸ਼ ਤੋਂ ਲਾਂਭੇ ਹੋ ਗਿਆ।
.............
ਸ਼ੁਰੂ ਵਿੱਚ ਮੇਰੇ ਸਾਹਮਣੇ ਸੁਆਲ ਕਵਿਤਾ ਬਾਰੇ ਸਨ ਪਰ ਹੌਲੀ ਹੌਲੀ ਇਹ ਸੁਆਲ ਸਿਰਫ ਕਵਿਤਾ ਤੱਕ ਸੀਮਤ ਨਾ ਰਹੇ ਬਲਕਿ ਸਮੁਚੀ ਕਲਾ ਬਾਰੇ ਬਣ ਗਏ। ਮੂਲ ਸੁਆਲ ਇਹ ਬਣ ਗਿਆ ਕਿ ਸਮੁਚੀ ਕਲਾ ਦਾ ਕੀ ਮਾਨਵੀ ਪ੍ਰਯੋਜਨ ਹੈ? ਸਾਰੀ ਕਲਾ ਦਾ ਕੀ ਮਕਸਦ ਹੈ? ਇਹ ਕੋਈ ਨਵਾਂ ਸੁਆਲ ਨਹੀਂ ਸੀ। ਹਜ਼ਾਰਾਂ ਹੀ ਲੋਕ ਇਸ ਸੁਆਲ ਤੇ ਵਿਚਾਰ ਕਰ ਚੁੱਕੇ ਹਨ ਅਤੇ ਇਸ ਦੀਆਂ ਕਿੰਨੀਆਂ ਹੀ ਵਿਆਖਿਆਵਾਂ ਹਨ।
ਲੰਬੇ ਚੌੜੇ ਹਵਾਲਿਆਂ ਵਿੱਚ ਪੈਣ ਦੀ ਇਥੇ ਲੋੜ ਨਹੀਂ ਪਰ ਮੋਟੇ ਤੌਰ ਤੇ ਇਸ ਚਰਚਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਆਧੁਨਿਕ ਦੌਰ ਵਿੱਚ ਇੱਕ ਪ੍ਰਬਲ ਧਾਰਾ ਇਹ ਸੋਚਦੀ ਹੈ ਕਿ ਸਮੁਚੀ ਕਲਾ ਸਮਾਜਕ ਤਬਦੀਲੀ ਦਾ ਇੱਕ ਹਥਿਆਰ ਹੈ। ਜਾਂ ਜੇ ਜ਼ਿਆਦਾ ਸਲੀਕੇਦਾਰ ਤਰੀਕੇ ਨਾਲ ਗੱਲ ਕਰਨੀ ਹੋਵੇ ਤਾਂ ਕਹਿ ਸਕਦੇ ਹਾਂ ਕਿ ਕਲਾ ਸਮੁਚੇ ਤੌਰ ਤੇ ਕਿਸੇ ਸਮਾਜਕ, ਰਾਜਨੀਤਕ ਵਿਚਾਰਧਾਰਾ ਦੇ ਪ੍ਰਗਟਾਵੇ ਦਾ ਮਾਧਿਅਮ ਹੀ ਹੈ। ਦੂਜੀ ਧਾਰਾ ਦੇ ਲੋਕ ਇਹ ਸੋਚਦੇ ਹਨ ਕਿ ਕਲਾ ਨੂੰ ਸੁਚੇਤ ਤੌਰ ਤੇ ਇਸ ਤਰਾਂ ਕਿਸੇ ਵਿਚਾਰਧਾਰਕ ਜਾਂ ਸਮਾਜਕ ਉਦੇਸ਼ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਸਹਿਜ ਰੂਪ ਵਿੱਚ ਵਾਪਰਦੀ ਹੈ। ਵਾਪਰਨ ਤੋਂ ਬਾਅਦ ਇਸ ਦੇ ਜੋ ਵੀ ਅਰਥ ਕੱਢ ਲਏ ਜਾਣ, ਪਰ ਰਚਨਾ ਪ੍ਰਕਿਰਿਆ ਨੂੰ ਇੱਕ ਸੁਚੇਤ ਵਿਚਾਰਧਾਰਕ ਉਦਮ ਦੇ ਰੂਪ ਵਿੱਚ ਦੇਖਣਾ ਕਲਾ ਦੇ ਇਲਹਾਮੀ ਤੱਤ ਨੂੰ ਖਤਮ ਕਰਨ ਵਾਲੀ ਗੱਲ ਹੈ। ਇਸ ਤਰਾਂ ਸੋਚਣ ਵਾਲੇ ਲੋਕ ਇਹ ਧਾਰਨਾ ਪੇਸ਼ ਕਰਦੇ ਹਨ ਕਿ ਹਰ ਕਲਾ ਹੀ ਇਨਸਾਨ ਦੀ ਸੇੰਵੇਦਨਸ਼ੀਲਤਾ ਨੂੰ ਤਿੱਖਾ ਕਰਦੀ ਹੈ, ਇਸ ਕਰਕੇ ਇਸ ਲਿਹਾਜ਼ ਨਾਲ ਹਰ ਕਲਾ ਦਾ ਹੀ ਇੱਕ ਸਮਾਜਕ ਪ੍ਰਭਾਵ ਹੁੰਦਾ ਹੈ।
ਵੱਖ ਵੱਖ ਮੌਕਿਆਂ ਜਾਂ ਪੜਾਵਾਂ ਤੇ ਮੈਂ ਵੀ ਕਲਾ ਦੇ ਪ੍ਰਯੋਜਨ ਬਾਰੇ ਇਨ੍ਹਾਂ ਵੱਖ ਵੱਖ ਤਰਾਂ ਦੀਆਂ ਧਾਰਨਾਵਾਂ ਵੱਲ ਡੋਲਦਾ ਰਿਹਾ। ਪਰ ਕਿਸੇ ਵੀ ਨੁਕਤੇ ਤੋਂ ਪੂਰੀ ਤਰਾਂ ਕਾਇਲ ਨਹੀਂ ਹੋ ਸਕਿਆ। ਪਰ ਇੱਕ ਬਿੰਦੂ ਤੇ ਆ ਕੇ ਅਟਕ ਗਿਆ ਤੇ ਇੱਕ ਖਾਸ ਦਿਸ਼ਾ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਕਲਾ ਦੇ ਪ੍ਰਯੋਜਨ ਬਾਰੇ ਗੁਰਜੀਏਫ ਦੀਆਂ ਵਿਆਖਿਆਵਾਂ ਨੇ ਮੈਨੂੰ ਪੂਰੀ ਤਰਾਂ ਆਪਣੀ ਲਪੇਟ ਵਿੱਚ ਲੈ ਲਿਆ। ਪੰਜਾਬੀ ਅਕਾਦਮਿਕ ਜਾਂ ਬੌਧਿਕ ਹਲਕਿਆਂ ਵਿੱਚ ਗੁਰਜੀਏਫ ਕੋਈ ਆਮ ਪ੍ਰਚਲਿਤ ਨਾਂ ਨਹੀਂ ਹੈ। ਵੈਸੇ ਵੀ ਬੁਨਿਆਦੀ ਤੌਰ ਤੇ ਉਹ ਕੋਈ ਕਲਾ ਚਿੰਤਕ ਜਾਂ ਸਮੀਖਿਅਕ ਨਹੀਂ ਸੀ। ਰੂਸ ਦੇ ਅਰਮੀਨੀਆ ਖੇਤਰ ਵਿੱਚ ਜਨਮਿਆ ਗੁਰਜੀਏਫ ਬੁਨਿਆਦੀ ਤੌਰ ਤੇ ਇੱਕ ਰੂਹਾਨੀ ਜਗਿਆਸੂ ਸੀ। ਜੀਵਨ ਦੇ ਮੂਲ ਤੱਤ ਦੀ ਤਲਾਸ਼ ਵਿੱਚ ਉਸ ਨੇ ਕਰੀਬ ਵੀਹ ਸਾਲ ਮੱਧ ਏਸ਼ੀਆ, ਦੱਖਣੀ ਏਸ਼ੀਆ ਤੇ ਅਫਰੀਕਾ ਵਿੱਚ ਭ੍ਰਮਣ ਕੀਤਾ। ਆਪਣੇ ਲੰਬੇ ਭ੍ਰਮਣ ਦੌਰਾਨ ਉਹ ਇਸ ਖੇਤਰ ਵਿੱਚ ਗਿਆਨ ਦੇ ਪੁਰਾਣੇ ਸਿਸਟਮਾਂ, ਪੁਰਾਤਨ ਸਕੂਲਾਂ ਵਿੱਚ ਗਿਆ ਅਤੇ ਗਿਆਨ ਦਾ ਕੋਈ ਪਹਿਲੂ ਅਣਛੁਹਿਆ ਨਾ ਛੱਡਿਆ। ਲੰਬੀ ਖੋਜ ਤੋਂ ਬਾਅਦ ਉਸ ਨੇ ਇੱਕ ਸਿਸਟਮ ਵਿਕਸਤ ਕੀਤਾ, ਜਿਸ ਨੂੰ 'ਚੌਥਾ ਰਾਹ' ਕਿਹਾ ਜਾਂਦਾ ਹੈ। ਰੂਸ ਵਿੱਚ ਕ੍ਰਾਂਤੀ ਤੋਂ ਬਾਅਦ ਉਹ ਫਰਾਂਸ ਚਲਾ ਗਿਆ ਅਤੇ ਉਥੇ ਜਾਕੇ ਉਸ ਨੇ 'ਇੰਸਟੀਚਿਊਟ ਫਾਰ ਦੀ ਹਾਰਮੋਨੀਅਸ ਡਿਵੈਲਪਮੈਂਟ ਆਫ ਮੈਨ' ਦੀ ਸਥਾਪਨਾ ਕੀਤੀ। ਗੁਰਜੀਏਫ ਦੀ ਸਮੁਚੀ ਖੋਜ ਦਾ ਮੁਖ ਸਰੋਕਾਰ ਇਹ ਸੀ ਕਿ ਇਨਸਾਨ ਦੀ ਚੇਤਨਾ ਦੇ ਵਿਕਾਸ ਦੀਆਂ ਕੀ ਸੰਭਾਵਨਾਵਾਂ ਹਨ ਅਤੇ ਇਸ ਦੀਆਂ ਵਿਗਿਆਨਕ ਵਿਧੀਆਂ ਕੀ ਹੋ ਸਕਦੀਆਂ ਹਨ। ਉਸ ਦਾ ਇਹ ਮੰਨਣਾ ਸੀ ਕਿ ਇਨਸਾਨ ਆਮ ਤੌਰ ਤੇ ਚੇਤਨਾ ਦੇ ਜਿਸ ਪੱਧਰ ਤੇ ਰਹਿੰਦਾ ਹੈ, ਇਸ ਤੋਂ ਬਹੁਤ ਉਤੇ ਜਾਣ ਦੀ ਸੰਭਾਵਨਾ ਹਰ ਇਨਸਾਨ ਅੰਦਰ ਪਈ ਹੈ। ਪਰ ਇਨ੍ਹਾਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਬਹੁਤ ਔਖਾ ਹੈ। ਉਸ ਨੇ ਆਪਣੀ ਲੰਬੀ ਖੋਜ ਤੋਂ ਬਾਅਦ ਕੁੱਝ ਅਜਿਹੀਆਂ ਵਿਗਿਆਨਕ ਵਿਧੀਆਂ ਵਿਕਸਤ ਕੀਤੀਆਂ, ਜਿਨ੍ਹਾਂ ਰਾਹੀਂ ਇਨਸਾਨ ਆਪਣੀ ਚੇਤਨਾ ਦੀ ਜੜ੍ਹਤਾ ਨੂੰ ਤੋੜ ਸਕਦਾ ਹੈ ਅਤੇ ਇਸ ਤੋਂ ਉਪਰ ਉਠਣ ਦਾ ਰਸਤਾ ਅਖਤਿਆਰ ਕਰ ਸਕਦਾ ਹੈ। ਪੂਰਬ ਅਤੇ ਪੱਛਮ ਦੀਆਂ ਸਭ ਪੁਰਾਤਨ ਰੂਹਾਨੀ ਪਰੰਪਰਾਵਾਂ ਵਿੱਚ ਇਨਸਾਨ ਦੀ ਚੇਤਨਾ ਦੇ ਵਿਕਾਸ ਦੀਆਂ ਸਮੱਸਿਆਵਾਂ ਇਕ ਪੁਰਾਤਨ ਮੁਹਾਵਰੇ ਅਤੇ ਭਾਸ਼ਾ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਗੁਰਜੀਏਫ ਦੀ ਇਹ ਇਤਿਹਾਸਕ ਦੇਣ ਹੈ ਕਿ ਉਸ ਨੇ ਉਸ ਸਮੁਚੇ ਗਿਆਨ ਨੂੰ ਵਿਗਿਆਨਕ ਭਾਸ਼ਾ ਤੇ ਮੁਹਾਵਰੇ ਵਿੱਚ ਪੇਸ਼ ਕੀਤਾ ਹੈ। ਪੁਰਾਤਨ ਰੂਹਾਨੀ ਪਰੰਪਰਾਵਾਂ ਵਿੱਚ ਇਨਸਾਨ ਦਾ ਆਤਮਿਕ ਵਿਕਾਸ ਇੱਕ ਧਾਰਮਿਕ ਪ੍ਰਕਿਰਿਆ ਹੈ, ਜਿਸ ਨੂੰ ਪੁਰਾਤਨ ਭਾਸ਼ਾ ਵਿੱਚ ਰੱਬ ਦੀ ਪ੍ਰਾਪਤੀ ਜਾਂ ਨਿਰਵਾਣ ਆਦਿ ਕਿਹਾ ਜਾਂਦਾ ਹੈ। ਗੁਰਜੀਏਫ ਨੇ ਇਨਸਾਨ ਦੇ ਆਤਮਿਕ ਵਿਕਾਸ ਦੀ ਪ੍ਰਕਿਰਿਆ ਨੂੰ ਇਕ ਵਿਗਿਆਨਕ ਵਿਧੀ ਬਣਾ ਦਿੱਤਾ ਅਤੇ ਇਸ ਸਮੁਚੇ ਗਿਆਨ ਦੀ ਵਿਗਿਆਨਕ ਵਿਆਖਿਆ ਪੇਸ਼ ਕੀਤੀ। ਗੁਰਜੀਏਫ ਧਰਤੀ ਤੇ ਇਨਸਾਨੀ ਸਭਿਅਤਾ ਦੇ ਇਤਿਹਾਸਕ ਵਿਕਾਸ ਨੂੰ ਵੀ ਜ਼ਰਾ ਕੁ ਵੱਖਰੇ ਤਰੀਕੇ ਨਾਲ ਦੇਖਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਪੱਥਰ ਯੁਗ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਨਸਾਨੀ ਸਭਿਅਤਾ ਵਿਕਾਸ ਕਰ ਰਹੀ ਹੈ ਅਤੇ ਇਤਿਹਾਸਕ ਜਾਂ ਪੂਰਵ ਇਤਿਹਾਸਕ ਦੌਰ ਦੀਆਂ ਜੋ ਸਭਿਆਤਾਵਾਂ ਅਸੀਂ ਜਾਣਦੇ ਹਾਂ, ਉਹ ਇਨਸਾਨੀ ਸਭਿਅਤਾ ਦੇ ਵਿਕਾਸ ਵਿੱਚ ਹੇਠਲੇ ਪੌੜੇ ਹਨ। ਇਸ ਕਰਕੇ ਉਸ ਦੌਰ ਦੇ ਗਿਆਨ ਨੂੰ ਵੀ ਅਸੀਂ ਅਵਿਕਸਤ ਗਿਆਨ ਸਮਝਦੇ ਹਾਂ, ਜਿਹੜਾ ਵਿਗਿਆਨਕ ਚੇਤਨਾ ਦੇ ਵਿਕਸਤ ਹੋਣ ਤੋਂ ਪਹਿਲਾਂ ਪੈਦਾ ਹੋਇਆ। ਜਿੰਨੀਆਂ ਵੀ ਧਾਰਮਿਕ ਪਰੰਪਰਾਵਾਂ ਹਨ, ਉਹ ਵੀ ਸਾਡੀ ਨਜ਼ਰ ਵਿੱਚ ਵਿਗਿਆਨਕ ਚੇਤਨਾ ਦੀ ਅਣਹੋਂਦ ਵਿੱਚ ਪੈਦਾ ਹੋਏ ਗਿਆਨ ਦੇ ਅਵਿਕਸਤ ਢਾਂਚੇ ਹਨ। ਅਸੀਂ ਇਹ ਸਮਝਦੇ ਹਾਂ ਕਿ ਪੁਰਾਤਨ ਦੌਰ ਦਾ ਉਹ ਗਿਆਨ ਪਛੜਿਆ ਹੋਇਆ ਹੈ ਅਤੇ ਅੱਜ ਦੀ ਸਭਿਅਤਾ ਨੇ ਜੋ ਗਿਆਨ ਪੈਦਾ ਕੀਤਾ ਹੈ, ਉਹ ਹੀ ਵਿਕਸਤ ਗਿਆਨ ਹੈ ਅਤੇ ਇਹ ਇਨਸਾਨੀ ਸਭਿਅਤਾ ਦੀ ਤਰੱਕੀ ਦੀ ਨਿਸ਼ਾਨੀ ਹੈ। ਗੁਰਜੀਏਫ ਵਰਗੇ ਲੋਕ ਇਸ ਧਾਰਨਾ ਨੂੰ ਇਸੇ ਰੂਪ ਵਿੱਚ ਨਹੀਂ ਸਵੀਕਾਰਦੇ। ਉਹ ਕਹਿੰਦੇ ਹਨ ਕਿ ਇਨਸਾਨੀ ਸਭਿਅਤਾ ਦਾ ਵਿਕਾਸ ਇਸ ਤਰਾਂ ਇੱਕ ਸਿਧੀ ਲਕੀਰ ਦੇ ਰੂਪ ਵਿੱਚ ਨਹੀਂ ਹੋਇਆ। ਉਨ੍ਹਾਂ ਮੁਤਾਬਕ ਆਧੁਨਿਕ ਇਤਿਹਾਸਕਾਰੀ ਦੀ ਮੁਖਧਾਰਾ ਇਨਸਾਨੀ ਸਭਿਅਤਾ ਦਾ ਜਿੰਨਾ ਕੁ ਇਤਿਹਾਸ ਜਾਣਦੀ ਹੈ ਅਤੇ ਜਿਸ ਰੂਪ ਵਿੱਚ ਇਸ ਦੇ ਵਿਕਾਸ ਦੀ ਵਿਆਖਿਆ ਕਰਦੀ ਹੈ, ਇਹ ਅਧੂਰੀ ਹੈ। ਇਨ੍ਹਾਂ ਲੋਕਾਂ ਦੀ ਨਜ਼ਰ ਵਿੱਚ ਇਨਸਾਨੀ ਸਭਿਅਤਾ ਪਹਿਲਾਂ ਵੀ ਤਰੱਕੀ ਦੀਆਂ ਵੱਡੀਆਂ ਉਚਾਈਆਂ ਨੂੰ ਛੁਹ ਚੁੱਕੀ ਹੈ ਅਤੇ ਫੇਰ ਕਿਸੇ ਹਾਦਸੇ ਕਾਰਨ ਬਰਬਾਦ ਹੋਣ ਤੋਂ ਬਾਅਦ ਦੁਬਾਰਾ ਖੜ੍ਹੀ ਹੋ ਰਹੀ ਹੈ। ਇਸ ਸਬੰਧ ਵਿੱਚ ਅਟਲਾਂਟਿਸ ਨਾਂ ਦੇ ਇੱਕ ਮਹਾਂਦੀਪ ਦਾ ਹਵਾਲਾ ਵੀ ਦਿੱਤਾ ਜਾਂਦਾ ਹੈ, ਜਿਹੜਾ ਸਮੁੰਦਰ ਵਿੱਚ ਡੁਬਕੇ ਤਬਾਹ ਹੋ ਗਿਆ ਅਤੇ ਜਿਹੜਾ ਕਿਸੇ ਸਮੇਂ ਧਰਤੀ ਤੇ ਇਨਸਾਨੀ ਸਭਿਅਤਾ ਦਾ ਮੁਖ ਕੇਂਦਰ ਸੀ।
ਜਿਵੇਂ ਆਧੁਨਿਕ ਯੁੱਗ ਵਿੱਚ ਵਿਗਿਆਨਕ ਤਰੱਕੀ ਦਾ ਰੁਖ ਬਾਹਰ ਵੱਲ ਹੈ, ਜਿਸ ਵਿੱਚੋਂ ਮੌਜੂਦਾ ਵਿਗਿਆਨਕ ਖੋਜਾਂ, ਤਕਨਾਲੋਜੀ, ਸਪੇਸ ਖੋਜ ਆਦਿ ਵਿਕਸਤ ਹੋਏ ਹਨ। ਉਸੇ ਤਰਾਂ ਪੁਰਾਤਨ ਸਭਿਅਤਾ ਵਿੱਚ ਤਰੱਕੀ ਦਾ ਰੁਖ ਅੰਦਰ ਵੱਲ ਸੀ, ਜਿਸ ਵਿੱਚੋਂ ਰੂਹਾਨੀ ਗਿਆਨ, ਮਨ ਦੀ ਤਕਨਾਲੋਜੀ ਤੇ ਬ੍ਰਹਿਮੰਡੀ ਗਿਆਨ ਪੈਦਾ ਹੋਇਆ। ਪੁਰਾਤਨ ਗਿਆਨ ਤੇ ਮਨ ਦੀ ਤਕਨਾਲੋਜੀ ਵੀ ਉਸ ਸਭਿਅਤਾ ਦੇ ਨਾਲ ਹੀ ਬਰਬਾਦ ਹੋ ਗਈ, ਜਿਹੜੀ ਕਿ ਕੁੱਝ ਵੱਡੇ ਹਾਦਸਿਆਂ ਕਾਰਨ ਤਬਾਹ ਹੋ ਗਈ ਸੀ। ਉਹ ਗਿਆਨ ਸਿਰਫ ਟੁਕੜਿਆਂ ਦੇ ਰੂਪ ਵਿੱਚ ਸਾਡੇ ਕੋਲ ਬਚਿਆ ਹੈ। ਗੁਰਜੀਏਫ ਆਪਣੇ ਭ੍ਰਮਣਾਂ ਦੌਰਾਨ ਗਿਆਨ ਦੇ ਇਨ੍ਹਾਂ ਟੁਕੜਿਆਂ ਨੂੰ ਹੀ ਇਕੱਠਾ ਕਰਦਾ ਰਿਹਾ ਅਤੇ ਉਨ੍ਹਾਂ ਨੂੰ ਜੋੜ ਜੋੜਕੇ ਹੀ ਉਸ ਨੇ ਇੱਕ ਸਿਸਟਮ ਵਿਕਸਤ ਕੀਤਾ।
ਇਸ ਗਿਆਨ ਨੂੰ ਸੰਖੇਪ ਰੂਪ ਵਿੱਚ ਜੇ ਪੇਸ਼ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਸੂਖਮ ਤੇ ਵਿਰਾਟ ਦੋਵੇਂ ਰੂਪਾਂ ਵਿੱਚ ਜੀਵਨ ਤੇ ਬ੍ਰਹਿਮੰਡ ਨੂੰ ਜਾਣਨ ਜਾਂ ਸਮਝਣ ਦੇ ਦੋ ਰਸਤੇ ਹਨ। ਇੱਕ ਰਸਤਾ ਬਾਹਰ ਵਾਲਾ ਹੈ, ਜਿਹੜਾ ਆਧੁਨਿਕ ਸਾਇੰਸ ਨੇ ਅਖਤਿਆਰ ਕੀਤਾ। ਇਸ ਰਾਹੀਂ ਜੀਵਨ, ਧਰਤੀ ਤੇ ਬੱਿਹਮੰਡ ਬਾਰੇ ਕਿੰਨਾ ਹੀ ਗਿਆਨ ਪੈਦਾ ਕੀਤਾ ਗਿਆ। ਫੇਰ ਇਸ ਗਿਆਨ ਦੇ ਅਧਾਰ ਤੇ ਟੈਕਨਾਲੋਜੀ ਵਿਕਸਤ ਕੀਤੀ ਗਈ। ਇਸ ਗਿਆਨ ਤੇ ਤਕਨਾਲੋਜੀ ਦੇ ਅਧਾਰ ਤੇ ਇਨਸਾਨ ਨੇ ਭੌਤਿਕ ਵਿਗਿਆਨ ਰਾਹੀਂ ਪਦਾਰਥ ਦੇ ਗਹਿਰੇ ਸਰੂਪ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਮੈਡੀਕਲ ਵਿਗਿਆਨ ਨੇ ਇਨਸਾਨੀ ਸਰੀਰ ਦੇ ਢਾਂਚੇ ਦੇ ਅੰਦਰੂਨੀ ਰਹੱਸ ਖੋਲ੍ਹੇ ਹਨ। ਸਪੇਸ ਵਿਗਿਆਨ ਨੇ ਬ੍ਰਹਿਮੰਡ ਦੀ ਬਣਤਰ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ। ਇਹੀ ਸਾਰੀ ਜਾਣਕਾਰੀ ਅੰਦਰ ਦੇ ਰਸਤੇ ਤੇ ਚੱਲਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ ਸਪੇਸ ਵਿਗਿਆਨ ਨੇ ਸੂਰਜ ਮੰਡਲ ਦੇ ਸਾਰੇ ਗ੍ਰਹਿਆਂ ਬਾਰੇ ਜਾਣਕਾਰੀ ਸਾਨੂੰ ਦਿੱਤੀ ਹੈ। ਪਰ ਜੋਤਿਸ਼ ਸ਼ਾਸ਼ਤਰ ਵਿੱਚ ਗ੍ਰਹਿਆਂ ਦੀ ਕਾਰਜ ਪ੍ਰਣਾਲੀ ਬਾਰੇ ਬਹੁਤ ਹੀ ਸੂਖਮ ਜਾਣਕਾਰੀ ਹੈ ਅਤੇ ਇਥੋਂ ਤੱਕ ਕਿ ਧਰਤੀ ਤੇ ਇਨਸਾਨੀ ਜੀਵਨ ਨਾਲ ਹਰ ਗ੍ਰਹਿ ਦਾ ਜੋ ਸੂਖਮ ਰਿਸ਼ਤਾ ਹੈ, ਉਸ ਦਾ ਬਹੁਤ ਵਿਸਤ੍ਰਿਤ ਖਾਕਾ ਜੋਤਿਸ਼ ਸ਼ਾਸ਼ਤਰ ਵਿੱਚ ਮਿਲਦਾ ਹੈ। ਜੋਤਿਸ਼ ਸ਼ਾਸ਼ਤਰ ਨੇ ਇਹ ਗਿਆਨ ਕਿਸੇ ਸਪੇਸ ਟੈਕਨਾਲੋਜੀ ਰਾਹੀਂ ਹਾਸਲ ਨਹੀਂ ਕੀਤਾ ਬਲਕਿ ਇਹ ਗਿਆਨ ਪੁਰਾਤਨ ਦੌਰ ਦੀ ਅੰਦਰੂਨੀ ਟੈਕਨਾਲੋਜੀ ਰਾਹੀਂ ਹਾਸਲ ਹੋਇਆ। ਦੂਰ ਦੇ ਦ੍ਰਿਸ਼ ਦੇਖਣ ਲਈ ਜਾਂ ਦੂਰ ਗੱਲ ਕਰਨ ਲਈ ਜਿਵੇਂ ਆਧੁਨਿਕ ਟੈਲੀਕਮਿਊਨੀਕੇਸ਼ਨ ਤਕਨੀਕ ਕੋਲ ਵਾਇਰਲੈਸ ਜੰਤਰ ਹਨ, ਉਵੇਂ ਹੀ ਅੰਦਰ ਦੀ ਸਾਇੰਸ ਕੋਲ ਅਜਿਹੇ ਮਾਨਸਿਕ ਜੰਤਰ ਹਨ, ਜਿਨ੍ਹਾਂ ਰਾਹੀਂ ਇਹ ਸਾਰਾ ਕੁੱਝ ਸੰਭਵ ਹੈ। ਅੰਦਰ ਦੀ ਸਾਇੰਸ ਵੀ ਜੀਵਨ ਅਤੇ ਬ੍ਰਹਿਮੰਡ ਦੇ ਇਹ ਸਾਰੇ ਰਹੱਸ ਖੋਲ੍ਹ ਸਕਦੀ ਹੈ। ਅਸਲੀਅਤ ਤਾਂ ਇਹ ਹੈ ਕਿ ਅੰਦਰ ਦੀ ਸਾਇੰਸ ਜਿਨ੍ਹਾਂ ਗਹਿਰਾਈਆਂ ਨੂੰ ਛੁਹ ਚੁੱਕੀ ਹੈ, ਬਾਹਰ ਦੀ ਸਾਇੰਸ ਨੂੰ ਅਜੇ ਉਸ ਥਾਂ ਤੇ ਪਹੁੰਚਣ ਲਈ ਸਮਾਂ ਲੱਗਣਾ ਹੈ। ਇਹ ਸੰਭਵ ਹੈ ਕਿ ਇੱਕ ਬਿੰਦੂ ਤੇ ਪਹੁੰਚਕੇ ਅੰਦਰ ਅਤੇ ਬਾਹਰ ਦੇ ਇਹ ਦੋਵੇਂ ਰਸਤੇ ਇੱਕ ਦੂਜੇ ਵਿੱਚ ਮਿਲ ਜਾਣ।
