ਪੁਸਤਕ ਦੇ ਇਸ ਭਾਗ ਵਿੱਚ ਸ਼ਾਮਲ ਕਵਿਤਾਵਾਂ ਵਿੱਚ ਇਨਸਾਨੀ ਤੇ ਬ੍ਰਹਿਮੰਡੀ ਮੁਹੱਬਤ ਦੇ ਅਹਿਸਾਸ ਰਲਗੱਡ ਹੋਏ ਹਨ। ਇਹ ਕਵਿਤਾਵਾਂ ਰਚਨਾ ਕਾਲ ਦੇ ਹਿਸਾਬ ਨਾਲ ਇਸ ਸੰਗ੍ਰਹਿ ਦੀਆਂ ਸਭ ਤੋਂ ਪੁਰਾਣੀਆਂ ਕਵਿਤਾਵਾਂ ਹਨ। ਕੁੱਝ ਕਵਿਤਾਵਾਂ ਨੱਬੇਵਿਆਂ ਦੇ ਸ਼ੁਰੂ ਦੀਆਂ ਵੀ ਹਨ।
ਮੂਰਤੀ ਪੂਜਕ
ਮੂਰਤੀ ਪੂਜਕ ਨਾ ਕਹਿ,
ਤੇਰਾ ਅੱਧਾ ਅਧੂਰਾ ਇਨਸਾਨ ਹਾਂ
ਤੇਰੇ ਬੇਤਸਵੀਰੇ
ਨਿਰਾਕਾਰ ਰੂਪ ਨੂੰ ਮੈਂ ਕਿੰਝ ਪਿਆਰ ਕਰਾਂ?
ਮੈਂ ਬਿਨਾਂ ਅੱਖਾਂ ਦੇਖ ਨਹੀਂ ਸਕਦਾ
ਬਿਨਾਂ ਕੰਨਾਂ ਸੁਣ ਨਹੀਂ ਸਕਦਾ
ਮੈਂ ਦੇਖਦਾ ਹਾਂ ਤੈਨੂੰ ਪੰਛੀਆਂ ਚੋ
ਫੁਲਾਂ ਚੋਂ
ਹਵਾਵਾਂ ਚੋਂ ਤੇਰੀ ਖੁਸ਼ਬੂ ਲੱਭਦਾਂ
ਨੀਲੇ ਅਸਮਾਨ ਚੋ ਤੇਰਾ ਟਿਕਾਣਾ ਲੱਭਦਾ ਹਾਂ
ਧਰਤੀ ਦੀ ਥਰਥਰਾਹਟ ਚੋਂ
ਤੇਰੀ ਗੂੰਜ ਸੁਣਨ ਦੀ ਕੋਸ਼ਿਸ਼ ਕਰਦਾ ਹਾਂ
ਕੁਦਰਤ ਦੇ ਵੱਖ ਵੱਖ ਅਕਾਰਾਂ ਨੂੰ ਜੋੜਕੇ
ਤੇਰੀ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰਦਾਂ
ਪਰ ਤਸਵੀਰ ਹੈ ਕਿ ਬਣਦੀ ਨਹੀਂ
ਇਸ ਬਿੰਦੂ ਤੇ ਮੇਰੀ ਸਾਧਨਾ ਅਟਕ ਜਾਂਦੀ ਹੈ
ਫੇਰ ਲੈ ਜਾਵੀਂ ਮੈਨੂੰ
ਤਸਵੀਰਾਂ ਅਕਾਰਾਂ ਤੋਂ ਪਾਰ
ਨਿਰਾਕਾਰਤਾ ਦੇ ਮੰਡਲ ਵਿਚ
ਪਹਿਲਾਂ ਤੂੰ ਮੇਰੇ ਸਾਹਮਣੇ ਆ
ਮੈਨੂੰ ਆਪਣੀ ਤਸਵੀਰ ਦੇਹ
ਤੇਰਾ ਅੱਧਾ ਅਧੂਰਾ ਇਨਸਾਨ ਹਾਂ
ਮੂਰਤੀ ਪੂਜਕ ਨਾ ਕਹੀਂ
ਪਹਿਲਾ ਮੀਂਹ
ਮੁਹੱਬਤ ਸੁੱਤੀ ਰਹੀ ਮੇਰੇ ਅੰਦਰ ਸਦੀਆਂ ਤਕ
ਕਿਸੇ ਨੇ ਇਸ ਨੂੰ ਜਗਾਇਆ ਨਹੀਂ
ਸ਼ਾਇਦ ਇਹ ਘੂਕ ਸੁੱਤੀ ਸੀ,
ਜਿਵੇਂ ਧਰਤੀ ਹੇਠਾਂ ਬੀਜ ਹੁੰਦੇ ਹਨ
ਜਿਵੇਂ ਬੀਜਾਂ ਅੰਦਰ ਫੁਲ
ਜਿਵੇਂ ਮਾਵਾਂ ਅੰਦਰ ਸੌਂ ਰਹੇ ਹੁੰਦੇ ਹਨ ਅਣਜੰਮੇ ਬਾਲ
ਬੜੀ ਦੇਰ ਮੈਂ ਇਸ ਨੂੰ ਫੂਕਾਂ ਮਾਰੀਆਂ
ਪਾਥੀਆਂ ਵਿਚ ਛੁਪੀ ਅੱਗ ਨੂੰ
ਸੁਲਘਾਉਣ ਲਈ ਸਾਹੋ ਸਾਹੀ ਹੋਇਆ
ਇਹ ਨਹੀਂ ਜਾਗੀ
ਰੌਸ਼ਨੀ ਵਾਲਿਆਂ ਕੋਲ ਗਿਆ
ਲੌਅ ਲੈਣ
ਜਿਵੇਂ ਬਾਂਝ ਕੁਖਾਂ ਫਕੀਰਾਂ ਕੋਲ ਜਾਂਦੀਆਂ ਹਨ
ਜਿਵੇਂ ਪਿਆਸੀਆਂ ਰੂਹਾਂ ਨੀਰਾਂ ਕੋਲ ਜਾਂਦੀਆਂ ਹਨ
ਪਰ ਇਕ ਘੁਟਣ
ਮੈਂਨੂੰ ਜਕੜਕੇ ਬੈਠੀ ਰਹੀ
ਘੁਟਣ, ਜਿਵੇਂ ਅਕਾਸ਼ ਨੂੰ ਕਿਸੇ ਨੇ ਬੰਨ ਲਿਆ ਹੋਵੇ
ਹਵਾ ਦੇ ਜਿਵੇਂ ਪੈਰ ਨੂੜੇ ਹੋਣ
ਇਕ ਲਹਿਰ ਉਠਦੀ ਤੇ
ਰੋਗੀ ਦੀ ਨਬਜ਼ ਵਾਂਗ ਬੈਠ ਜਾਂਦੀ
ਛੱਡ ਦਿੱਤਾ ਮੈਂ ਸੁੱਤੇ ਅਕਾਸ਼ ਨੂੰ ਜਗਾਉਣਾ
ਮੌਸਮਾਂ ਵਿਚ ਲੁਪਤ ਬਰਸਾਤ ਨੂੰ ਬੁਲਾਉਣਾ
ਤਕਦੀਰਾਂ ਨਾਲ ਲੜਦਾ ਮੈਂ ਹਾਰ ਗਿਆ ਸਾਂ
ਫੇਰ
ਅਚਾਨਕ ਆਈ
ਇਕ ਬਦਲੋਟੀ ਜਿਹੀ
ਬਿਨਾਂ ਵਰ੍ਹਿਆਂ
ਮੇਰੇ ਅਸਮਾਨ ਤੋਂ ਢੱਕਣ ਚੁੱਕ ਗਈ
ਬਿਨਾਂ ਪਾਣੀ ਦੇ ਪੇਰੀ ਧਰਤੀ ਭਿਉਂ ਗਈ
ਮੈਂ ਅਭੜਵਾਹਾ ਜਿਹਾ
ਬਰਸਾਤੇ ਵਜੂਦ ਨਾਲ
ਧੋਤੇ ਅਸਮਾਨ ਨੂੰ ਦੇਖ ਰਿਹਾ ਹਾਂ
ਰਗਾਂ ਵਿਚ ਸੁੱਤੇ ਫੁਲ ਰਾਤੋ ਰਾਤ ਪੁੰਗਰ ਪਏ ਹਨ
ਮੇਰੇ ਮੌਲਾ, ਤੇਰੇ ਇਹ ਕੀ ਰੰਗ ਨੇ
ਅਕਾਸ਼ ਦਾ ਦਿਲ
ਤੂੰ ਮੇਰਾ ਹਾਲ ਨਾ ਪੁੱਛ
ਬੱਸ ਆਪੇ ਜਾਣ ਲੈ
ਕੀ ਹੈ ਮੇਰੇ ਦਿਲ ਵਿੱਚ
ਜੋ ਵੀ ਤੈਨੂੰ ਦੱਸਾਂਗਾ
ਤੈਨੂੰ ਪਤਾ ਹੋਵੇਗਾ
ਬੋਲਾਂ ਵਿੱਚ ਆਉਣ ਤੋਂ ਪਹਿਲਾਂ
ਤੇਰੇ ਕੋਲ ਪਹੁੰਚ ਗਿਆ ਹੋਵੇਗਾ
ਕੁੱਝ ਵੀ ਕਹਿਣ ਲਈ ਨਾ ਕਹਿ
ਆਪੇ ਜਾਣ ਲੈ
ਕਹਿੰਦੇ ਹਨ ਕਿ ਦਿਲਾਂ ਵਾਲੇ
ਜਾਣੀ ਜਾਣ ਹੁੰਦੇ ਹਨ
ਚੁੱਪ ਨਾਲ ਬੋਲਦੇ ਹਨ
ਜਾਂ ਸ਼ਾਇਦ ਜਾਣੀ ਜਾਣ ਵੀ ਨਹੀਂ ਹੁੰਦੇ
ਸਿਰਫ ਅਕਾਸ਼ ਨਾਲ
ਗੱਲਾਂ ਕਰਨੀਆਂ ਜਾਣਦੇ ਹਨ
ਅਕਾਸ਼
ਜਿਹੜਾ ਕਿ ਸਭ ਦੀਆਂ ਜਾਣਦਾ ਹੈ
ਜਿਸ ਦੇ ਦਿਲ ਵਿੱਚ
ਸਾਰਿਆਂ ਦਾ ਦਿਲ ਹੈ
ਅੱਖਾਂ
ਬਰਫ ਜਮੀ ਹੈ ਅਨੰਤ ਸਾਗਰ ਤੇ
ਅੱਖਾਂ ਤੇਰੀਆਂ
ਇਸ ਬਰਫ ਵਿੱਚ ਹੋਏ ਦੋ ਸੁਰਾਖ
ਇਨ੍ਹਾਂ ਸੁਰਾਖਾਂ ਚੋਂ
ਅਨੰਤ ਸਾਗਰ ਦਿਸਦਾ ਹੈ
ਇਨ੍ਹਾਂ ਅੱਖਾਂ ਨੂੰ ਬੰਦ ਨਾ ਕਰੀਂ
ਇਹ ਜੋ ਨਮੀ ਹੈ ਇਨ੍ਹਾਂ ਚ
ਇਹ ਸਾਗਰ ਹੀ ਤਾਂ ਹੈ
ਅਨੰਤ
ਅਸਗਾਹ
ਅਥਾਹ
ਮੇਰੇ ਕੋਲ ਇਹੀ ਦੁਆਰ ਹੈ
ਅਗੰਮ ਨੂੰ ਛੁਹਣ ਦਾ
ਆਤਮਾ ਮੇਰੀ
ਜ਼ਿੰਦਗੀ ਵਿੱਚ ਕੈਦ ਹੈ
ਕੈਦੀ ਆਤਮਾ ਕੋਲ
ਇਹ ਦੋ ਰੌਸ਼ਨਦਾਨ ਹਨ
ਰੱਬ ਵੱਲ ਖੁਲ੍ਹਦੇ ਹੋਏ
ਇਨ੍ਹਾਂ ਰੌਸ਼ਨਦਾਨਾਂ ਚੋਂ
ਮੈਂ ਰੱਬ ਦੇਖ ਰਿਹਾਂ
ਅਨੰਤ ਵਿੱਚ ਲੀਨ ਹੋ ਰਿਹਾਂ
ਗੰਗਾ
ਤੂੰ ਮੇਰੇ ਕਰਮ ਧੋਤੇ ਹਨ
ਹੇ ਸਦਾ ਕੁਆਰੀ
ਤੇਰੀ ਛੁਹ ਨਾਲ
ਮੈਂ ਅਮਰ ਹੋ ਗਿਆ ਹਾਂ
ਕਿ ਮੈਂ ਪਹਿਲਾ ਯਾਤਰੀ ਹਾਂ
ਤੇ ਆਖਰੀ ਵੀ
ਜੋ ਤੇਰੇ ਪਵਿੱਤਰ ਜਲਾਂ ਵਿੱਚ
ਟੁੱਭੀ ਲਾ ਰਿਹਾ ਹੈ
ਮੈਨੂੰ ਇਹ ਅਦਭੁਤ ਅਹਿਸਾਸ
ਕਿਉਂ ਹੋ ਰਿਹਾ ਹੈ
ਹੇ ਦੇਵੀ
ਤੂੰ ਜੁਗਾਂ ਤੋਂ ਵਹਿ ਰਹੀ ਹੈਂ
ਮੈਂ ਤੇਰੇ ਘਾਟ ਤੇ ਬੈਠਾ ਹਾਂ
ਉਦੋਂ ਤੋਂ ਹੀ
ਯੁਗ, ਸਾਲ, ਮਹੀਨੇ, ਘੰਟੇ
ਹਰ ਪਲ ਤੇਰੇ ਵਿੱਚ ਡਿੱਗ ਰਹੇ ਹਨ
ਹਰ ਪਲ ਹੀ
ਤੂੰ ਨਵੀਂ ਹੋ ਰਹੀ ਹੈਂ
ਤੂੰ ਕਦੇ ਪਲੀਤ ਨਹੀਂ ਹੁੰਦੀ
ਅਸਲ ਵਿੱਚ
ਸਿਰਫ ਮੈਂ ਤੇਰੇ ਵਿੱਚ ਨਹੀਂ ਨਹਾਉਂਦਾ
ਤੂੰ ਵੀ ਮੇਰੇ ਵਿੱਚ ਨਹਾਉਂਦੀ ਹੈਂ
ਮੇਰੀ ਹਰ ਟੁੱਭੀ
ਤੈਨੂੰ ਵੀ ਨਹਾਉਂਦੀ ਹੈ
ਮੇਰੀ ਹਰ ਤੀਰਥ ਯਾਤਰਾ
ਤੈਨੂੰ ਵੀ ਧੋ ਦਿੰਦੀ ਹੈ
ਦੁਨੀਆ ਵਿੱਚ ਬੇਅੰਤ
ਸਮੁੰਦਰ, ਨਦੀਆਂ, ਟੋਭੇ, ਖੂਹ ਤੇ ਟੂਟੀਆਂ ਹਨ
ਪਰ ਗੰਗਾ ਇੱਕ ਹੈ
ਮੈਂ ਤੇਰਾ ਇਕੋ ਇੱਕ ਤੀਰਥ ਯਾਤਰੀ
ਮੈਨੂੰ ਵਰ ਦੇ
ਹੇ ਮਹਾਨਦੀ
ਕਿ ਗੰਗੋਤਰੀ ਤੋਂ ਵਿਲਯ ਤੱਕ
ਤੇਰੇ ਘਾਟਾਂ ਤੇ ਪਸਰ ਜਾਵਾਂ
ਸ਼ਬਦ
ਸ਼ਬਦ ਆਪਣੇ
ਮੈਂ ਭਿਉਂ ਰੱਖੇ ਹਨ ਤੇਰੇ ਵਿਯੋਗ ਵਿਚ
ਇਨ੍ਹਾਂ ਨਾਲ ਕੁਝ ਵੀ ਲਿਖਾਂ
ਕਵਿਤਾ ਬਣ ਜਾਏਗਾ
ਵਿਯੋਗ ਤੇਰੇ ਨਾਲ
ਮੇਰਾ ਦਿਲ ਗਰਭਿਆ ਹੈ
ਇਕ ਟੀਸ
ਰਗਾਂ ਵਿਚ ਰੁਕ ਰੁਕ ਕੇ ਚਲਦੀ ਹੈ
ਇਨ੍ਹਾਂ ਸ਼ਬਦਾਂ ਨਾਲ
ਤੂੰ ਬਹਿਸ ਨਾ ਕਰੀਂ
ਦਰਦ ਆਪਣੇ ਵਿਚ
ਪਿਘਲ ਪਿਘਲ ਜਾਂਦੇ ਨੇ
ਬਲ ਰਹੇ ਨੇ ਵਿਚਾਰੇ
ਇਨ੍ਹਾਂ ਵਿਚ ਹੇਕ ਨਹੀ
ਸੇਕ ਹੈ
ਤੂੰ ਇਨ੍ਹਾਂ ਦੀ ਤਪਸ਼ ਦੇਖੀਂ
ਜੀਵਨ ਦੀਆਂ ਸਰਦ ਰਾਤਾਂ ਨੂੰ
ਇਨ੍ਹਾਂ ਦੇ ਨਿੱਘ ਹੇਠ ਲੁਕਾ ਦੇਵੀਂ
ਵੈਸੇ ਮੈਂ ਕੀ ਕਰਾਂਗਾ ਕਵਿਤਾ ਲਿਖਕੇ
ਆਤਮਾ ਦਾ ਬੇਮੰਜ਼ਲਾ ਯਾਤਰੂ
ਗਰਮ ਸ਼ਬਦਾਂ ਨਾਲ
ਤੇਰੇ ਵਿਯੋਗ ਨੂੰ ਸਹਿਲਾਉਂਦਾ ਹਾਂ
ਮੈਂ ਕਵਿਤਾ ਨਹੀਂ ਲਿਖਦਾ
ਸ਼ਾਇਦ ਇਹ ਸ਼ਬਦ ਸਾਨੂੰ ਓਟ ਦੇਣ
ਦਿਲਾਂ ਦੀਆਂ ਸੁੰਨੀਆਂ ਵਾਦੀਆਂ ਵਿਚ
ਅਸ਼ਾਂਤ ਰਾਤਾਂ ਅੰਦਰ
ਮੈਂ ਇਹ ਭਿਉਂ ਰੱਖੇ ਹਨ
ਤੇਰੇ ਵਿਯੋਗ ਵਿਚ
ਇਨਾਂ ਚੂਚਿਆਂ ਦਾ ਤੂੰ ਖਿਆਲ ਰੱਖੀਂ
ਛੁਪਾ ਲੈ
ਪਿਆਰ ਮੇਰਾ ਤੂੰ ਛੁਪਾ ਲੈ ਦਿਲ ਵਿਚ, ਹੌਲੀ ਜਿਹੇ
ਬਾਹਰ ਬਹੁਤ ਤੇਜ਼ ਹਵਾ ਹੈ
ਇਹ ਐਵੇਂ ਦੀਵਾ ਜਿਹਾ
ਇਸ ਦੀ ਨਿੰਮੀ ਨਿੰਮੀ ਲੋਅ ਹੈ
ਤੇ ਮੱਠਾ ਮੱਠਾ ਸੇਕ
ਇਹ ਖੁਸ਼ਬੂ ਦੀ ਲਹਿਰ ਹੈ
ਇਹ ਮਸ਼ਾਲ ਨਹੀਂ ਬਣ ਸਕੇਗਾ
ਬਸ ਤੇਰੀਆਂ ਅੱਖਾਂ ਵਿਚ ਟਿਮਟਿਮਾਏਗਾ
ਤੂੰ ਇਸ ਨੂੰ ਘੁਟ ਕੇ ਪਕੜ ਲੈ
ਜਿਵੇਂ ਮਾਂ ਕੋਈ ਡਰੇ ਹੋਏ ਬੱਚੇ ਨੂੰ ਪਕੜਦੀ ਹੈ
ਲੁਕਾ ਲੈ
ਦਿਲ ਦੀਆਂ ਸਿਆਹ ਰਾਤਾਂ ਵਿਚ
ਇਹ ਦੀਵੇ ਵਾਂਗ ਬਲਦਾ ਰਹੇਗਾ ਖਾਮੋਸ਼
ਤੜਕੇ ਦੇ ਤਾਰੇ ਦੀ ਤਰਾਂ ਤੈਨੂੰ ਰਾਹ ਦਰਸਾਏਗਾ
ਤੂੰ ਇਸ ਨੂੰ ਦਿਲ ਵਿਚ ਛੁਪਾ ਲੈ
ਬਾਹਰ ਬਹੁਤ ਤੇਜ਼ ਹਵਾ ਹੈ
ਧੂਫ
ਹੋਰ ਕੁੱਝ ਵੀ ਨਹੀਂ ਹੈ ਉਸ ਕੋਲ
ਸਿਰਫ ਦੁਆਵਾਂ ਦੀ ਇਕ ਮਾਲਾ ਹੈ
ਜੋ ਤੇਰੇ ਗਲ ਵਿਚ ਪਾ ਦਿੱਤੀ
ਉਹ ਕੋਈ ਰਾਜਕੁਮਾਰ ਨਹੀਂ
ਫਕੀਰਾਂ ਦਾ ਦੂਤ ਹੈ ਸ਼ਾਇਦ
ਉਸ ਕੋਲ ਸਾਦੇ ਜਿਹੇ
ਗੇਂਦੇ ਦੇ ਫੁਲ ਹਨ
ਤੇਰੀ ਝੋਲੀ ਵਿਚ ਪਾਉਣ ਲਈ
ਸਿਰਫ ਫੁਲ ਹੀ ਹਨ ਸਾਦੇ ਜਿਹੇ
ਉਹ ਅਸਲ ਵਿਚ ਕੁਝ ਵੀ ਨਹੀਂ ਹੈ
ਇਕ ਅਖੰਡ ਅਰਦਾਸ ਤੋਂ ਸਿਵਾ
ਇਕ ਸਾਲਮ ਦੁਆ ਹੈ
ਫਕੀਰਾਂ ਦੇ ਦਰ ਤੇ ਖੜ੍ਹਾ ਹੈ ਤੇਰੇ ਲਈ
ਹੌਲੀ ਹੌਲੀ ਜਲ ਰਿਹਾ ਹੈ
ਇਕ ਧੂਫ ਦੀ ਤਰਾਂ
ਤੇਰੇ ਚੌਗਿਰਦੇ ਨੂੰ ਮਹਿਕਾਉਣ ਲਈ
ਤੂੰ ਕਿਤੇ ਵੀ ਜਾਈਂ
ਇਹ ਮਹਿਕ ਤੇਰੇ ਨਾਲ ਰਹੇਗੀ
ਇਹ ਇਕ ਦੁਆ ਹੀ ਹੈ ਸਿਰਫ
ਹੋਰ ਕੁਝ ਵੀ ਨਹੀਂ
ਅਵਾਜ
ਜੀਅ ਕਰਦਾ ਹੈ ਤੈਨੂੰ
ਜੋਰ ਦੀ ਅਵਾਜ ਮਾਰਾਂ, ਚੁਪ ਚਾਪ
ਕਿ ਦੇਵਤਿਆਂ ਦਾ ਸਿੰਘਾਸਣ ਕੰਬ ਜਾਏ
ਕਿ ਅਸਮਾਨ ਵਿਚ ਤਰੇੜ ਪੈ ਜਾਵੇ
ਅਵਾਜ ਮੇਰੀ ਰਾਕਟ ਦੀ ਤਰਾਂ
ਦੂਰੀਆਂ ਨੂੰ ਚੀਰ ਜਾਵੇ
ਤੇ ਤੇਰੇ ਦਿਲ ਤੇ ਜਾ ਟਿਕੇ
ਪਾਣੀ ਤੇ ਤੈਰਦੀ
ਕਾਗਜ ਦੀ ਕਿਸਤੀ ਵਾਂਗ
ਮੈਂ ਤੈਨੂੰ ਬੁਲਾ ਰਿਹਾਂ
ਤਾਂ ਕਿ ਤੂੰ ਦੇਖ ਸਕੇਂ
ਕਿ ਖੜਕੇ ਤੋਂ ਬਗੈਰ
ਵਿਸਫੋਟ ਕਿਵੇਂ ਹੁੰਦੇ ਨੇ
ਕਿ ਦਿਲਾਂ ਦਾ ਹੁੰਮਸ
ਕਿੰਨਾ ਜਾਨਲੇਵਾ ਹੁੰਦਾ ਹੈ
ਬਿਨਾਂ ਬੋਲਿਆਂ
ਤੈਨੂੰ ਅਵਾਜ ਮਾਰੀ ਹੈ
ਬਿਨਾਂ ਕੰਨਾਂ ਦੇ ਇਸ ਨੂੰ ਸੁਣ
ਬਿਨਾਂ ਅੱਖਾਂ ਦੇ
ਆਪਣੇ ਦਿਲ ਵਿਚ ਦੇਖ
ਇਸ ਝੀਲ ਵਿਚ ਚੰਦਰਮਾਂ ਦੀ ਤਰਾਂ
ਕੁਝ ਡੋਲਦਾ ਹੈ ਕਿ ਨਹੀਂ?