ਇਸ ਤਰਾਂ ਦੀ ਸਮਝ ਦੇ ਅਧਾਰ ਤੇ ਹੀ ਇਹ ਕਿਹਾ ਜਾਂਦਾ ਹੈ ਕਿ ਇਨਸਾਨੀ ਮਨ ਦੇ ਵਿਕਾਸ ਦੀਆਂ ਅਨੰਤ ਸੰਭਾਵਨਾਵਾਂ ਹਨ। ਜਿਵੇਂ ਹਰ ਸਰੀਰ ਦੇ ਅੰਦਰ ਇੱਕ ਉਲੰਪੀਅਨ ਲੁਪਤ ਰੂਪ ਵਿੱਚ ਮੌਜੂਦ ਹੁੰਦਾ ਹੈ ਤੇ ਮਿਹਨਤ ਤੇ ਲਗਨ ਨਾਲ ਕੋਈ ਇਸ ਨੂੰ ਪ੍ਰਗਟ ਕਰ ਸਕਦਾ ਹੈ, ਉਵੇਂ ਹੀ ਹਰ ਮਨ ਦੇ ਅੰਦਰ ਇੱਕ ਆਈਨਸਟੀਨ ਮੌਜੂਦ ਹੁੰਦਾ ਹੈ। ਮਨ ਦੀ ਸਾਇੰਸ ਤੇ ਟੈਕਨਾਲੋਜੀ ਉਸ ਆਈਨਸਟੀਨ ਨੂੰ ਜਗਾ ਸਕਦੀ ਹੈ। ਇਸ ਟੈਕਨਾਲੋਜੀ ਵਿੱਚ ਅਸਲ ਵਿੱਚ ਇਸ ਤੋਂ ਵੀ ਕਿਤੇ ਅਗਾਂਹ ਜਾਣ ਦੀ ਸੰਭਾਵਨਾ ਹੈ। ਰਿਸ਼ੀਤਵ ਦਾ ਦਰਜਾ ਇਸ ਤੋਂ ਕਿਤੇ ਅੱਗੇ ਹੈ। ਸਧਾਰਨ ਇਨਸਾਨੀ ਕਲਪਨਾ ਤੋਂ ਕਿਤੇ ਅੱਗੇ ਤੱਕ ਖਿੜਿਆ ਹੋਇਆ ਇਨਸਾਨੀ ਮਨ ਹੀ ਰਿਸ਼ੀ ਦਾ ਦਰਜਾ ਅਖਤਿਆਰ ਕਰਦਾ ਹੈ। ਇਸ ਨੂੰ ਫਕੀਰੀ ਵੀ ਕਹਿ ਸਕਦੇ ਹੋ ਤੇ ਸੰਤ ਪਦ ਵੀ। ਇਹ ਸਿਰਫ ਸ਼ਬਦਾਂ ਦਾ ਹੀ ਫਰਕ ਹੈ। ਮਨ ਨੂੰ ਉਸ ਬੁਲੰਦੀ ਤੱਕ ਲਿਜਾਣ ਦੀ ਇੱਕ ਤਕਨਾਲੋਜੀ ਹੈ। ਮੈਡੀਟੇਸ਼ਨ ਦੀਆਂ ਵੱਖ ਵੱਖ ਵਿਧੀਆਂ ਮਨ ਦੀ ਇਸ ਸਾਇੰਸ ਦਾ ਪ੍ਰਵੇਸ਼ ਦੁਆਰ ਹਨ।

ਮਨ ਦੀ ਸਾਇੰਸ ਬਾਰੇ ਉਪਰੋਕਤ ਭੂਮਿਕਾ ਇਸ ਕਰਕੇ ਦਿੱਤੀ ਗਈ ਹੈ, ਕਿਉਂਕਿ ਇਸ ਦੇ ਬਗੈਰ ਅਸੀਂ ਔਬਜੈਕਟਿਵ ਆਰਟ ਬਾਰੇ ਗੁਰਜੀਏਫ ਦੀਆਂ ਧਾਰਨਾਵਾਂ ਵਿੱਚ ਦਾਖਲ ਨਹੀਂ ਹੋ ਸਕਦੇ। ਕਲਾ ਬਾਰੇ ਗੁਰਜੀਏਫ ਨੇ ਕੋਈ ਬਹੁਤ ਵਿਸਥਾਰਤ ਅਤੇ ਤਰਤੀਬਬੱਧ ਟਿਪਣੀਆਂ ਨਹੀਂ ਕੀਤੀਆਂ। ਉਸਦੀਆਂ ਇਨ੍ਹਾਂ ਇੱਕਾ ਦੁੱਕਾ ਟਿਪਣੀਆਂ ਦੇ ਅਧਾਰ ਤੇ ਹੀ ਉਸ ਦੇ ਕੁੱਝ ਸ਼ਿਸ਼ਾਂ ਨੇ ਔਬਜੈਕਟਿਵ ਕਲਾ ਦੀ ਧਾਰਨਾ ਵਿਕਸਤ ਕੀਤੀ। ਬਾਅਦ ਵਿੱਚ ਜਾਕੇ ਓਸ਼ੋ ਨੇ ਵੀ ਗੁਰਜੀਏਫ ਦੀ ਇਸੇ ਧਾਰਨਾ ਦੇ ਅਧਾਰ ਤੇ ਔਬਜੈਕਟਿਵ ਕਲਾ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਗੁਰਜੀਏਫ ਦੇ ਹੀ ਸ਼ਿਸ਼ ਪੀਡੀ ਔਸਪੈਂਸਕੀ ਨੇ ਔਬਜੈਕਟਿਵ ਕਲਾ ਬਾਰੇ ਗੁਰਜੀਏਫ ਦੇ ਵਿਚਾਰਾਂ ਨੂੰ ਵਿਸਥਾਰ ਦਿੱਤਾ।
ਔਬਜੈਕਟਿਵ ਕਲਾ (ਕਿਸੇ ਭੁਲੇਖੇ ਤੋਂ ਬਚਣ ਲਈ ਅਸੀਂ ਔਬਜੈਕਟਿਵ ਸ਼ਬਦ ਦਾ ਬਾਹਰਮੁਖੀ ਆਦਿ ਕਿਸੇ ਸ਼ਬਦ ਵਿੱਚ ਅਨੁਵਾਦ ਨਹੀਂ ਕਰਾਂਗੇ ) ਬਾਰੇ ਜੇ ਗੁਰਜੀਏਫ ਦੇ ਵਿਚਾਰਾਂ ਨੂੰ ਸਰਲ ਸ਼ਬਦਾਂ ਵਿੱਚ ਪੇਸ਼ ਕਰੀਏ ਤਾਂ ਕਹਿ ਸਕਦੇ ਹਾਂ ਕਿ ਗੁਰਜੀਏਫ ਲਈ ਅਸਲ ਔਬਜੈਕਟਿਵ ਕਲਾ ਉਹ ਕਲਾ ਹੈ, ਜਿਸ ਨੂੰ ਉਹ ਸੇਕਰਡ ਆਰਟ ਜਾਂ ਪਵਿੱਤਰ ਕਲਾ ਕਹਿੰਦਾ ਹੈ। ਇਸ ਕਲਾ ਦਾ ਇੱਕੋ ਇੱਕ ਮਕਸਦ ਇਨਸਾਨ ਦਾ ਆਤਮਿਕ ਜਾਂ ਰੂਹਾਨੀ ਵਿਕਾਸ ਕਰਨਾ ਸੀ। (ਵੈਸੇ ਅਸੀਂ ਅੱਜ ਵੀ ਸਾਰੀ ਹੀ ਕਲਾ ਨੂੰ ਇਨਸਾਨ ਦੇ ਆਤਮਿਕ ਵਿਕਾਸ ਦਾ ਮਾਧਿਅਮ ਕਹਿੰਦੇ ਹਾਂ ਪਰ 'ਆਤਮਿਕ ਵਿਕਾਸ' ਦੀ ਜਿਸ ਅਰਥ ਵਿੱਚ ਵਰਤੋਂ ਗੁਰਜੀਏਫ ਨੇ ਕੀਤੀ, ਉਹ ਸਾਡੇ ਦੁਆਰਾ ਆਮ ਵਰਤੇ ਜਾਂਦੇ ਸ਼ਬਦ ਤੋਂ ਬਿਲਕੁਲ ਵੱਖਰੀ ਹੈ। ਇਸ ਤੇ ਚਰਚਾ ਅੱਗੇ ਚਲਕੇ ਕਰਾਂਗੇ।) ਗੁਰਜੀਏਫ ਦਾ ਕਹਿਣਾ ਸੀ ਕਿ ਆਧੁਨਿਕ ਯੁਗ ਦੇ ਜ਼ਿਆਦਾਤਰ ਲੇਖਕ, ਕਲਾਕਾਰ ਆਪਣੇ ਮਨ ਦੀ ਭੜਾਸ ਕੱਢਣ ਲਈ, ਜਾਂ ਭਾਵਨਾਵਾਂ ਦੇ ਵਹਾਅ ਵਿੱਚ ਕਲਾ ਰਚਦੇ ਹਨ। ਪਰ ਔਬਜੈਕਟਿਵ ਆਰਟ ਦੇ ਰਚੈਤਾ ਬੁਨਿਆਦੀ ਤੌਰ ਤੇ ਗਹਿਰੇ ਬ੍ਰਹਿਮੰਡੀ ਨਿਯਮਾਂ ਦੇ ਜਾਣਕਾਰ ਸਨ ਅਤੇ ਉਨ੍ਹਾਂ ਦੀ ਕਲਾ ਇੱਕ ਕਿਸਮ ਦੀ ਮੈਥੇਮੈਟੀਕਲ ਜਿਹੀ ਰਚਨਾ ਹੁੰਦੀ ਸੀ, ਜਿਸ ਵਿੱਚ ਗਣਿਤ ਵਾਂਗ ਸਭ ਕੁੱਝ ਨਿਸ਼ਚਿਤ ਹੁੰਦਾ ਹੈ। ਪੀਡੀ ਔਸਪੈਂਕਸੀ ਨਾਲ ਆਪਣੀ ਗੱਲਬਾਤ ਦੌਰਾਨ ਉਸਨੇ ਔਬਜੈਕਟਿਵ ਕਲਾ ਦੀ ਆਪਣੀ ਪ੍ਰਭਿਾਸ਼ਾ ਦੇਣ ਦੀ ਕੋਸ਼ਿਸ਼ ਕੀਤੀ:
'' ਮੈਂ ਜਿਸ ਨੂੰ ਔਬਜੈਕਟਿਵ ਕਲਾ ਕਹਿੰਦਾ ਹਾਂ, ਉਸ ਨੂੰ ਪ੍ਰਭਿਾਸ਼ਤ ਕਰਨਾ ਕਈ ਗੱਲਾਂ ਕਰਕੇ ਮੁਸ਼ਕਲ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ ਤੁਸੀਂ ਭਰਮਵਸ ਔਬਜੈਕਟਿਵ ਕਲਾ ਦੇ ਸਾਰੇ ਲੱਛਣ ਸਬਜੈਕਟਿਵ ਕਲਾ ਨਾਲ ਜੋੜੀ ਜਾਂਦੇ ਹੋ। ਦੂਜਾ ਜਦੋਂ ਤੁਹਾਡੇ ਸਾਹਮਣੇ ਔਬਜੈਕਟਿਵ ਕਲਾ ਦਾ ਕੋਈ ਨਮੂਨਾ ਆ ਜਾਵੇ ਤਾਂ ਉਸ ਨੂੰ ਵੀ ਤੁਸੀਂ ਉਸੇ ਪੱਧਰ ਤੇ ਲੈਂਦੇ ਹੋ, ਜਿਸ ਪੱਧਰ ਤੇ ਸਬਜੈਕਟਿਵ ਕਲਾ ਨੂੰ ਲੈਂਦੇ ਹੋ। ਸਬਜੈਕਟਿਵ ਕਲਾ ਵਿੱਚ ਸਭ ਕੁੱਝ ਅਚਾਨਕ ਵਾਪਰਿਆ ਹੁੰਦਾ ਹੈ। ਇਸ ਤਰਾਂ ਦੀ ਕਲਾ ਵਿੱਚ ਕਲਾਕਾਰ ਕਲਾ ਨਹੀਂ ਰਚਦਾ, ਬਲਕਿ ਉਸ ਤੋਂ ਇਹ ਰਚੀ ਜਾਂਦੀ ਹੈ। ਜਿਸ ਦਾ ਮਤਲਬ ਹੈ ਕਿ ਕੁੱਝ ਖਾਸ ਤਰਾਂ ਦੇ ਵਿਚਾਰ, ਸੋਚਾਂ ਅਤੇ ਮਨ ਦੇ ਵੇਗ ਉਸ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਹਨ। ਜਿਨ੍ਹਾਂ ਨੂੰ ਨਾ ਉਹ ਖੁਦ ਸਮਝ ਰਿਹਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਤੇ ਉਸਦਾ ਕੰਟਰੋਲ ਹੁੰਦਾ ਹੈ, ਉਸ ਕਲਾਕਾਰ ਤੇ ਰਾਜ ਕਰਦੇ ਹਨ ਅਤੇ ਇੱਕ ਜਾਂ ਦੂਜੇ ਤਰੀਕੇ ਨਾਲ ਆਪਣੇ ਆਪ ਨੂੰ ਸਾਹਮਣੇ ਲੈ ਆਉਂਦੇ ਹਨ। ਇਸੇ ਤਰਾਂ ਜਦੋਂ ਉਹ ਅਚਨਚੇਤੀ ਇੱਕ ਜਾਂ ਦੂਜਾ ਰੂਪ ਅਖਤਿਆਰ ਕਰ ਲੈਂਦੇ ਹਨ ਤਾਂ ਫੇਰ ਇਸੇ ਅਚਨਚੇਤੇ ਤਰੀਕੇ ਨਾਲ ਕਿਸੇ ਵਿਅਕਤੀ ਤੇ ਉਸ ਦੇ ਮੂਡ, ਸੁਆਦ, ਆਦਤਾਂ ਜਾਂ ਮਨ ਦੀ ਅਵਸਥਾ ਮੁਤਾਬਕ ਇੱਕ ਜਾਂ ਦੂਜਾ ਪ੍ਰਭਾਵ ਪੈਦਾ ਕਰਦੇ ਹਨ। ਇਸ ਕਲਾ ਵਿੱਚ ਕੁੱਝ ਵੀ ਨਿਸ਼ਚਿਤ ਨਹੀਂ ਹੁੰਦਾ, ਪਰ ਔਬਜੈਕਟਿਵ ਕਲਾ ਵਿੱਚ ਕੁੱਝ ਵੀ ਅਨਿਸ਼ਚਿਤ ਨਹੀਂ ਹੁੰਦਾ।''( ਇਨ ਦਾ ਸਰਚ ਔਫ ਮਿਰੈਕੁਲਸ ਵਿਚੋਂ)
ਔਬਜੈਕਟਿਵ ਕਲਾ ਦੀ ਰਚਨਾ ਪ੍ਰਕਿਰਿਆ ਵੀ ਮੈਥੈਮੈਟਿਕਲ ਪੁਖਤਗੀ ਵਾਲੇ ਨਿਯਮਾਂ ਤੇ ਅਧਾਰਤ ਹੁੰਦੀ ਹੈ ਅਤੇ ਇਹ ਪੜ੍ਹਨ, ਸੁਣਨ, ਦੇਖਣ ਵਾਲੇ ਤੇ ਨਿਸ਼ਚਿਤ ਪ੍ਰਭਾਵ ਪੈਦਾ ਕਰਦਾ ਹੈ। ਜਿਵੇਂ ਬੀਨ ਵਜਾਉਣ ਵਾਲੇ ਸਪੇਰੇ ਹੁੰਦੇ ਹਨ। ਇਹ ਔਬਜੈਕਟਿਵ ਕਲਾ ਦਾ ਇੱਕ ਬਹੁਤ ਮੁਢਲਾ ਜਿਹਾ ਰੂਪ ਹੈ। ਬੀਨ ਦਾ ਸੰਗੀਤ ਕੁੱਝ ਅਜਿਹੇ ਨਿਸ਼ਚਿਤ ਨਿਯਮਾਂ ਤੇ ਅਧਾਰਤ ਹੈ ਕਿ ਇਸ ਵੱਲ ਅਚੇਤੇ ਹੀ ਹਰ ਸੱਪ ਖਿੱਚਿਆ ਚਲਿਆ ਆਉਂਦਾ ਹੈ। ਗੁਰਜੀਏਫ ਦਾ ਕਹਿਣਾ ਸੀ ਕਿ ਇਸੇ ਤਰਾਂ ਉਚ ਦਰਜੇ ਦੀ ਔਬਜੈਕਟਿਵ ਕਲਾ ਇਨਸਾਨਾਂ ਤੇ ਨਿਸ਼ਚਿਤ ਤਰਾਂ ਦੇ ਪ੍ਰਭਾਵ ਪੈਦਾ ਕਰਦੀ ਹੈ। ਜਿਵੇਂ ਬੀਨ ਸੱਪ ਤੇ ਅਸਰ ਕਰਦੀ ਹੈ, ਇਸੇ ਤਰਾਂ ਉਚ ਪੱਧਰ ਦਾ ਅਜਿਹਾ ਸੰਗੀਤ ਵੀ ਹੋ ਸਕਦਾ ਹੈ, ਜਿਹੜਾ ਇਸੇ ਤਰੀਕੇ ਨਾਲ ਇਨਸਾਨਾਂ ਤੇ ਅਸਰ ਕਰੇ। ਉਸ ਨੇ ਲਿਖਿਆ ਕਿ ਇਰਾਨ ਤੇ ਤੁਰਕੀ ਵਿੱਚ ਮੈਂ ਆਰਕੀਟੈਕਚਰ ਦੇ ਕੁੱਝ ਅਜਿਹੇ ਨਮੂਨੇ ਦੇਖੇ ਹਨ, ਜਿਹੜੇ ਔਬਜੈਕਟਿਵ ਆਰਟ ਦੇ ਨਿਯਮਾਂ ਤਹਿਤ ਬਣੇ ਸਨ। ਮਿਸਾਲ ਦੇ ਤੌਰ ਤੇ ਉਥੇ ਦੋ ਕਮਰਿਆਂ ਵਾਲੀ ਇੱਕ ਬਿਲਡਿੰਗ ਸੀ, ਪਰ ਜਿਹੜਾ ਵੀ ਇਨ੍ਹਾਂ ਦੋ ਕਮਰਿਆਂ ਵਿੱਚ ਦਾਖਲ ਹੁੰਦਾ, ਉਹ ਰੋ ਪੈਂਦਾ। ਗੁਰਜੀਏਫ ਅਨੁਸਾਰ ਉਨ੍ਹਾਂ ਲਗਾਤਾਰ ਦੋ ਤਿੰਨ ਹਫਤੇ ਤਜ਼ਰਬਾ ਕੀਤਾ। ਇਸ ਦੌਰਾਨ ਜੋ ਵੀ ਵਿਅਕਤੀ ਇਨ੍ਹਾਂ ਅੰਦਰ ਗਿਆ, ਭਾਵੇਂ ਉਹ ਕਿਸੇ ਵੀ ਪਿਛੋਕੜ ਵਾਲਾ ਹੋਵੇ, ਨੌਜਵਾਨ ਹੋਵੇ ਜਾਂ ਬੁੱਢਾ, ਅੰਦਰ ਜਾਣ ਤੋਂ ਬਾਅਦ ਆਪਣੇ ਆਪ ਉਸ ਨੂੰ ਰੋਣਾ ਆ ਜਾਂਦਾ। ਇਹ ਬਿਲਡਿੰਗ ਔਬਜੈਕਟਿਵ ਕਲਾ ਦੇ ਨਿਯਮਾਂ ਤਹਿਤ ਬਣੀ ਸੀ।
ਭਾਰਤ ਵਿੱਚ ਤਾਨਸੈਨ ਦੇ ਸੰਗੀਤ ਬਾਰੇ ਕਈ ਤਰਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਉਸ ਦੇ ਸੰਗੀਤ ਨਾਲ ਦੀਵੇ ਜਗ ਪੈਂਦੇ ਸਨ ਜਾਂ ਮੀਂਹ ਪੈਣ ਲੱਗ ਪੈਂਦਾ ਸੀ। ਅਸੀਂ ਆਮ ਕਰਕੇ ਇਹ ਸਮਝਦੇ ਹਾਂ ਕਿ ਤਾਨਸੈਨ ਦੇ ਸੰਗੀਤ ਦੀ ਤਾਕਤ ਦੀ ਵਿਆਖਿਆ ਕਰਨ ਲਈ ਉਸ ਦੇ ਪ੍ਰਸ਼ੰਸਕਾਂ ਨੇ ਕਾਵਿਕ ਮੁਹਾਵਰੇ ਵਿੱਚ ਗੱਲ ਕੀਤੀ ਹੋਈ ਹੈ। ਪਰ ਗੁਰਜੀਏਫ ਨੇ ਆਪਣੇ ਭ੍ਰਮਣਾਂ ਦੀ ਕਹਾਣੀ ਦਾ ਬਿਆਨ ਕਰਦਿਆਂ ਲਿਖਿਆ ਹੈ ਕਿ ਉਸ ਨੇ ਕੁੱਝ ਥਾਵਾਂ ਤੇ ਅਜਿਹਾ ਸੰਗੀਤ ਆਪਣੇ ਕੰਨਾਂ ਨਾਲ ਸੁਣਿਆ ਅਤੇ ਆਪਣੀਆਂ ਅੱਖਾਂ ਨਾਲ ਉਸਦਾ ਅਸਰ ਦੇਖਿਆ, ਜਿਸ ਦੇ ਅਸਰ ਨਾਲ ਬੰਦ ਡੋਡੀਆਂ ਤੋਂ ਫੁਲ ਖਿਲ ਪੈਂਦੇ ਸਨ। ਤਾਨਸੈਨ ਦਾ ਸੰਗੀਤ ਵੀ ਔਬਜੈਕਟਿਵ ਕਲਾ ਦਾ ਨਮੂਨਾ ਸੀ। ਇਸੇ ਤਰਾਂ ਗਰੀਕ ਕਲਚਰ ਵਿੱਚ ਔਰਫੀਅਸ ਦੀ ਮਿਥ ਤੋਂ ਵੀ ਅਜਿਹੇ ਸੰਕੇਤ ਮਿਲਦੇ ਹਨ। ਤਾਨਸੈਨ ਵਾਂਗ ਉਸ ਬਾਰੇ ਵੀ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੇ ਸੰਗੀਤ ਨਾਲ ਪੰਛੀਆਂ, ਮੱਛੀਆਂ ਤੇ ਜੰਗਲੀ ਜਾਨਵਰਾਂ ਨੂੰ ਮੋਹਿਤ ਕਰ ਲੈਂਦਾ ਸੀ, ਦਰਖਤ ਝੂਮਣ ਲੱਗੇ ਪੈਂਦੇ ਸਨ। ਇਨ੍ਹਾਂ ਗੱਲਾਂ ਨੂੰ ਸਿਰਫ ਮਿੱਥਾਂ ਕਹਿਕੇ ਰੱਦ ਨਹੀਂ ਕੀਤਾ ਜਾ ਸਕਦਾ।
ਪੀਡੀ ਔਸਪੈਂਸਕੀ ਨੇ ਜਦ ਗੁਰਜੀਏਫ ਨੂੰ ਇਹ ਪੁੱਛਿਆ ਸੀ ਕਿ ਅਜਿਹੀ ਔਬਜੈਕਟਿਵ ਕਲਾ ਦਾ ਕੋਈ ਨਮੂਨਾ ਕੀ ਅੱਜ ਵੀ ਮੌਜੂਦ ਹੈ ਤਾਂ ਗੁਰਜੀਏਫ ਨੇ 'ਗਰੇਟ ਸਫਿੰਕਸ ਆਫ ਗੀਜ਼ਾ' ਦਾ ਜ਼ਿਕਰ ਕੀਤਾ ਸੀ। ਮਿਸਰ ਵਿੱਚ ਕਾਇਰੋ ਸ਼ਹਿਰ ਦੇ ਨੇੜੇ ਖਫਰਾ ਦੇ ਪਿਰਾਮਿਡ ਲਾਗੇ ਸਥਿਤ ਸਫਿੰਕਸ ਔਫ ਗੀਜ਼ਾ ਪੁਰਾਤਨ ਆਰਟ ਦਾ ਅਦਭੁਤ ਨਮੂਨਾ ਹੈ। ਉਸ ਨੇ ਇਸ ਬਾਰੇ ਲਿਖਿਆ ਹੈ:
''ਸਚਾਈ ਇਹ ਹੈ ਕਿ ਇਹ ਸਫਿੰਕਸ ਇਤਿਹਾਸਕ ਮਿਸਰ ਤੋਂ ਪੁਰਾਣੀ ਹੈ, ਮਿਸਰ ਦੇ ਸਭ ਦੇਵਤਿਆਂ ਤੋਂ ਪੁਰਾਣੀ ਹੈ, ਇਸ ਦੇ ਪਿਰਾਮਿਡਾਂ ਤੋਂ ਪੁਰਾਣੀ ਹੈ, ਜਿਹੜੇ ਕਿ ਖੁਦ ਜਿੰਨਾ ਅਸੀਂ ਸਮਝਦੇ ਹਾਂ, ਉਸਤੋਂ ਕਿਤੇ ਜ਼ਿਆਦਾ ਪੁਰਾਣੇ ਹਨ। ਬਿਨਾ ਸ਼ੱਕ ਸਫਿੰਕਸ ਦੁਨੀਆ ਦੀਆਂ ਸਭ ਤੋਂ ਕਮਾਲ ਦੀਆਂ ਕਲਾ ਕਿਰਤਾਂ ਵਿੱਚੋਂ ਇੱਕ ਹੈ। ਮੇਰੇ ਦਿਮਾਗ ਵਿੱਚ ਹੋਰ ਅਜਿਹਾ ਕੁੱਝ ਨਹੀਂ ਆ ਰਿਹਾ, ਜਿਸ ਨਾਲ ਮੈਂ ਇਸ ਦੀ ਤੁਲਨਾ ਕਰ ਸਕਾਂ। ਅਸੀਂ ਜਿਸ ਆਰਟ ਨੂੰ ਜਾਣਦੇ ਹਾਂ, ਇਹ ਉਸ ਤੋਂ ਬਿਲਕੁਲ ਵੱਖਰੇ ਕਿਸੇ ਆਰਟ ਨਾਲ ਸਬੰਧਤ ਹੈ। ਸਾਡੇ ਵਰਗੇ ਲੋਕ ਸਫਿੰਕਸ ਦੀ ਰਚਨਾ ਨਹੀਂ ਕਰ ਸਕਦੇ। ਨਾ ਹੀ ਸਾਡੇ ਕਲਚਰ ਅਜਿਹੀਆਂ ਚੀਜ਼ਾਂ ਸਿਰਜ ਸਕਦੇ ਹਨ। ਇਹ ਸਫਿੰਕਸ ਸਾਡੇ ਸਭ ਗਿਆਨਾਂ ਤੋਂ ਕਿਤੇ ਵੱਡੇ ਗਿਆਨ ਦਾ ਕੋਈ ਨਮੂਨਾ ਜਾਪਦੀ ਹੈ। ਇੱਕ ਇਹ ਵੀ ਸਿਧਾਂਤ ਜਾਂ ਮਨੌਤ ਹੈ ਕਿ ਸਫਿੰਕਸ ਅਸਲ ਵਿੱਚ ਪੱਥਰ ਵਿੱਚ ਉਕਰੀ ਗਈ ਕੋਈ ਕਿਤਾਬ ਹੈ, ਜਿਸ ਵਿੱਚ ਪੁਰਾਤਨ ਯੁਗ ਦਾ ਸਮੁਚਾ ਗਿਆਨ ਦਰਜ ਹੈ। ਇਸ ਦੇ ਅਕਾਰਾਂ, ਇਸ ਦੇ ਵੱਖ ਵੱਖ ਅੰਗਾਂ ਦੇ ਆਪਸੀ ਸਬੰਧਾਂ ਅਤੇ ਉਨ੍ਹਾਂ ਦੀਆਂ ਦੂਰੀਆਂ ਦੇ ਰੂਪ ਵਿੱਚ ਦਰਜ ਇਸ ਗਿਆਨ ਨੂੰ ਉਹੀ ਜਾਣ ਸਕਦਾ ਹੈ, ਜਿਹੜਾ ਇਸ ਦੀ ਇਸ ਵਿਸ਼ੇਸ਼ ਭਾਸ਼ਾ ਨੂੰ ਜਾਣਦਾ ਹੋਵੇ। ਸਫਿੰਕਸ ਦੀ ਇਸ ਬੁਝਾਰਤ ਨੂੰ ਸਦੀਆਂ ਤੋਂ ਹੀ ਸਿਆਣੇ ਲੋਕ ਸੁਲਝਾਉਣ ਵਿੱਚ ਲੱਗੇ ਹੋਏ ਹਨ।''

ਸੰਗੀਤ ਅਤੇ ਆਰਕੀਟੈਕਚਰ ਤੋਂ ਇਲਾਵਾ ਨ੍ਰਿਤ ਜਾਂ ਬੌਡੀ ਮੂਵਮੈਂਟਸ ਗੁਰਜੀਏਫ ਦੀ ਦਿਲਚਸਪੀ ਦਾ ਵਿਸ਼ੇਸ਼ ਵਿਸ਼ਾ ਰਿਹਾ। 'ਮੀਟਿੰਗਜ਼ ਵਿਦ ਰਿਮਾਰਕੇਬਲ ਮੈੱਨ' ਵਿਚ ਉਸ ਨੇ ਮੱਧ ਏਸ਼ੀਆ ਵਿੱਚ ਕਿਸੇ ਅਜਿਹੇ ਗੁਪਤ ਆਸ਼ਰਮ ਵਿੱਚ ਆਪਣੇ ਦੌਰੇ ਦਾ ਬਿਆਨ ਕੀਤਾ ਹੈ, ਜਿਥੇ ਉਸ ਨੂੰ ਅੱਖਾਂ ਬੰਨ੍ਹਕੇ ਲਿਜਾਇਆ ਗਿਆ ਸੀ। ਉਸ ਦੇ ਦੱਸਿਆ ਕਿ ਇਸ ਆਸ਼ਰਮ ਵਿੱਚ ਸਮੁਚਾ ਗਿਆਨ ਡਾਂਸ ਅਦਾਵਾਂ ਦੇ ਰੂਪ ਵਿੱਚ ਹੀ ਸਾਂਝਾ ਕੀਤਾ ਜਾਂਦਾ ਸੀ। ਜਿਵੇਂ ਸਾਡੀ ਭਾਸ਼ਾ ਸ਼ਬਦਾਂ ਜਾਂ ਧੁਨਾਂ ਤੇ ਅਧਾਰਤ ਹੈ, ਉਵੇਂ ਹੀ ਉਨ੍ਹਾਂ ਦੀ ਭਾਸ਼ਾ ਸਰੀਰ ਦੀਆਂ ਵੱਖ ਵੱਖ ਅਦਾਵਾਂ ਤੇ ਅਧਾਰਤ ਸੀ। ਅਦਾਵਾਂ ਦੀ ਭਾਸ਼ਾ ਦੁਆਰਾ ਉਹ ਸਮੁਚਾ ਬ੍ਰਹਿਮੰਡੀ ਗਿਆਨ ਸਾਂਝਾ ਕਰ ਰਹੇ ਸਨ। ਗੁਰਜੀਏਫ ਨੇ ਲਿਖਿਆ ਕਿ ਉਹ ਇਸ ਡਾਂਸ ਰਾਹੀਂ ਹੀ ਅਜਿਹਾ ਗਹਿਰਾ ਗਿਆਨ ਪ੍ਰਗਟਾ ਰਹੇ ਸਨ ਕਿ ਮੈਥੋਂ ਉਹ ਝੱਲਿਆ ਨਾ ਗਿਆ ਅਤੇ ਮੈਂ ਉਥੋਂ ਭੱਜ ਆਇਆ। ਗੁਰਜੀਏਫ ਨੇ ਜੋ ਆਪਣਾ ਸਿਸਟਮ ਵਿਕਸਤ ਕੀਤਾ, ਉਹ ਬੁਨਿਆਦੀ ਤੌਰ ਤੇ ਸੰਗੀਤ ਅਤੇ ਡਾਂਸ ਮੂਵਮੈਂਟਸ ਤੇ ਹੀ ਅਧਾਰਤ ਸੀ। ਪੁਰਾਤਨ ਅਤੇ ਪਵਿੱਤਰ ਨ੍ਰਿਤ ਦੋ ਪੱਧਰਾਂ ਤੇ ਕੰਮ ਕਰਦੇ ਸਨ। ਇੱਕ ਪਾਸੇ ਉਹ ਬ੍ਰਹਿਮੰਡੀ ਗਿਆਨ ਦੇ ਸੰਚਾਰ ਦਾ ਮਾਧਿਅਮ ਸਨ ਅਤੇ ਦੂਜੇ ਪਾਸੇ ਨ੍ਰਿਤ ਕਰਨ ਵਾਲਿਆਂ ਦੀ ਆਤਮਿਕ ਊਰਜਾ ਦੇ ਵਿਕਾਸ ਤੇ ਚੇਤਨਾ ਦੇ ਪਸਾਰ ਦਾ ਮਾਧਿਅਮ ਸਨ। ਇਹ ਨ੍ਰਿਤ ਉਸ ਤਰਾਂ ਮਨੋਰੰਜਨ ਦਾ ਨ੍ਰਿਤ ਨਹੀਂ ਸੀ, ਜਿਵੇਂ ਅਸੀਂ ਅੱਜ ਸਮਝਦੇ ਹਾਂ। ਉਸ ਕਲਚਰ ਵਿੱਚ ਨ੍ਰਿਤ ਰੂਹਾਨੀ ਗਿਆਨ ਦੀ ਇੱਕ ਭਾਸ਼ਾ ਸੀ।
ਅਗਲਾ ਸੁਆਲ ਉਠਦਾ ਹੈ ਕਿ ਅਜਿਹੀ ਕਲਾ ਦੇਖਣ, ਸੁਣਨ ਵਾਲਿਆਂ ਤੇ ਅਸਰ ਕਿਵੇਂ ਕਰਦੀ ਹੈ? ਸੁਣਨ ਵਾਲਿਆਂ, ਦੇਖਣ ਵਾਲਿਆਂ ਦੇ ਵਜੂਦ ਦੇ ਕਿਹੜੇ ਬਿੰਦੂ ਹਨ, ਜਿਨ੍ਹਾਂ ਤੇ ਇਹ ਚੋਟ ਕਰਦੀ ਹੈ? ਇਸ ਪਾਸੇ ਅੱਗੇ ਵਧਣ ਲਈ ਥੋੜ੍ਹੀ ਜਿਹੀ ਚਰਚਾ ਇਨਸਾਨ ਦੇ ਸਰੀਰ ਜਾਂ ਮਨ ਬਾਰੇ ਵੀ ਕਰਨ ਦੀ ਜ਼ਰੂਰਤ ਹੈ। ਇਸ ਮਾਮਲੇ ਵਿੱਚ ਭਾਰਤ ਦੀ ਯੋਗ ਸਾਇੰਸ ਸਾਡੀ ਮਦਦ ਕਰ ਸਕਦੀ ਹੈ। ਇਨਸਾਨੀ ਸਰੀਰ ਬਾਰੇ ਭਾਰਤ ਦੇ ਯੋਗੀਆਂ ਨੇ ਦੁਨੀਆ ਦਾ ਸਭ ਤੋਂ ਗਹਿਰਾ ਗਿਆਨ ਪੈਦਾ ਕੀਤਾ ਹੈ। ਯੋਗੀਆਂ ਮੁਤਾਬਕ ਇਨਸਾਨ ਦਾ ਸਰੀਰ ਸਿਰਫ ਓਨਾ ਨਹੀਂ ਹੈ, ਜਿੰਨਾ ਕੁ ਅਸੀਂ ਆਪਣੀ ਨੰਗੀ ਅੱਖ ਨਾਲ ਦੇਖਦੇ ਹਾਂ। ਜੋ ਸਥੂਲ ਜਾਂ ਭੌਤਿਕ ਸਰੀਰ ਸਾਨੂੰ ਦਿਸਦਾ ਹੈ, ਇਹ ਉਸ ਤਰਾਂ ਹੈ, ਜਿਵੇਂ ਸਮੁੰਦਰ ਵਿੱਚ ਸਾਨੂੰ ਆਈਸਬਰਗ ਦੇ ਉਪਰਲੇ ਹਿੱਸੇ ਦਿਸਦੇ ਹਨ। ਜੇ ਸਮੁਚੇ ਪਸਾਰੇ ਨੂੰ ਊਰਜਾ ਦੇ ਅਨੰਤ ਸਾਗਰ ਦੇ ਰੂਪ ਵਿੱਚ ਦੇਖੀਏ ਤਾਂ ਸਰੀਰ ਜਾਂ ਭੌਤਿਕ ਵਜੂਦ ਇਸ ਵਿੱਚ ਤੈਰਦੇ ਦਿਸਦੇ ਆਈਸਬਰਗ ਹੀ ਹਨ, ਜਿਹੜੇ ਕਿ ਕਿਸੇ ਵੀ ਜੀਵ ਦੇ ਅਸਲ ਵਜੂਦ ਦਾ ਬਹੁਤ ਥੋੜ੍ਹਾ ਹਿੱਸਾ ਹਨ। ਯੋਗੀਆਂ ਦਾ ਕਹਿਣਾ ਸੀ ਕਿ ਹਰ ਇਨਸਾਨ ਦੀ ਦੇਹ ਦੇ ਆਲੇ ਦੁਆਲੇ ਊਰਜਾ ਦਾ ਇੱਕ ਵੱਡਾ ਘੇਰਾ ਹੈ, ਜਿਸ ਨੂੰ ਔਰਾ ਜਾਂ ਵਿਗਿਆਨ ਦੀ ਭਾਸ਼ਾ ਵਿੱਚ ਜੇ ਗੱਲ ਕਰੀਏ ਤਾਂ ਇਨਸਾਨੀ ਦੇਹ ਦਾ ਇਲੈਕਟ੍ਰੋਮੈਗਨੈਟਿਕ ਫੀਲਡ ਕਹਿ ਸਕਦੇ ਹਾਂ। ਯੋਗ ਸਾਇੰਸ ਵਿੱਚ ਇਸ ਊਰਜਾ ਦੇਹ ਤੇ ਬਹੁਤ ਗਹਿਰੀ ਖੋਜ ਕੀਤੀ ਗਈ ਹੈ ਅਤੇ ਯੋਗੀਆਂ ਨੇ ਇਸ ਵਿੱਚ 72000 ਊਰਜਾ ਨਾੜੀਆਂ ਦੀ ਨਿਸ਼ਾਨਦੇਹੀ ਕੀਤੀ। ਉਨ੍ਹਾਂ ਨੇ ਇਨ੍ਹਾਂ ਨਾੜੀਆਂ ਦਾ ਪੂਰਾ ਨਕਸ਼ਾ ਵੀ ਤਿਆਰ ਕੀਤਾ ਹੈ ਅਤੇ ਇਨ੍ਹਾਂ ਨਾੜੀਆਂ ਦੇ ਨਾਂ ਅਤੇ ਇਨ੍ਹਾਂ ਦੇ ਕੰਮ ਤੱਕ ਦਾ ਬਿਆਨ ਕੀਤਾ ਹੋਇਆ ਹੈ। ਇਸ ਊਰਜਾ ਦੇਹ ਵਿੱਚ ਤਿੰਨ ਪ੍ਰਮੁਖ ਨਾੜੀਆਂ ਹਨ, ਜਿਨ੍ਹਾਂ ਨੂੰ ਇੜਾ ਪਿੰਗਲਾ ਤੇ ਸੁਖਮਨਾ ਕਿਹਾ ਗਿਆ ਹੈ। ਗੁਰਬਾਣੀ ਵਿੱਚ ਵੀ ਕਈ ਥਾਵਾਂ ਤੇ ਇਸ ਦਾ ਜ਼ਿਕਰ ਆਇਆ ਹੈ:
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ॥
ਇਹ ਤਿੰਨ ਨਾੜੀਆਂ ਰੀੜ੍ਹ ਦੀ ਹੱਡੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਾਂਦੀਆਂ ਹਨ। ਇੜਾ ਨੈਗੇਟਿਵ ਚਾਰਜ ਦੀ ਨਾੜੀ ਹੈ ਅਤੇ ਪਿੰਗਲਾ ਪਾਜ਼ਿਟਿਵ ਚਾਰਜ ਦੀ। ਸੁਖਮਨਾ ਨਿਊਟਰਲ ਨਾੜੀ ਹੈ। ਰੀੜ੍ਹ ਦੀ ਹੱਡੀ ਦੇ ਅਧਾਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇੜਾ ਤੇ ਪਿੰਗਲਾ ਘੁੰਮਦੀਆਂ ਹੋਈਆਂ ਚੱਲਦੀਆਂ ਹਨ ਅਤੇ ਇੱਕ ਦੂਜੀ ਨੂੰ ਸੱਤ ਥਾਵਾਂ ਤੇ ਕੱਟਦੀਆਂ ਹਨ। ਜਿੱਥੇ ਇਹ ਕੱਟਦੀਆਂ ਹਨ, ਉੇਥੇ ਊਰਜਾ ਦੇ ਘੇਰੇ ਬਣਦੇ ਹਨ, ਜਿਨ੍ਹਾਂ ਨੂੰ ਯੋਗੀਆਂ ਨੇ ਚੱਕਰ ਦਾ ਨਾਂ ਦਿੱਤਾ ਹੈ। ਕਈ ਲੋਕ ਛੇ ਚੱਕਰ ਮੰਨਦੇ ਹਨ ਕਿਉਂਕਿ ਉਹ ਸੱਤਵੇ ਚੱਕਰ ਨੂੰ ਚੱਕਰ ਨਹੀਂ ਕਹਿੰਦੇ। ਇਹ ਸੱਤੇ ਚੱਕਰ ਸਥੂਲ ਸਰੀਰ ਅਤੇ ਸੂਖਮ ਸਰੀਰ ਜਾਂ ਊਰਜਾ ਦੇਹ ਵਿਚਕਾਰ ਇੱਕ ਲਿੰਕ ਹਨ। ਹਰ ਇਨਸਾਨ ਆਪਣੀ ਊਰਜਾ ਦੇਹ ਦੇ ਜ਼ਰੀਏ ਬ੍ਰਹਿਮੰਡ ਨਾਲ ਜੁੜਿਆ ਹੋਇਆ ਹੈ ਅਤੇ ਬ੍ਰਹਿਮੰਡ ਤੋਂ ਤਰਾਂ ਤਰਾਂ ਦੀ ਊਰਜਾ ਲੈ ਰਿਹਾ ਹੈ। ਇਸ ਚਰਚਾ ਦੇ ਵਿਸਥਾਰ ਵਿੱਚ ਜਾਣਾ ਇੱਥੇ ਸੰਭਵ ਨਹੀਂ,ਪਰ ਮੋਟੇ ਜਿਹੇ ਤੌਰ ਤੇ ਚੱਕਰ ਊਰਜਾ ਦੇ ਅਜਿਹੇ ਜੰਕਸ਼ਨ ਹਨ, ਜਿਹੜੇ ਇਨਸਾਨ ਦੇ ਵੱਖ ਵੱਖ ਤਰਾਂ ਤੇ ਸਰੀਰਕ, ਮਾਨਸਿਕ ਜਾਂ ਆਤਮਿਕ ਕਾਰਜਾਂ ਦਾ ਸੰਚਾਲਨ ਕਰਦੇ ਹਨ। ਵੱਖ ਵੱਖ ਚੱਕਰਾਂ ਦੇ ਵੱਖ ਵੱਖ ਕਾਰਜ ਹਨ। ਪਹਿਲਾ ਚੱਕਰ ਜਿਸ ਨੂੰ ਸੰਸਕ੍ਰਿਤ ਵਿੱਚ ਮੂਲਾਧਾਰ ਕਿਹਾ ਜਾਂਦਾ ਹੈ, ਰੀੜ੍ਹ ਦੀ ਹੱਡੀ ਦੀ ਬਿਲਕੁਲ ਜੜ ਵਿੱਚ ਸਥਿਤ ਹੈ। ਦੂਜਾ ਚੱਕਰ, ਸਵਾਧਿਸ਼ਠਾਨ, ਧੁੰਨੀ ਤੋਂ ਜ਼ਰਾ ਕੁ ਹੇਠਾਂ ਸਥਿਤ ਹੈ॥ ਧੁੰਨੀ ਦੇ ਐਨ ਉਤੇ ਤੀਜਾ ਚੱਕਰ ਮਣੀਪੂਰ ਹੈ। ਦਿਲ ਦੇ ਉਤੇ ਚੌਥਾ ਚੱਕਰ ਅਨਹਤ ਹੁੰਦਾ ਹੈ। ਪੰਜਵਾਂ ਚੱਕਰ ਵਿਸ਼ੁਧ, ਗਲੇ ਦੇ ਬਰਾਬਰ ਹੁੰਦਾ ਹੈ। ਅੱਖਾਂ ਦੇ ਉਤੇ ਛੇਵਾਂ ਆਗਿਆ ਚੱਕਰ ਹੁੰਦਾ ਹੈ, ਜਿਸਦਾ ਸਬੰਧ ਬੁਧੀ ਨਾਲ ਹੈ, ਜਿਸ ਨੂੰ ਤੀਜਾ ਨੇਤਰ ਵੀ ਕਿਹਾ ਜਾਂਦਾ ਹੈ। ਸੱਤਵੇਂ ਚੱਕਰ ਨੂੰ ਸਹਿਰਰਾਰਾ ਕਿਹਾ ਜਾਂਦਾ ਹੈ ਅਤੇ ਇਸ ਦਾ ਸਬੰਧ ਬ੍ਰਹਿਮੰਡੀ ਚੇਤਨਾ ਨਾਲ ਹੈ। ਵਾਸਤਵ ਵਿੱਚ ਇਨ੍ਹਾਂ ਚੱਕਰਾਂ ਦੀ ਕਾਰਜ ਪ੍ਰਣਾਲੀ ਤੇ ਇਨ੍ਹਾਂ ਦਾ ਕਾਰਜ ਬਹੁਤ ਵਿਆਪਕ ਤੇ ਗੁੰਝਲਦਾਰ ਹੈ। ਜਿਸ ਦੀ ਜ਼ਿਆਦਾ ਵਿਸਥਾਰਤ ਵਿਆਖਿਆ ਦੀ ਇਥੇ ਲੋੜ ਨਹੀਂ। ਯੋਗੀਆਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਸਾਰੇ ਲੋਕਾਂ ਦੇ ਸਾਰੇ ਚੱਕਰ ਸਹੀ ਰੂਪ ਵਿੱਚ ਨਹੀਂ ਚੱਲਦੇ। ਇਸੇ ਤਰਾਂ ਰੀੜ੍ਹ ਦੀ ਹੱਡੀ ਦੇ ਅਧਾਰ ਤੇ ਇੱਕ ਹੋਰ ਸ਼ਕਤੀ ਸੁੱਤੀ ਰਹਿੰਦੀ ਹੈ, ਜਿਸ ਨੂੰ ਕੁੰਡਲਨੀ ਸ਼ਕਤੀ ਕਿਹਾ ਜਾਂਦਾ ਹੈ। ਯੋਗ ਅਭਿਆਸ ਜਾਂ ਸਾਧਨਾ ਰਾਹੀਂ ਇਹ ਸ਼ਕਤੀ ਸੁਖਮਨਾ ਨਾੜੀ ਰਾਹੀਂ ਉਪਰ ਚੜ੍ਹਨਾ ਸ਼ੁਰੂ ਕਰਦੀ ਹੈ ਅਤੇ ਜਿਉਂ ਜਿਉਂ ਇਹ ਉਪਰ ਚੜ੍ਹਦੀ ਹੈ, ਇਨਸਾਨੀ ਚੇਤਨਾ ਦੀਆਂ ਨਵੀਆਂ ਪਰਤਾਂ ਖੁਲ੍ਹਣੀਆਂ ਸ਼ੁਰੂ ਹੁੰਦੀਆਂ ਹਨ। ਜਦ ਇਹ ਊਰਜਾ ਛੇਵੇਂ ਚੱਕਰ ਨੂੰ ਛੁਹ ਜਾਂਦੀ ਹੈ ਤਾਂ ਇਨਸਾਨ ਦਾ ਤੀਸਰਾ ਨੇਤਰ ਖੁਲ੍ਹ ਜਾਂਦਾ ਹੈ ਅਤੇ ਇਨਸਾਨ ਅੰਦਰ ਸੀਮਤ ਇੰਦਰਿਆਈ ਅਨੁਭਵ ਤੋਂ ਪਰ੍ਹੇ ਦੇਖ ਸਕਣ ਦੀ ਸੋਝੀ ਅਤੇ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ। ਜਦ ਇਹ ਊਰਜਾ ਸੱਤਵੇਂ ਚੱਕਰ ਨੂੰ ਛੁਹ ਜਾਂਦੀ ਹੈ ਤਾਂ ਇਨਸਾਨ ਬ੍ਰਹਿਮੰਡੀ ਚੇਤਨਾ ਨੂੰ ਪ੍ਰਾਪਤ ਹੁੰਦਾ ਹੈ। ਇਸ ਬ੍ਰਹਿਮੰਡੀ ਚੇਤਨਾ ਨੂੰ ਵੱਖ ਵੱਖ ਸਭਿਆਚਾਰਾਂ ਵਿੱਚ ਵੱਖ ਵੱਖ ਨਾਂ ਦਿੱਤੇ ਗਏ ਹਨ। ਬੁਧ ਧਰਮ ਵਿਚ ਇਸ ਨੂੰ ਨਿਰਵਾਣ ਦੀ ਪ੍ਰਾਪਤੀ ਕਿਹਾ ਗਿਆ ਹੈ। ਕਿਸੇ ਨੇ ਇਸ ਨੂੰ ਗਿਆਨ ਦੀ ਪ੍ਰਾਪਤੀ ਕਿਹਾ ਹੈ। ਕਿਸੇ ਨੇ ਇਸ ਨੂੰ ਰੱਬੀ ਚੇਤਨਾ ਦਾ ਅਨੁਭਵ ਕਿਹਾ ਹੈ। ਨਾਂ ਕੋਈ ਵੀ ਹੋਵੇ ਪਰ ਸਾਰੇ ਰੂਹਾਨੀ ਵਿਕਾਸ ਦੇ ਸਿਸਟਮਾਂ ਦਾ ਟੀਚਾ ਇਸੇ ਚੇਤਨਾ ਨੂੰ ਪ੍ਰਾਪਤ ਕਰਨਾ ਹੈ। ਵਿਗਿਆਨਕ ਭਾਸ਼ਾ ਵਿੱਚ ਇਸ ਅਵਸਥਾ ਦੀ ਪੂਰਨ ਵਿਆਖਿਆ ਤਾਂ ਨਹੀਂ ਹੋ ਸਕਦੀ, ਪਰ ਇੱਕ ਹਵਾਲੇ ਨਾਲ ਉਸ ਅਵਸਥਾ ਬਾਰੇ ਕੋਈ ਇਸ਼ਾਰਾ ਲਿਆ ਜਾ ਸਕਦਾ ਹੈ। ਮਿਸਾਲ ਵਜੋਂ ਆਧੁਨਿਕ ਵਿਗਿਆਨਾਂ ਵਿੱਚ ਜਦੋਂ ਕੋਈ ਕਿਸੇ ਖੇਤਰ ਵਿੱਚ ਪੀਐਚਡੀ ਕਰਨ ਤੋਂ ਬਾਅਦ ਡਾਕਟਰੇਟ ਦੀ ਉਪਾਧੀ ਨੂੰ ਪ੍ਰਾਪਤ ਕਰਦਾ ਹੈ, ਉਵੇਂ ਹੀ ਅੰਦਰ ਦੀ ਸਾਇੰਸ, ਮਨ ਦੀ ਸਾਇੰਸ ਦੇ ਰਸਤੇ ਤੇ ਚੱਲਦਿਆਂ ਵੀ ਡਾਕਟਰੇਟ ਵਰਗੀ ਕੋਈ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਨੂੰ ਨਿਰਵਾਣ ਆਦਿ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਇਸ ਨੂੰ ਪ੍ਰਾਪਤ ਕਰਨ ਦੀਆਂ ਵਿਧੀਆਂ ਅਲੱਗ ਅਲੱਗ ਹਨ। ਯੋਗ ਵਿੱਚ ਇਹ ਯਾਤਰਾ ਸਰੀਰਕ ਪੱਧਰ ਤੋਂ ਸ਼ੁਰੂ ਕੀਤੀ ਜਾਂਦੀ ਹੈ। ਯੋਗ ਵਿੱਚ ਆਤਮਿਕ ਗਿਆਨ ਦੀ ਪ੍ਰਾਪਤੀ ਇੱਕ ਸ਼ੁਧ ਵਿਗਿਆਨਕ ਵਿਧੀ ਹੈ। ਕਿਸੇ ਹੋਰ ਰੂਹਾਨੀ ਸਿਸਟਮ ਵਿੱਚ ਇਸ ਵਿਕਾਸ ਲਈ ਨਿਰੋਲ ਗਿਆਨ ਮਾਰਗ ਹੈ, ਕਿਤੇ ਪ੍ਰੇਮ ਮਾਰਗ ਅਤੇ ਕਿਤੇ ਭਗਤੀ ਮਾਰਗ, ਪਰ ਸਭ ਦਾ ਟੀਚਾ ਇਹੀ ਹੈ। ਯੋਗਾਨੰਦ ਪਰਮਾਹੰਸ ਨੇ ਯੋਗ ਦਾ ਮਕਸਦ ਦੱਸਦੇ ਹੋਏ ਕਿਹਾ ਸੀ ਕਿ ਯੋਗ ਇਨਸਾਨੀ ਚੇਤਨਾ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਦੀ ਇੱਕ ਵਿਧੀ ਹੈ। ਉਨ੍ਹਾਂ ਕਿਹਾ ਸੀ ਕਿ ਕੁਦਰਤੀ ਤੌਰ ਤੇ ਇਨਸਾਨੀ ਚੇਤਨਾ ਜਿੰਨਾ ਵਿਕਾਸ ਸਦੀਆਂ ਵਿੱਚ ਕਰਦੀ ਹੈ, ਯੋਗ ਦੇ ਜ਼ਰੀਏ ਉਹ ਵਿਕਾਸ ਕੁੱਝ ਸਾਲਾਂ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਯੋਗੀਆਂ ਦਾ ਕਹਿਣਾ ਹੈ ਕਿ ਚੇਤਨਾ ਦੀ ਉਸ ਅਵਸਥਾ ਦਾ ਅਸੀਂ ਲੋਕ ਅੰਦਾਜ਼ਾ ਨਹੀਂ ਲਾ ਸਕਦੇ। ਜਿਵੇਂ ਜੰਗਲਾਂ ਵਿੱਚ ਰਹਿਣ ਵਾਲਾ ਕੋਈ ਆਦਿ ਵਾਸੀ ਇਸ ਗੱਲ ਦੀ ਕਲਪਨਾ ਨਹੀਂ ਕਰ ਸਕਦਾ ਕਿ ਆਈਨਸਟੀਨ ਦੀ ਚੇਤਨਾ ਦਾ ਪੱਧਰ ਕੀ ਹੋਵੇਗਾ, ਉਵੇਂ ਹੀ ਅਸੀਂ ਅੱਜ ਦੇ ਯੁਗ ਦੀ ਸਧਾਰਨ ਚੇਤਨਾ ਵਿੱਚ ਵਿਚਰਨ ਵਾਲੇ ਇਨਸਾਨ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਸੇ ਪਹੁੰਚੇ ਹੋਏ ਯੋਗੀ ਦੀ ਚੇਤਨਾ ਦਾ ਪੱਧਰ ਕੀ ਹੋਵੇਗਾ ਜਾਂ ਕੋਈ ਰੂਹਾਨੀ ਤੌਰ ਤੇ ਵਿਕਸਤ ਵਿਅਕਤੀ ਚੇਤਨਾ ਦੀ ਕਿਸ ਅਵਸਥਾ ਵਿੱਚ ਹੁੰਦਾ ਹੈ। ਬ੍ਰਹਿਮੰਡੀ ਚੇਤਨਾ ਦੇ ਪੱਧਰ ਨੂੰ ਵਿਰਲੇ ਹੀ ਪਹੁੰਚਦੇ ਹਨ। ਚੇਤਨਾ ਦੇ ਇਸ ਉਚ ਪੱਧਰ ਨੂੰ ਪ੍ਰਾਪਤ ਕਰਨਾ ਹੀ ਅਸਲ ਰੂਹਾਨੀ ਵਿਕਾਸ ਹੈ। ਅੱਜਕਲ੍ਹ ਦੇ ਕਲਚਰ ਵਿੱਚ ਸੂਚਨਾ ਦੇ ਰੂਪ ਵਿੱਚ ਬਹੁਤ ਗਿਆਨ ਪ੍ਰਾਪਤ ਕਰਨ ਨੂੰ ਚੇਤਨਾ ਦਾ ਵਿਕਾਸ ਸਮਝ ਲਿਆ ਜਾਂਦਾ ਹੈ। ਜਿਸ ਨੂੰ ਆਸਾ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ 'ਪੜਿ ਪੜਿ ਗਡੀ ਲਦੀਅਹਿ' ਕਹਿੰਦੇ ਹਨ। ਸਾਰੇ ਪੁਰਾਤਨ ਰੂਹਾਨੀ ਸਿਸਟਮ ਜਿਥੇ ਸਮਾਜਕ ਜਾਂ ਨੈਤਿਕ ਤੌਰ ਤੇ ਇਨਸਾਨ ਨੂੰ ਨੇਕ ਬਣਾਉਣ ਦੇ ਉਪਰਾਲੇ ਸਨ, ਉਥੇ ਉਨ੍ਹਾਂ ਦਾ ਮੂਲ ਸਰੋਕਾਰ ਇਨਸਾਨੀ ਚੇਤਨਾ ਦਾ ਅਜਿਹਾ ਵਿਕਾਸ ਹੀ ਰਿਹਾ ਹੈ। ਸਾਰੀਆਂ ਰੂਹਾਨੀ ਵਿਧੀਆਂ ਇਨਸਾਨੀ ਚੇਤਨਾ ਦੇ ਵਿਕਾਸ ਦੀਆਂ ਅਜਿਹੀਆਂ ਵਿਧੀਆਂ ਹੀ ਹਨ। ਭਗਤ ਕਵੀਆਂ ਨੇ ਇਸ ਦੀ ਤੁਲਨਾ ਗੂੰਗੇ ਦੁਆਰਾ ਗੁੜ ਖਾਣ ਨਾਲ ਕੀਤੀ ਹੈ, ਜਿਹੜਾ ਇਸ ਦਾ ਸੁਆਦ ਦੱਸ ਨਹੀਂ ਸਕਦਾ। ਅਸ਼ਟਵਕਰ ਗੀਤਾ ਵਿੱਚ ਅਜਿਹੀ ਅਵਸਥਾ ਨੂੰ ਪ੍ਰਾਪਤ ਇਨਸਾਨ ਦੇ ਸੁਭਾਅ ਦਾ ਬਹੁਤ ਵਿਸਥਾਰ ਵਿੱਚ ਬਿਆਨ ਕੀਤਾ ਗਿਆ ਹੈ। ਰਿਸ਼ੀ ਅਸ਼ਟਾਵਕਰ ਕਹਿੰਦੇ ਹਨ ਕਿ ਸਮੁਚੀ ਦੁਨਿਆਵੀ ਹੋਂਦ ਦੋ ਵਿਰੋਧੀ ਜੋੜਿਆਂ ਤੇ ਉਸਰੀ ਹੈ। ਪਾਜ਼ਿਟਿਵ-ਨੈਗੇਟਿਵ, ਚੰਗਾ-ਮਾੜਾ, ਗਲਤ-ਠੀਕ, ਸਵਰਗ-ਨਰਕ, ਬੰਧਨ-ਮੁਕਤੀ, ਜੜ੍ਹ-ਚੇਤਨ, ਨਰ-ਮਾਦਾ, ਦਿਨ-ਰਾਤ ਆਦਿ ਸਾਰਾ ਜੀਵਨ ਇਸ ਤਰਾਂ ਦੇ ਦੋ ਵਿਰੋਧੀ ਜੋੜਿਆਂ ਦੇ ਰੂਪ ਵਿੱਚ ਹੀ ਰਚਿਆ ਹੋਇਆ ਜਾਪਦਾ ਹੈ। ਸਾਰਾ ਸੰਸਾਰ ਇਨ੍ਹਾਂ ਜੋੜਿਆਂ ਦੀ ਹੀ ਖੇਡ ਜਾਂ ਲੀਲ੍ਹਾ ਹੈ। ਅਸ਼ਟਾਵਕਰ ਕਹਿੰਦੇ ਹਨ ਕਿ ਜੋ ਗਿਆਨੀ ਹੈ, ਜੋ ਚੇਤਨਾ ਦੀ ਉਚ ਅਵਸਥਾ ਨੂੰ ਪਹੁੰਚ ਗਿਆ ਹੈ, ਉਹ ਇਸ ਦਵੈਤ ਤੋਂ ਪਾਰ ਹੋ ਜਾਂਦਾ ਹੈ। ਉਹ ਸਮੁਚੇ ਸੰਸਾਰ ਨੂੰ ਇਨ੍ਹਾਂ ਦੋ ਵਿਰੋਧੀ ਜੋੜਿਆਂ ਦੇ ਰੂਪ ਵਿੱਚੋਂ ਦੇਖਣੋਂ ਹਟ ਜਾਂਦਾ ਹੈ। ਉਸ ਦੀ ਅਵਸਥਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਕੁੱਝ ਪ੍ਰੇਮ ਮਾਰਗੀ ਲੋਕ ਇਹ ਕਹਿੰਦੇ ਹਨ ਕਿ ਮੁਹੱਬਤ ਚੋਂ ਉਸ ਉੱਚ ਅਵਸਥਾ ਦੀ ਇੱਕ ਬਹੁਤ ਹੀ ਹਲਕੀ ਤੇ ਮੁਢਲੀ ਝਲਕ ਮਿਲ ਜਾਂਦੀ ਹੈ। ਅੱਜਕਲ੍ਹ ਦੀ ਦੁਨੀਆ ਵਿੱਚ ਸਰੀਰਕ ਭੋਗ ਐਨਾ ਅਸਾਨ ਹੋ ਗਿਆ ਹੈ ਕਿ ਮੁਹੱਬਤ ਦੀ ਖਿੱਚ ਤੇ ਤੜਫ ਨੂੰ ਜਿਊਣ ਦਾ ਸਬਬ ਹੀ ਨਹੀਂ ਬਣਦਾ। ਪਰ ਜੇ ਕੋਈ ਇਨਸਾਨ ਸੱਚਮੁਚ ਵਿੱਚ ਗਹਿਰੀ ਤੇ ਇੱਕਟੱਕ ਮੁਹੱਬਤ ਵਿੱਚ ਹੋਵੇ ਅਤੇ ਦੂਰੀ, ਤੜਫ, ਵਿਯੋਗ ਤੇ ਮਿਲਣ ਦੇ ਵੱਖ ਵੱਖ ਪੜਾਵਾਂ ਦੀ ਗਹਿਰੀ ਸੰਵੇਦਨਾ ਵਿੱਚੋਂ ਲੰਘ ਰਿਹਾ ਹੋਵੇ ਤਾਂ ਉਸ ਦੇ ਮਨ ਦੀ ਅਵਸਥਾ ਦੂਸਰੇ ਸਧਾਰਨ ਇਨਸਾਨਾਂ ਨਾਲੋਂ ਵੱਖਰੀ ਹੁੰਦੀ ਹੈ। ਇਸ ਮਾਮਲੇ ਵਿੱਚ ਜਿੰਨੀ ਕੁ ਕਿਸੇ ਅੰਦਰ ਗਹਿਰਾਈ ਹੋਵੇਗੀ, ਓਨੀ ਹੀ ਉਸਦੀ ਸੰਵੇਦਨਾ ਤਿੱਖੀ ਹੁੰਦੀ ਜਾਂਦੀ ਹੈ। ਉਹ ਅਣਕਹੇ ਨੂੰ ਸਮਝਣ ਲੱਗਦੇ ਹਨ। ਟੈਲੀਪੈਥੀ ਹੋਣ ਲੱਗਦੀ ਹੈ। ਜੋ ਅਜੇ ਹੋਣਾ ਹੈ, ਉਸ ਦਾ ਸੂਖਮ ਰੂਪ ਵਿੱਚ ਅਹਿਸਾਸ ਹੋਣ ਲੱਗਦਾ ਹੈ। ਗਾਲਿਬ ਦਾ ਇੱਕ ਸ਼ੇਅਰ ਹੈ:
ਕਾਸਦ ਦੇ ਆਤੇ ਆਤੇ ਖਤ ਇੱਕ ਔਰ ਲਿਖ ਰਖੂੰ
ਮੈ ਜਾਨਤਾ ਹੂੰ ਕਿਆ ਵੋ ਲਿਖੇਂਗੇ ਜਵਾਬ ਮੇਂ।
ਇਹ ਦੁਨਿਆਵੀ ਪ੍ਰੇਮ ਦੀ ਅਵਸਥਾ ਹੈ। ਬ੍ਰਹਿਮੰਡੀ ਚੇਤਨਾ ਦੀ ਅਵਸਥਾ ਇਸ ਤੋਂ ਕਈ ਸੌ ਗੁਣਾ ਸੂਖਮ ਤੇ ਸੰਵੇਦਨਸ਼ੀਲ ਹੁੰਦੀ ਹੈ। ਉਸ ਦਾ ਅਸੀਂ ਸਿਰਫ ਅੰਦਾਜ਼ਾ ਲਾ ਸਕਦੇ ਹਾਂ। ਜਿਵੇਂ ਜਿਸ ਇਨਸਾਨ ਨੂੰ ਕਦੇ ਮੁਹੱਬਤ ਨਾ ਹੋਈ ਹੋਵੇ, ਉਹ ਕਦੇ ਵੀ ਮੁਹੱਬਤ ਦੀ ਮਾਨਸਿਕ ਅਵਸਥਾ ਨੂੰ ਸਮਝ ਨਹੀਂ ਸਕਦਾ। ਉਸੇ ਤਰਾਂ ਅਸੀਂ ਸਧਾਰਨ ਚੇਤਨਾ ਵਿੱਚ ਵਿਚਰਨ ਵਾਲੇ ਲੋਕ ਬ੍ਰਹਿਮੰਡੀ ਚੇਤਨਾ ਦਾ ਅੰਦਾਜ਼ਾ ਨਹੀਂ ਲਾ ਸਕਦੇ।
ਪੁਰਾਤਨ ਕਲਾ, ਜਿਸ ਨੂੰ ਗੁਰਜੀਏਫ ਔਬਜੈਕਟਿਵ ਕਲਾ ਕਹਿੰਦਾ ਹੈ, ਬੁਨਿਆਦੀ ਤੌਰ ਤੇ ਚੇਤਨਾ ਦੇ ਇਸ ਤਰਾਂ ਦੇ ਉਚ ਵਿਕਾਸ ਦੀਆਂ ਵਿਗਿਆਨਕ ਤਕਨੀਕਾਂ ਸਨ। ਇਥੇ ਕਲਾ ਅਤੇ ਟੈਕਨਾਲੋਜੀ ਦਾ ਫਰਕ ਮਿਟ ਜਾਂਦਾ ਹੈ। ਪੁਰਾਤਨ ਕਲਾ ਜਾਂ ਔਬਜੈਕਟਿਵ ਆਰਟ ਇਨਸਾਨੀ ਵਜੂਦ ਦੇ ਵਿਕਾਸ ਦੀ ਟੈਕਨਾਲੋਜੀ ਸੀ। ਬੁਨਿਆਦੀ ਤੌਰ ਤੇ ਇਹ ਇਨਸਾਨ ਦੇ ਆਤਮਿਕ ਵਿਕਾਸ ਦੀ ਸਾਇੰਸ ਸੀ।

ਹੁਣ ਅੱਗੇ ਸੁਆਲ ਉਠਦਾ ਹੈ ਕਿ ਔਬਜੈਕਟਿਵ ਕਲਾ ਇਨਸਾਨੀ ਵਜੂਦ ਤੇ ਕਿਵੇਂ ਕੰਮ ਕਰਦੀ ਹੈ ਅਤੇ ਉਸ ਨੂੰ ਕਿਵੇਂ ਪ੍ਰਭਾਵਤ ਕਰਦੀ ਹੈ। ਅਸੀਂ ਹਲਕੀ ਜਿਹੀ ਝਾਤ ਇਨਸਾਨ ਦੀ ਊਰਜਾ ਦੇਹ ਅਤੇ ਸਰੀਰ ਦੇ ਇਲੈਕਟ੍ਰੋਮੈਗਨੈਟਿਕ ਫੀਲਡ ਤੇ ਮਾਰੀ ਹੈ। ਸੰਭਵ ਹੈ ਕਿ ਔਬਜੈਕਟਿਵ ਕਲਾ ਊਰਜਾ ਦੇਹ ਦੇ ਪੱਧਰ ਤੇ ਆਪਣਾ ਅਸਰ ਕਰਦੀ ਹੋਵੇ। ਇਸ ਮਾਮਲੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਸੰਗੀਤ ਨੂੰ ਸਮਝਿਆ ਜਾਂਦਾ ਹੈ। ਆਧੁਨਿਕ ਦੌਰ ਵਿੱਚ ਸਾਊਂਡ ਹੀਲਿੰਗ ਤੇ ਧੁਨ ਦੇ ਮੂਲ ਸਰੂਪ ਬਾਰੇ ਜਿਸ ਤਰਾਂ ਦੀ ਖੋਜ ਹੋ ਚੁੱਕੀ ਹੈ, ਉਸ ਦੀ ਰੌਸ਼ਨੀ ਵਿੱਚ ਸਾਡੇ ਲਈ ਇਸ ਪੱਖ ਨੂੰ ਸਮਝਣਾ ਬਹੁਤ ਅਸਾਨ ਹੋ ਗਿਆ ਹੈ। ਸਾਊਂਡ ਹੀਲਿੰਗ ਦੇ ਖੇਤਰ ਵਿੱਚ ਇਸ ਵੇਲੇ ਜੌਨਾਥਨ ਗੋਲਡਮੈਨ ਇਕ ਜਾਣੀ ਪਛਾਣੀ ਹਸਤੀ ਹਨ। ਉਨ੍ਹਾਂ ਨੇ ਨਾ ਸਿਰਫ ਨਵੀਂ ਤਰਾਂ ਦਾ ਹੀਲਿੰਗ ਸੰਗੀਤ ਤਿਆਰ ਕੀਤਾ ਹੈ ਬਲਕਿ ਸਾਊਂਡ ਸਿਧਾਂਤਾਂ ਤੇ ਮਾਮਲੇ ਵਿੱਚ ਉਨ੍ਹਾਂ ਦੀਆਂ ਖੋਜਾਂ ਤੇ ਟਿਪਣੀਆਂ ਨੇ ਦੁਨੀਆ ਭਰ ਅੰਦਰ ਇੱਕ ਨਵੀਂ ਸੋਚ ਪੈਦਾ ਕੀਤੀ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਧੁਨ ਬਾਰੇ ਸਾਡੇ ਪੁਰਾਤਨ ਵਿਚਾਰਾਂ ਦੀ ਉਨ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਵਿਗਿਆਨਕ ਵਿਆਖਿਆ ਪੇਸ਼ ਕੀਤੀ ਹੈ। ਆਪਣੀ ਬਹੁ ਚਰਚਿਤ ਕਿਤਾਬ 'ਸੈਵਨ ਸੀਕਰੇਟਸ ਆਫ ਸਾਊਂਡ' ਵਿੱਚ ਧੁਨ ਦੀ ਮੂਲ ਪ੍ਰਕਿਰਤੀ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਵਾਸਤਵ ਵਿੱਚ ਸਮੁਚਾ ਬ੍ਰਹਿਮੰਡ ਵੀ ਆਪਣੇ ਮੂਲ ਰੂਪ ਵਿੱਚ ਇੱਕ ਤਰੰਗਿਤ ਵਰਤਾਰਾ ਹੈ। ਸਾਰਾ ਕੁੱਝ ਹੀ ਤਰੰਗ ਹੈ। ਕੁਰਸੀ ਮੇਜ ਤੋਂ ਲੈ ਕੇ ਸਾਡੇ ਆਲੇ ਦੁਆਲੇ ਦਿਸਦੀ ਹਰ ਚੀਜ਼ ਆਪਣੇ ਮੂਲ ਸਰੂਪ ਵਿੱਚ ਥਿਰਕਣ ਵਿੱਚ ਹੈ। ਹਰ ਐਟਮ ਦੇ ਨਿਊਕਲੀਅਸ ਦੁਆਲੇ ਘੁੰਮਦੇ ਇਲੈਕਟ੍ਰਾਨਾਂ ਤੋਂ ਲੈ ਕੇ ਸੂਰਜ ਦੁਆਲੇ ਘੁੰਮਦੇ ਗ੍ਰਹਿਆਂ ਤੱਕ ਜਾਂ ਫੇਰ ਇਸ ਤੋਂ ਵੀ ਅੱਗੇ ਸਾਰਾ ਕੁੱਝ ਗਤੀ ਵਿੱਚ ਹੈ। ਸਾਰਾ ਕੁੱਝ ਥਿਰਕ ਰਿਹਾ ਹੈ। ਜੇ ਇਹ ਥਿਰਕ ਰਿਹਾ ਹੈ ਤਾਂ ਕੁਦਰਤੀ ਹੈ ਕਿ ਧੁਨ ਵੀ ਪੈਦਾ ਕਰ ਰਿਹਾ ਹੈ। ਅੱਗੇ ਇਹ ਹੁਣ ਇੱਕ ਵੱਖਰਾ ਸੁਆਲ ਹੈ ਕਿ ਕੀ ਅਸੀਂ ਇਹ ਧੁਨਾਂ/ਅਵਾਜ਼ਾਂ ਸੁਣ ਸਕਦੇ ਹਾਂ ਜਾਂ ਨਹੀਂ। ਧੁਨ ਤਰੰਗਾਂ ਦੇ ਰੂਪ ਵਿੱਚ ਚੱਲਦੀ ਹੈ। ਧੁਨ ਨੂੰ ਮਾਪਣ ਲਈ ਇੱਕ ਤਰੀਕਾ ਇਹ ਹੁੰਦਾ ਹੈ ਕਿ ਇਹ ਤਰੰਗ ਕਿੰਨੀ ਤੇਜ਼ ਜਾਂ ਹੌਲੀ ਚੱਲ ਰਹੀ ਹੈ। ਇਹ ਤਰੰਗਾਂ ਸਾਈਕਲਾਂ ਜਾਂ ਚੱਕਰਾਂ ਦੇ ਰੂਪ ਵਿੱਚ ਮਾਪੀਆਂ ਜਾਂਦੀਆਂ ਹਨ ਅਤੇ ਇੱਕ ਸੈਕੰਡ ਵਿੱਚ ਇਹ ਕਿੰਨੇ ਚੱਕਰ ਪੂਰੇ ਕਰਦੀ ਹੈ, ਉਸ ਨਾਲ ਸਾਊਂਡ ਜਾਂ ਧੁਨ ਮਾਪੀ ਜਾਂਦੀ ਹੈ। ਇਸੇ ਨੂੰ ਇਸ ਦੀ ਫ੍ਰੀਕੁਐਂਸੀ ਕਿਹਾ ਜਾਂਦਾ ਹੈ। ਬਹੁਤ ਹੌਲੀ ਚੱਲਣ ਵਾਲੀਆਂ ਤਰੰਗਾਂ ਧੀਮੀਆਂ ਧੁੰਨਾਂ ਪੈਦਾ ਕਰਦੀਆਂ ਹਨ ਅਤੇ ਬਹੁਤ ਤੇਜ਼ ਤਰੰਗਾਂ ਨਾਲ ਬਹੁਤ ਉਚੀਆਂ ਧੁਨਾਂ ਪੈਦਾ ਹੁੰਦੀਆਂ ਹਨ। ਪਿਆਨੋ ਦਾ ਸਭ ਤੋਂ ਹੇਠਲਾ ਨੋਟ 24 ਚੱਕਰ ਪ੍ਰਤੀ ਸੈਕੰਡ ਹੁੰਦਾ ਹੈ ਅਤੇ ਸਭ ਤੋਂ ਉਚਾ 4000 ਚੱਕਰ ਪ੍ਰਤੀ ਸੈਕੰਡ ਦਾ ਹੁੰਦਾ ਹੈ। ਇਨਸਾਨੀ ਕੰਨ 16 ਚੱਕਰ ਪ੍ਰਤੀ ਸੈਕੰਡ ਵਾਲੀਆਂ ਧੁਨਾਂ ਤੋਂ ਲੈ ਕੇ 16000 ਚੱਕਰ ਪ੍ਰਤੀ ਸੈਕੰਡ ਵਾਲੀਆਂ ਧੁੰਨਾਂ ਤੱਕ ਸੁਣ ਸਕਦੇ ਹਨ। ਨਾ ਇਸ ਤੋਂ ਹੇਠਾਂ ਵਾਲੀਆਂ ਧੁਨਾਂ ਇਨਸਾਨੀ ਕੰਨ ਸੁਣ ਸਕਦੇ ਹਨ ਅਤੇ ਨਾ ਇਸ ਤੋਂ ਉਪਰ ਵਾਲੀਆਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜਿਹੜਾ ਕੁੱਝ ਅਸੀਂ ਨਹੀਂ ਸੁਣ ਰਹੇ, ਉਹ ਥਿਰਕ ਹੀ ਨਹੀਂ ਰਿਹਾ। ਡੌਲਫਿਨ ਮੱਛੀਆਂ 180000 ਚੱਕਰ ਪ੍ਰਤੀ ਸੈਕੰਡ ਦੀ ਸਪੀਡ ਦੇ ਚੱਲਣ ਵਾਲੀਆਂ ਤਰੰਗਾਂ ਵਾਲੀ ਅਵਾਜ਼ ਸੁਣ ਸਕਦੀਆਂ ਹਨ। ਮਤਲਬ ਕਿ ਇਨਸਾਨੀ ਸਮਰੱਥਾ ਤੋਂ 10 ਗੁਣਾ ਜ਼ਿਆਦਾ ਉਚੀ ਫ੍ਰੀਕੁਐਂਸੀ ਦੀਆਂ ਧੁਨਾਂ ਡੌਲਫਿਨ ਮੱਛੀਆਂ ਸੁਣ ਜਾਂ ਬੋਲ ਸਕਦੀਆਂ ਹਨ।
ਜਦ ਹੁਣ ਸਾਰਾ ਕੁੱਝ ਹੀ ਆਪਣੇ ਮੂਲ ਰੂਪ ਵਿੱਚ ਧੁਨਾਂ ਜਾਂ ਤਰੰਗਾਂ ਦੇ ਰੂਪ ਵਿੱਚ ਹੈ, ਜਿਸ ਨੂੰ ਕਿ ਮੌਜੂਦਾ ਭੌਤਿਕ ਵਿਗਿਆਨ ਵੀ ਚੰਗੀ ਤਰਾਂ ਸਵੀਕਾਰ ਕਰ ਚੁੱਕੀ ਹੈ ਤਾਂ ਫੇਰ ਸੰਗੀਤ ਇੱਕ ਅਜਿਹੀ ਵਿਧੀ ਹੈ, ਜਿਹੜੀ ਸਮੁਚੇ ਬ੍ਰਹਿਮੰਡੀ ਵਰਤਾਰੇ ਦੇ ਮੂਲ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੀ ਹੈ। ਸੰਗੀਤ ਵੀ ਤਰੰਗਾਂ ਦੀ ਹੀ ਖੇਡ ਹੈ। ਤਰੰਗਾਂ ਦੀ ਇਸ ਖੇਡ ਨੂੰ ਇਸ ਤਰੀਕੇ ਨਾਲ ਖੇਡਿਆ ਜਾ ਸਕਦਾ ਹੈ ਕਿ ਇਸ ਨਾਲ ਪਦਾਰਥ ਦਾ ਸਰੂਪ ਵੀ ਬਦਲਿਆ ਜਾ ਸਕਦਾ ਹੈ। ਇਸ ਨਾਲ ਇਨਸਾਨੀ ਸਰੀਰ ਦੇ ਅਣੂਆਂ ਵਿੱਚ ਪਰਿਵਰਤਨ ਲਿਆਂਦਾ ਜਾ ਸਕਦਾ ਹੈ। ਪੱਛਮੀ ਏਸ਼ੀਆ ਵਿੱਚ ਵੈਸਟ ਬੈਂਕ ਦੇ ਕਿਨਾਰੇ ਇੱਕ ਛੋਟਾ ਜਿਹਾ ਇਤਿਹਾਸਕ ਸ਼ਹਿਰ ਜੈਰੀਕੋ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ। ਇਸ ਦਾ ਇਤਿਹਾਸ 11000 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਪੁਰਾਤਨ ਕਾਲ ਵਿੱਚ ਇਸ ਸ਼ਹਿਰ ਦੁਆਲੇ ਬਹੁਤ ਵੱਡੀ ਤੇ ਮਜ਼ਬੂਤ ਚਾਰ ਦੀਵਾਰੀ ਹੋਈ ਸੀ, ਜਿਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਕੋਈ ਵੀ ਫੌਜ ਉਸ ਨੂੰ ਨਹੀਂ ਤੋੜ ਸਕਦੀ। ਇਸ ਸ਼ਹਿਰ ਨਾਲ ਸਬੰਧਤ ਇਕ ਪੁਰਾਤਨ ਮਿੱਥ ਹੈ। 'ਬੁਕ ਔਫ ਜੋਸ਼ੂਆ' ਵਿੱਚ ਇੱਕ ਲੜਾਈ ਦਾ ਜ਼ਿਕਰ ਆਉਂਦਾ ਹੈ, ਜਿਸ ਵਿੱਚ ਇਸਰਾਇਲੀਆਂ ਨੇ ਆਪਣੇ ਰੂਹਾਨੀ ਆਗੂ ਜੋਸ਼ੂਆ ਦੀ ਅਗਵਾਈ ਹੇਠ ਇਸ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਇਸਰਾਈਲੀ ਹਰ ਰੋਜ਼ ਇਸ ਸ਼ਹਿਰ ਦੁਆਲੇ ਨਰਸਿੰਘੇ ਵਜਾਉਂਦੇ ਅਤੇ ਜੈਕਾਰੇ ਛੱਡਦੇ ਹੋਏ ਇੱਕ ਚੱਕਰ ਵਲਦੇ ਸਨ। ਹਰ ਰੋਜ਼ ਇੱਕ ਚੱਕਰ ਵਲਿਆ ਜਾਂਦਾ। ਜਦ ਸੱਤਵੇਂ ਦਿਨ ਸੱਤਵਾਂ ਚੱਕਰ ਵਲਿਆ ਗਿਆ ਤਾਂ ਦੀਵਾਰ ਆਪਣੇ ਆਪ ਢਹਿ ਗਈ। ਜੌਨਾਥਨ ਗੋਲਡਮੈਨ ਜਿਹੇ ਧੁਨੀ ਮਾਹਰਾਂ ਦਾ ਕਹਿਣਾ ਹੈ ਕਿ ਸਿਧਾਂਤਕ ਤੌਰ ਤੇ ਐਨੀ ਉਚੀ ਫ੍ਰੀਕੁਐਂਸ ਦੀਆਂ ਧੁਨਾਂ ਪੈਦਾ ਕਰਨ ਦੀ ਸੰਭਾਵਨਾ ਹੈ ਕਿ ਜਿਸ ਨਾਲ ਵੱਡੀਆਂ ਵੱਡੀਆਂ ਦੀਵਾਰਾਂ ਦੀ ਤੋੜੀਆਂ ਜਾ ਸਕਦੀਆਂ ਹਨ। ਸੰਭਵ ਹੈ ਕਿ ਜੈਰੀਕੋ ਦੀਆਂ ਦੀਵਾਰਾਂ ਅਜਿਹੀਆਂ ਧੁਨਾਂ ਨਾਲ ਹੀ ਤੋੜੀਆਂ ਗਈਆਂ ਹੋਣ। ਜ਼ਿਕਰਯੋਗ ਹੈ ਕਿ ਸੰਗੀਤ ਦੇ ਵੀ ਸੱਤ ਸੁਰ ਹਨ ਅਤੇ ਜੈਰੀਕੋ ਦੁਆਲੇ ਵੀ ਸੱਤ ਚੱਕਰ ਵਲੇ ਗਏ ਸਨ।