ਇਸ ਤੋਂ ਵੱਧ ਖਾਮੋਸੀ ਨਾਲ
ਮੈਂ ਐਨੀ ਉਚੀ ਅਵਾਜ ਨਹੀਂ ਮਾਰ ਸਕਦਾ
ਸੁੱਤੀ ਕਾਇਨਾਤ ਜਾਗ ਜਾਵੇਗੀ
ਪਿਘਲੇ ਸ਼ਬਦ
ਮੈਂ ਸੁੱਕਾ ਮੋਮ ਸਾਂ
ਤੈਨੂੰ ਮਿਲਣ ਤੋਂ ਪਹਿਲਾਂ
ਤੈਨੂੰ ਮਿਲਕੇ
ਹੰਝੂ ਵਾਂਗ ਵਹਿਣ ਲੱਗਿਆ ਹਾਂ
ਸ਼ਬਦਾਂ ਦੇ ਬੇਜਾਨ ਸੰਚਿਆਂ ਨੂੰ
ਇੰਟਾਂ ਵਾਂਗ ਚਿਣਕੇ
ਕਵਿਤਾ ਬਣਾ ਲੈਂਦਾ ਸਾਂ
ਪਲਾਸਟਿਕ ਦੇ ਫੁਲਾਂ ਵਾਂਗ
ਸਜਾ ਲੈਂਦਾ ਸਾਂ
ਤੇਰੇ ਆਉਣ ਤੋਂ ਪਹਿਲਾਂ
ਸ਼ਬਦ ਮੇਰੇ ਜਗ ਪਏ ਹਨ ਰੌਸ਼ਨੀਆਂ ਵਾਂਗ
ਤੇਰੀ ਆਮਦ ਤੇ
ਤੇਰੇ ਸਨਮਾਨ ਵਿਚ
ਛੋਹ ਤੇਰੀ ਨਾਲ ਪੁੰਗਰ ਪਏ ਹਨ
ਇਸ ਪਿਘਲੇ ਮਨ ਨਾਲ
ਦੁਨੀਆ ਨੂੰ ਮੈਂ ਇੰਝ ਦੇਖਦਾ ਹਾਂ
ਜਿਵੇਂ ਕੋਈ ਪ੍ਰੇਮੀ
ਖੂਨ ਨਾਲ ਚਿੱਠੀਆਂ ਲਿਖਦਾ ਹੈ
ਬੇਜਾਨ ਸ਼ਬਦ ਪੁੰਗਰ ਪਏ ਹਨ ਤੇਰੀ ਛੋਹ ਨਾਲ
ਤੇਰੇ ਸਨਮਾਨ ਵਿਚ ਲੋਟ ਪੋਟ ਹੋ ਰਹੇ ਹਨ
ਲੱਭ ਜਾਇਆ ਕਰ
ਤੈਥੋਂ ਬਿਨਾਂ ਧਰਤੀ ਦੇ ਬਿਜਲੀ ਚਲੀ ਜਾਂਦੀ ਹੈ
ਤੈਥੋਂ ਬਿਨਾਂ ਮੇਰੇ ਨਾਲ ਕੋਈ ਨਹੀਂ ਬੋਲਦਾ
ਭਰਿਆ ਮੇਲਾ ਵੀ ਸੁੰਨਾ ਹੋ ਸਕਦਾ ਹੈ
ਇਹ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਹੈ
ਐਨਾ ਸ਼ੋਰ ਵੀ ਸੁੰਨਾ ਹੈ ਤੈਥੋਂ ਬਿਨਾਂ
ਮੈਨੂੰ ਸਮਝਾ ਨਾ ਕਿ
ਹਰ ਵੇਲੇ ਮੇਰੇ ਨਾਲ ਹੈ ਤੂੰ
ਫੇਰ ਮੈਂ ਅਕਸਰ ਤੈਨੂੰ ਕਿਉਂ ਲੱਭਦਾਂ
ਮੇਰਾ ਇਹ ਪਲ ਪਲ ਦਾ ਸੰਸਾਰ ਹੈ
ਹਰ ਰੋਜ਼ ਮੈਂ ਤੈਨੂੰ ਨਵੇਂ ਸਿਰਿਓਂ ਲੱਭਦਾਂ
ਜਿਵੇਂ ਕੋਲੰਬਸ ਨੇ ਅਮਰੀਕਾ ਲੱਭਿਆ ਹੋਵੇ
ਜਿਵੇਂ ਕੋਈ ਚੰਦਰਮਾ ਤੇ ਉਤਰਿਆ ਹੋਵੇ
ਭਲਾਂ ਤੂੰ ਰੋਜ਼ ਗੁੰਮ
ਪਰ ਲੱਭ ਜਾਇਆ ਕਰ
ਜ਼ਰੂਰ
ਤੇਰੇ ਬਿਨਾਂ ਧਰਤੀ ਤੇ ਬਿਜਲੀ ਚਲੀ ਜਾਂਦੀ ਹੈ
ਤੈਥੋ ਬਿਨਾਂ ਮੇਰੇ ਨਾਲ ਕੋਈ ਨਹੀਂ ਬੋਲਦਾ
ਤੇਰਾ ਖਿਆਲ
ਦਿਲ ਤੇਰੇ ਖਿਆਲ ਨਾਲ ਭਰਿਆ ਹੈ
ਜਿਵੇਂ ਰਸ ਨਾਲ ਅੰਬੀ
ਨਮੀ ਨਾਲ ਅੱਖ ਕੋਈ
ਜਿਵੇਂ ਮੀਂਹ ਨਾਲ ਬੱਦਲ ਭਰਿਆ ਹੁੰਦਾ ਹੈ
ਮੈਂ ਖਿਆਲ ਤੇਰਾ
ਸਾਂਭ ਸਾਂਭ ਰੱਖ ਰਿਹਾਂ
ਜਿਵੇਂ ਅੱਖਾਂ ਵਿੱਚ ਹੰਝੂ ਸਾਂਭੀਦੇ ਨੇ
ਜਿਵੇਂ ਅੰਬੀ ਰਸ ਸਾਂਭਦੀ ਹੈ
ਜਿਵੇਂ ਬੱਦਲਾਂ ਨੇ ਮੀਂਹ ਸਾਂਭਿਆ ਹੋਵੇ
ਪਰ ਦਿਲ ਕਿੰਨੀ ਕੁ ਦੇਰ ਸੰਭਲਦਾ ਹੈ ਭਲਾ
ਹੰਝੂ ਕਿੰਨੀ ਕੁ ਦੇਰ ਅਟਕਦੇ ਨੇ
ਬੱਦਲ ਕਿੰਨੀ ਕੁ ਦੇਰ
ਰੋਕ ਸਕਦਾ ਹੈ ਮੀਂਹ
ਤੇਰੇ ਖਿਆਲਾਂ ਨਾਲ ਨਮ ਹੋ ਜਾਵਾਂਗਾ
ਭਿੱਜ ਜਾਵੇਗਾ ਤਨ ਮਨ
ਫੇਰ ਤੂੰ ਆਵੀਂ
ਮੀਂਹ ਤੋਂ ਬਾਅਦ ਚਲਦੀ
ਹਵਾ ਦੀ ਤਰਾਂ
ਤੇਰੇ ਗ੍ਰਹਿ ਤੇ
ਤੇਰੀ ਦੁਨੀਆ ਵਿਚ
ਸੂਰਜ ਪੱਛਮ ਤੋਂ ਚੜ੍ਹਦਾ ਹੈ
ਤੇਰੀ ਦੁਨੀਆ ਦੀ ਸ਼ਾਮ
ਪੂਰਬ ਵਿਚ ਉਤਰਦੀ ਹੈ
ਤੇਰੀ ਦੁਨੀਆ ਵਿਚ
ਉਡੀਕਾਂ ਲੰਬੀਆਂ ਨੇ
ਤੇ ਮਿਲਨ ਛੋਟੇ
ਤੇਰਾ ਘੰਟਾ ਗੁਜ਼ਰਦਾ ਹੈ
ਤੇ ਮੇਰਾ ਸਾਲ ਮੁੱਕਦਾ ਹੈ
ਤੇਰੀ ਹਰ ਸ਼ਾਮ
ਮੇਰੀ ਸਦੀ ਬਾਅਦ ਆਉਂਦੀ ਹੈ
ਸਾਲਾਂ ਬਾਅਦ ਮਿਲਣਾ
ਤੇ ਅੱਖ ਫਰਕਣ ਤੋਂ ਪਹਿਲਾਂ ਗਾਇਬ ਹੋ ਜਾਣਾ
ਕਿਸੇ ਹੋਰ ਗ੍ਰਹਿ ਦੇ ਵਾਸੀ
ਤੈਂ ਮੇਰੀਆਂ ਘੜੀਆਂ ਪਾਗਲ ਕਰ ਦਿਤੀਆਂ ਨੇ
ਤੇਰਾ ਪਲ ਤੇ ਮੇਰਾ ਸਾਲ
ਮੈਂ ਤੈਨੂੰ ਕਿਵੇਂ ਉਡੀਕਾਂ
ਚਲ ਆਪਣੀਆਂ ਘੜੀਆਂ ਵਟਾ ਲਈਏ
ਤੂੰ ਸਦੀਆਂ ਬਾਅਦ ਜਾਇਆ ਕਰ
ਪਲ ਛਿਣ ਲਈ
ਅੱਖ ਫਰਕਦਿਆਂ ਫਿਰ ਮੁੜ ਆਇਆ ਕਰ ।
ਪਾਥੀ ਦੀ ਅੱਗ
ਸ਼ਾਮ ਪੈਂਦਿਆਂ ਹੀ
ਪਾਥੀ ਤੇ ਫੂਕ ਮਾਰਦਾਂ
ਤੇ ਉਸ ਦਰਦ ਨੂੰ ਸੁਲਘਾ ਲੈਂਦਾਂ
ਜੋ ਦਬਿਆ ਰਹਿੰਦਾ ਹੈ ਦਿਨ ਭਰ
ਤੂੰ ਮੇਰੇ ਅੰਦਰ ਮੌਜੂਦ ਹੈਂ ਹਰ ਪਲ
ਜਿਵੇਂ ਪਾਥੀਆਂ ਵਿੱਚ ਅੱਗ ਹੁੰਦੀ ਹੈ
ਜਿਵੇਂ ਅੰਗਾਂ ਵਿੱਚ ਪੀੜ
ਜਿਵੇਂ ਮਨ ਵਿੱਚ ਰੋਣਾ ਹੁੰਦਾ ਹੈ
ਜਿਵੇਂ ਦਿਨ ਵਿੱਚ ਸ਼ਾਮ ਛੁਪੀ ਹੁੰਦੀ ਹੈ
ਦਿਨ ਢਲਦਾ ਹੈ ਤਾਂ ਤੂੰ
ਅਸਮਾਨ ਤੋਂ ਉਤਰਦੀ ਹੈ
ਪਾਥੀਆਂ ਚ ਸੁਲਘਦੀ ਹੈਂ
ਜਿਸਮ ਵਿੱਚ ਜਾਗ ਪੈਂਦੀ ਹੈਂ
ਮਨ ਤੇ ਛਾ ਜਾਂਦੀ ਹੈਂ
ਤੂੰ ਆਪਣੀ ਹੋਂਦ ਜਾਂ ਅਣਹੋਂਦ
ਦੋਵੇਂ ਰੂਪਾਂ ਵਿੱਚ
ਮੇਰੇ ਨਾਲ ਰਹਿ
ਕਦੇ ਸਕਾਰ, ਕਦੇ ਨਿਰਾਕਾਰ
ਧੂਣੀ ਦਾ ਸੇਕ