ਧੁਨੀ ਮਾਹਰਾਂ ਦਾ ਕਹਿਣਾ ਹੈ ਕਿ ਜਿਵੇਂ ਬ੍ਰਹਿਮੰਡ ਦੀ ਹਰ ਸ਼ੈਅ ਦੀ ਇੱਕ ਆਪਣੀ ਫ੍ਰੀਕੁਐਂਸੀ ਹੈ, ਇਸੇ ਤਰਾਂ ਹਰ ਇਨਸਾਨੀ ਸਰੀਰ ਦੀ ਵੀ ਆਪਣੀ ਫ੍ਰੀਕੁਐਂਸੀ ਹੈ। ਇਨਸਾਨੀ ਸਰੀਰ ਦੀ ਫ੍ਰੀਕੁਐਂਸੀ ਐਨੀ ਉਚੀ ਹੈ ਕਿ ਉਹ ਇਨਸਾਨੀ ਕੰਨਾਂ ਦੇ ਅਨੁਭਵ ਤੋਂ ਬਾਹਰ ਹੈ। ਇਸੇ ਤਰਾਂ ਇਨਸਾਨੀ ਸਰੀਰ ਦੇ ਹਰ ਅੰਗ ਦੀ ਆਪਣੀ ਫ੍ਰੀਕੁਐਂਸੀ ਹੈ। ਜੌਨਾਥਨ ਗੋਲਡਮੈਨ ਕਹਿੰਦੇ ਹਨ ਕਿ ਇਨਸਾਨੀ ਸਰੀਕ ਇੱਕ ਵੱਡੇ ਆਰਕੈਸਟਰਾ ਦੀ ਤਰਾਂ ਹੈ। ਜਦ ਸਰੀਰ ਤੰਦਰੁਸਤ ਹੁੰਦਾ ਹੈ ਤਾਂ ਹਰ ਅੰਗ ਆਪਣੀ ਸੁਰ ਵਿੱਚ ਹੁੰਦਾ ਹੈ। ਜਦ ਕੋਈ ਵੀ ਇੱਕ ਅੰਗ ਬੇਸੁਰਾ ਹੁੰਦਾ ਹੈ ਤਾਂ ਸਮੁਚੇ ਔਰਕੈਸਟਰਾ ਦੀ ਸੁਰ ਵਿਗੜ ਜਾਂਦੀ ਹੈ। ਇਹੀ ਬੇਸੁਰਾਪਣ ਸਰੀਰਕ ਪੱਧਰ ਤੇ ਬਿਮਾਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦਾ ਹੈ। ਸਾਊਂਡ ਹੀਲਿੰਗ ਦੌਰਾਨ ਸਰੀਰ ਦੇ ਕਿਸੇ ਵੀ ਹਿੱਸੇ ਦੀ ਫ੍ਰੀਕੁਐਂਸੀ ਵਿੱਚ ਪੈਦਾ ਹੋਏ ਬੇਸੁਰੇਪਣ ਨੂੰ ਹੀ ਸੰਤੁਲਤ ਕੀਤਾ ਜਾਂਦਾ ਹੈ। ਸਾਊਂਡ ਹੀਲਰ ਬਿਮਾਰੀ ਜਾਂ ਸਮੱਸਿਆ ਮੁਤਾਬਕ ਵੱਖ ਵੱਖ ਚੱਕਰਾਂ ਨੂੰ ਪ੍ਰਭਾਵਤ ਕਰਨ ਲਈ ਸੰਗੀਤ ਜਾਂ ਧੁਨਾਂ ਚਲਾਉਂਦੇ ਹਨ। ਆਧੁਨਿਕ ਮੈਡੀਟੇਸ਼ਨ ਸੰਗੀਤ ਵੀ ਇਸੇ ਤਰਾਂ ਦਾ ਪ੍ਰਭਾਵ ਪੈਦਾ ਕਰਦਾ ਹੈ। ਇਸੇ ਤਰਜ਼ ਦੇ ਜਿਵੇਂ ਹੀਲਿੰਗ ਸਾਊਂਡਜ਼ ਦੁਆਰਾ ਕਿਸੇ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ, ਉਸੇ ਹੀ ਤਰਾਂ ਸਾਊਂਡਜ਼ ਦੁਆਰਾ ਹੀ ਇਨਸਾਨ ਦੀ ਕੁੰਡਲਨੀ ਸ਼ਕਤੀ ਨੂੰ ਵੀ ਜਗਾਇਆ ਜਾ ਸਕਦਾ ਹੈ ਅਤੇ ਇਨਸਾਨ ਲਈ ਉਚ ਚੇਤਨਾ ਦੇ ਦੁਆਰੇ ਖੋਲ੍ਹੇ ਜਾ ਸਕਦੇ ਹਨ। ਪੁਰਾਤਨ ਔਬਜੈਕਟਿਵ ਸੰਗੀਤ ਜਾਂ ਪਵਿਤਰ ਸੰਗੀਤ ਵੀ ਇਸੇ ਤਰਾਂ ਕੁੱਝ ਬੁਨਿਆਦੀ ਬ੍ਰਹਿਮੰਡੀ ਨਿਯਮਾਂ ਦੀ ਜਾਣਕਾਰੀ ਤੇ ਅਧਾਰਤ ਸੀ ਅਤੇ ਉਸ ਦੇ ਅਧਾਰ ਤੇ ਹੀ ਡਿਜ਼ਾਇਨ ਕੀਤਾ ਜਾਂਦਾ ਸੀ। ਇਸ ਸੰਗੀਤ ਵਿੱਚ ਅਜਿਹੀ ਤਾਕਤ ਸੀ, ਜਿਸ ਨਾਲ ਇਹ ਨਾ ਸਿਰਫ ਇਨਸਾਨੀ ਚੇਤਨਾ ਦੇ ਨਵੇਂ ਦੁਆਰ ਖੋਲ੍ਹਣ ਦੇ ਸਮਰੱਥ ਸੀ ਬਲਕਿ ਦੀਵੇ ਜਗਾਉਣ ਜਾਂ ਮੀਂਹ ਪੁਆਉਣ ਜਿਹੇ ਚਮਤਕਾਰ ਵੀ ਕਰ ਸਕਦਾ ਸੀ। ਇਨ੍ਹਾਂ ਸਭ ਸੰਭਾਵਨਾਵਾਂ ਨੂੰ ਅੱਖਾਂ ਮੀਚਕੇ ਅਸੀਂ ਰੱਦ ਨਹੀਂ ਕਰ ਸਕਦੇ।
ਇਨਸਾਨੀ ਸਰੀਰ ਤੋਂ ਲੈ ਕੇ ਸਮੁਚੇ ਬ੍ਰਹਿਮੰਡ ਤੱਕ ਫ੍ਰੀਕੁਐਂਸੀ ਦਾ ਇੱਕ ਪੈਟਰਨ ਹੈ। ਮਿਸਾਲ ਦੇ ਤੌਰ ਤੇ ਜਿਵੇਂ ਕੀਬੋਰਡ ਦੇ 7 ਨੋਟ ਹੁੰਦੇ ਹਨ, ਉਵੇਂ ਹੀ ਇਨਸਾਨੀ ਸਰੀਰ ਦੇ 7 ਚੱਕਰ ਹਨ। ਬ੍ਰਹਿਮੰਡੀ ਪੱਧਰ ਤੇ ਵੀ ਗੁਰਜੀਏਫ ਇਸੇ ਤਰਾਂ ਹੋਂਦ ਦੀਆਂ 7 ਤੈਹਾਂ ਦੀ ਗੱਲ ਕਰਦਾ ਹੈ। ਸਰੀਰ ਦਾ ਹਰ ਚੱਕਰ ਕੀਬੋਰਡ ਦੇ ਵੱਖ ਵੱਖ ਸੁਰਾਂ ਤੇ ਗੂੰਜਦਾ ਜਾਂ ਪ੍ਰਤੀਧੁਨੀ ਪੈਦਾ ਕਰਦਾ ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:
ਪਹਿਲਾ ਚੱਕਰ- ਸਾ ਸੁਰ
ਦੂਜਾ ਚੱਕਰ- ਰੇ
ਤੀਜਾ ਚੱਕਰ - ਗਾ
ਚੌਥਾ ਚੱਕਰ - ਮਾ
ਪੰਜਵਾਂ ਚੱਕਰ- ਪਾ
ਛੇਵਾਂ ਚੱਕਰ - ਧਾ
ਸੱਤਵਾਂ ਚੱਕਰ - ਨੀ

ਇਸੇ ਤਰਾਂ ਕੁੱਝ ਲੋਕਾਂ ਨੇ ਇਹ ਵੀ ਵੰਡ ਕੀਤੀ ਹੈ ਕਿ ਵੱਖ ਵੱਖ ਸੰਗੀਤਕ ਸਾਜ਼ ਵੀ ਵੱਖ ਵੱਖ ਚੱਕਰਾਂ ਨੂੰ ਪ੍ਰਭਾਵਤ ਕਰਦੇ ਹਨ:
ਪਹਿਲਾ ਚੱਕਰ: ਢੋਲ, ਡਰੰਮ
ਦੂਜਾ ਚੱਕਰ: ਇਲੈਕਟ੍ਰਿਕ ਗਿਟਾਰ, ਸੈਕਸੋਫੋਨ,
ਤੀਜਾ ਚੱਕਰ: ਵਾਇਲਨ, ਸ਼ਹਿਨਾਈ, ਪਿਆਨੋ, ਗਿਟਾਰ
ਚੌਥਾ ਚੱਕਰ: ਦਿਲਰੁਬਾ, ਵੀਣਾ, ਸੰਤੂਰ, ਸਰੋਦ
ਪੰਜਵਾਂ ਚੱਕਰ: ਇਨਸਾਨੀ ਅਵਾਜ਼, ਬੰਸਰੀ
ਛੇਵਾਂ ਚੱਕਰ: ਘੰਟੀਆਂ,
ਸੱਤਵਾਂ ਚੱਕਰ: ਸੰਖ, ਕੁਦਰਤੀ ਧੁਨੀਆਂ

ਸਾਰਾ ਔਬਜੈਕਟਿਵ ਸੰਗੀਤ ਬੁਨਿਆਦੀ ਤੌਰ ਤੇ ਸੂਖਮ ਬ੍ਰਹਿਮੰਡੀ ਊਰਜਾ ਦੇ ਨਿਯਮਾਂ ਤੇ ਅਧਾਰਤ ਸੀ ਅਤੇ ਉਸ ਊਰਜਾ ਨੂੰ ਪ੍ਰਭਾਵਤ ਕਰਨ ਦੇ ਮਕਸਦ ਵਾਸਤੇ ਡਿਜ਼ਾਇਨ ਕੀਤਾ ਜਾਂਦਾ ਸੀ। ਭਾਰਤੀ ਸੰਗੀਤ ਸਾਸ਼ਤਰ ਮੁਤਾਬਕ ਪਰਮਾਤਮਾ ਵੀ ਸੰਗੀਤ ਰੂਪ ਹੈ। ਇਸ ਕਰਕੇ ਉਸ ਨੂੰ ਬ੍ਰਹਮਨਾਦ ਕਿਹਾ ਜਾਂਦਾ ਹੈ। ਭਾਰਤੀ ਸਾਸ਼ਤਰੀ ਸੰਗੀਤ ਆਪਣੇ ਮੂਲ ਰੂਪ ਵਿੱਚ ਬ੍ਰਹਿਮੰਡੀ ਊਰਜਾ ਨੂੰ ਸਾਧਣ ਜਾਂ ਉਸ ਨਾਲ ਇੱਕਸੁਰ ਹੋਣ ਦੀ ਵਿਧੀ ਹੀ ਸੀ।
ਇਸੇ ਤਰਾਂ ਬ੍ਰਹਿਮੰਡੀ ਊਰਜਾ ਦੇ ਨਿਯਮਾਂ ਤੇ ਅਧਾਰਤ ਭਵਨ ਨਿਰਮਾਣ ਕਲਾ ਸੀ। ਵਾਸਤੂ ਸਾਸ਼ਤਰ ਬੁਨਿਆਦੀ ਤੌਰ ਤੇ ਬ੍ਰਹਿਮੰਡੀ ਊਰਜਾ ਪ੍ਰਤੀ ਸੰਵੇਦਨਸ਼ੀਲ ਇੱਕ ਸਾਇੰਸ ਹੀ ਸੀ। ਪੁਰਾਣੇ ਮੰਦਰਾਂ ਦੀਆਂ ਬਿਲਡਿੰਗਾਂ, ਮੂਰਤੀਆਂ ਇਨ੍ਹਾਂ ਨਿਯਮਾਂ ਤੇ ਹੀ ਅਧਾਰਤ ਸਨ। ਭਾਰਤ ਵਿੱਚ ਖਜੂਰਾਹੋ ਦੇ ਮੰਦਰਾਂ, ਅਜੰਤਾ ਅਤੇ ਐਲੋਰਾਂ ਦੀਆਂ ਗੁਫਾਵਾਂ ਆਦਿ ਨੂੰ ਔਬਜੈਕਟਿਵ ਆਰਟ ਦੇ ਨਮੂਨੇ ਹੀ ਕਿਹਾ ਜਾਂਦਾ ਹੈ। ਮਿਸਰ ਦੇ ਪਿਰਾਮਿਡ ਵੀ ਬ੍ਰਹਿਮੰਡੀ ਊਰਜਾ ਦੀ ਸਾਇੰਸ ਤੇ ਹੀ ਅਧਾਰਤ ਸਨ। ਆਧੁਨਿਕ ਦੌਰ ਵਿੱਚ ਕੁਝ ਲੋਕਾਂ ਨੇ ਪਿਰਾਮਿਡਾਂ ਦੀ ਇਸ ਸਾਇੰਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਇਨ੍ਹਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਿਰਾਮਿਡਾਂ ਦੀ ਪੂਰੀ ਸਾਇੰਸ ਸ਼ਾਇਦ ਇਨਸਾਨੀ ਸਭਿਅਤਾ ਤੋਂ ਲਾਪਤਾ ਹੋ ਚੁਕੀ ਹੈ, ਪਰ ਇਸ ਦੇ ਕੁੱਝ ਪਹਿਲੂਆਂ ਦੀ ਵਿਆਖਿਆ ਕੁੱਝ ਲੋਕ ਕਰਦੇ ਹਨ। ਇਨ੍ਹਾਂ ਮੁਤਾਬਕ ਗੀਜ਼ਾ ਦੇ ਵੱਡੇ ਪਿਰਾਮਿਡ ਦੀ ਉਪਰਲੀ ਬਾਹੀ 52 ਡਿਗਰੀ ਦੇ ਕੋਣ ਤੇ ਬਣੀ ਹੈ, ਜਿਸ ਦਾ ਇੱਕ ਖਾਸ ਅਰਥ ਹੈ। ਇਸੇ ਤਰਾਂ ਪਿਰਾਮਿਡਾਂ ਦੇ ਚਾਰੇ ਕੋਣਾਂ ਦੀ ਦਿਸ਼ਾ ਤੇ ਹੋਰ ਅਨੇਕਾਂ ਪਹਿਲੂ ਧਿਆਨ ਵਿੱਚ ਰੱਖੇ ਜਾਂਦੇ ਹਨ। ਜਿਸ ਵਿੱਚ ਸੇਕਰਡ ਜਿਊਮੈਟਰੀ ਦੀਆਂ ਬੇਅੰਤ ਗਿਣਤੀਆਂ ਮਿਣਤੀਆਂ ਸ਼ਾਮਲ ਹਨ। ਹੁਣ ਸਮਝੇ ਗਏ ਕੁੱਝ ਕੁ ਨਿਯਮਾਂ ਦੇ ਅਧਾਰ ਤੇ ਕੁੱਝ ਲੋਕਾਂ ਨੇ ਛੋਟੇ ਪਿਰਾਮਿਡ ਡਿਜ਼ਾਇਨ ਤਿਆਰ ਕੀਤੇ ਹਨ, ਜਿਹੜੇ ਹੀਲਿੰਗ ਵਗੈਰਾ ਲਈ ਵਰਤੇ ਜਾਂਦੇ ਹਨ। ਇਨ੍ਹਾਂ ਛੋਟੇ ਪਿਰਾਮਿਡ ਡਿਜ਼ਾਇਨਾਂ ਤੇ ਇਨ੍ਹਾਂ ਲੋਕਾਂ ਨੇ ਕਈ ਤਜ਼ਰਬੇ ਕੀਤੇ। ਇਨ੍ਹਾਂ ਪਿਰਾਮਿਡਾਂ ਦੇ ਅੰਦਰ ਰੱਖੀਆਂ ਸਬਜ਼ੀਆਂ ਕਈ ਕਈ ਦਿਨ ਖਰਾਬ ਨਹੀਂ ਹੁੰਦੀਆਂ। ਇਸੇ ਤਰਾਂ ਇਸ ਵਿੱਚ ਰੱਖੇ ਸ਼ੇਵਿੰਗ ਬਲੇਡ ਕਈ ਕਈ ਮਹੀਨੇ ਉਸੇ ਤਰਾਂ ਤਿੱਖੇ ਪਏ ਰਹਿੰਦੇ ਹਨ। ਇਹ ਛੋਟੇ ਪਿਰਾਮਿਡ ਮੈਡੀਟੇਸ਼ਨ ਲਈ ਵੀ ਵਰਤੇ ਜਾਂਦੇ ਹਨ। ਸਮਝਿਆ ਜਾਂਦਾ ਹੈ ਕਿ ਪਿਰਾਮਿਡਾਂ ਦਾ ਸਮੁਚਾ ਡਿਜ਼ਾਇਨ, ਉਨ੍ਹਾਂ ਵਿੱਚ ਵਰਤੀ ਗਈ ਸਮੱਗਰੀ ਬ੍ਰਹਿਮੰਡੀ ਊਰਜਾ ਦਾ ਆਪਣੇ ਅੰਦਰ ਇੱਕ ਖਾਸ ਤਰੀਕੇ ਨਾਲ ਸੰਚਾਰ ਕਰਦੀ ਹੈ। ਊਰਜਾ ਦਾ ਇਹ ਬੇਅੰਤ ਪਰਵਾਹ ਹੀ ਇਸ ਦੇ ਅੰਦਰ ਪਈਆਂ ਚੀਜ਼ਾਂ ਨੂੰ ਖਰਾਬ ਨਹੀਂ ਹੋਣ ਦਿੰਦਾ। ਪਿਰਾਮਿਡਾਂ ਦੀ ਸਾਇੰਸ ਨੂੰ ਸਮਝਣ ਦੀਆਂ ਇਹ ਕੁੱਝ ਮੁਢਲੀਆਂ ਜਿਹੀਆਂ ਕੋਸ਼ਿਸ਼ਾਂ ਹਨ। ਪੁਰਾਤਨ ਬਿਲਡਿੰਗਾਂ, ਮੂਰਤੀਆਂ ਆਦਿ ਕਿਸੇ ਅਜਿਹੀ ਲੁਪਤ ਹੋ ਗਈ ਸਾਇੰਸ ਤੇ ਅਧਾਰਤ ਸਨ।
ਪ੍ਰਾਚੀਨ ਭਾਰਤੀ ਪਰੰਪਰਾ ਮੁਤਾਬਕ ਸਮੁਚਾ ਬ੍ਰਹਿਮੰਡ ਊਰਜਾ ਦਾ ਨ੍ਰਿਤ ਹੈ। ਜਿਸ ਦੀ ਪੇਸ਼ਕਾਰੀ ਨਟਰਾਜ ਦੇ ਰੂਪ ਵਿੱਚ ਕੀਤੀ ਗਈ ਹੈ। ਭਾਰਤਨਾਟਯਮ ਤੇ ਉਡੀਸੀ ਵਰਗੇ ਭਾਰਤੀ ਕਲਾਸੀਕਲ ਡਾਂਸ ਆਪਣੇ ਮੂਲ ਰੂਪ ਵਿੱਚ ਮੰਦਰਾਂ ਦੇ ਡਾਂਸ ਸਨ। ਗੁਰਜੀਏਫ ਨੇ ਵੀ ਇਨ੍ਹਾਂ ਡਾਂਸਾਂ ਦਾ ਜ਼ਿਕਰ ਕੀਤਾ ਹੈ ਅਤੇ ਉਸ ਦੀਆਂ ਡਾਂਸ ਮੂਵਮੈਂਟਸ ਦਾ ਮੂਲ ਅਜਿਹੀਆਂ ਪਵਿਤਰ ਡਾਂਸ ਪਰੰਪਰਾਂਵਾਂ ਵਿੱਚ ਹੀ ਹੈ। ਇਹ ਡਾਂਸ ਮਨੋਰੰਜਨ ਦੇ ਡਾਂਸ ਨਹੀਂ ਸਨ ਬਲਕਿ ਬ੍ਰਹਿਮੰਡੀ ਊਰਜਾ ਦੇ ਨਿਯਮਾਂ ਤੇ ਅਧਾਰਤ ਆਤਮਿਕ ਵਿਕਾਸ ਦੀ ਇੱਕ ਆਪਣੀ ਕਿਸਮ ਦੀ ਸਾਇੰਸ ਸੀ। ਇਸ ਡਾਂਸ ਦੁਆਰਾ ਬ੍ਰਹਿਮੰਡ ਅਤੇ ਪਿੰਡ ਦੀ ਊਰਜਾ ਨੂੰ ਸਾਧਿਆ ਜਾਂਦਾ ਸੀ ਅਤੇ ਉਸ ਨਾਲ ਇਕਸੁਰਤਾ ਸਥਾਪਤ ਕੀਤੀ ਜਾਂਦੀ ਸੀ। ਨਾਟਯ ਯੋਗ ਵੀ ਇਸੇ ਸਿਧਾਂਤ ਤੇ ਅਧਾਰਤ ਸੀ। ਆਧੁਨਿਕ ਯੁਗ ਵਿੱਚ ਜਦੋਂ ਇਸ ਨ੍ਰਿਤ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਗੁਆਚ ਗਈ ਤਾਂ ਇਹ ਮਹਿਜ਼ ਮਨੋਰੰਜਨ ਦੀਆਂ ਵਿਧਾਵਾਂ ਬਣਕੇ ਰਹਿ ਗਈਆਂ। ਭਾਰਤੀ ਪਰੰਪਰਾ ਮੁਤਾਬਕ ਚਾਰ ਵੇਦਾਂ ਤੋਂ ਇਲਾਵਾ ਇੱਕ ਪੰਜਵਾਂ ਵੇਦ ਸੀ, ਜਿਸ ਵਿੱਚ ਭਾਰਤੀ ਕਲਾ ਦੇ ਸਿਧਾਂਤ ਦਰਜ ਸਨ। ਉਸ ਵੇਦ ਬਾਰੇ ਕਿਹਾ ਜਾਂਦਾ ਹੈ ਕਿ ਉਹ ਗੁਆਚ ਗਿਆ ਹੈ। ਮੌਖਿਕ ਪਰੰਪਰਾ ਦੁਆਰਾ ਉਸ ਦਾ ਥੋੜ੍ਹਾ ਬਹੁਤ ਜੋ ਗਿਆਨ ਬਚਿਆ ਸੀ, ਉਸੇ ਨੂੰ ਅਧਾਰ ਬਣਾਕੇ ਭਰਤਮੁਨੀ ਨੇ ਨਾਟਯ ਸਾਸ਼ਤਰ ਦੀ ਰਚਨਾ ਕੀਤੀ ਸੀ। ਨਾਟਯ ਵੇਦ ਸੰਭਵ ਹੈ ਕਿ ਉਸ ਕਲਾ ਦਾ ਸੰਪੂਰਨ ਸਾਸ਼ਤਰ ਹੋਵੇ, ਜਿਸ ਨੂੰ ਅਸੀਂ ਆਧੁਨਿਕ ਯੁਗ ਵਿੱਚ ਔਬਜੈਕਟਿਵ ਆਰਟ ਕਹਿ ਰਹੇ ਹਾਂ।

ਜਿਨ੍ਹਾਂ ਬ੍ਰਹਿਮੰਡੀ ਨਿਯਮਾਂ ਦਾ ਕੁਝ ਜ਼ਿਕਰ ਅਸੀਂ ਸੰਗੀਤ, ਭਵਨ ਨਿਰਮਾਣ ਕਲਾ, ਜਾਂ ਨ੍ਰਿਤ ਦੇ ਮਾਮਲੇ ਵਿੱਚ ਕੀਤਾ ਹੈ, ਉਹੀ ਨਿਯਮ ਆਰਟ ਦੇ ਦੂਸਰੇ ਰੂਪਾਂ ਵਿੱਚ ਵਰਤੇ ਜਾਂਦੇ ਹੋਣਗੇ, ਚਾਹੇ ਉਹ ਚਿਤਰਕਲਾ ਹੋਵੇ ਅਤੇ ਜਾਂ ਸਾਹਿਤ ਦੇ ਵੱਖ ਵੱਖ ਰੂਪ ਹੋਣ। ਜਾਂ ਇਹ ਵੀ ਹੋ ਸਕਦਾ ਹੈ ਕਿ ਆਰਟ ਦੀਆਂ ਦੂਸਰੀਆਂ ਵਿਧਾਵਾਂ ਦੇ ਕੁੱਝ ਇਸੇ ਤਰਾਂ ਦੇ ਵੱਖਰੇ ਵਿਗਿਆਨਕ ਨਿਯਮ ਹੋਣ। ਜਿਨ੍ਹਾਂ ਦੀ ਹੁਣ ਸਾਨੂੰ ਜਾਣਕਾਰੀ ਨਹੀਂ।
ਵੇਦ ਮੰਤਰ, ਕੁਰਾਨ ਦੀਆਂ ਆਇਤਾਂ ਅਤੇ ਗੁਰਬਾਣੀ ਸ਼ਾਇਦ ਅਜਿਹੇ ਨਿਯਮਾਂ ਤੇ ਹੀ ਅਧਾਰਤ ਹਨ। ਵੇਦ ਮੰਤਰਾਂ ਅਤੇ ਕੁਰਾਨ ਦੀਆਂ ਆਇਤਾਂ ਨੂੰ ਪੜ੍ਹਨ ਜਾਂ ਉਨ੍ਹਾਂ ਦੇ ਉਚਾਰਨ ਦੀਆਂ ਕੁੱਝ ਖਾਸ ਵਿਧੀਆਂ ਹਨ। ਮੰਤਰਾਂ ਜਾਂ ਆਇਤਾਂ ਦੇ ਉਚਾਰਨ ਦੀਆਂ ਵਿਧੀਆਂ ਮੁਢ ਤੋਂ ਹੀ ਚਲੀਆਂ ਆ ਰਹੀਆਂ ਹਨ ਅਤੇ ਇਸ ਬਾਰੇ ਸਖਤ ਨਿਯਮ ਹਨ। ਇਹ ਕਿਹਾ ਜਾਂਦਾ ਹੈ ਕਿ ਜੇ ਇਨ੍ਹਾਂ ਦਾ ਉਚਾਰਨ ਦੱਸੀਆਂ ਹੋਈਆਂ ਵਿਧੀਆਂ ਮੁਤਾਬਕ ਨਾ ਕੀਤਾ ਜਾਵੇ ਤਾਂ ਇਹ ਉਹ ਅਸਰ ਪੈਦਾ ਨਹੀਂ ਕਰਦੀਆਂ, ਜਿਹੜਾ ਹਰ ਮੰਤਰ ਜਾਂ ਆਇਤ ਨਾਲ ਜੋੜਿਆ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਹੀ ਉਚਾਰਨ ਨਾ ਕੀਤਾ ਜਾਵੇ ਤਾਂ ਉਸਦਾ ਉਲਟ ਅਸਰ ਵੀ ਪੈਦਾ ਹੋ ਜਾਂਦਾ ਹੈ। ਹਰ ਮੰਤਰ ਕੁੱਝ ਖਾਸ ਤਰਾਂ ਦੀਆਂ ਦੈਵੀ ਸ਼ਕਤੀਆਂ ਨੂੰ ਉਜਾਗਰ ਕਰਦਾ ਹੈ ਜਾਂ ਜੇ ਇਸਲਾਮ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਹਰ ਆਇਤ ਦੇ ਉਚਾਰਨ ਨਾਲ ਕੁੱਝ ਖਾਸ ਤਰਾਂ ਦੇ ਫਰਿਸ਼ਤੇ ਨਾਜ਼ਲ ਹੁੰਦੇ ਹਨ। ਸਾਡੀਆਂ ਪੁਰਾਤਨ ਰੂਹਾਨੀ ਵਿਗਿਆਨਾਂ ਵਿੱਚ ਸਮੁਚੀ ਕੁਦਰਤ ਦਾ ਮਾਨਵੀਕਰਨ ਕੀਤਾ ਗਿਆ ਹੈ ਅਤੇ ਹਰ ਕੁਦਰਤੀ ਸ਼ਕਤੀ ਨੂੰ ਕਿਸੇ ਦੇਵੀ ਦੇਵਤੇ ਜਾਂ ਫਰਿਸ਼ਤੇ ਦੇ ਰੂਪ ਵਿੱਚ ਦੇਖਿਆ ਗਿਆ ਹੈ। ਜੇ ਅਸੀਂ ਅੱਜ ਦੀ ਸਾਇੰਸ ਦੀ ਭਾਸ਼ਾ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਵੀ ਕਹਿ ਸਕਦੇ ਹਾਂ ਕਿ ਹਰ ਮੰਤਰ ਜਾਂ ਆਇਤ ਦੀ ਇੱਕ ਆਪਣੀ ਖਾਸ ਫ੍ਰੀਕਐਂਸੀ ਹੈ ਅਤੇ ਉਹ ਕੁੱਝ ਖਾਸ ਤਰਾਂ ਦੀਆਂ ਕੁਦਰਤੀ ਸ਼ਕਤੀਆਂ ਜਾਂ ਊਰਜਾ ਨੂੰ ਜਗਾਉਂਦੀ ਹੈ। ਇਹੀ ਗੱਲ ਗੁਰਬਾਣੀ ਬਾਰੇ ਕਹੀ ਜਾ ਸਕਦੀ ਹੈ। ਗੁਰਬਾਣੀ ਦੀ ਇੱਕ ਖਾਸ ਵਿਆਕਰਨ ਹੈ ਅਤੇ ਗੁਰਬਾਣੀ ਦੇ ਗਾਇਨ ਦੀ ਇੱਕ ਖਾਸ ਵਿਧੀ ਨਿਰਧਾਰਤ ਕੀਤੀ ਗਈ ਹੈ। ਹਰ ਸ਼ਬਦ ਨਾਲ ਕੋਈ ਖਾਸ ਰਾਗ ਜੁੜਿਆ ਹੈ ਅਤੇ ਇਸ ਮੁਤਾਬਕ ਹਰ ਸ਼ਬਦ ਦੇ ਗਾਇਨ ਦਾ ਇੱਕ ਖਾਸ ਸਮਾਂ ਵੀ ਨਿਸ਼ਚਿਤ ਕੀਤਾ ਗਿਆ ਹੈ। ਇਹ ਸਾਰਾ ਕੁੱਝ ਐਵੇਂ ਨਹੀਂ ਹੈ। ਗੁਰਬਾਣੀ ਵਿਆਕਰਣ ਦੀ ਜੋ ਵਿਆਖਿਆ ਪ੍ਰੋ ਸਾਹਿਬ ਸਿੰਘ ਨੇ ਕੀਤੀ ਹੈ, ਉਹ ਸ਼ਾਇਦ ਸੰਪੂਰਨ ਨਹੀਂ ਹੈ। ਇਹ ਸਭ ਅਜਿਹੇ ਬ੍ਰਹਿਮੰਡੀ ਨਿਯਮਾਂ ਤੇ ਅਧਾਰਤ ਹੈ, ਜਿਨ੍ਹਾਂ ਦੀ ਜਾਣਕਾਰੀ ਆਧੁਨਿਕ ਸਭਿਅਤਾ ਕੋਲ ਨਹੀਂ ਹੈ। ਭਾਈ ਹਰਭਜਨ ਸਿੰਘ ਯੋਗੀ ਜੀ ਨੇ ਗੁਰਬਾਣੀ ਨੂੰ ਸ਼ਬਦ ਗੁਰੂ ਦੀ ਕੁਅੰਟਮ ਤਕਨਾਲੋਜੀ ਕਿਹਾ ਹੈ। ਗੁਰਬਾਣੀ ਧੁਨਾਂ ਦੇ ਪ੍ਰਭਾਵ ਦੀ ਵਿਆਖਿਆ ਕਰਦੇ ਹੋਏ ਉਹ ਕਹਿੰਦੇ ਹਨ ਕਿ ਸਾਡਾ ਮੂੰਹ ਇੱਕ ਕੀ-ਬੋਰਡ ਦੀ ਤਰਾਂ ਹੈ। ਇਸ ਦੇ ਵੱਖ ਵੱਖ ਬਿੰਦੂ ਦਿਮਾਗ ਦੇ ਵੱਖ ਵੱਖ ਹਿੱਸਿਆ ਨਾਲ ਜੁੜੇ ਹਨ। ਗੁਰਬਾਣੀ ਉਚਾਰਨ ਦੌਰਾਨ ਸਾਡੀ ਜੀਭ ਇੱਕ ਖਾਸ ਤਰਤੀਬ ਵਿੱਚ ਇਨ੍ਹਾਂ ਬਿੰਦੂਆਂ ਨੂੰ ਛੁੰਹਦੀ ਹੈ ਅਤੇ ਸਾਡੇ ਦਿਮਾਗ ਅੰਦਰ ਕੁੱਝ ਖਾਸ ਤਰਾਂ ਦੇ ਪ੍ਰਭਾਵ ਸਿਰਜਦੀ ਹੈ। ਉਹ ਕਹਿੰਦੇ ਹਨ ਕਿ ਸਾਡੇ ਮੂੰਹ ਵਿੱਚ ਉਪਰਲੇ ਹਿੱਸੇ ਵਿੱਚ ਕੁਲ 84 ਬਿੰਦੂ ਹਨ, ਜਿਨ੍ਹਾਂ ਦੀ ਤਾਰ ਅੱਗੇ ਦਿਮਾਗ ਨਾਲ ਜੁੜੀ ਹੈ। ਮੂੰਹ ਦੇ ਤਾਲੂ ਦੇ ਦੋ ਹਿੱਸੇ ਹਨ- ਸਖਤ ਅਤੇ ਨਰਮ ਤਾਲੂ। ਸਖਤ ਤਾਲੂ ਦੰਦਾਂ ਦੇ ਬਿਲਕੁਲ ਨਾਲ ਨਾਲ ਹੈ ਅਤੇ ਨਰਮ ਤਾਲੂ ਮੂੰਹ ਦੀ ਐਨ ਛੱਤ ਤੇ ਸਥਿਤ ਹੈ। 