ਰੱਬ ਨੇ ਲਾਇਆ ਹੈ ਅਸਮਾਨ ਦਾ ਸ਼ਾਮਿਆਨਾ
ਦੁਨੀਆ ਵਿਆਹ ਵਿਆਹ ਖੇਡ ਰਹੀ ਹੈ
ਮੈਂ ਤੈਥੋਂ ਬਿਨਾ ਬੈਠਾ ਹਾਂ
ਬਰਾਤ ਤੋਂ ਰਹਿ ਗਏ ਸਾਕ ਵਾਂਗ
ਧੂਫ ਦੀ ਤਰਾਂ ਸੁਲਘ ਰਿਹਾਂ
ਤੇਰੀ ਮਹਿਕ ਨਾਲ ਘਿਰਿਆ ਹਾਂ
ਤੇਰਾ ਖਿਆਲ ਟਕ ਟਕ ਚਲਦਾ ਹੈ
ਟਿਕੀ ਰਾਤ ਵਿੱਚ
ਟੂਟੀ ਚੋਂ ਸਿੰਮਦੇ ਤੁਪਕਿਆਂ ਦੀ ਤਰਾਂ
ਵੱਜਦਾ ਹੈ ਲਗਾਤਾਰ
ਤੁਪਕੇ ਵੀ ਤਾਂ ਨਿਸ਼ਾਨ ਪਾ ਦਿੰਦੇ ਨੇ
ਵਿਯੋਗ
ਯਾਦ ਦੇ ਨਿਸ਼ਾਨਾਂ ਨੂੰ
ਸਹਿਲਾਉਣ ਦਾ ਹੀ ਹੁਨਰ ਹੈ ਸ਼ਾਇਦ
ਕਿਸੇ ਦੀ ਗੈਰ ਮੌਜੂਦਗੀ ਨੂੰ
ਧੂਣੀ ਵਾਂਗ ਧੁਖਾਉਣ ਦੀ ਕਲਾ ਹੈ
ਦੁਨੀਆ ਆਪਣੇ ਕੰਮੀਂ ਰੁੱਝੀ ਹੈ
ਮੈਂ ਕੱਲਾ
ਧੂਣੀ ਵਾਂਗ ਤੈਨੂੰ ਸੇਕ ਰਿਹਾਂ।
ਤਾਰ ਦਾ ਸਫਰ
ਇਹ ਜੋ ਅਦਿਸਦੀ ਤਾਰ ਹੈ
ਤੇਰੇ ਤੇ ਮੇਰੇ ਵਿਚਕਾਰ
ਇਹ ਬਹੁਤ ਜ਼ਾਲਮ ਹੈ ਯਾਰ
ਦਿਲ ਚ ਜਿਵੇਂ ਕੋਈ ਧਾਗਾ ਪਰੋਇਆ ਹੈ
ਤੂੰ ਇਸ ਨੂੰ ਤੁਣਕੇ ਨਾ ਮਾਰ
ਤਾਰ ਇਹ ਖਿਚਦੀ ਹੈ
ਕਿਸੇ ਅਜਾਣੀ ਦਿਸ਼ਾ ਵਲ
ਧੂਹ ਪਾਉਂਦੀ ਹੈ
ਮੇਰੇ ਵਜੂਦ ਦੇ ਧੁਰ ਅੰਦਰੋਂ
ਕੋਈ ਰੁਗ ਭਰ ਲੈਂਦੀ ਹੈ
ਨਾ ਇਸ ਨੂੰ ਤੁਣਕਾ ਨਾ ਮਾਰ
ਇਹ ਜੋ ਪੀੜ ਹਲਕੀ ਹਲਕੀ
ਨਬਜ਼ ਦੀ ਤਰਾਂ ਟਕ ਟਕ ਚਲਦੀ ਹੈ
ਇਸ ਤਾਰ ਦੀ ਖਿਚ ਹੈ
ਦਰਦ ਇਹ
ਅੱਛਾ ਲਗਦਾ ਹੈ
ਜਿਵੇਂ ਇਸ ਚ ਬੱਸ ਬੈਠ ਜਾਈਏ
ਬਹੁਤ ਹਲਕੇ ਹਲਕੇ
ਕੋਈ ਖਿਚਦਾ ਰਹੇ ਦੂਰ ਦਿਸ਼ਾ ਤੋਂ
ਇਹ ਪੀੜ ਰੱਬ ਦੀ ਉੱਗਲ ਹੈ
ਕਿਸੇ ਦੂਸਰੇ ਸੰਸਾਰ ਵਿਚ ਜਾਣ ਲਈ
ਤੂੰ ਇਸ ਨੂੰ ਪਕੜ ਰੱਖੀਂ
ਹਰ ਸ਼ਾਮ ਉਤਰਦੀ ਹੈ
ਇਹ ਜੋ ਪੀੜ ਜ਼ਾਲਮ
ਤੇਰੇ ਤੇ ਮੇਰੇ ਵਿਚਕਾਰ ਤਣੀ
ਕੋਈ ਅਦਿਖ ਤਾਰ ਹੈ
ਤੇਰਾ ਹੋਣਾ
ਤੂੰ ਕਿਤੇ ਹੈਂ
ਬਸ ਐਨਾ ਹੀ ਬਹੁਤ ਹੈ
ਇਸੇ ਨਾਲ ਮੇਰੀ ਧਰਤੀ ਤੇ ਰੌਣਕ ਹੈ
ਮੈਂ ਤੈਨੂੰ ਅਜੇ ਦੇਖਿਆ ਨਹੀਂ
ਇਸ ਕਰਕੇ ਤੈਨੂੰ ਲੱਭਦਾ ਰਹਿੰਦਾ
ਸਾਰੇ ਅਕਾਰਾਂ ਚੋਂ
ਦ੍ਰਿਸ਼ਾਂ ਚੋਂ
ਅਵਾਜ਼ਾਂ ਚੋਂ
ਸਾਰੇ ਚਿਹਰਿਆਂ ਤੇ ਤੇਰੀ ਹੀ ਆਭਾ ਦਿਸਦੀ ਹੈ
ਤੈਨੂੰ ਮੈਂ ਕਿਵੇਂ ਮਿਲਾਂਗਾ ਪ੍ਰਭੂ ਮੇਰੇ
ਮਿਲਣ ਤੋਂ ਪਹਿਲਾਂ ਹੀ ਐਨਾ ਪਿਘਲ ਗਿਆ ਹਾਂ
ਹੋਰ ਕਿੰਝ ਪਿਘਲਾਂਗਾ
ਮੇਰੇ ਸਾਰੇ ਕੋਨੇ
ਸਾਰੇ ਸਿਰੇ ਵਹਿ ਗਏ ਨੇ
ਜੇ ਚਾਹਾਂ ਵੀ ਤਾਂ ਕਿੰਝ ਆਵਾਂ
ਬਹੁਤ ਦੂਰ ਹੈ ਤੇਰਾ ਟਿਕਾਣਾ
ਜਿਸਮ ਦੀ ਇਹ ਕੈਦ
ਇਹ ਕੈਦ ਕਿੰਝ ਪਾਰ ਕਰਾਂ
ਕੀ ਜਿਸਮ ਨੂੰ ਖੋਲ੍ਹ ਆਵਾਂ ਬਾਹਰ
ਜਿਵੇਂ ਗੁਰੂਘਰ ਦੇ ਬਾਹਰ
ਜੋੜੇ ਉਤਾਰੀਦੇ ਹਨ
ਅਜੇ ਮੇਰੀ ਇਸੇ ਤੇ ਟੇਕ ਹੈ
ਕਿ ਤੂੰ ਹੈਂ ਕਿਤੇ ਰਾਜ਼ੀ ਖੁਸ਼ੀ
ਬਸ ਐਨਾ ਹੀ ਬਹਤ ਹੈ
ਇਸੇ ਨਾਲ ਮੇਰੀ ਧਰਤੀ ਤੇ ਰੌਣਕ ਹੈ
ਦੀਵਾਲੀ
ਬਲਦੀਆਂ ਬੁਝਦੀਆਂ ਇਨ੍ਹਾਂ ਰੌਸ਼ਨੀਆਂ ਵਿੱਚ
ਇਹ ਜੋ ਦੀਵੇ ਨੇ ਚੁਪ ਜਿਹੇ
ਇਹੀ ਮੇਰੀ ਚੁਪ ਦੇ ਸਾਥੀ ਨੇ
ਸ਼ੋਰ ਦੇ ਇਸ ਤੁਫਾਨ ਵਿੱਚ
ਜੋ ਚੁਪ
ਮੈਂ ਤੇਰੇ ਲਈ ਸਾਂਭ ਰੱਖੀ ਹੈ
ਇਹ ਉਸ ਨਾਲ ਬਲ ਰਹੇ ਨੇ
ਇਹ ਦੀਵੇ ਚੁਪ ਚੁਪ
ਸ਼ਾਇਦ ਇਹੀ ਮੇਰਾ ਕਹਿਣਾ ਮੰਨਣਗੇ
ਜੀ ਕਰਦਾ ਹੈ ਇਨ੍ਹਾਂ ਨੂੰ ਕਹਾਂ
ਕਿ ਡਾਰ ਬਣਕੇ
ਉਡ ਜਾਣ ਕੂੰਜਾਂ ਵਾਂਗ ਤੇਰੇ ਦੇਸ
ਤੇਰੀ ਚੁਪ ਨੂੰ
ਮੇਰੀ ਚੁਪ ਦੀ ਖਬਰ ਦੇਣ
ਤੁਫਾਨੀ ਸ਼ੋਰ ਵਿੱਚ
ਮੈਂ ਇਸ ਚੁਪ ਨੂੰ ਲੁਕਾ ਰਿਹਾਂ
ਦੀਵੇ ਦੀ ਤਰਾਂ
ਬਚਾ ਰਿਹਾ ਹਾਂ।
ਸਮਰਪਣ
ਮੈਂ ਤੈਨੂੰ ਕੀ ਕਹਾਂ
ਮੇਰੇ ਸਾਰੇ ਹਥਿਆਰ ਤਾਂ ਤੂੰ ਗਿਰਾ ਦਿੱਤੇ ਨੇ
ਮੈਂ ਨਿਸ਼ਬਦਾ ਸਿਪਾਹੀ ਹਾਂ
ਆਤਮ ਸਮਰਪਣ ਲਈ ਵੀ ਮੇਰੇ ਕੋਲ ਕੁਝ ਨਹੀਂ
ਇਹ ਕੈਸਾ ਯੁੱਧ ਹੈ
ਜੋ ਮੇਰੇ ਹਾਰਨ ਨਾਲ ਸ਼ੁਰੂ ਹੋਇਆ
ਮੇਰੇ ਹਾਰਨ ਤੋਂ ਬਿਨਾਂ ਸ਼ਾਇਦ ਇਹ ਯੁੱਧ
ਸ਼ੁਰੂ ਨਾ ਹੁੰਦਾ
ਨਾ ਕੋਈ ਫੌਜ ਨਾ ਸਿਪਾਹੀ
ਹਥਿਆਰ ਵੀ ਕੋਈ ਨਹੀਂ
ਮੈਂ ਆਪਣੇ ਮਨ ਦਾ ਸਿਕੰਦਰ
ਪਤਾ ਨਹੀਂ ਕਿਸ ਫੌਜ ਤੋਂ ਹਾਰ ਗਿਆ ਹਾਂ
ਖੋਜ ਤੋਂ ਪਰੇ
ਜਦ ਮੈਂ ਭਾਲ ਆਪਣੀ ਤੋਂ ਹੰਭ ਗਿਆ ਸਾਂ
ਤੂੰ ਮੈਨੂੰ ਉਦੋਂ ਮਿਲਣਾ ਸੀ
ਜਦ ਮੈਂ ਮੁੜਨ ਲੱਗਿਆ ਸਾਂ ਵਾਪਿਸ ਪੱਤਣਾਂ ਵੱਲ
ਤੂੰ ਮੈਨੂੰ ਉਦੋਂ ਮਿਲਣਾ ਸੀ?
ਸਾਰੇ ਪੰਛੀ ਪਰਿੰਦੇ, ਬੱਦਲ ਤੇ ਤਾਰੇ
ਜੋ ਮੇਰੇ ਨਾਲ ਸਨ ਇਸ ਖੋਜ ਮੁਹਿੰਮ ਵਿਚ
ਮੈਂ ਹਾਰ ਕੇ ਉਹ ਸਭ ਵਾਪਿਸ ਮੋੜ ਦਿੱਤੇ ਸਨ
ਫੁਲਾਂ ਦੇ ਬਾਗ ਸਭ
ਘਰਾਂ ਨੂੰ ਤੋਰ ਦਿੱਤੇ ਸਨ
ਸੋਚਦਾ ਸਾਂ ਮੇਰੀ ਭਾਲ ਇਹ
ਸਭ ਵਿਅਰਥ ਹੈ
ਇਸ ਅਨੰਤ ਸਾਗਰ ਦਾ
ਕੋਈ ਸਿਰਾ ਨਹੀਂ ਹੈ ਸ਼ਾਇਦ
ਜਿਸ ਨੂੰ ਮੈਂ ਪਕੜਨ ਤੁਰਿਆ ਹਾਂ
ਸਭ ਡਰਾਉਣੀ ਅਨੰਤਤਾ ਸੀ
ਤੇ ਛੱਲਾਂ ਚੋਂ ਉਠਦੀ ਧੁੰਦ
ਮੈ ਆਤਮਾ ਦਾ ਕੋਲੰਬਸ
ਹਾਰ ਗਿਆ ਸਾਂ
ਇਸ ਅਮੁੱਕ ਖੋਜ ਵਿਚ
ਖੋਜ ਤੋਂ ਅੱਗੇ ਨਿਕਲ ਗਿਆ ਸਾਂ
ਤੂੰ ਅਚਾਨਕ ਚਮਕੀ ਬਿਜਲੀ ਵਾਂਗ
ਉਸ ਪਾਸਿਓਂ
ਜਿਥੋਂ ਮੈਂ ਨਿਕਲ ਆਇਆ ਸਾਂ
ਮੈ ਘੁੰਮ ਗਿਆ
ਜਿਵੇਂ ਕਿਸੇ ਬੱਚੇ ਦੇ ਹੱਥ ਤੇ
ਲਾਟੂ ਘੁੰਮਦਾ ਹੈ
ਰਿੜਕਿਆ ਗਿਆ
ਆਪਣੇ ਸਾਰੇ ਤਰਕਾਂ ਸਮੇਤ
ਪੰਛੀਆਂ, ਤਾਰਿਆਂ ਤੇ ਬੱਦਲਾਂ ਨੂੰ
ਮੈਂ ਹੁਣ ਅਵਾਜ਼ਾਂ ਮਾਰ ਰਿਹਾ ਹਾਂ
ਜੋ ਮੈਂ ਵਾਪਿਸ ਮੋੜ ਦਿੱਤੇ ਸਨ
ਅਸਮਾਨ ਨੂੰ ਤੇਰੇ ਸਵਾਗਤ ਲਈ ਉਤਾਰ ਰਿਹਾ ਹਾਂ
ਤੂੰ ਮੈਨੂੰ ਉਦੋਂ ਕਿਉਂ ਮਿਲਣਾ ਸੀ
ਜਦ ਮੈਂ ਤਲਾਸ਼ ਤੋਂ ਵੀ ਅੱਗੇ ਨਿਕਲ ਗਿਆ ਸਾਂ
ਹੁਣ ਦੱਸ ਮੈਂ ਕੀ ਕਰਾਂ
ਤੇਰੇ ਸਵਾਗਤ ਲਈ ਮੇਰੇ ਕੋਲ
ਬਹੁਤ ਥੋੜ੍ਹੀਆਂ ਚੀਜਾਂ ਬਚੀਆਂ ਹਨ
ਮੁਲਾਕਾਤ ਦੀ ਰਾਤ
ਇਸੇ ਜਨਮ ਵਿੱਚ ਮੁਕਾ ਲੈ ਇਹ ਮੁਲਾਕਾਤ
ਅਗਲੇ ਦਾ ਲਾਲਚ ਨਾ ਦੇਹ
ਤੂੰ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ
ਆਉਂਦਿਆਂ ਆਉਂਦਿਆਂ
ਮੈਂ ਤਾਂ ਸਭ ਉਮੀਦਾਂ ਬੁਝਾ ਦਿੱਤੀਆਂ ਸਨ
ਚਮਕੀਲੇ ਲਫਜ਼ਾਂ ਦੀਆਂ ਲੜੀਆਂ
ਉਠਵਾ ਦਿੱਤੀਆਂ ਸਨ
ਜਾਣ ਲੱਗਿਆਂ ਸਾਂ ਬਸ
ਜੇ ਮਿਲੇ ਹਾਂ ਤਾਂ ਹੁਣ ਬਲਣ ਦੇਹ
ਉਮਰ ਦਾ ਕਤਰਾ ਕਤਰਾ
ਦੀਵੇ ਵਿੱਚ ਢਲਣ ਦੇ
ਇੱਕੋ ਮੁਲਾਕਾਤ ਵਿੱਚ ਮੁਕਾ ਦੇ
ਸਾਹਾਂ ਦੀ ਇਹ ਲੜੀ
ਅਗਲੇ ਜਨਮ ਦੀ ਉਡੀਕ ਨਾ ਕਰ
ਜਨਮ ਇਹ ਇਸੇ ਮੁਲਾਕਾਤ ਲਈ ਸੀ
ਤੈਨੂੰ ਹੀ ਮਿਲਣ ਲਈ ਇੱਕ ਪੜਾਅ ਸੀ
ਤੂੰ ਮੈਨੂੰ ਫੇਰ ਨਾ ਬੁਲਾਈਂ
ਇਸੇ ਜਨਮ ਵਿੱਚ ਮਿਲ ਲੈ ਜੀਅ ਭਰ ਕੇ
ਅਗਲੇ ਚ ਮੈਂ ਨਹੀਂ ਹੋਣਾ
ਸ਼ਾਮ
ਐ ਸ਼ਾਮ ਆ, ਮੇਰੇ ਕੋਲ ਬੈਠ
ਚੱਲ ਉਦਾਸੀ ਮਨਾਈਏ
ਕੋਈ ਗਿਆ ਹੈ ਕਿਤੇ
ਉਦਾਸੀ ਤੋਂ ਮੁੱਖ ਮੋੜਨ ਲਈ
ਜਾਂ ਉਦਾਸ ਹੋਣ ਲਈ ਹੀ
ਉਸ ਦੀ ਗੈਰ ਹਾਜ਼ਰੀ ਵਿੱਚ
ਸਿਰਫ ਤੂੰ ਹੀ ਹੈਂ
ਜੋ ਮੇਰੇ ਕੋਲ ਹੁੰਦੀ ਹੈਂ
ਜੋ ਮੇਰੀ ਚੁੱਪ ਨਾਲ ਗੱਲਾਂ ਕਰਦੀ ਹੈ
ਸ਼ਾਮ ਸ਼ਾਇਦ ਉਸੇ ਦਾ ਰੂਪ ਹੈ
ਜਿਵੇਂ ਧੂਣੀ ਤੇ ਧੂੰਆਂ
ਉਹ ਹੋਵੇ ਤਾਂ ਧੂਣਾ ਬਲਦਾ ਹੈ ਫਕੀਰਾਂ ਦਾ
ਜਾਵੇ ਤਾਂ ਧੂੰਆਂ ਉੱਠਦਾ ਹੈ
ਡੁੱਬ ਰਹੇ ਸੂਰਜ ਕੋਲੋਂ
ਇਸ ਤਰਾਂ ਗੁਜ਼ਰਦਾ ਹੈ
ਜਿਵੇ ਕੋਈ ਹੂਕ ਚੁੱਪ ਚਾਪ
ਉਡੀ ਜਾ ਰਹੀ ਹੋਵੇ
ਬਿਨ੍ਹਾਂ ਕੋਈ ਅਵਾਜ਼ ਕੀਤਿਆਂ
ਉਸਦੀ ਗੈਰ ਹਾਜ਼ਰੀ ਵਿੱਚ
ਸਾਰੀ ਰੰਗੀਨ ਦੁਨੀਆ
ਬਲੈਕ ਐਂਡ ਵਾਈਟ ਦਿਸਦੀ ਹੈ
ਭੰਬੀਰੀਆਂ ਦੀ ਤਰਾਂ
ਉਦਾਸ ਧੁਨਾਂ ਹਵਾ ਵਿੱਚ ਉਡਦੀਆਂ ਹਨ
ਸ਼ਾਮ ਉਤਰ ਆਉਂਦੀ ਹੈ
ਸ਼ਾਮ ਮੇਰਾ ਦਰਦ ਬੁੱਝਦੀ ਹੈ
ਉਸਦੀ ਗੈਰ ਹਾਜ਼ਰੀ ਵਿੱਚ
ਉਸ ਨੂੰ ਮੇਰੇ ਕੋਲ ਬਿਠਾ ਰੱਖਦੀ ਹੈ
ਅੱਖਾਂ ਦੀ ਤਪਸ਼ ਨੂੰ
ਟਕੋਰਾਂ ਕਰਦੀ ਹੈ
ਉਦਾਸ ਧੁਨਾਂ ਵਜਾਉਂਦੀ ਹੈ
ਐ ਸ਼ਾਮ ਅੱਜ ਮੇਰੇ ਕੋਲ ਬੈਠ ਜਾ
ਦਰਦ
ਇਹ ਜੋ ਦਰਦ ਤੂੰ ਦਿੱਤਾ ਹੈ ਮਿੱਠਾ ਮਿੱਠਾ
ਇਸ ਨੂੰ ਚਲਣ ਦੇ
ਸਿਤਾਰ ਤੇ ਚਲਦੀ ਉਂਗਲ ਦੀ ਤਰਾਂ
ਹੌਲੀ ਹੌਲੀ ਵੱਜਣ ਦੇ
ਇਹ ਮੇਰੇ ਜੀਵਨ ਦਾ
ਬੈਕਗਰਾਊਂਡ ਮਿਊਜ਼ਕ ਹੈ
ਬਸ ਇਸ ਦੀ ਧੁਨ ਸੁਣਦੀ ਰਹਿ
ਧੀਮੀ ਜਿਹੀ
ਤੂੰ ਖੁਸ਼ ਰਿਹਾ ਕਰ
ਨਿੱਖਰੇ ਅਸਮਾਨ ਵਿਚ
ਉਡਦੇ ਪੰਛੀਆਂ ਦੀ ਤਰਾਂ
ਉਡਾਣਾਂ ਭਰ