64 ਬਿੰਦੂ ਸਖਤ ਤਾਲੂ ਵਿੱਚ ਹਨ ਅਤੇ 20 ਬਿੰਦੂ ਨਰਮ ਤਾਲੂ ਵਿੱਚ ਹਨ। ਗੁਰਬਾਣੀ ਦਾ ਜਦੋਂ ਉਚੀ ਅਵਾਜ਼ ਵਿੱਚ ਪਾਠ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਬਿੰਦੂਆਂ ਦੀ ਹਰਕਤ ਨਾਲ ਦਿਮਾਗ ਤੱਕ ਇੱਕ ਖਾਸ ਤਰਾਂ ਦੀ ਸੂਚਨਾ ਦਾ ਸੰਚਾਰ ਹੁੰਦਾ ਹੈ, ਜਿਹੜੀ ਦਿਮਾਗ ਦੀ ਰਸਾਇਣਕਤਾ ਬਦਲਦੀ ਹੈ। ਇਸ ਸਬੰਧ ਵਿੱਚ ਯੋਗੀ ਜੀ ਦੇ ਸਾਥੀਆਂ ਦੁਆਰਾ ਐਰੀਜ਼ੋਨਾ ਯੂਨੀਵਰਸਿਟੀ ਵਿੱਚ ਪੀਈਟੀ ਸਕੈਨ ਦੀ ਮਦਦ ਨਾਲ ਇੱਕ ਅਧਿਐਨ ਕੀਤਾ ਗਿਆ। ਗੁਰਬਾਣੀ ਦੇ ਕੁੱਝ ਸ਼ਬਦਾਂ ਦੇ ਪਾਠ ਅਤੇ ਗੁਰਮੰਤਰ ਦੇ ਜਾਪ ਤੋਂ ਬਾਅਦ ਦਿਮਾਗ ਦੀਆਂ ਪ੍ਰਕਿਰਿਆਵਾਂ ਵਿੱਚ ਇੱਕ ਖਾਸ ਤਰਾਂ ਦੀ ਪਾਜ਼ਿਟਿਵ ਤਬਦੀਲੀ ਦੇਖੀ ਗਈ। ਇਹ ਬਹੁਤ ਮੁਢਲੀਆਂ ਜਿਹੀਆਂ ਖੋਜਾਂ ਹਨ। ਆਧੁਨਿਕ ਵਿਗਿਆਨਕ ਤਕਨਾਲੋਜੀ ਨਾਲ ਇਸ ਤਰਾਂ ਦੇ ਅਸਰਾਂ ਦਾ ਪੂਰਾ ਰਾਜ਼ ਖੋਲ੍ਹਣ ਲਈ ਸ਼ਾਇਦ ਬਹੁਤ ਸਮਾਂ ਲੱਗੇਗਾਾ। ਸਾਡੇ ਇਹ ਸਾਰੇ ਪੁਰਾਤਨ ਗ੍ਰੰਥਾਂ ਕੁਝ ਅਜਿਹੇ ਨਿਯਮਾਂ ਤੇ ਹੀ ਅਧਾਰਤ ਹਨ। ਗੁਰਬਾਣੀ ਦੀ ਬਣਤਰ ਕੁੱਝ ਅਜਿਹੇ ਬ੍ਰਹਿਮੰਡੀ ਨਿਯਮਾਂ ਤੇ ਅਧਾਰਤ ਹੈ, ਜਿਹੜੀ ਸਹਿਜ ਰੂਪ ਵਿੱਚ ਹੀ ਕੁੱਝ ਖਾਸ ਤਰਾਂ ਦੀਆਂ ਕੁਦਰਤੀ ਸ਼ਕਤੀਆਂ ਨੂੰ ਜਗਾਉਂਦੀ ਹੈ। ਨਿਤਨੇਮ ਅਤੇ ਸ੍ਰੀ ਅਖੰਡ ਪਾਠ ਦੀ ਪ੍ਰਥਾ ਇਨ੍ਹਾਂ ਨਿਯਮਾਂ ਦੇ ਅਧਾਰ ਤੇ ਹੀ ਸ਼ੁਰੂ ਕੀਤੀ ਗਈ। ਨਿਤਨੇਮ ਦੀਆਂ ਬਾਣੀਆਂ ਦਾ ਪਾਠ ਭਾਵੇਂ ਬਿਨ੍ਹਾਂ ਸਮਝਿਆਂ ਵੀ ਕੀਤਾ ਜਾਵੇ, ਫੇਰ ਵੀ ਉਹ ਕੁੱਝ ਖਾਸ ਤਰਾਂ ਦੇ ਪ੍ਰਭਾਵ ਜ਼ਰੂਰ ਸਿਰਜਦਾ ਹੈ। ਅਖੰਡ ਪਾਠ ਦੀ ਪ੍ਰਥਾ ਵੀ ਇਨ੍ਹਾਂ ਨਿਯਮਾਂ ਤੇ ਹੀ ਅਧਾਰਤ ਹੈ। ਆਧੁਨਿਕ ਦੌਰ ਵਿੱਚ ਕਿਉਂਕਿ ਸਾਨੂੰ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਨਹੀਂ, ਇਸ ਕਰਕੇ ਸਾਡੀ ਤਾਰਕਿਕ ਬੁਧੀ ਨੂੰ ਨਿਤਨੇਮ ਤੇ ਅਖੰਡ ਪਾਠ ਜਿਹੀਆਂ ਪ੍ਰਥਾਵਾਂ ਦੀ ਵਿਆਖਿਆ ਕਰਨੀ ਮੁਸ਼ਕਲ ਹੋ ਜਾਂਦੀ ਹੈ। ਸ਼ਾਇਦ ਮਹਾਂਭਾਰਤ ਜਿਹੇ ਮਹਾਂਕਾਵਿ ਵੀ ਅਜਿਹੇ ਹੀ ਨਿਯਮਾਂ ਤੇ ਅਧਾਰਤ ਹਨ, ਜਿਨ੍ਹਾਂ ਦੀ ਪੂਰਨ ਵਿਆਖਿਆ ਅਸੀਂ ਲੋਕ ਨਹੀਂ ਕਰ ਸਕਦੇ। ਇਨ੍ਹਾਂ ਦੀ ਕਾਰਜਵਿਧੀ ਸ਼ਾਇਦ ਜ਼ਿਆਦਾ ਜਟਿਲ ਹੈ।
ਇਥੇ ਆਕੇ ਇੱਕ ਹੋਰ ਸੁਆਲ ਪੈਦਾ ਹੁੰਦਾ ਹੈ। ਕੀ ਕਵਿਤਾ ਜਾਂ ਸਾਹਿਤ ਦੇ ਇਹ ਰੂਪ ਸਿਰਫ ਧੁਨੀ ਦੇ ਪੱਖ ਤੋਂ ਹੀ ਔਬਜੈਕਟਿਵ ਕਲਾ ਦੇ ਰੂਪ ਗਿਣੇ ਜਾ ਸਕਦੇ ਹਨ, ਜਾਂ ਆਪਣੇ ਅਰਥਾਂ ਪੱਖੋਂ, ਜਾਂ ਕਿਸੇ ਹੋਰ ਪਹਿਲੂ ਤੋਂ ਵੀ ਇਹ ਉਸ ਅਰਥ ਵਿੱਚ ਐਬਜੈਕਟਿਵ ਕਲਾ ਹਨ, ਜਿਸ ਦੀ ਅਸੀਂ ਇਥੇ ਗੱਲ ਕਰ ਰਹੇ ਹਾਂ। ਮੈਂ ਕੁਰਾਨ ਦੀਆਂ ਆਇਤਾਂ ਦੀ ਤਾਕਤ ਬਾਰੇ ਇੱਕ ਸੂਫੀ ਸੰਤ ਨੂੰ ਪੁੱਛਿਆ ਕਿ ਇਨ੍ਹਾਂ ਦੀ ਤਾਕਤ ਇਨ੍ਹਾਂ ਦੀਆਂ ਧੁਨਾਂ ਵਿੱਚ ਹੁੰਦੀ ਹੈ ਜਾਂ ਅਰਥਾਂ ਵਿੱਚ। ਉਨ੍ਹਾਂ ਜਵਾਬ ਦਿੱਤਾ ਕਿ ਦੋਵਾਂ ਵਿਚ। ਇਥੋਂ ਹੀ ਮੇਰੇ ਮਨ ਅੰਦਰ ਇਹ ਸੁਆਲ ਪੈਦਾ ਹੋ ਗਿਆ ਕਿ ਅਰਥ ਆਪਣੀ ਤਾਕਤ ਕਿਵੇਂ ਸੰਚਾਰ ਕਰਦੇ ਹਨ, ਸਿੱਧਾ ਬੁਧੀ ਰਾਹੀਂ ਜਾਂ ਕਿਸੇ ਹੋਰ ਰਸਤੇ ਥਾਣੀਂ ਵੀ। ਇਸ ਨੇ ਮੇਰਾ ਧਿਆਨ ਇੱਕ ਜਪਾਨੀ ਵਿਗਿਆਨੀ ਡਾ ਮਸਾਰੂ ਇਮੋਤੋ ਦੀਆਂ ਖੋਜਾਂ ਵੱਲ ਖਿੱਚਿਆ। ਪਾਣੀ ਦੀ ਪ੍ਰਕਿਰਤੀ ਬਾਰੇ ਉਸ ਨੇ ਇਤਿਹਾਸਕ ਖੋਜਾਂ ਕੀਤੀਆਂ ਹਨ। ਜੀਵਨ ਤੇ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਵੱਲ ਇਮੋਤੋ ਦੀਆਂ ਖੋਜਾਂ ਇੱਕ ਵੱਡਾ ਮੀਲ ਪੱਥਰ ਹਨ। ਕੁੱਝ ਸਾਲ ਪਹਿਲਾਂ ਇਮੋਤੋ ਦੇ ਮਨ ਵਿੱਚ ਇਹ ਜਗਿਆਸਾ ਪੈਦਾ ਹੋ ਗਈ ਕਿ ਪਾਣੀ ਕਿਉਂਕਿ ਇਨਸਾਨੀ ਸਰੀਰ ਤੇ ਧਰਤੀ ਦਾ ਬਹੁਤ ਵੱਡਾ ਹਿੱਸਾ ਹੈ ਅਤੇ ਇਸ ਨੂੰ ਜੀਵਨ ਦਾ ਮੂਲ ਸਮਝਿਆ ਜਾਂਦਾ ਹੈ, ਇਸ ਕਰਕੇ ਇਸ ਦੀ ਪ੍ਰਕਿਰਤੀ ਨੂੰ ਸਮਝੇ ਬਗੈਰ ਜੀਵਨ ਦੇ ਭੇਤ ਨਹੀਂ ਖੁਲ੍ਹ ਸਕਦੇ। ਕੁੱਝ ਸੋਚ ਵਿਚਾਰ ਤੋਂ ਬਾਅਦ ਉਹ ਇਸ ਗੱਲ ਵਿੱਚ ਕਾਮਯਾਬ ਹੋ ਗਿਆ ਕਿ ਤੇਜ਼ ਗਤੀ ਤੇ ਚੱਲਣ ਵਾਲੇ ਕੈਮਰਿਆਂ ਦੀ ਮਦਦ ਨਾਲ ਜੰਮੇ ਹੋਏ ਪਾਣੀ ਦੇ ਕ੍ਰਿਸਟਲਜ਼ ਦੀਆਂ ਫੋਟੋਆਂ ਖਿੱਚ ਸਕੇ। ਜਦ ਉਸ ਨੇ ਇਹ ਫੋਟੋਆਂ ਦੇਖਣੀਆਂ ਸ਼ੁਰੁ ਕੀਤੀਆਂ ਤਾਂ ਉਸ ਦੇ ਸਾਹਮਣੇ ਇੱਕ ਅਦਭੁਤ ਸੰਸਾਰ ਖੁਲ੍ਹ ਗਿਆ। ਪਾਣੀ ਦੇ ਕ੍ਰਿਸਟਲਾਂ ਦੀਆਂ ਇਹ ਫੋਟੋਆਂ ਬਹੁਤ ਜਟਿਲ ਕਿਸਮ ਦੀਆਂ ਖੁਬਸੂਰਤ ਆਕ੍ਰਿਤੀਆਂ ਸਨ। ਪਰ ਸਾਰੇ ਕ੍ਰਿਸਟਲਜ਼ ਦੀਆਂ ਫੋਟੋਆਂ ਇੱਕੋ ਜਿਹੀਆਂ ਨਹੀਂ ਸਨ। ਕੁੱਝ ਕ੍ਰਿਸਟਲਜ਼ ਬਹੁਤ ਸਾਫ ਤੇ ਸੁੰਦਰ ਸਨ ਅਤੇ ਕੁੱਝ ਵਿੰਗੇ ਟੇਢੇ ਤੇ ਬਦਸ਼ਕਲ। ਇਸ ਦਾ ਕਾਰਨ ਸਮਝਣ ਦੀ ਕੋਸ਼ਿਸ਼ ਵਿੱਚ ਆਪਣੇ ਪ੍ਰਯੋਗਾਂ ਦੁਆਰਾ ਇਮੋਤੋ ਇਸ ਨਤੀਜੇ ਤੇ ਪਹੁੰਚ ਗਿਆ ਕਿ ਪਾਣੀ ਹਰ ਤਰਾਂ ਦੇ ਬਾਹਰੀ ਪ੍ਰਭਾਵਾਂ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ। ਮਿਸਾਲ ਦੇ ਤੌਰ ਤੇ ਉਸ ਨੇ ਫੋਟੋਆਂ ਖਿੱਚਣ ਤੋਂ ਪਹਿਲਾਂ ਜਿਸ ਪਾਣੀ ਅੱਗੇ 'ਲਵ ਯੂ' ਜਾਂ 'ਸ਼ੁਕਰੀਆ' ਜਿਹੇ ਸ਼ਬਦ ਬੋਲੇ ਉਨ੍ਹਾਂ ਦੇ ਕ੍ਰਿਸਟਲਜ਼ ਬਹੁਤ ਸਪਸ਼ਟ ਤੇ ਸੁੰਦਰ ਸਨ ਅਤੇ ਜਿਸ ਪਾਣੀ ਅੱਗੇ 'ਮੈਂ ਤੈਨੂੰ ਨਫਰਤ ਕਰਦਾ ਹਾਂ' ਵਰਗੇ ਸ਼ਬਦ ਕਹੇ ਜਾਂ ਕੋਈ ਗਾਹਲ ਕੱਢੀ, ਉਸ ਪਾਣੀ ਦੇ ਕਿਸਟਲਜ਼ ਭੱਦੇ ਤੇ ਬੇਸ਼ਕਲ ਸਨ। ਇਸੇ ਤਰਾਂ ਜਿਸ ਪਾਣੀ ਅੱਗੇ ਅੱਛਾ ਰੂਹਾਨੀ ਸੰਗੀਤ ਚਲਾਇਆ ਗਿਆ, ਉਸ ਦੇ ਕ੍ਰਿਸਟਲਜ਼ ਫੁੱਲਾਂ ਦੀ ਤਰਾਂ ਖਿਲੇ ਨਜ਼ਰ ਆਉਂਦੇ ਸਨ ਅਤੇ ਜਿਸ ਅੱਗੇ ਸ਼ੋਰ ਸ਼ਰਾਬੇ ਵਾਲਾ ਸੰਗੀਤ ਚਲਾਇਆ ਗਿਆ, ਉਸ ਦੇ ਕ੍ਰਿਸਟਲਜ਼ ਬਦਸ਼ਕਲ ਹੋ ਗਏ। ਇਸੇ ਤਰਾਂ ਟੂਟੀ ਜਾਂ ਬੰਦ ਬੋਤਲਾਂ ਵਾਲੇ ਪਾਣੀ ਦੇ ਕ੍ਰਿਸਟਲਜ਼ ਭੱਦੇ ਸਨ ਅਤੇ ਝਰਨੇ ਦੇ ਪਾਣੀ ਦੇ ਕ੍ਰਿਸਟਲਜ਼ ਖਿੜੇ ਹੋਏ ਸਨ। ਇਨ੍ਹਾਂ ਹੀ ਪ੍ਰਯੋਗਾਂ ਵਿੱਚ ਇੱਕ ਪ੍ਰਯੋਗ ਅਜਿਹਾ ਸੀ, ਜਿਸ ਦਾ ਇੱਥੇ ਖਾਸ ਤੌਰ ਤੇ ਜ਼ਿਕਰ ਕਰਨ ਦੀ ਲੋੜ ਹੈ। ਇਸ ਇੱਕ ਪ੍ਰਯੋਗ ਤੋਂ ਲਿਖਤ ਸ਼ਬਦ ਦੀ ਸ਼ਕਤੀ ਸਮਝਣ ਵਿੱਚ ਮਦਦ ਮਿਲ ਸਕਦੀ ਹੈ। ਇਸ ਪ੍ਰਯੋਗ ਵਿੱਚ ਉਨ੍ਹਾਂ ਪਾਣੀ ਦੇ ਅੱਗੇ ਨਾ ਕੋਈ ਧੁਨ ਲਗਾਈ ਤੇ ਨਾ ਹੀ ਕੁੱਝ ਬੋਲਿਆ। ਬਲਕਿ ਪਾਣੀ ਦੀਆਂ ਦੋ ਬੋਤਲਾਂ ਲਈਆਂ ਗਈਆਂ। ਦੋਵਾਂ ਤੇ ਇੱਕ ਇੱਕ ਪਰਚੀ ਲੱਗੀ ਹੋਈ ਸੀ। ਇੱਕ ਪਰਚੀ ਤੇ ਲਿਖਿਆ ਹੋਇਆ ਸੀ 'ਰੱਬ' ਅਤੇ ਦੂਜੀ ਤੇ ਲਿਖਿਆ ਸੀ 'ਸ਼ੈਤਾਨ'। ਜਦ ਇਨ੍ਹਾਂ ਬੋਤਲਾਂ ਦੇ ਪਾਣੀ ਦੀਆਂ ਜੰਮਾਉਣ ਤੋਂ ਬਾਅਦ ਫੋਟੋਆਂ ਖਿੱਚੀਆਂ ਗਈਆਂ ਤਾਂ ਉਸ ਨੇ ਦੇਖਿਆ ਕਿ ਜਿਸ ਬੋਤਲ ਤੇ ਰੱਬ ਲਿਖਿਆ ਸੀ, ਉਸ ਦੇ ਕ੍ਰਿਸਟਲਜ਼ ਬੇਹੱਦ ਨਿੱਖਰੇ ਹੋਏ ਅਤੇ ਸੁੰਦਰ ਸਨ ਅਤੇ ਜਿਸ ਤੇ ਸ਼ੈਤਾਨ ਲਿਖਿਆ ਸੀ, ਉਸ ਦੇ ਕ੍ਰਿਸਟਲਜ਼ ਦਾ ਅਕਾਰ ਭੱਦਾ ਜਿਹਾ ਤੇ ਟੁਟਿਆ ਭੱਜਿਆ ਸੀ। ਇਸ ਪ੍ਰਯੋਗ ਤੋਂ ਪ੍ਰਤੱਖ ਹੋ ਗਿਆ ਕਿ ਲਿਖਿਆ ਹੋਇਆ ਸ਼ਬਦ ਵੀ ਉਹੀ ਪ੍ਰਭਾਵ ਪੈਦਾ ਕਰਨ ਦੇ ਸਮਰੱਥ ਹੈ, ਜਿਹੜਾ ਧੁਨ ਕਰਦੀ ਹੈ। ਲਿਖਤ ਸ਼ਬਦ ਵੀ ਵੱਖ ਵੱਖ ਤਰਾਂ ਦੀ ਊਰਜਾ ਦਾ ਵਾਹਕ ਹੋ ਸਕਦਾ ਹੈ। ਸ਼ਬਦ ਦੀ ਤਾਕਤ ਦੇ ਪ੍ਰਸੰਗ ਵਿੱਚ ਇਹ ਬਹੁਤ ਅਹਿਮ ਪ੍ਰਯੋਗ ਸੀ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਫਕੀਰ ਲੋਕ ਕਾਗਜ਼ਾਂ ਤੇ ਮੰਤਰ ਲਿਖਕੇ ਦਿੰਦੇ ਹਨ, ਜਿਸ ਨੂੰ ਤਵੀਤ ਵਜੋਂ ਪਹਿਨਿਆ ਜਾਂਦਾ ਹੈ ਜਾਂ ਫੇਰ ਪਾਣੀ ਵਿੱਚ ਪਾਕੇ ਰੱਖ ਲਿਆ ਜਾਂਦਾ ਹੈ ਅਤੇ ਉਹ ਪਾਣੀ ਪੀਤਾ ਜਾਂਦਾ ਹੈ। ਇਮੋਤੋ ਦੀਆਂ ਖੋਜਾਂ ਬਾਰੇ ਪੜ੍ਹਨ ਤੋਂ ਪਹਿਲਾਂ ਮੈਂ ਇਸ ਨੂੰ ਸਿਰਫ ਮਾਨਸਿਕ ਤਸੱਲੀ ਦੇਣ ਵਾਲੀ ਵਿਧੀ ਹੀ ਸਮਝਦਾ ਸਾਂ। ਪਰ ਹੁਣ ਮਹਿਸੂਸ ਕਰਦਾ ਹਾਂ ਕਿ ਉਸ ਪਿੱਛੇ ਕਿੰਨੀ ਗਹਿਰੀ ਸਾਇੰਸ ਛੁਪੀ ਸੀ।
ਇਸ ਨੇ ਅੱਗੇ ਮੇਰੇ ਮਨ ਵਿੱਚ ਇੱਕ ਹੋਰ ਸਵਾਲ ਨੂੰ ਜਨਮ ਦਿੱਤਾ। ਸ਼ਬਦ ਆਪਣਾ ਇਹ ਪ੍ਰਭਾਵ ਕਿਵੇਂ ਪੈਦਾ ਕਰਦਾ ਹੈ? ਸ਼ਬਦ ਦੀ ਇਹ ਤਾਕਤ ਕਿਵੇਂ ਕਾਰਜ ਕਰਦੀ ਹੈ? ਇਸ ਲੜੀ ਨੂੰ ਜੋੜਨ ਲਈ ਮੈਂ ਫੇਰ ਜੌਨਾਥਨ ਗੋਲਡਮੈਨ ਦੀਆਂ ਲੱਭਤਾਂ ਵੱਲ ਪਰਤਿਆ। ਜੌਨਾਥਨ ਨੇ ਇੱਕ ਫਾਰਮੂਲਾ ਪੇਸ਼ ਕੀਤਾ ਹੈ: ਫ੍ਰੀਕੁਐਂਸੀ +ਇਰਾਦਾ=ਹੀਲਿੰਗ
ਜਾਂ ਇਸੇ ਫਾਰਮੂਲੇ ਨੂੰ ਉਸਨੇ ਇੱਕ ਹੋਰ ਰੂਪ ਵਿੱਚ ਵੀ ਪੇਸ਼ ਕੀਤਾ: Visualisation+Vocalisation=Menifestation