ਇਹ ਸਭ ਅਸਮਾਨ
ਤੇਰੇ ਲਈ ਖਾਲੀ ਪਏ ਨੇ
ਇਹ ਜੋ ਪਿੰਜਰੇ ਨੇ
ਇਹ ਤੇਰੇ ਲਈ ਨਹੀਂ ਹਨ
ਤੂੰ ਇਨ੍ਹਾਂ ਤੋਂ ਦੂਰ ਰਹੀਂ
ਇਹ ਜੋ ਤਾਰ ਹੈ ਸੁਨਹਿਰੀ ਜਿਹੀ
ਜੋ ਤੇਰੇ ਅਤੇ ਮੇਰੇ ਵਿਚਕਾਰ
ਲਟਕ ਰਹੀ ਹੈ
ਇਹ ਤੈਨੂੰ ਹੋਰ ਉਚਾ ਉਡਾਉਣ ਲਈ ਹੈ
ਇਹ ਰੱਸੀ ਨਹੀਂ ਹੈ
ਤੂੰ ਇਨ੍ਹਾਂ ਅਸਮਾਨਾਂ ਵਿਚ ਉਡਾਣਾਂ ਭਰ
ਮੈਂ ਤੇਰੇ ਲਈ ਇਹ ਸਿਤਾਰ ਵਜਾ ਰਿਹਾ ਹਾਂ
ਧੀਮੇ ਧੀਮੇ
ਸੰਨਾਟਾ
ਜੀਵਨ ਦੇ ਸਭ ਉਦਾਸ ਅਤੇ ਹਸੀਨ ਪਲਾਂ ਵਿਚ
ਤੂੰ ਮੇਰੇ ਨਾਲ ਰਹੀਂ
ਸੰਨਾਟੇ ਦਾ ਇਹ ਸਫਰ ਮੁਕ ਹੀ ਜਾਵੇਗਾ
ਇਨ੍ਹਾਂ ਪ੍ਰਸ਼ਨਾਂ ਚ ਨਾ ਉਲਝ
ਇਨ੍ਹਾਂ ਦਾ ਕੋਈ ਸਿਰਾ ਨਹੀਂ ਹੈ
ਸਵਾਲਾਂ ਦਾ ਇਹ ਚੱਕਰਵਿਊ
ਭਰਮੀਲੀਆਂ ਰੌਸ਼ਨੀਆਂ ਦਾ ਅੰਤਹੀਣ ਚੱਕਰ ਹੈ
ਇਨ੍ਹਾਂ ਨੂੰ ਛੱਡ
ਬੱਸ ਮੇਰੇ ਕੋਲ ਬੈਠ ਜਾ
ਮੈਂ ਇਕੱਲਾ
ਇਸ ਸੰਨਾਟੇ ਨਾਲ ਕਿਵੇਂ ਨਿਪਟਾਂਗਾ
ਜੀਵਨ ਦੀਆਂ ਸਭ ਗੁੰਝਲਾਂ
ਹੱਥਾਂ ਨਾਲ ਨਹੀਂ ਖੁਲ੍ਹਣਗੀਆਂ
ਇਨ੍ਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰ
ਰਹਿਣ ਦੇ ਇਸੇ ਤਰਾਂ
ਬੱਸ ਮੇਰੇ ਵੱਲ ਦੇਖ
ਸਾਰੇ ਦਾ ਸਾਰਾ
ਆਪਣੀਆਂ ਹੀ ਅੱਖਾਂ ਦੀ
ਨਮੀ ਵਿਚ ਡੁੱਬਿਆ ਹਾਂ
ਤੂੰ ਪ੍ਰਸ਼ਨਾਂ ਵੱਲ ਨਾ ਜਾਹ
ਮੇਰੀ ਇਸ ਨਮੀ ਦਾ ਜਵਾਬ ਦੇਹ
ਆ, ਮੇਰੇ ਕੋਲ ਬੈਠ
ਇਸ ਇਕੱਲਾ
ਇਸ ਸੰਨਾਟੇ ਵਿਚ ਕੀ ਕਰਾਂਗਾ
ਸੇਕ
ਜੋਰ ਲਾ ਲੈਣ ਦੇ ਇਸ ਨੂੰ
ਇਸ ਸੇਕ ਤੋਂ ਨਾ ਡਰ
ਤੜਫ ਇੰਝ ਹੀ ਰਿੱਝਦੀ ਹੈ
ਜੁਦਾਈ ਦੇ ਸੇਕ ਨਾਲ
ਬਹੁਤ ਕੁੱਝ ਪਿਘਲਦਾ ਹੈ
ਮਨ ਦੇ ਕਿੰਨੇ ਹੀ ਗਲੇਸ਼ੀਅਰ
ਅਹੁੰ ਦੀਆਂ ਨੋਕੀਲੀਆਂ ਚੋਟੀਆਂ
ਰੂਹ ਦੇ ਗੋਲੇ
ਸਭ ਕੁੱਝ ਵਹਿਣ ਲੱਗਦਾ ਹੈ
ਮੈਂ ਵੀ ਹੰਢਾ ਰਿਹਾ ਹਾਂ ਇਹ ਹੁੰਮਸ
ਤੇਰੀ ਬਾਰਿਸ਼ ਦੀ ਉਡੀਕ ਵਿੱਚ
ਤਨ ਦੇ ਹਾਰੇ ਵਿੱਚ
ਮੱਠਾ ਮੱਠਾ ਸੁਲਘ ਰਿਹਾ ਹਾਂ
ਇੱਕ ਦਿਨ ਵਰ੍ਹੇਗਾ
ਤੂੰ ਇਸ ਸੇਕ ਤੋਂ ਨਾ ਡਰ
ਕਹਿੰਦੇ ਨੇ ਇਹ ਤਪਸ਼
ਬੰਦੇ ਨੂੰ ਪਾਰਦਰਸ਼ੀ ਬਣਾ ਦਿੰਦੀ ਹੈ
ਪਾਣੀ ਵਾਂਗ ਜਾਂ ਸ਼ਾਇਦ ਹਵਾ ਵਾਂਗ
ਆਸ਼ਕ ਤੇ ਫਕੀਰ
ਇਸ ਅਗਨ ਵਿੱਚ ਰਿੱਝਦੇ ਹਨ
ਦੋਵੇਂ ਪਾਰਦਰਸ਼ੀ ਹੁੰਦੇ ਹਨ
ਮੈਂ ਦੇਖ ਰਿਹਾਂ ਤੈਨੂੰ
ਜਿਵੇਂ ਨੇਰ੍ਹੀ ਰਾਤ ਵਿੱਚ ਕੋਈ
ਦੀਵੇ ਦੀ ਲਾਟ ਨੂੰ ਦੇਖਦਾ ਹੈ
ਮੈਂ ਤੈਨੂੰ ਦੇਖਦਿਆਂ ਪਿਘਲ ਜਾਣਾ ਹੈ
ਤੂੰ ਮੈਂਨੂੰ ਪਿਘਲਾ ਕੇ
ਰਾਤ ਤੂੰ ਉਮਰ ਹੋ ਜਾ
ਥਲਾਂ ਚੋਂ ਸੇਕ ਉਠਿਆ ਤੈਨੂੰ ਮਿਲਣ ਲਈ
ਜਲਾਂ ਚੋਂ ਭਾਫ ਉਠੀ
ਮੈਂ ਤੇਰੀ ਤਾਂਘ ਦਾ ਬਣਿਆ ਵਰੋਲਾ ਸਾਂ
ਮਹਾਂ-ਆਤਮਾ ਚੋਂ ਉਖੜੀ ਕਾਤਰ
ਪੌਣ ਦਾ ਝੌੱਕਾ ਜਿਹਾ
ਹਵਾ ਦੇ ਸਹਿਜ ਸਮੁੰਦਰ ਚ
ਬੇਤਰਤੀਬਾ ਭਟਕਦਾ ਸਾਂ
ਤੇਰੀ ਭਾਲ ਲਈ
ਦੁਪਹਿਰੀ ਰੇਤਿਆਂ ਚੋਂ ਗੁਜ਼ਰਿਆ
ਸੁੰਨੇ ਚੇਤਿਆਂ ਚੋਂ ਗੁਜ਼ਰਿਆ
ਹਵਾ ਜਿਵੇਂ ਖਲਾਅ ਨੂੰ ਤਾਂਘਦੀ ਹੈ
ਪਰਿੰਦੇ ਜਿਵੇਂ ਸ਼ਾਮ ਲਈ ਭਟਕਦੇ ਹਨ
ਅੰਬਰ ਤੇ ਬਣੀਆਂ ਬੇਚੈਨ ਰੇਖਾਵਾਂ
ਮਹਾਂ-ਤਰਤੀਬ ਚ
ਰੁਖ ਸਿਰ ਹੋਣ ਲਈ ਭਟਕਦੀ
ਚੱਪਾ ਕੁ ਰੂਹ ਸਾਂ ਸ਼ਾਇਦ
ਤੇਰੇ ਲਈ ਮੈਂ ਹੁਸਨ ਦੇ ਕਲਸਾਂ ਨੂੰ ਸਜਦੇ ਕੀਤੇ
ਅਕਲ ਦੁਆਰਿਆਂ ਦੀਆਂ ਪੌੜੀਆਂ ਚੜ੍ਹਿਆ
ਤੈਨੂੰ ਹੀ ਮਿਲਣ ਲਈ
ਮੇਰੀ ਧਰਤੀ ਚੋਂ ਰੁੱਖ ਉੱਗੇ
ਰੁੱਖਾਂ ਦੀ ਬੇਬਸੀ ਸਣੇ ਮੈਂ ਭਟਕਿਆ
ਅੰਤਹੀਣ ਗ੍ਰਹਿ ਪੰਧ
ਬੇਨਾਮ ਨਛੱਤਰਾਂ ਦੀ ਗੁਰੂਤਾ ਚੋਂ ਲੰਘਿਆ
ਰਾਤ ਦੀ ਹਿੱਕ ਤੇ ਗ੍ਰਹਿਣ ਝੱਲਦਿਆਂ
ਕਈ ਵਾਰ ਤੂੰ ਦੁਮੇਲ ਦੇ ਮੱਥੇ ਤੇ ਚਮਕਦੀ
ਤਾਰਾ ਜਿਹੀ
ਅਸਮਾਨੀ ਤਾਂਘ ਚ ਮੈਂ ਅਹੁਲਦਾ
ਤੇਰੀ ਚਾਨਣੀ ਦੀ ਚੂਲੀ ਲਈ
ਕਿ ਅਚਾਨਕ ਤੂੰ ਔਝਲ ਹੋ ਜਾਂਦੀ
ਤਾਰਿਆਂ ਦੀ ਭੀੜ ਚ ਘਿਰਿਆ ਮੈਂ