ਉਸ ਦਾ ਕਹਿਣਾ ਸੀ ਕਿ ਧੁਨ ਦੇ ਪ੍ਰਭਾਵ ਨਾਲ ਜੁੜਿਆ ਇੱਕ ਹੋਰ ਰਹੱਸਮਈ ਪਹਿਲੂ ਉਸ ਨੇ ਆਪਣੇ ਪ੍ਰਯੋਗਾਂ ਦੌਰਾਨ ਦੇਖਿਆ ਹੈ। ਇਹ ਪਹਿਲੂ ਮਨ ਦੀ ਸੋਚ, ਭਾਵ ਤੇ ਖਿਆਲਾਂ ਦਾ ਸੀ। ਉਸ ਦਾ ਕਹਿਣਾ ਸੀ ਕਿ ਮਨ ਦੀ ਸੋਚ, ਭਾਵ ਤੇ ਇਰਾਦਾ ਬਹੁਤ ਵੱਡੀ ਤਾਕਤ ਹੈ। ਪ੍ਰਯੋਗਾਂ ਦੌਰਾਨ ਉਸ ਨੇ ਦੇਖਿਆ ਕਿ ਕਿਸੇ ਖਾਸ ਮਕਸਦ ਨਾਲ ਜਦੋਂ ਕੋਈ ਧੁਨ ਚਲਾਈ ਜਾਂਦੀ ਹੈ ਤੇ ਨਾਲ ਹੀ ਉੇਸੇ ਮਕਸਦ ਨੂੰ ਲੈਕੇ ਮਨ ਦੇ ਅੰਦਰ ਖਾਸ ਤਰਾਂ ਦੇ ਭਾਵ ਜਾਂ ਇਰਾਦਾ ਪੈਦਾ ਕੀਤਾ ਜਾਂਦਾ ਹੈ ਤਾਂ ਉਹ ਭਾਵ ਜਾਂ ਖਿਆਲ ਧੁਨ ਨਾਲ ਰਲਕੇ ਦੁੱਗਣਾ ਪ੍ਰਭਾਵ ਪੈਦਾ ਕਰਦੇ ਹਨ। ਇਸ ਸਬੰਧ ਵਿੱਚ ਉਸ ਨੇ ਕੁੱਝ ਬਹੁਤ ਹੀ ਦਿਲਚਸਪ ਅਤੇ ਅਹਿਮ ਪ੍ਰਯੋਗਾਂ ਦਾ ਹਵਾਲਾ ਦਿੱਤਾ। ਹੀਲਿੰਗ ਵਾਸਤੇ ਜਿਨ੍ਹਾਂ ਕੁਦਰਤੀ ਧੁਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਸਮੁੰਦਰੀ ਲਹਿਰਾਂ ਦੀ ਅਵਾਜ਼ ਵੀ ਵਰਤੀ ਜਾਂਦੀ ਹੈ। ਅਜਿਹੇ ਹੀ ਕਿਸੇ ਪ੍ਰਯੋਗ ਖਾਤਰ ਸਮੁੰਦਰੀ ਲਹਿਰਾਂ ਦੀ ਰਿਕਾਰਡਿੰਗ ਕਰਨ ਵਾਸਤੇ ਸਮੁੰਦਰ ਦੇ ਕਿਨਾਰੇ ਬੈਠਕੇ ਕੁੱਝ ਲੋਕਾਂ ਨੇ ਸਾਧਨਾ ਕੀਤੀ ਅਤੇ ਫੇਰ ਉਸ ਤੋਂ ਬਾਅਦ ਉਨ੍ਹਾਂ ਲਹਿਰਾਂ ਦੀ ਅਵਾਜ਼ ਦੀ ਰਿਕਾਰਡਿੰਗ ਕੀਤੀ ਗਈ। ਇਸੇ ਤਰਾਂ ਇਸੇ ਥਾਂ ਤੇ ਫੇਰ ਕੁੱਝ ਲੋਕ ਆਪਸ ਵਿੱਚ ਲੜਦੇ ਰਹੇ ਅਤੇ ਉਨ੍ਹਾਂ ਗਾਲੀ ਗਲੋਚ ਕੀਤਾ। ਇਸ ਤੋਂ ਬਾਅਦ ਵੀ ਲਹਿਰਾਂ ਦੀ ਅਵਾਜ਼ ਦੀ ਰਿਕਾਰਡਿੰਗ ਕੀਤੀ ਗਈ। ਜਿਨ੍ਹਾਂ ਲੋਕਾਂ ਨੂੰ ਅੱਗੇ ਇਹ ਧੁਨਾਂ ਸੁਣਾਈਆਂ ਜਾਣੀਆਂ ਸਨ, ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਪਰ ਦੇਖਿਆ ਗਿਆ ਕਿ ਜਿਸ ਰਿਕਾਰਡਿੰਗ ਤੋਂ ਪਹਿਲਾਂ ਲੋਕਾਂ ਨੇ ਸਮੁੰਦਰ ਕਿਨਾਰੇ ਬੈਠਕੇ ਮੈਡੀਟੇਸ਼ਨ ਕੀਤੀ ਸੀ, ਉਸ ਰਿਕਾਰਡਿੰਗ ਦੀਆਂ ਧੁਨਾਂ ਦਾ ਸੁਣਨ ਵਾਲਿਆਂ ਤੇ ਬੜਾ ਸਕੂਨ ਪੈਦਾ ਕਰਨ ਵਾਲਾ ਅਸਰ ਸੀ। ਪਰ ਜਿਸ ਰਿਕਾਰਡਿੰਗ ਤੋਂ ਪਹਿਲਾਂ ਸਮੁੰਦਰ ਕਿਨਾਰੇ ਕੁੱਝ ਲੋਕ ਲੜ ਰਹੇ ਸਨ, ਉਹ ਧੁਨਾਂ ਸੁਣਨ ਤੋਂ ਬਾਦ ਸੁਣਨ ਵਾਲਿਆਂ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਸੀ। ਅਜਿਹੇ ਪ੍ਰਯੋਗਾਂ ਦੇ ਅਧਾਰ ਤੇ ਹੀ ਜੌਨਾਥਨ ਨੇ ਆਪਣਾ ਉਹ ਫਾਰਮੂਲਾ ਵਿਕਸਤ ਕੀਤਾ, ਜਿਸ ਦਾ ਉਪਰ ਜ਼ਿਕਰ ਕੀਤਾ ਹੈ। ਜੌਨਾਥਨ ਦਾ ਕਹਿਣਾ ਹੈ ਕਿ ਇਨਸਾਨ ਦੀ ਸੋਚ, ਇਰਾਦਾ ਤੇ ਭਾਵ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ। ਇਹ ਅਸਰ ਰੱਖਦੀ ਹੈ। ਬਲਕਿ ਹੋਰ ਕਿਸੇ ਵੀ ਤਾਕਤ ਨਾਲੋਂ ਵੱਧ ਅਸਰ ਰੱਖਦੀ ਹੈ। ਕਿਸੇ ਧੁਨ ਨਾਲ ਜੇ ਇਹ ਭਾਵ ਮਿਲਾਏ ਜਾਣ ਤਾਂ ਉਸ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ। ਇਸੇ ਤਰਾਂ ਸਾਹਿਤ ਦੇ ਖੇਤਰ ਵਿੱਚ ਹੈ। ਲਿਖਤ ਸ਼ਬਦ ਵੀ ਅਜਿਹੇ ਮਾਧਿਅਮ ਹਨ, ਜਿਨ੍ਹਾਂ ਤੇ ਕੁੱਝ ਖਾਸ ਤਰਾਂ ਦੇ ਭਾਵਾਂ ਦੀ ਊਰਜਾ ਕੋਡ ਕੀਤੀ ਜਾ ਸਕਦੀ ਹੈ। ਇਹ ਸ਼ਬਦਾਂ ਦੇ ਅਰਥਾਂ ਤੋਂ ਬਿਲਕੁਲ ਵੱਖਰੀ ਗੱਲ ਹੈ। ਇਕੋ ਅਰਥ ਵਾਲੇ ਦੋ ਸ਼ਬਦ ਵੱਖ ਵੱਖ ਪ੍ਰਭਾਵ ਪੈਦਾ ਕਰਨਗੇ, ਜੇ ਉਨ੍ਹਾਂ ਅੰਦਰ ਵੱਖ ਵੱਖ ਤਰਾਂ ਦੇ ਭਾਵਾਂ ਵਾਲੀ ਊਰਜਾ ਕੋਡ ਕੀਤੀ ਗਈ ਹੋਵੇ। ਉਪਰੋਕਤ ਪ੍ਰਯੋਗਾਂ ਦੇ ਹਵਾਲੇ ਨਾਲ ਅਸੀਂ ਬੜੀ ਅਸਾਨੀ ਨਾਲ ਇਹ ਗੱਲ ਸਮਝ ਸਕਦੇ ਹਾਂ ਕਿ ਲਿਖੇ ਹੋਏ ਸ਼ਬਦ ਕਿਵੇ ਆਪਣੇ ਆਪ ਵਿੱਚ ਤਾਕਤ ਦਾ ਸੋਮਾ ਹਨ। ਇਹ ਸੋਚ ਦੀ ਤਾਕਤ ਦਾ ਸੰਚਾਰ ਕਰਨ ਵਾਲੇ ਚਿੰਨ੍ਹ ਵੀ ਹਨ ਅਤੇ ਭਾਵਾਂ ਦੀ ਤਾਕਤ ਦਾ ਵੀ। ਅੱਗੇ ਇਸ ਨੂੰ ਜਦੋਂ ਸੰਗੀਤ ਜਾਂ ਧੁਨ ਨਾਲ ਮਿਲਾਇਆ ਜਾਵੇ ਤਾਂ ਸੋਚ ਦੀ ਤਾਕਤ ਦਾ ਸੰਚਾਰ ਅਸਾਨ ਹੋ ਜਾਂਦਾ ਹੈ। ਇਸ ਬਾਰੇ ਜੌਨਾਥਨ ਦਾ ਇੱਕ ਨੁਕਤਾ ਜ਼ਿਕਰਯੋਗ ਹੈ। ਉਸ ਦਾ ਕਹਿਣਾ ਹੈ ਕਿ ਇਨਸਾਨੀ ਅਨੁਭਵ ਤਿੰਨ ਦਿਸ਼ਾਵੀ ਹੈ। ਇਨਸਾਨ ਦਾ ਸਮੁਚਾ ਮਾਨਸਿਕ ਸੰਸਾਰ ਤਿੰਨ ਦਿਸ਼ਾਵੀ ਅਨੁਭਵ ਤੇ ਉਸਰਿਆ ਹੈ। ਪਰ ਸੋਚ,ਵਿਚਾਰ ਜਾਂ ਭਾਵ ਦੀ ਤਾਕਤ ਸ਼ਾਇਦ ਚੌਥੀ ਦਿਸ਼ਾ ਜਾਂ ਉਸ ਤੋਂ ਅਗਲੀਆਂ ਦਿਸ਼ਾਵਾਂ ਨਾਲ ਜੁੜੀ ਹੈ। ਇਸ ਫ੍ਰੀਕੁਐਂਸੀ ਤੇ ਆਮ ਇਨਸਾਨ ਦਾ ਪੂਰਨ ਕੰਟਰੋਲ ਨਹੀਂ ਹੈ। ਇਸੇ ਕਰਕੇ ਹਰ ਆਮ ਇਨਸਾਨ ਸਿਰਫ ਸੋਚ ਕੇ ਜਾਂ ਮਨ ਦਾ ਇਰਾਦਾ ਧਾਰਕੇ ਉਹ ਪ੍ਰਭਾਵ ਨਹੀਂ ਪੈਦਾ ਕਰ ਸਕਦਾ, ਜੋ ਧੁਨ ਨਾਲ ਕੀਤਾ ਜਾ ਸਕਦਾ ਹੈ। ਪਰ ਜਿਹੜੇ ਲੋਕ ਉੱਚ ਚੇਤਨਾ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਪੁਰਾਤਨ ਭਾਸ਼ਾ ਵਿੱਚ ਸਿੱਧ ਪੁਰਸ਼ ਕਹਿ ਸਕਦੇ ਹਾਂ, ਉਨ੍ਹਾਂ ਦੀ ਸੋਚ/ਇਰਾਦੇ ਅੰਦਰ ਐਨੀ ਤਾਕਤ ਹੁੰਦੀ ਹੈ ਕਿ ਉਹ ਸਿਧੇ ਰੂਪ ਵਿੱਚ ਸੋਚ ਨਾਲ ਹੀ ਪਦਾਰਥ ਦੀ ਪ੍ਰਕਿਰਤੀ ਤੱਕ ਬਦਲਣ ਦੇ ਸਮਰੱਥ ਹੁੰਦੇ ਹਨ। ਧੁਨ ਕਿਉਂਕਿ ਤਿੰਨ ਦਿਸ਼ਾਵੀ ਅਨੁਭਵ ਵਾਲੀ ਦੁਨੀਆ ਦਾ ਵਾਹਨ ਹੈ, ਇਸ ਕਰਕੇ ਜਦੋਂ ਸੋਚ/ਇਰਾਦੇ ਨੂੰ ਧੁਨ ਤੇ ਸਵਾਰ ਕਰਕੇ ਭੇਜਿਆ ਜਾਂਦਾ ਹੈ ਤਾਂ ਇਸ ਨਾਲ ਇਸ ਦਾ ਤਿੰਨ ਦਿਸ਼ਾਵੀ ਅਨੁਭਵ ਵਾਲੇ ਆਮ ਲੋਕਾਂ ਤੱਕ ਸੰਚਾਰ ਸੌਖਾ ਹੋ ਜਾਂਦਾ ਹੈ। ਸਮੁਚੀ ਗੁਰਬਾਣੀ ਨੂੰ ਸ਼ਾਇਦ ਇਸੇ ਕਰਕੇ ਰਾਗ ਬੱਧ ਕੀਤਾ ਗਿਆ ਹੈ ਅਤੇ ਗਾਇਨ ਦਾ ਸਿਸਟਮ ਵਿਕਸਤ ਕੀਤਾ ਗਿਆ ਹੈ।
ਆਧੁਨਿਕ ਕਵਿਤਾ ਦੇ ਮਾਮਲੇ ਵਿੱਚ ਵੀ ਦੇਖਿਆ ਗਿਆ ਹੈ ਕਿ ਕਈ ਕਵੀਆਂ ਦੀਆਂ ਲਿਖੀਆਂ ਸਧਾਰਨ ਜਾਂ ਸਿਧੀਆਂ ਜਿਹੀਆਂ ਗੱਲਾਂ ਵੀ ਅਜੀਬ ਤਾਕਤ ਰੱਖਦੀਆਂ ਹਨ ਅਤੇ ਕਈਆਂ ਦੁਆਰਾ ਲਿਖੇ ਗਹਿਰੇ ਗਿਆਨ ਵਾਲੇ ਸ਼ਬਦ ਵੀ ਅਸਰ ਨਹੀਂ ਰੱਖਦੇ। ਕਈ ਅੱਛੇ ਕਵੀਆਂ ਦੀਆਂ ਵੀ ਕਈ ਨਜ਼ਮਾਂ ਜਾਂ ਸਤਰਾਂ ਬਣਾਉਟੀ ਜਿਹੀਆਂ ਲੱਗਦੀਆਂ ਹਨ। ਇਸ ਦਾ ਕੀ ਕਾਰਨ ਹੈ? ਸ਼ਾਇਦ ਸ਼ਬਦਾਂ ਦੇ ਵੀ ਚਿਹਰੇ ਹਨ। ਵਾਕਾਂ ਦੀ ਵੀ ਬੌਡੀ ਲੈਂਗੁਏਜ ਹੈ। ਸ਼ਬਦਾਂ ਨਾਲ ਝੂਠ ਨਹੀਂ ਬੋਲਿਆ ਜਾ ਸਕਦਾ। ਭਾਵਾਂ ਦੀ ਸ਼ਿੱਦਤ ਬੜੇ ਰਹੱਸਮਈ ਰੂਪ ਵਿੱਚ ਵਾਕਾਂ ਅਤੇ ਸ਼ਬਦਾਂ ਵਿੱਚ ਅਨੰਤ ਤੱਕ ਮੌਜੂਦ ਰਹਿੰਦੀ ਹੈ। ਜਿਵੇਂ ਜੇ ਧੁਨਾਂ ਨਾਲ ਭਾਵ ਤੇ ਇਰਾਦੇ ਦੀ ਤਾਕਤ ਹੋਵੇ ਤਾਂ ਉਨ੍ਹਾਂ ਦਾ ਅਸਰ ਵਧ ਜਾਂਦਾ ਹੈ, ਉਵੇਂ ਹੀ ਜੇ ਸ਼ਬਦਾਂ ਨਾਲ ਵੀ ਭਾਵਾਂ ਦੀ ਤਾਕਤ ਹੋਵੇ ਤਾਂ ਉਨ੍ਹਾਂ ਦਾ ਅਸਰ ਵਧ ਜਾਂਦਾ ਹੈ। ਇਹ ਇੱਕ ਬਹੁਤ ਸਰਲ ਜਿਹਾ ਵਿਗਿਆਨਕ ਨਿਯਮ ਹੈ। ਸੰਭਵ ਹੈ ਕਿ ਔਬਜੈਕਟਿਵ ਕਵਿਤਾ ਵਿੱਚ ਬ੍ਰਹਿਮੰਡੀ ਊਰਜਾ ਦੇ ਇਨ੍ਹਾਂ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੋਵੇ। ਭਾਵਾਂ ਤੋਂ ਬਿਨਾਂ ਲਿਖੀ ਕਵਿਤਾ ਉਹ ਤਾਕਤ ਨਹੀਂ ਰੱਖ ਸਕਦੀ, ਜੋ ਭਾਵਾਂ ਦੀ ਸ਼ਿਦਤ ਨਾਲ ਤੜਫਕੇ ਲਿਖੀ ਕਵਿਤਾ ਵਿੱਚ ਹੋਵੇਗੀ। ਅੱਗੇ ਭਾਵਾਂ ਦੀ ਸ਼ੁਧਤਾ ਦਾ ਵੀ ਫਰਕ ਪੈਂਦਾ ਹੈ। ਭਾਵਾਂ/ਵਿਚਾਰਾਂ ਦਾ ਜੋ ਸਰੋਤ ਹੈ, ਉਸ ਦੀ ਚੇਤਨਾ ਦੇ ਪੱਧਰ ਦਾ ਵੀ ਫਰਕ ਹੈ। ਇੱਕ ਸਧਾਰਨ ਕਵੀ ਦੇ ਭਾਵਾਂ ਦੀ ਤਾਕਤ ਅਤੇ ਕਿਸੇ ਉਚ ਚੇਤਨਾ ਵਾਲੇ ਸਿਧ ਪੁਰਸ਼ ਦੇ ਭਾਵਾਂ ਦੀ ਕੁਆਲਿਟੀ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੋਵੇਗਾ।
ਇੱਥੇ ਇੱਕ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਔਬਜੈਕਟਿਵ ਕਲਾ ਜਿਨ੍ਹਾਂ ਨਿਯਮਾਂ ਤੇ ਉਸਰਿਆ ਹੁੰਦਾ ਹੈ, ਉਨ੍ਹਾਂ ਦੀ ਜਾਣਕਾਰੀ ਨਿਰੋਲ ਬੌਧਿਕ ਪੱਧਰ ਤੇ ਹੀ ਪੈਦਾ ਹੋ ਸਕਦੀ ਹੈ? ਕੀ ਸਿਰਫ ਬੌਧਿਕ ਜਾਣਕਾਰੀ ਨਾਲ ਹੀ ਔਬਜੈਕਟਿਵ ਕਲਾ ਰਚੀ ਜਾ ਸਕਦੀ ਹੈ? ਇਸ ਦਾ ਉਤਰ ਅਸਲ ਵਿੱਚ ਰੂਹਾਨੀ ਵਿਕਾਸ ਦੇ ਕੁੱਝ ਸਿਧਾਂਤਾਂ ਦੇ ਹਵਾਲੇ ਨਾਲ ਮਿਲ ਸਕਦਾ ਹੈ। ਰੂਹਾਨੀ ਵਿਕਾਸ ਜਾਂ ਉਚ ਬ੍ਰਹਿਮੰਡੀ ਚੇਤਨਾ ਨੂੰ ਪ੍ਰਾਪਤ ਕਰਨ ਦੇ ਇੱਕ ਨਹੀਂ, ਕਈ ਰਸਤੇ ਹਨ। ਗਿਆਨ ਮਾਰਗ, ਪ੍ਰੇਮ ਮਾਰਗ, ਭਗਤੀ ਮਾਰਗ, ਕਰਮ ਮਾਰਗ ਆਦਿ ਵੱਖ ਵੱਖ ਰਸਤੇ ਹਨ, ਜਿਨ੍ਹਾਂ ਤੇ ਚੱਲਕੇ ਉਚ ਚੇਤਨਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਦੁਨੀਆਦਾਰੀ ਦੇ ਸਧਾਰਨ ਪੱਧਰ ਤੇ ਵੀ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਸਾਰੇ ਰਸਤਿਆਂ ਥਾਣੀਂ ਚੇਤਨਾ ਦਾ ਪਸਾਰ ਜਾਂ ਵਿਕਾਸ ਹੁੰਦਾ ਹੈ। ਅਸੀਂ ਆਪਣੀ ਆਮ ਜ਼ਿੰਦਗੀ ਵਿੱਚ ਵੀ ਦੇਖਦੇ ਹਾਂ ਕਿ ਸਿਰਫ ਕਿਤਾਬੀ ਜਾਂ ਬੌਧਿਕ ਗਿਆਨ ਨਾਲ ਹੀ ਲੋਕ ਸਿਆਣੇ ਨਹੀਂ ਹੁੰਦੇ। ਬਲਕਿ ਜ਼ਿੰਦਗੀ ਦੇ ਹੋਰ ਪਹਿਲੂਆਂ ਤੇ ਵਿਚਰਦਿਆਂ ਵੀ ਲੋਕ ਗਹਿਰੀ ਸਿਆਣਪ ਪ੍ਰਾਪਤ ਕਰਦੇ ਹਨ। ਆਪਣੇ ਆਲੇ ਦੁਆਲੇ ਅਸੀਂ ਕਈ ਐਸੇ ਲੋਕ ਦੇਖਦੇ ਹਾਂ, ਜਿਨ੍ਹਾਂ ਕੋਲ ਕਿਤਾਬੀ ਗਿਆਨ ਸ਼ਾਇਦ ਨਾਮਾਤਰ ਹੀ ਹੁੰਦਾ ਹੈ ਪਰ ਜ਼ਿੰਦਗੀ ਵਿੱਚ ਉਨ੍ਹਾਂ ਨੇ ਦੁਖ ਤਕਲੀਫਾਂ ਐਨੀਆਂ ਦੇਖੀਆਂ ਹੁੰਦੀਆਂ ਹਨ ਅਤੇ ਜ਼ਿੰਦਗੀ ਦਾ ਵਿਹਾਰਕ ਅਨੁਭਵ ਐਨਾ ਹੁੰਦਾ ਹੈ ਕਿ ਉਨ੍ਹਾਂ ਦੀ ਚੇਤਨਾ ਦੀ ਗਹਿਰਾਈ ਪੜ੍ਹੇ ਲਿਖੇ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸੇ ਤਰਾਂ ਮੈਂ ਖੁਦ ਨਿੱਜੀ ਤੌਰ ਤੇ ਆਪਣੇ ਕੁੱਝ ਦੋਸਤਾਂ ਨੂੰ ਦੇਖਿਆ ਹੈ ਜਿਹੜੇ ਗਹਿਰੇ ਪ੍ਰੇਮ ਦੇ ਅਨੁਭਵ ਵਿੱਚੋਂ ਲੰਘਣ ਤੋਂ ਬਾਅਦ ਨਵੀਂ ਤਰਾਂ ਦੇ ਇਨਸਾਨ ਬਣ ਗਏ। ਪ੍ਰੇਮ ਦੀ ਤੜਫ ਤੇ ਵਿਯੋਗ ਦੇ ਸੇਕ ਨੇ ਉਨ੍ਹਾਂ ਦੀ ਚੇਤਨਾ ਦੇ ਕਿੰਨੇ ਹੀ ਬੰਦ ਦਰਵਾਜੇ ਖੋਲ੍ਹ ਦਿੱਤੇ। ਮੇਰੇ ਇਕ ਦੋਸਤ ਬਲਰਾਮ ਨੇ ਹੀਰ ਰਾਂਝਾ ਦੀ ਕਥਾ ਦੇ ਅਧਾਰਤ ਇੱਕ ਨਾਟਕ ਲਿਖਿਆ ਹੈ, ਜਿਹੜਾ ਅਜੇ ਛਪਿਆ ਨਹੀਂ ਹੈ। ਇਸ ਨਾਟਕ ਵਿੱਚ ਜਦੋਂ ਬਾਲ ਨਾਥ ਰਾਂਝੇ ਨੂੰ ਜੋਗ ਦੇਣ ਲਈ ਤਿਆਰ ਹੋ ਜਾਂਦਾ ਹੈ ਤਾਂ ਦੂਸਰੇ ਚੇਲੇ ਇਸ ਗੱਲ ਤੇ ਗਿਲਾ ਕਰਦੇ ਹਨ ਕਿ ਅਸੀਂ ਐਨੀ ਐਨੀ ਦੇਰ ਦੇ ਤੁਹਾਡੇ ਨਾਲ ਲੱਗੇ ਹਾਂ, ਤੁਸੀਂ ਸਾਨੂੰ ਅਜੇ ਤੱਕ ਜੋਗ ਨਹੀਂ ਦਿੱਤਾ, ਪਰ ਰਾਂਝੇ ਨੂੰ ਅੱਜ ਹੀ ਜੋਗ ਦੇਣ ਲਈ ਤਿਆਰ ਹੋ ਗਏ ਹੋ। ਇਸ ਦੇ ਜਵਾਬ ਦਿੰਦਿਆਂ ਬਾਲ ਨਾਥ ਕਹਿੰਦਾ ਹੈ ਕਿ ਜੋਗ ਵਿਜੋਗੀਆਂ ਨੂੰ ਮਿਲਦਾ ਹੈ। ਰਾਂਝਾ ਪਹਿਲਾਂ ਹੀ ਵਿਜੋਗੀ ਹੈ। ਉਹ ਜੋਗ ਲੈਣ ਦੀ ਪਹਿਲੀ ਸ਼ਰਤ ਪੂਰੀ ਕਰ ਚੁੱਕਿਆ ਹੈ। ਪ੍ਰਤੱਖ ਹੈ ਕਿ ਮਨ ਦੀ ਉਹ ਬੁਨਿਆਦੀ ਅਵਸਥਾ ਕਈ ਤਰੀਕਿਆਂ ਨਾਲ ਜਾਂ ਕਈ ਰਸਤਿਆਂ ਥਾਣੀਂ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਨਾਲ ਕੋਈ ਬ੍ਰਹਿਮੰਡੀ ਚੇਤਨਾ ਦੇ ਰਾਹ ਪੈਣ ਲਈ ਕੁਆਲੀਫਾਈ ਕਰਦਾ ਹੈ। ਬ੍ਰਹਿਮੰਡੀ ਚੇਤਨਾ ਲਈ ਟੇਢੇ ਮੇਢੇ ਰਾਹ ਕਈ ਪਾਸਿਆਂ ਤੋਂ ਜਾਂਦੇ ਹਨ। ਇਹ ਕੋਈ ਸਿਧਾ ਰਸਤਾ ਨਹੀਂ ਹੈ। ਮੈਂ ਆਪਣੇ ਨਿੱਜੀ ਅਨੁਭਵ ਵਿਚ ਕਈ ਅਜਿਹੇ ਲੋਕ ਦੇਖੇ ਹਨ, ਜਿਹੜੇ ਬਹੁਤ ਲਗਨ ਨਾਲ ਭਗਤੀ ਦੇ ਰਸਤੇ ਤੇ ਪਏ ਹਨ ਅਤੇ ਮੈਂ ਮਹਿਸੂਸ ਕੀਤਾ ਕਿ ਬਿਨਾ ਕਿਸੇ ਪੜ੍ਹਾਈ ਲਿਖਾਈ ਦੇ ਉਨ੍ਹਾਂ ਦੀ ਸੋਚ ਤੇ ਚੇਤਨਾ ਦਾ ਪੱਧਰ ਕਥਿਤ ਵਿਦਵਾਨਾਂ ਨਾਲੋਂ ਕਿਤੇ ਉੱਚਾ ਹੁੰਦਾ ਹੈ। ਬਿਲਕੁਲ ਇਸੇ ਤਰੀਕੇ ਨਾਲ ਬ੍ਰਹਿਮੰਡੀ ਚੇਤਨਾ ਨੂੰ ਪ੍ਰਾਪਤ ਕਰਨ ਦੇ ਵੀ ਵੱਖ ਵੱਖ ਰਸਤੇ ਹਨ। ਵੱਖ ਵੱਖ ਇਨਸਾਨਾਂ ਲਈ ਉਨ੍ਹਾਂ ਦੀ ਪ੍ਰਕਿਰਤੀ ਮੁਤਾਬਕ ਵੱਖ ਵੱਖ ਰਸਤੇ ਦੱਸੇ ਜਾਂਦੇ ਹਨ। ਪਰ ਇਹ ਇੱਕ ਸਵੀਕ੍ਰਿਤ ਸਚਾਈ ਹੈ ਕਿ ਇਨ੍ਹਾਂ ਸਾਰੇ ਹੀ ਰਸਤਿਆਂ ਤੇ ਚੱਲ ਕੇ ਵੱਖ ਵੱਖ ਲੋਕਾਂ ਨੇ ਬ੍ਰਹਿਮੰਡੀ ਚੇਤਨਾ ਪ੍ਰਾਪਤ ਕੀਤੀ ਹੈ।
ਜਦੋਂ ਹੁਣ ਅਸੀਂ ਔਬਜੈਕਟਿਵ ਕਲਾ ਦੀ ਗੱਲ ਕਰ ਰਹੇ ਹਾਂ ਤਾਂ ਇਸ ਦੀ ਪਹਿਲੀ ਜ਼ਰੂਰਤ ਬ੍ਰਹਿਮੰਡੀ ਚੇਤਨਾ ਹੈ। ਬ੍ਰਹਿਮੰਡੀ ਚੇਤਨਾ ਤੋਂ ਉਰੇ ਵਾਲੇ ਲੋਕ ਔਬਜੈਕਟਿਵ ਕਲਾ ਨਹੀਂ ਰਚ ਸਕਦੇ। ਇਹ ਇੱਕ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਬ੍ਰਹਿਮੰਡੀ ਚੇਤਨਾ ਬੌਧਿਕ ਗਿਆਨ ਦੇ ਰਸਤੇ ਚੱਲਕੇ ਪ੍ਰਾਪਤ ਕੀਤੀ ਹੈ ਜਾਂ ਕਿਸੇ ਹੋਰ ਰਸਤੇ। ਔਬਜੈਕਟਿਵ ਕਲਾ ਉਨ੍ਹਾਂ ਨੇ ਹੀ ਰਚੀ, ਜਿਨ੍ਹਾਂ ਕੋਲ ਬ੍ਰਹਿਮੰਡੀ ਚੇਤਨਾ ਸੀ। ਇਸ ਚੇਤਨਾ ਤੇ ਉਹ ਗਿਆਨ ਮਾਰਗ ਰਾਹੀਂ ਪਹੁੰਚੇ ਜਾਂ ਪ੍ਰੇਮ ਮਾਰਗ ਰਾਹੀਂ, ਇਸ ਗੱਲ ਦਾ ਕੋਈ ਅਰਥ ਨਹੀਂ।
ਪੁਰਾਤਨ ਭਾਰਤੀ ਸਭਿਆਚਾਰ ਵਿੱਚ ਸਾਰੇ ਵੱਡੇ ਕਵੀ ਤੇ ਲੇਖਕ ਮੂਲ ਰੂਪ ਵਿੱਚ ਸਿਧ ਪੁਰਸ਼ ਹੀ ਸਨ। ਉਸ ਸਭਿਆਚਾਰ ਵਿੱਚ ਸਾਰੇ ਕਵੀ ਰਿਸ਼ੀ ਸਨ ਅਤੇ ਕਹਿ ਸਕਦੇ ਹਾਂ ਕਿ ਕਵੀ ਅਤੇ ਰਿਸ਼ੀ ਵਿੱਚ ਕੋਈ ਫਰਕ ਨਹੀਂ ਸੀ ਹੁੰਦਾ। ਰਿਸ਼ੀ ਹੋਏ ਬਿਨ੍ਹਾਂ ਕੋਈ ਕਵੀ ਨਹੀਂ ਸੀ ਹੋ ਸਕਦਾ। ਜਾਂ ਜੋ ਵੀ ਕਵੀ ਸੀ, ਉਹ ਰਿਸ਼ੀ ਦੀ ਅਵਸਥਾ ਵਿੱਚ ਹੀ ਸੀ। ਬਾਲਮੀਕ ਤੇ ਵੇਦ ਵਿਆਸ ਜਿਹੀਆਂ ਮਿਸਾਲਾਂ ਸਾਡੇ ਸਾਹਮਣੇ ਹਨ। ਇਸੇ ਤਰਾਂ ਮੱਧਕਾਲ ਵਿੱਚ ਭਗਤੀ ਲਹਿਰ ਦੇ ਸਾਰੇ ਕਵੀ ਸਾਡੇ ਸਾਹਮਣੇ ਹਨ। ਪੰਜਾਬ ਵਿੱਚ ਸੂਫੀ ਕਵੀਆਂ ਦੀ ਪਰੰਪਰਾ ਹੈ। ਇਸੇ ਤਰਾਂ ਸਮੁਚੀ ਗੁਰਬਾਣੀ ਉਚ ਬ੍ਰਹਿਮੰਡੀ ਚੇਤਨਾ ਨੂੰ ਪਹੁੰਚੇ ਹੋਏ ਗੁਰੂਆਂ ਦੀ ਰਚਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਹੀ ਭਗਤ ਕਵੀਆਂ ਤੇ ਬਾਬਾ ਫਰੀਦ ਜਿਹੇ ਸੂਫੀਆਂ ਦੀ ਰਚਨਾ ਤਾਂ ਸ਼ਾਮਲ ਹੈ ਪਰ ਭਾਈ ਗੁਰਦਾਸ ਦੀ ਨਹੀਂ, ਜਿਹੜੇ ਕਿ ਗੁਰੂਘਰ ਦੀ ਬਹੁਤ ਖਾਸ ਸਖਸ਼ੀਅਤ ਸਨ। ਸਾਡੇ ਕੋਲ ਇਸ ਗੱਲ ਦੀ ਕੋਈ ਬੌਧਿਕ ਵਿਆਖਿਆ ਨਹੀਂ ਕਿ ਸੱਤਾ ਬਲਵੰਡ ਵਰਗੇ ਲੋਕਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਪਰ ਭਾਈ ਗੁਰਦਾਸ ਦੀ ਕਿਉਂ ਨਹੀਂ। ਇਸੇ ਤਰਾਂ ਸੂਫੀਆਂ ਵਿੱਚੋ ਬਾਬਾ ਫਰੀਦ ਕਿਉਂ ਲਏ ਗਏ, ਸ਼ਾਹ ਹੂਸੈਨ ਕਿਉਂ ਨਹੀਂ? ਸੰਭਵ ਹੈ ਕਿ ਗੁਰੂ ਅਰਜਨ ਦੇਵ ਜੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਰਚਨਾ ਨੂੰ ਸ਼ਾਮਲ ਕਰਨ ਦਾ ਪੈਮਾਨਾ ਉਹ ਨਾ ਹੋਵੇ, ਜਿਸ ਨੂੰ ਅਸੀਂ ਆਧੁਨਿਕ ਦੌਰ ਦੇ ਲੋਕ ਸਮਝਦੇ ਹਾਂ। ਗੁਰੂ ਸਾਹਿਬ ਲਈ ਸ਼ਾਇਦ ਪੈਮਾਨਾ ਕਿਸੇ ਸਖਸ਼ੀਅਤ ਦੀ ਚੇਤਨਾ ਦਾ ਪੱਧਰ ਸੀ। ਬੌਧਿਕ ਗਹਿਰਾਈ ਜਾਂ ਕਾਵਿ ਸ਼ਿਲਪ ਪੱਖੋਂ ਭਾਈ ਗੁਰਦਾਸ ਉਚ ਪਾਏ ਦੇ ਸ਼ਾਇਰ ਹਨ, ਪਰ ਸੰਭਵ ਹੈ ਕਿ ਰੂਹਾਨੀ ਵਿਕਾਸ ਦੇ ਅਰਥਾਂ ਵਿੱਚ ਉਨ੍ਹਾਂ ਦੀ ਚੇਤਨਾ ਦਾ ਪੱਧਰ ਉਹ ਨਾ ਹੋਵੇ, ਜਿਹੜਾ ਧੰਨਾ ਭਗਤ ਜਾਂ ਸੱਤੇ ਬਲਵੰਡ ਦਾ ਸੀ। ਗੁਰੂ ਸਾਹਿਬਾਨ ਕਿਸੇ ਕਲਾ ਨੂੰ ਉਸ ਅਰਥ ਵਿੱਚ ਨਹੀਂ ਸਨ ਦੇਖਦੇ, ਜਿਸ ਅਰਥ ਵਿੱਚ ਅਸੀਂ ਦੇਖਦੇ ਹਾਂ। ਬ੍ਰਹਿਮੰਡੀ ਚੇਤਨਾ ਨੂੰ ਪ੍ਰਾਪਤ ਵਿਅਕਤੀ ਦੇ ਕਹੇ ਸ਼ਬਦਾਂ ਜਾਂ ਰਚੀ ਕਿਸੇ ਵੀ ਰਚਨਾ ਦੀ ਸਮੁਚੀ ਕੈਮਿਸਟਰੀ ਵੱਖਰੀ ਤਰਾਂ ਦੀ ਊਰਜਾ ਨਾਲ ਭਰਭੂਰ ਹੁੰਦੀ ਹੈ, ਜਿਸ ਨੂੰ ਸਧਾਰਨ ਇਨਸਾਨ ਮਹਿਸੂਸ ਨਹੀਂ ਕਰ ਸਕਦਾ।
ਜਿਨ੍ਹਾਂ ਪੁਰਾਤਨ ਸਭਿਅਤਾਵਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਸਭਿਆਤਾਵਾਂ ਆਧੁਨਿਕ ਸਭਿਆਤਾ ਨਾਲੋਂ ਵਿਕਾਸ ਦੇ ਕਿਤੇ ਉਚੇ ਪੌੜੇ ਤੇ ਖੜ੍ਹੀਆਂ ਸਨ। ਕੁੱਝ ਲੋਕਾਂ ਦੀ ਇਹ ਧਾਰਨਾ ਸਹੀ ਹੈ ਕਿ ਆਧੁਨਿਕ ਯੁਗ ਵਿੱਚ ਅਸੀਂ ਵਿਕਾਸਵਾਦੀ ਚੇਤਨਾ ਨੂੰ ਬਹੁਤ ਭ੍ਰਾਂਤੀਪੂਰਨ ਤਰੀਕੇ ਨਾਲ ਸਮਝਿਆ ਹੈ। ਚੇਤਨਾ ਦੀਆਂ ਜਿਨ੍ਹਾਂ ਸਿਖਰਾਂ ਨੂੰ ਪੁਰਾਤਨ ਸਭਿਆਤਾਵਾਂ ਛੁਹ ਚੁੱਕੀਆਂ ਹਨ, ਸ਼ਾਇਦ ਮਾਨਵਤਾ ਉਨ੍ਹਾਂ ਤੋਂ ਥੱਲੇ ਡਿਗਕੇ ਫੇਰ ਦੁਬਾਰਾ ਉਠਣ ਲੱਗੀ ਹੈ। ਜੋ ਗੁਆਚ ਗਿਆ, ਸ਼ਾਇਦ ਉਸੇ ਨੂੰ ਦੁਬਾਰਾ ਲੱਭ ਰਹੇ ਹਾਂ। ਪੁਰਾਤਨਤਾ ਦੀ ਖੋਜ ਤੇ ਮੁੜ ਸੁਰਜੀਤੀ ਦੁਆਰਾ ਜੋ ਨਵਾਂ ਮੋੜ ਸਾਡੀ ਮੌਜੂਦਾ ਸਭਿਅਤਾ ਵਿੱਚ ਆ ਰਿਹਾ ਹੈ, ਉਸ ਨੂੰ ਸ੍ਰੀ ਸ੍ਰੀ ਰਵੀ ਸ਼ੰਕਰ 'ਪੁਰਾਤਨ ਨਵਾਂ ਸੰਸਾਰ' (Ancient New World) ਕਹਿੰਦੇ ਹਨ।
ਕਲਾ ਤੇ ਵਿਗਿਆਨ ਦੀ ਸਾਡੀ ਵੰਡ ਆਧੁਨਿਕ ਯੁਗ ਦੀ ਦੇਣ ਹੈ। ਪੁਰਾਤਨ ਯੁਗ ਵਿੱਚ ਸਮੁਚੀ ਕਲਾ ਹੀ ਸਾਇੰਸ ਸੀ। ਜਾਂ ਕਹਿ ਸਕਦੇ ਹਾਂ ਕਿ ਉਸ ਦੌਰ ਦੀ ਕਲਾ ਵਿਗਿਆਨ ਦੀ ਤਰਾਂ ਹੀ ਸੀ। ਵਾਸਤਵ ਵਿੱਚ ਸਬਜੈਕਟਿਵ ਕਲਾ ਤੇ ਔਬਜੈਕਟਿਵ ਕਲਾ ਦੀ ਵੰਡ ਵੀ ਆਧੁਨਿਕ ਦੌਰ ਦੇ ਇਸ ਸੰਕਟ ਦੀ ਉਪਜ ਹੀ ਹੈ, ਜਿਸ ਵਿੱਚ ਅਸੀਂ ਕਲਾ ਤੇ ਵਿਗਿਆਨ ਨੂੰ ਵੱਖ ਵੱਖ ਸਮਝਦੇ ਹਾਂ। ਗੁਰਜੀਏਫ ਵਰਗੇ ਆਧੁਨਿਕ ਰਿਸ਼ੀਆਂ ਨੂੰ ਉਸ ਦੌਰ ਦੀ ਕਲਾ ਨੂੰ ਔਬਜੈਕਟਿਵ ਕਲਾ ਦਾ ਨਾਂ ਇਸੇ ਕਰਕੇ ਦੇਣਾ ਪਿਆ, ਕਿਉਂਕਿ ਉਸ ਦੌਰ ਦੀ ਸਮੁਚੀ ਕਲਾ ਆਧੁਨਿਕ ਕਲਾ ਨਾਲੋਂ ਬੁਨਿਆਦੀ ਤੌਰ ਤੇ ਭਿੰਨ ਹੈ। ਸਮੁਚੀ ਪੁਰਾਤਨ ਕਲਾ ਆਤਮਿਕ ਵਿਕਾਸ ਦੇ ਵਿਗਿਆਨ ਹਨ। ਇਹ ਬ੍ਰਹਿਮੰਡ ਤੇ ਜੀਵਨ ਦੇ ਨਿਯਮਾਂ ਦੀ ਵਿਗਿਆਨਕ ਜਾਣਕਾਰੀ ਤੇ ਅਧਾਰਤ ਹਨ ਅਤੇ ਕਲਾ ਦੀ ਹਰ ਰਚਨਾ ਇਨ੍ਹਾਂ ਨਿਯਮਾਂ ਦੀ ਜਾਣਕਾਰੀ ਦੇ ਅਧਾਰ ਤੇ ਇੱਕ ਮੈਥੇਮੈਟੀਕਲ ਨਿਪੁੰਨਤਾ ਨਾਲ ਉਸਰੀ ਹੈ। ਚਾਹੇ ਇਹ ਆਰਕੀਟੈਕਚਰ ਹੋਵੇ, ਚਾਹੇ ਸੰਗੀਤ ਹੋਵੇ, ਚਾਹੇ ਡਾਂਸ ਹੋਵੇ ਅਤੇ ਚਾਹੇ ਸਾਹਿਤ ਦੇ ਵੱਖ ਵੱਖ ਰੂਪ ਹੋਣ। ਸਾਡੇ ਸਾਰੇ ਰਿਸ਼ੀ, ਸਿਧ ਪੁਰਸ਼ ਤੇ ਗੁਰੂ ਪੀਰ ਆਤਮਾ ਦੇ ਵਿਗਿਆਨੀ ਹਨ। ਯੋਗੀ ਜੀ ਕਿਹਾ ਕਰਦੇ ਸਨ ਕਿ ਪੱਛਮ ਨੇ ਮੈਟਰ ਜਾਂ ਪਦਾਰਥ ਦੀ ਇੰਜਨੀਅਰਿੰਗ ਵਿਕਸਤ ਕੀਤੀ ਹੈ, ਪਰ ਪੂਰਬ ਕੋਲ ਮਨ ਦੀ ਇੰਜਨੀਅਰਿੰਗ ਹੈ। ਅਸੀਂ ਆਪਣੀ ਇਸ ਵਿਰਾਸਤ ਤੋਂ ਬਹੁਤ ਦੂਰ ਨਿਕਲ ਆਏ ਹਾਂ। ਜ਼ਿਆਦਾ ਤਰਾਸਦਿਕ ਪਹਿਲੂ ਇਹ ਹੈ ਕਿ ਅਸੀਂ ਸਮੁਚੀਆਂ ਪੁਰਾਤਨ ਵਿਗਿਆਨਾਂ ਨੂੰ ਸਮਝਣ ਦੀਆਂ ਕੁੰਜੀਆਂ ਗੁਆ ਲਈਆਂ ਹਨ। ਅਸੀਂ ਉਹ ਭਾਸ਼ਾ ਜਾਂ ਕੋਡ ਭੁਲ ਗਏ ਹਾਂ, ਜਿਸ ਦੀ ਮਦਦ ਨਾਲ ਇਨ੍ਹਾਂ ਵਿਗਿਆਨਾਂ ਨੂੰ ਸਮਝਿਆ ਜਾ ਸਕਦਾ ਹੈ।
ਪਿਛਲੇ ਸਮੇਂ ਦੌਰਾਨ ਆਧੁਨਿਕ ਵਿਗਿਆਨਾਂ ਦੇ ਖੇਤਰ ਵਿੱਚ ਹੋਏ ਵਿਕਾਸ ਨੇ ਸਾਡੀ ਇਹ ਮਦਦ ਕੀਤੀ ਹੈ ਕਿ ਇਸ ਨੇ ਸਾਡੇ ਲਈ ਇਹ ਅਸਾਨੀ ਪੈਦਾ ਕਰ ਦਿੱਤੀ ਹੈ ਕਿ ਅਸੀਂ ਆਪਣੀਆਂ ਪੁਰਾਤਨ ਵਿਗਿਆਨਾਂ ਨੂੰ ਕੁੱਝ ਨਾ ਕੁੱਝ ਹੱਦ ਤੱਕ ਸਮਝ ਸਕੀਏ। ਕੁੱਝ ਵਿਚਾਰਕਾਂ ਦਾ ਕਹਿਣਾ ਹੈ ਕਿ ਕਲਾ ਦੇ ਨਾਂ ਹੇਠ ਜਾਣੀਆਂ ਜਾਂਦੀਆਂ ਕਿੰਨੀਆਂ ਹੀ ਪੁਰਾਤਨ ਵਿਗਿਆਨਾਂ ਤੇ ਇਸੇ ਤਰਾਂ ਪੁਰਾਤਨ ਦੌਰ ਦੀਆਂ ਕੁੱਝ ਸ਼ੁਧ ਵਿਗਿਆਨਾਂ ਦੇ ਸਿਧਾਂਤਕ ਅਧਾਰਾਂ ਦੀ ਜਾਣਕਾਰੀ ਸਾਡੇ ਕੋਲੋ ਗੁਆਚਣ ਕਾਰਨ ਜਿਆਦਾ ਕੁੱਝ ਆਧੁਨਿਕ ਮਨ ਦੀ ਸਮਝ ਤੋਂ ਬਾਹਰ ਹੋ ਗਿਆ ਹੈ। ਇਸ ਗੱਲ ਨੂੰ ਇੱਕ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ। ਮਿਸਾਲ ਦੇ ਤੌਰ ਤੇ ਕਲਪਨਾ ਕਰੋ ਕਿ ਕਿਸੇ ਵੱਡੀ ਪਰਲੋ ਕਾਰਨ ਸਾਡੀ ਆਧੁਨਿਕ ਸਭਿਅਤਾ ਤਬਾਹ ਹੋ ਜਾਵੇ। ਸਾਡੀ ਸਪੇਸ ਵਿਗਿਆਨ, ਭੌਤਿਕ ਵਿਗਿਆਨ, ਐਟਮੀ ਤਕਨਾਲੋਜੀ, ਕੰਪਿਊਟਰ ਵਿਗਿਆਨ, ਸੂਚਨਾ ਤਕਨਾਲੋਜੀ, ਮੈਡੀਕਲ ਸਿਸਟਮਾਂ ਦੇ ਮੂਲ ਅਧਾਰਾਂ ਨੂੰ ਸਮਝਣ ਵਾਲੇ ਸਾਰੇ ਸੰਸਥਾਨ ਤਬਾਹ ਹੋ ਜਾਣ। ਸਿਰਫ ਕਿਤੇ ਕਿਤੇ ਇਸ ਤਰਾਂ ਦੀ ਤਕਨਾਲੋਜੀ ਦੀ ਵਰਤੋਂ ਕਾਰਨ ਵਾਲੇ ਬਚ ਜਾਣ ਜਾਂ ਇਨ੍ਹਾਂ ਦੀਆਂ ਕਿਤਾਬਾਂ ਬਚ ਜਾਣ। ਉਸ ਸੂਰਤ ਵਿਚ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕਾਂ ਲਈ ਇਨ੍ਹਾਂ ਸਾਰੇ ਸਿਸਟਮਾਂ ਦਾ ਸਿਧਾਂਤਕ ਅਧਾਰ ਸਮਝਣਾ ਲਗਭਗ ਅਸੰਭਵ ਹੋ ਜਾਵੇਗਾ। ਉਨ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕਾਂ ਨੂੰ ਇਹ ਸਾਰਾ ਗਿਆਨ ਜਾਂ ਤਕਨਾਲੋਜੀ ਕੋਈ ਵਹਿਮ ਭਰਮ ਜਾਂ ਅਵਿਕਸਤ ਗਿਆਨ ਲੱਗੇਗਾ। ਉਹ ਲੋਕ ਇਸ ਸਮੁਚੇ ਗਿਆਨ ਨੂੰ ਉਸੇ ਤਰਾਂ ਪੜ੍ਹਨਗੇ ਜਿਵੇਂ ਅਸੀਂ ਲੋਕ ਪੁਰਾਤਨ ਵਿਗਿਆਨਾਂ ਨੂੰ ਪੜ੍ਹਦੇ ਹਾਂ, ਜਿਸ ਵਿੱਚ ਅਸੀਂ ਜੋਤਿਸ਼ ਸਾਸ਼ਤਰ, ਅੰਕ ਵਿਗਿਆਨ, ਹਸਤਰੇਖਾ ਵਿਗਿਆਨ, ਵਾਸਤੂ ਸਾਸ਼ਤਰ, ਆਯੁਰਵੈਦ ਅਤੇ ਹੋਰ ਕਿੰਨੀਆਂ ਹੀ ਧਾਰਮਿਕ ਵਿਧੀਆਂ ਸ਼ਾਮਲ ਕਰ ਸਕਦੇ ਹਾਂ। ਇਹੀ ਤਰਕ ਕਲਾ ਦੇ ਨਾਂ ਹੇਠ ਜਾਣੀਆਂ ਜਾਂਦੀਆਂ ਪੁਰਾਤਨ ਆਤਮਕ ਵਿਗਿਆਨਾਂ ਜਾਂ ਤਕਨੀਕਾਂ ਦਾ ਹੈ।
ਇਸ ਪ੍ਰਸੰਗ ਵਿੱਚ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਅਸਲ ਵਿੱਚ ਉਹ ਕਲਾ ਹੀ ਕੋਈ ਮਾਨਵੀ ਉਦੇਸ਼ ਪੂਰਾ ਕਰ ਸਕਦੀ ਹੈ, ਜਿਹੜੀ ਵਾਸਤਵ ਵਿੱਚ ਵਿਗਿਆਨ ਹੋਵੇ। ਜਿਹੜੀ ਬ੍ਰਹਿਮੰਡ ਦੇ ਨਿਯਮਾਂ ਦੀ ਵਿਗਿਆਨਕ ਜਾਣਕਾਰੀ ਤੇ ਅਧਾਰਤ ਹੋਵੇ ਤੇ ਜਿਸ ਦੀ ਰਚਨਾ ਪ੍ਰਕਿਰਿਆ ਵੀ ਵਿਗਿਆਨਕ ਨਿਯਮਾਂ ਤੇ ਉਸਰੀ ਇੱਕ ਸੁਚੇਤ ਪ੍ਰਕਿਰਿਆ ਹੋਵੇ, ਜਿਹੜੀ ਇਨਸਾਨ ਦੇ ਆਤਮਿਕ ਵਿਕਾਸ ਲਈ ਇੱਕ ਤਕਨਾਲੋਜੀ ਦੀ ਤਰਾਂ ਕੰਮ ਕਰੇ। ਆਧੁਨਿਕ ਯੁਗ ਵਿੱਚ ਜੋ ਵੀ ਕਲਾ ਜਾਂ ਸਾਹਿਤ ਅਸੀਂ ਪੈਦਾ ਕਰ ਰਹੇ ਹਾਂ, ਉਹ ਉਨ੍ਹਾਂ ਨਿਯਮਾਂ ਦੀ ਜਾਣਕਾਰੀ ਤੋਂ ਸੱਖਣਾ ਹੈ। ਇਸੇ ਤਰਾਂ ਇਸ ਕਲਾ ਜਾਂ ਸਾਹਿਤ ਨੂੰ ਰਚਣ ਵਾਲੇ ਉਸ ਬ੍ਰਹਿਮੰਡੀ ਚੇਤਨਾ ਦੇ ਅਨੁਭਵ ਤੋਂ ਦੂਰ ਹਨ, ਜਿਸ ਤੋਂ ਬਿਨਾਂ ਆਤਮਿਕ ਵਿਕਾਸ ਦੀ ਸਾਇੰਸ ਜਾਂ ਕਲਾ ਨਹੀਂ ਪੈਦਾ ਹੋ ਸਕਦੀ। ਇਸੇ ਕਰਕੇ ਓਸ਼ੋ ਸਾਡੇ ਸਮੁਚੇ ਆਧੁਨਿਕ ਸਾਹਿਤ ਜਾਂ ਕਲਾ ਨੂੰ ਭਾਵਨਾਵਾਂ ਦੀ ਉਲਟੀ ਕਹਿੰਦੇ ਹਨ:
''ਸਬਜੈਕਟਿਵ ਆਰਟ ਦਾ ਮਤਲਬ ਹੈ ਕਿ ਤੁਸੀਂ ਆਪਣੇ ਨਿਜੀ ਭਾਵ, ਖਿਆਲ, ਆਪਣੇ ਸੁਪਨੇ, ਕਲਪਨਾ, ਮਨਮੌਜਾਂ ਕੈਨਵਸ ਤੇ ਉਤਾਰੀ ਜਾ ਰਹੇ ਹੋ। ਇਹ ਤੁਹਾਡੇ ਮਨ ਦੀ ਚਿਤਰਕਾਰੀ ਹੈ। ਇਹੀ ਕੁੱਝ ਕਵਿਤਾ, ਸੰਗੀਤ ਅਤੇ ਰਚਨਾਕਾਰੀ ਦੇ ਹੋਰ ਖੇਤਰਾਂ ਵਿੱਚ ਵਾਪਰਦਾ ਹੈ। ਤੁਹਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਜਿਹੜਾ ਵਿਅਕਤੀ ਤੁਹਾਡੀਆਂ ਪੇਂਟਿੰਗਜ਼ ਦੇਖੇਗਾ, ਉਸ ਵਿਚਾਰੇ ਦਾ ਕੀ ਬਣੇਗਾ। ਤੁਹਾਡਾ ਆਰਟ ਮਹਿਜ਼ ਇੱਕ ਕੈਅ ਹੈ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ, ਜਿਵੇਂ ਉਲਟੀ ਕਰਕੇ ਮਿਲਦੀ ਹੈ। ਤੁਹਾਡੇ ਅੰਦਰ ਦੀ ਕਚਿਆਣ ਇਸ ਨਾਲ ਬਾਹਰ ਆ ਜਾਂਦੀ ਹੈ, ਤੁਸੀਂ ਆਪਣਾ ਅੰਦਰ ਇਸ ਨਾਲ ਸਾਫ ਕਰ ਲੈਂਦੇ ਹੋ, ਹਲਕਾ ਕਰ ਲੈਂਦੇ ਹੋ। ਪਰ ਤੁਸੀਂ ਇਸ ਗੱਲ ਦਾ ਖਿਆਲ ਨਹੀਂ ਰੱਖਿਆ ਕਿ ਉਸ ਬੰਦੇ ਦਾ ਕੀ ਬਣੇਗਾ, ਜਿਹੜਾ ਤੁਹਾਡੀ ਉਲਟੀ ਦੇਖੇਗਾ। ਉਸ ਦੇ ਆਪਣੇ ਅੰਦਰ ਕਚਿਆਣ ਭਰ ਜਾਵੇਗੀ। ਉਹ ਬਿਮਾਰ ਹੋ ਸਕਦਾ ਹੈ। ਪਿਕਾਸੋ ਦੀਆਂ ਪੇਂਟਿੰਗਜ਼ ਵੱਲ ਹੀ ਦੇਖ ਲਓ। ਉਹ ਮਹਾਨ ਪੇਂਟਰ ਹੈ, ਪਰ ਸਿਰਫ ਇੱਕ ਸਬਜੈਕਟਿਵ ਆਰਟਿਸਟ। ਉਸਦੀਆਂ ਪੇਂਟਿੰਗਜ਼ ਦੇਖਕੇ ਤੁਸੀਂ ਮਾਨਸਿਕ ਤੌਰ ਤੇ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਤੁਹਾਡਾ ਸਿਰ ਚਕਰਾ ਸਕਦਾ ਹੈ। ਜ਼ਿਆਦਾ ਦੇਰ ਤੁਸੀਂ ਪਿਕਾਸੋ ਦੀਆਂ ਪੇਟਿੰਗਜ਼ ਨਹੀਂ ਦੇਖ ਸਕਦੇ। ਤੁਸੀਂ ਇਨ੍ਹਾਂ ਤੋਂ ਦੂਰ ਜਾਣਾ ਚਾਹੋਗੇ, ਕਿਉਂਕਿ ਇਹ ਚਿੱਤਰ ਕਿਸੇ ਮੌਨ ਵਿਅਕਤੀ ਦੀ ਉਪਜ ਨਹੀਂ ਹੈ। ਇਹ ਰੋਲ ਘਚੋਲੇ ਵਿੱਚੋਂ ਨਿਕਲੇ ਹਨ। ਇਹ ਕਿਸੇ ਡਰਾਉਣੇ ਸੁਪਨੇ ਦੀ ਉਪਜ ਹਨ। ਪਰ ਵਾਸਤਵਿਕਤਾ ਇਹ ਹੈ ਕਿ ਨੜਿਨਵੇਂ ਪ੍ਰਤੀਸ਼ਤ ਆਧੁਨਿਕ ਆਰਟ ਇਸੇ ਤਰਾਂ ਦਾ ਹੈ।''

1 comment:

  1. lovable poems may be read again and again.Impregnated with a promising future for Punjabi poetry these poems has already shown powerful links with the profoundest traditions of world poetry.It seems a river of poetry is flowing in the laboriously dug path by Farhad.

    ReplyDelete