ਤੇਰੀ ਪਛਾਣ ਗੁਆ ਬਹਿੰਦਾ
ਗੁਰੂਤਾ ਦੀ ਪੀੜ ਵਿਚ ਤਣਿਆ ਇਹ
ਇਕ ਅਨੰਤ ਸਫਰ ਸੀ
ਤੇ ਫੇਰ ਇਕ ਪਲ
ਤੂੰ ਮੈਥੋਂ ਵਿਥ ਤੇ ਖਲੋਤੀ ਸੈਂ
- ਇੱਕ ਚਾਨਣੀ ਦਾ ਜਿਸਮ
ਤੇਰੇ ਸੇਕ ਚ ਮੈਂ ਪਿਘਲਣ ਲੱਗਿਆ
ਕਿ ਤੈਨੂੰ ਮਿਲ ਸਕਾਂ ਜਿਸਮ ਦੇ ਬਸਤਰਾਂ ਬਿਨ੍ਹਾਂ
ਆਪਣੀ ਪੂਰੀ ਨਿਹ ਹੋਂਦ ਚ
ਹਵਾ ਦੀ ਤਾਂਘ ਵਾਂਗ ਤੈਨੂੰ ਮਿਲਣ ਲਈ
ਦਰਿਆਈ ਛੱਲ ਵਾਂਗ ਧਾਉਣ ਲਈ
ਬੋਧ ਦੇ ਸਭ ਕਿਨਾਰੇ ਤੋੜ ਦਿੱਤੇ
ਕਿ ਅਚਾਨਕ ਮੈਂ ਫੇਰ ਕੱਲਾ ਸਾਂ
ਰਾਤ ਦੀ ਚਾਨਣੀ ਹੇਠ
ਤੇਰਾ ਵਜੂਦ ਕਿਤੇ ਨਹੀਂ ਸੀ
ਮੈਥੋਂ ਹੁਣੇ ਕੁ ਜਿੰਨੀ ਵਿਥ ਤੇ
ਭਰਮ ਦਾ ਝੌਂਕਾ ਜਿਹਾ ਸੀ
ਸਾਹਾਂ ਦੀ ਮੱਠੀ ਰੁਮਕ ਤੇ
ਮੈਂ ਅੰਦਰ ਦੇਖਿਆ-
ਸ਼ਾਮ ਚ ਉਤਰ ਰਹੇ ਚਾਅ ਦੇ ਪੰਛੀ
ਨਿਰ ਆਸ ਫੜਫੜਾਹਟਾਂ ਨਾਲ
ਅਸਮਾਨ ਚ ਨੀਂਦ ਉਤਰ ਰਹੀ ਸੀ
ਕਿ ਬਹੁਤ ਸਹਿਜ ਨਾਲ
ਤੂੰ ਆ ਬੈਠੀ ਮੇਰੇ ਸਾਹਮਣੇ
-ਇੱਕ ਨੂਰੀ ਝਲਕ
-ਮੇਰੀ ਤਾਂਘ ਦੀ ਪੂਰਨਮਾਸ਼ੀ
ਜਿਵੇਂ ਧਰਤੀ ਸਾਹਮਣੇ ਚੰਨ ਆਉਂਦਾ ਹੈ
ਤਾਰੇ ਚੱਲ ਪਏ ਸਨ ਫੁਲਝੜੀਆਂ ਵਾਂਗ
ਰੌਸ਼ਨੀ ਨਾਲ ਕਿਣ ਮਿਣ ਹੁੰਦਾ
ਮੈਂ ਅਹੁਲ ਪਿਆ ਸਾਂ ਤੇਰੇ ਵੱਲ
ਆਪਣੇ ਸਮੁੰਦਰਾਂ ਸਣੇ
ਇਹ ਇਕ ਦੁਮੇਲੀ ਅਵਸਥਾ ਸੀ
ਨਿਰਵਾਣੀ ਝਲਕ ਚੋਂ ਤੇਰੀ ਤਰੇਲ ਚੁੰਮ ਪਰਤੇ
ਮੇਰੇ ਪੱਤੇ ਚਮਕਦੇ ਸਨ
ਸੰਜੋਗ ਦੀ ਪਹਿਲੀ ਸਵੇਰ ਚ
ਸ਼ਾਤ ਚਲਦੀ ਹਵਾ ਚ ਮੈਂ ਜਿਉਂ ਰਿਹਾ ਸਾਂ
ਤੇਰਾ ਨੂਰੀ ਮਿਲਨ
ਤੂੰ ਕਿਤੇ ਨਹੀਂ ਸੀ ਮੈਥੋਂ ਦੂਰ
ਅਨੰਤ ਗ੍ਰਹਿਆਂ ਓਹਲੇ
ਤੂੰ ਮੇਰੇ ਕੋਲ ਮੌਜੂਦ ਸੀ
ਸਾਹ ਦੀ ਹਵਾ ਚ
ਮੈਂ ਗੁਜ਼ਰਦਾ ਸਾਂ ਤੇਰੇ ਸ਼ਹਿਰ ਚੋਂ
ਤੈਨੂੰ ਬਿਨ ਮਿਲਿਆਂ
ਤੇਰੀ ਹੀ ਭਾਲ ਵਿੱਚ
ਬੇਚੈਨ ਝੱਖੜਾਂ ਚ ਭਾਉਂਦਾ ਸਾਂ
ਤੂੰ ਮੇਰੀ ਹੀ ਨਵੀਂ ਤਰਤੀਬ ਹੈਂ ਕੋਈ
ਮੇਰੇ ਹੀ ਸਾਹਾਂ ਚ ਗੁੰਮਿਆ ਸੁਰ ਸੀ
ਤੂੰ ਮੇਰੀ ਹੋਂਦ ਦਾ ਪ੍ਰਕਾਸ਼ ਹੈਂ
ਦੁਪਹਿਰੀ ਭਟਕਣਾਂ ਦਾ ਅੰਤ ਕਰਦਿਆਂ
ਮੈਂ ਖਿੱਚ ਦਿੰਦਾਂ ਦਿਨ ਦਾ ਪਰਦਾ
ਓੜ੍ਹਦਾ ਹਾਂ ਤੈਨੂੰ ਤਾਰਿਆਂ ਭਰੀ ਨੂੰ
ਦਰਿਆਵਾਂ ਤੇ ਪੈਂਦੀ ਚਾਨਣੀ ਕੰਢੇ
ਮੈਂ ਅਨੰਤ ਵਹਿ ਰਿਹਾ ਹਾਂ
1 ਨਵੰਬਰ, 1994
ਨਵੇਂ ਸਿਰਿਓਂ
ਜੇ ਮੇਰੇ ਕੋਲ ਕਵਿਤਾ ਨਾ ਹੁੰਦੀ
ਤਾਂ ਮੈਂ ਹਾਰ ਜਾਂਦਾ
ਮੁੜ ਜਾਂਦਾ ਬਿਨਾ ਬੋਲਿਆਂ ਹੀ
ਕੋਈ ਵੀ ਕਾਰਡ, ਕੋਈ ਤਸਵੀਰ
ਤੈਨੂੰ ਛੁਹ ਨਹੀਂ ਰਹੀ
ਹਰ ਕਾਰਡ ਵਿਚ ਕੋਈ ਕਮੀ ਹੈ
ਹਰ ਸਤਰ ਅਪੂਰਨ ਹੈ
ਕੋਈ ਵੀ ਰੰਗ ਤੇਰੀ ਥਾਹ ਨਹੀਂ ਪਾ ਸਕਦਾ
ਮੈਂ ਤੈਨੂੰ ਕੀ ਆਖਾਂ
ਹਰ ਸ਼ਬਦ ਵਰਤਿਆ ਜਾ ਚੁੱਕਾ ਹੈ
ਹਰ ਸਤਰ ਕਹੀ ਜਾ ਚੁੱਕੀ ਹੈ
ਕੋਈ ਐਸਾ ਸ਼ਬਦ ਲੱਭ ਰਿਹਾਂ
ਜੋ ਕਾਇਨਾਤ ਵਿਚ ਪਹਿਲੀ ਵਾਰ
ਮੈਂ ਹੀ ਉਚਾਰਾਂ ਤੇਰੇ ਲਈ
ਐਸੀ ਤਸਵੀਰ ਲੱਭ ਰਿਹਾਂ
ਜੋ ਸਿਰਫ ਤੇਰੇ ਲਈ ਬਣੀ ਹੋਵੇ
ਕੋਈ ਰੰਗ ਜੋ ਸਿਰਫ ਤੂੰ ਹੀ ਦੇਖ ਸਕੇਂ
ਪਰ ਰੱਬ ਦੀ ਇਹ ਦੁਨੀਆ
ਬਹੁਤ ਪੁਰਾਣੀ ਹੋ ਗਈ ਹੈ
ਕੁਝ ਵੀ ਅਣਵਰਤਿਆ ਨਹੀਂ
ਜਾਂ ਸ਼ਾਇਦ ਮੈਂ ਹੀ ਪੁਰਾਣਾ ਹੋ ਗਿਆ ਹਾਂ
ਸੋਚਦਾਂ
ਨਵੇਂ ਸਿਰਿਓਂ ਜਨਮ ਲਵਾਂ
ਇਕ ਬੱਚੇ ਦੀ ਤਰਾਂ
ਜ਼ਿੰਦਗੀ ਫੇਰ ਤੋਂ ਜਿਊਣੀ ਸਿੱਖਾਂ
ਕਦਮ- ਕਦਮ
ਸ਼ਬਦ- ਸ਼ਬਦ
ਧਰਤੀ ਤੇ ਬੰਦਾ
ਬਹੁਤ ਲੰਘੇ ਹਨ ਇਨ੍ਹਾਂ ਰਾਹਾਂ ਤੋਂ
ਇਸ ਤੈਹ ਥੱਲੇ
ਅਨੇਕਾਂ ਪੈੜਾਂ ਦੇ ਨਿਸ਼ਾਨ ਗੁੰਮ ਹਨ
ਫੇਰ ਵੀ ਮੈਂ ਸੋਚਦਾ ਰਿਹਾ-
ਇਸ ਗ੍ਰਹਿ ਦਾ
ਮੈਂ ਪਹਿਲਾ ਯਾਤਰੀ ਹਾਂ
ਮੈਂ ਕਿੰਨਾ ਮਾਸੂਮ ਸਾਂ ਯਾਰੋ
ਜੋ ਲੰਘ ਗਏ ਨੇ
ਜਿਨ੍ਹਾਂ ਨੇ ਲੰਘਣਾ ਹੈ ਹਾਲੇ
ਮੈਂ ਉਨ੍ਹਾਂ ਚੋਂ ਕੌਣ ਹਾਂ?
ਇਨ੍ਹਾਂ ਰਾਹਾਂ ਨਾਲ
ਮੇਰਾ ਕੀ ਰਿਸ਼ਤਾ ਹੈ ?
ਮੈਂ ਇਨ੍ਹਾਂ ਸਵਾਲਾਂ ਨਾਲ ਜੂਝ ਰਿਹਾ ਹਾਂ
ਮੇਰੇ ਕੋਲ ਜੋ ਮਾਸੂਮੀਅਤ ਸੀ
ਥੋੜ੍ਹੀ ਜਿਹੀ
ਉਹ ਮੈਂ ਸਾਰੀ ਓੜ੍ਹ ਲਈ
ਸਿਰ ਢਕਣ ਲਈ
ਪਰਿਕਰਮਾ ਕਰਨ ਲਈ
ਤੇਰੀ ਆਰਤੀ ਕਰਦਿਆਂ
ਹੋਰਾਂ ਦੀ ਤਰਾਂ
ਮੇਰੀਆਂ ਪੈੜਾਂ ਵੀ ਗੁਆਚ ਜਾਣਗੀਆਂ
ਤੈਨੂੰ ਕੀ ਫਰਕ ਪਵੇਗਾ
ਕਿ ਮੈਂ ਕੌਣ ਹਾਂ ਜਾਂ ਕੌਣ ਨਹੀਂ ਹਾਂ
ਧਰਤੀ ਅਤੇ ਔਰਤ
ਪੈੜਾਂ ਦੇ ਨਿਸ਼ਾਨ ਨਹੀਂ ਸਾਂਭਦੀਆਂ
ਤੂੰ ਧਰਤੀ ਹੋਵੇਂਗੀ
ਪਰ ਮੈਂ ਤਾਂ ਬੰਦਾ ਹਾਂ
ਮੈਂ ਆਪਣੀਆਂ ਪੈੜਾਂ ਦੇ ਮੋਹ ਨਾਲ ਗ੍ਰਸਿਆ ਹਾਂ
ਮੈਂ ਬਿਹਬਲ ਹਾਂ ਇਹ ਜਾਣਨ ਲਈ
ਕਿ ਮੈਂ ਤੇਰਾ
ਕੌਣ ਯਾਤਰੀ ਹਾਂ
ਪੈੜਾਂ
ਤੇਰੇ ਅੰਦਰ ਕਿੰਨੀਆਂ ਪੈੜਾਂ ਹਨ
ਮੈਂ ਆਪਣੀ ਪੈੜ ਵੀ ਪਛਾਣ ਨਹੀਂ ਸਕਦਾ
ਕਿੱਥੇ ਆ ਗਿਆ ਹਾਂ ਮੈਂ
ਜੀਵਨ ਇਹ ਬੜਾ ਰਿਸਕੀ ਹੈ
ਪਤਾ ਨਹੀਂ ਕਿਸ ਮਨ ਵਿੱਚ ਪੈਰ ਪੈ ਜਾਵੇ
ਮਨ ਜੋ ਦਲਦਲੇ ਹਨ
ਤੇਜ਼ਾਬੀ
ਭਾਵਾਂ ਦੀ ਹਵਾੜ ਨਾਲ ਭਰੇ ਹੋਏ
ਚਾਂਦਨੀ ਚੌਂਕ ਦੀਆਂ ਗਲੀਆਂ ਵਾਂਗ
ਭੀੜਭਰੇ
ਮੈਂ ਸੋਚਿਆ ਸੀ
ਮਨ ਰੇਗਿਸਤਾਨੀ ਦ੍ਰਿਸ਼ ਹੁੰਦੇ ਹਨ
ਦੂਰ ਤੱਕ
ਮੇਰੀਆਂ ਪੈੜਾਂ ਦੇ ਨਿਸ਼ਾਨ ਦਿਸਣਗੇ
ਖਿਤਿਜ ਤੱਕ ਜਾਂਦੇ ਹੋਏ
ਜਿਨ੍ਹਾਂ ਦੇ ਦੂਜੇ ਪਾਸੇ
ਸੂਰਜ ਛਿਪੇਗਾ
ਪਰ ਇਹ ਕੀ
ਇਹ ਤਾਂ ਪੈੜਾਂ ਦਾ ਝੁਰਮਟ ਹੈ
ਮੈਂ ਕਿੱਥੇ ਆ ਗਿਆ ਹਾਂ
ਪਤਾ ਨਹੀਂ ਲਗਦਾ
ਕਿਸ ਮਨ ਵਿੱਚ ਪੈਰ ਪੈ ਜਾਵੇ
ਕਰਮ
ਮਨ ਜੇ ਮੇਟ ਸਕਦੇ ਸਲੇਟ ਵਾਂਗ
ਕਿੰਨਾ ਚੰਗਾ ਹੁੰਦਾ
ਦਿਲ ਜੇ ਨਿਚੋੜ ਸਕਦੇ ਮਲਮਲ ਵਾਂਗ
ਕਿੰਨਾ ਚੰਗਾ ਹੁੰਦਾ
ਰਿਸ਼ਤੇ ਜੇ ਤੋੜ ਸਕਦੇ ਤੀਲੀ੍ਹ ਵਾਂਗ
ਕਿੰਨਾ ਚੰਗਾ ਹੁੰਦਾ
ਕੁੱਝ ਵੀ ਸੌਖਾ ਨਹੀਂ
ਕੁੱਝ ਵੀ ਮਿਟਦਾ ਨਹੀਂ ਹੈ
ਦਿਲ ਖਾਲੀ ਨਹੀਂ ਹੁੰਦੇ
ਰੱਬ ਦੀ ਇਹ ਡਿਜੀਟਲ ਸਲੇਟ
ਤੇ ਅਸੀਂ ਗਣਿਤ ਦੇ ਹਿੰਦਸੇ
ਕੋਈ ਵੀ ਹਿੰਦਸਾ ਵਾਪਸ ਨਹੀਂ ਲੈ ਸਕਦੇ
ਜੀਵਨ ਦੀ ਗਣਿਤ ਚੋਂ
ਗਿਣਤੀ ਜੋ ਸ਼ੁਰੂ ਹੋ ਗਈ ਹੈ
ਇਸ ਨੂੰ ਕਿਵੇਂ ਰੋਕੀਏ
ਇਹ ਰੋਕੀ ਨਹੀਂ ਜਾ ਸਕਦੀ
ਕਰਮਾਂ ਦੀ ਇਸ ਖੇਡ ਵਿੱਚ
ਰਿਵਰਸ ਗੇਅਰ ਨਹੀਂ ਹੈ
ਤੂੰ ਭਲਾਂ ਕਿਉਂ ਮਿਲਣਾ ਸੀ
ਹਰ ਮਿਲਣੀ ਅਨੰਤ ਤੱਕ ਜਾਂਦੀ ਹੈ
ਹਰ ਵਿਯੋਗ ਧੁਰ ਨੂੰ ਪਹੁੰਚਦਾ ਹੈ
ਹਰ ਚਿਹਰਾ
ਅਸਮਾਨ ਵਿੱਚ ਛਪ ਜਾਂਦਾ ਹੈ
ਜੇ ਆਪਾਂ ਨਾ ਮਿਲਦੇ
ਕਿੰਨਾ ਚੰਗਾ ਹੁੰਦਾ
ਕਹਾਣੀ
ਕਿਉਂ ਛੇੜਨੀ ਹੈ ਫੇਰ
ਉਹੀ ਪੁਰਾਣੀ ਕਥਾ
ਇਸ ਦੇ ਸਭ ਮੋੜ
ਸਭ ਸਿਖਰ
ਮੈਂ ਦੇਖ ਚੁੱਕਾ ਹਾਂ
ਵਾਰ ਵਾਰ ਉਹੀ ਦਰਦ
ਉਹੀ ਚੀਸ
ਉਡੀਕ
ਵਿਯੋਗ
ਇਨ੍ਹਾਂ ਸਭ ਮੋੜਾਂ ਤੋਂ
ਹੁਣ ਡਰ ਲਗਦਾ ਹੈ
ਕੁਝ ਹੋਰ ਕਹਿ
ਸਭ ਕਹਾਣੀਆਂ ਦਾ ਇਕ ਹੀ ਵਿਸ਼ਾ ਹੈ
ਜ਼ਿੰਦਗੀ
ਜ਼ਿੰਦਗੀ ਦੀ ਇੱਕੋ ਭਟਕਣ ਹੈ
ਤਲਾਸ਼
ਤਲਾਸ਼ ਦਾ ਇੱਕੋ ਰਾਹ ਹੈ
ਦਰਦ
ਦਰਦ ਦੀ ਇੱਕੋ ਮੰਜ਼ਲ ਹੈ
ਵੈਰਾਗ
ਵੈਰਾਗ ਦਾ ਇੱਕੋ ਅੰਤ ਹੈ
ਰਾਕਟ ਦੀ ਤਰਾਂ ਸੜ ਜਾਣਾ
ਮੇਰੇ ਕੋਲ ਬਥੇਰਾ ਵੈਰਾਗ ਹੈ ਪਹਿਲਾਂ ਹੀ
ਗੁਰੂਤਾ ਦੇ ਘੇਰੇ ਨੂੰ
ੋਤੋੜਨ ਲਈ
ਉਹੀ ਕਹਾਣੀ ਹੁਣ ਫੇਰ ਨਾ ਛੇੜ
ਫੇਰ ਮਿਲੀਂ
ਕਾਗਜ਼ ਤੇ ਰੱਖੇ ਸ਼ਬਦ
ਤਿਲ੍ਹਕ ਜਾਂਦੇ ਹਨ
ਹਵਾ ਵਿੱਚ ਕਹੇ ਬੋਲ
ਬਿਖਰ ਜਾਂਦੇ ਹਨ
ਧਰਤੀ ਤੇ ਮਿਲਦੇ ਲੋਕ
ਵਿਛੜ ਜਾਂਦੇ ਹਨ
ਤੂੰ ਮੈਨੂੰ ਕਿਸੇ ਹੋਰ ਸਤਹ ਤੇ ਮਿਲ
ਬੜੀ ਵਾਰ ਮੈਂ ਤੈਨੂੰ
ਪਕੜਨ ਦੀ ਕੋਸ਼ਿਸ਼ ਕੀਤੀ
ਮੈਂ ਤੇਰੇ ਵਜੂਦ ਨੂੰ
ਆਪਣੀ ਹੋਂਦ ਦੁਆਲੇ
ਵਲ੍ਹੇਟ ਲਿਆ ਲੋਈ ਦੀ ਤਰਾਂ
ਮੈਂ ਆਪਣੀ ਰੂਹ ਨੂੰ
ਤੇਰੇ ਰੰਗ ਵਿੱਚ
ਡੋਬ ਦਿੱਤਾ
ਪਰ ਮੈਂ ਹਾਂ ਕਿ ਰੰਗ ਕੋਈ
ਚੜ੍ਹਦਾ ਨਹੀਂ ਹੈ
ਤੇਰਾ ਹਰ ਅਕਾਰ
ਹੱਥਾਂ ਚੋਂ ਕਿਰ ਜਾਂਦਾ ਹੈ
ਤੂੰ ਮੈਨੂੰ ਇੰਝ ਨਹੀਂ ਸੀ ਮਿਲਣਾ
ਜਿਵੇਂ ਜਿਸਮ ਮਿਲਦੇ ਹਨ
ਜਿਵੇਂ ਦੋ ਪ੍ਰੇਮੀ ਮਿਲਦੇ ਹਨ
ਯੁਗਾਂ ਪਿਛੋਂ
ਮੁਹੱਬਤ ਇਹ ਬੜੀ ਚੀਕਣੀ ਹੈ
ਪਕੜੀ ਨਹੀਂ ਜਾਂਦੀ
ਧਰਤੀ ਬਹੁਤ ਤਿਲ੍ਹਕਵੀ ਹੈ
ਤੇ ਰਿਸ਼ਤੇ ਰਬੜ ਦੀਆਂ ਤਾਰਾਂ
ਜਿੰਨਾ ਮਰਜ਼ੀ ਕਸੋ
ਸਰਕ ਸਰਕ ਕੇ ਖੁਲ੍ਹ ਜਾਂਦੇ ਹਨ
ਮੈਂ ਤੈਨੂੰ ਹੁਣ ਹੱਥਾਂ ਨਾਲ
ਨਹੀਂ ਪਕੜਾਂਗਾ
ਰਿਸ਼ਤਿਆਂ ਦੀਆਂ ਰਸੀਆਂ ਨਾਲ
ਨਹੀਂ ਬੰਨ੍ਹਾਗਾਂ
ਮੈਂ ਗਲ ਤੇਰੇ ਵਿੱਚ ਹਾਰ ਨਹੀਂ ਪਾਵਾਂਗਾ
ਵਚਨਾਂ ਦੇ, ਸ਼ਬਦਾਂ ਦੇ
ਜ਼ਿੰਦਗੀ ਬਹੁਤ ਤਰਲ ਹੈ
ਤੇ ਸਾਡੇ ਕੋਲ ਸਿਰਫ ਸਥੂਲ ਜਿਸਮ ਹਨ
ਤੂੰ ਮੈਨੂੰ ਹੁਣ ਬੰਦਿਆਂ ਦੀ ਤਰਾਂ ਨਾ ਮਿਲੀਂ
ਸ਼ਬਦਾਂ ਵਚਨਾਂ ਵਿੱਚ ਨਾ ਮਿਲੀਂ
ਜਿਸਮਾਂ ਵਿੱਚ ਨਾ ਮਿਲੀਂ
ਤੂੰ ਮੈਨੂੰ ਹੁਣ ਕਿਸੇ ਹੋਰ ਸਤਹ ਤੇ ਮਿਲ
Thursday, June 25, 2009
Subscribe to:
Post Comments (Atom)
No comments:
Post a Comment